ਹਿੰਦੂ ਇੰਡੀਆ ਸਟੇਟ ਨੂੰ ਸਿੱਖ ਕੌਮ ਕਦੀ ਵੀ ‘ਇਕ ਚੋਣ ਇਕ ਮੁਲਕ’ ਪ੍ਰਵਾਨ ਨਹੀ ਕਰ ਸਕਦੀ : ਮਾਨ
ਫ਼ਤਹਿਗੜ੍ਹ ਸਾਹਿਬ, 14 ਦਸੰਬਰ ( ) “ਜੋ ਇੰਡੀਅਨ ਬੀਜੇਪੀ-ਆਰ.ਐਸ.ਐਸ ਹੁਕਮਰਾਨ ਆਪਣੀ ਫਿਰਕੂ ਸੋਚ ਅਧੀਨ ਇਥੇ ਵੱਸਣ ਵਾਲੀਆ ਵੱਡੀ ਗਿਣਤੀ ਦੀਆਂ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਆਦਿ ਨਾਲ ਸੰਬੰਧਤ ਨਿਵਾਸੀਆ ਨੂੰ ਮੰਦਭਾਵਨਾ ਅਧੀਨ ਗੁਲਾਮ ਬਣਾਉਣ ਹਿੱਤ ਇਕ ਚੋਣ ਇਕ ਮੁਲਕ ਦੀ ਗੈਰ ਸਿਧਾਤਿਕ ਗੱਲ ਕਰ ਰਹੀਆ ਹਨ, ਜਦੋਕਿ ਸਿੱਖ ਕੌਮ ਆਪਣੇ ਜਨਮ ਤੋ ਹੀ ਇਕ ਵੱਖਰੀ ਤੇ ਨਿਵੇਕਲੀ ਕੌਮ ਹੈ । ਜਿਸਦੇ ਆਪਣੇ ਵੱਖਰੇ ਸਿਧਾਂਤ, ਸੋਚ, ਪੋਸਾਕ, ਬੋਲੀ, ਲਿੱਪੀ ਅਤੇ ਸੱਭਿਆਚਾਰ ਹੈ । ਫਿਰ ਜਦੋ ਇੰਡੀਅਨ ਵਿਧਾਨ ਬਣਾਇਆ ਗਿਆ ਸੀ, ਤਾਂ ਉਸ ਵਿਚ ਸਿੱਖ ਕੌਮ ਵੱਲੋ ਸ. ਹੁਕਮ ਸਿੰਘ ਤੇ ਸ. ਭੁਪਿੰਦਰ ਸਿੰਘ ਮਾਨ ਦੋ ਨੁਮਾਇੰਦੇ ਸਨ । ਜਿਨ੍ਹਾਂ ਨੇ ਇਸ ਇੰਡੀਅਨ ਵਿਧਾਨ ਉਤੇ ਇਸ ਕਰਕੇ ਹੀ ਦਸਤਖਤ ਨਹੀ ਸਨ ਕੀਤੇ ਕਿ ਉਹ ਸਿੱਖ ਕੌਮ ਦੀ ਵੱਖਰੀ ਅਣਖੀਲੀ ਪਹਿਚਾਣ ਨੂੰ ਪ੍ਰਵਾਨ ਨਹੀ ਸੀ ਕਰਦਾ ਅਤੇ ਨਾ ਹੀ ਉਨ੍ਹਾਂ ਨੂੰ ਇਕ ਆਜਾਦ ਕੌਮ ਵੱਜੋ ਮਾਨਤਾ ਦਿੰਦਾ ਸੀ । ਫਿਰ ਇਨ੍ਹਾਂ ਨੇ ਜਦੋ ਆਪਣੀ ਆਜਾਦੀ ਦੀ ਲੜਾਈ ਲੜੀ ਜਿਨ੍ਹਾਂ ਵਿਚ ਗਾਂਧੀ, ਨਹਿਰੂ ਅਤੇ ਪਟੇਲ ਹਿੰਦੂ ਆਗੂ ਸਨ, ਇਨ੍ਹਾਂ ਨੇ ਸਿੱਖ ਕੌਮ ਨਾਲ ਇਹ ਬਚਨ ਕਰਕੇ ਆਜਾਦੀ ਦੀ ਲੜਾਈ ਵਿਚ ਸਹਿਯੋਗ ਲਿਆ ਸੀ ਕਿ ਆਜਾਦੀ ਮਿਲਣ ਉਪਰੰਤ ਸਿੱਖਾਂ ਨੂੰ ਉਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ । ਜਿਥੇ ਸਿੱਖ ਆਪਣੀ ਆਜਾਦੀ ਦਾ ਨਿੱਘ ਮਾਣ ਸਕਣਗੇ। ਪਰ ਇਨ੍ਹਾਂ ਹਿੰਦੂ ਹੁਕਮਰਾਨਾਂ ਨੇ ਬਚਨ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ । ਇਸ ਲਈ ਸਿੱਖ ਕੌਮ ਇਕ ਚੋਣ ਇਕ ਮੁਲਕ ਦੀ ਗੁਲਾਮੀਅਤ ਵਾਲੀ ਸੋਚ ਨੂੰ ਕਦੀ ਵੀ ਪ੍ਰਵਾਨ ਨਹੀ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਚੋਣ ਇਕ ਮੁਲਕ ਦੀ ਨੀਤੀ ਤੇ ਹੁਕਮਰਾਨਾਂ ਵੱਲੋ ਗੈਰ ਵਿਧਾਨਿਕ ਢੰਗ ਰਾਹੀ ਕੀਤੇ ਜਾ ਰਹੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਵੱਲੋ ਇਸ ਨੂੰ ਕਤਈ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਇਸ ਤੋ ਇਲਾਵਾ ਉਸ ਸਮੇ ਦੇ ਵਜੀਰ ਏ ਆਜਮ ਐਟਲੀ ਅਤੇ ਜਿਨਾਹ ਨੇ ਵੰਡ ਕਰਦੇ ਹੋਏ ਸਿੱਖ ਹੋਮਲੈਡ ਅਤੇ ਪੰਜਾਬ ਨੂੰ ਦੋ ਭਾਗਾਂ ਵਿਚ ਵੰਡਕੇ ਵੀ ਵੱਡੀ ਸਰਾਰਤ ਕੀਤੀ । ਦੂਸਰਾ ਵਿਧਾਨ ਦੀ ਆਰਟੀਕਲ 25 ਵਿਚ ਸਿੱਖ ਕੌਮ ਨੂੰ ਆਪਣੇ ਹਿੰਦੂ ਧਰਮ ਦਾ ਹੀ ਹਿੱਸਾ ਦੱਸਕੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ । ਇਹੀ ਵਜਹ ਹੈ ਕਿ ਸਿੱਖ ਕੌਮ ਨੇ ਉਸੇ ਦਿਨ ਤੋ ਇਸ ਸਿੱਖ ਕੌਮ ਵਿਰੋਧੀ ਤੇ ਮਨੁੱਖਤਾ ਵਿਰੋਧੀ ਵਿਧਾਨ ਨੂੰ ਰੱਦ ਕਰ ਦਿੱਤਾ ਸੀ । ਸਿੱਖਾਂ ਨੂੰ ਆਪਣੇ ਆਜਾਦ ਮਾਣ ਸਨਮਾਨ ਨੂੰ ਹਰ ਕੀਮਤ ਤੇ ਕਾਇਮ ਰੱਖਣਾ ਚਾਹੀਦਾ ਹੈ ਅਤੇ ਹਿੰਦੂਆਂ ਦਾ ਹਿੱਸਾ ਹੋਣ ਦੀ ਗੱਲ ਨੂੰ ਬਿਲਕੁਲ ਰੱਦ ਕਰਨਾ ਚਾਹੀਦਾ ਹੈ । ਕਿਉਂਕਿ ਸਿੱਖ ਜਨਮ ਤੋ ਹੀ ਇਕ ਆਜਾਦ ਪ੍ਰਭੂਸਤਾ ਵਾਲੀ ਕੌਮ ਹੈ ਅਤੇ ਸਾਡੀ ਪਾਰਟੀ ਆਪਣੀ ਇਸ ਅਣਖ ਗੈਰਤ ਵਾਲੀ ਵੱਖਰੀ ਤੇ ਅਣਖੀਲੀ ਪਹਿਚਾਣ ਵਾਲੇ ਇਖਲਾਕ ਨੂੰ ਹਰ ਕੀਮਤ ਤੇ ਕਾਇਮ ਰੱਖੇਗੀ ।