ਜੇਕਰ ਜਗਜੀਤ ਸਿੰਘ ਡੱਲੇਵਾਲ ਦੇ ਰੱਖੇ ਮਰਨ ਵਰਤ ਤੇ ਅਣਗਹਿਲੀ ਕੀਤੀ ਗਈ, ਤਾਂ ਹਾਲਾਤ ਅਤਿ ਵਿਸਫੋਟਕ ਬਣ ਜਾਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 13 ਦਸੰਬਰ ( ) “ਜੋ ਕਿਸਾਨੀ ਮੰਗਾਂ ਦੀ ਪੂਰਤੀ ਹਿੱਤ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਨੇ ਬੀਤੇ 19 ਦਿਨਾਂ ਤੋਂ ਖਨੌਰੀ ਬਾਰਡਰ ਉਤੇ ਮਰਨ ਵਰਤ ਤੇ ਬੈਠੇ ਹਨ, ਉਸ ਨਾਲ ਉਨ੍ਹਾਂ ਦੀ ਸਰੀਰਕ ਹਾਲਾਤ ਅਤਿ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ । ਇਸ ਲਈ ਮੋਦੀ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਦੀ ਬਜਾਇ, ਉਨ੍ਹਾਂ ਦੀਆਂ ਜਾਇਜ ਮੰਗਾਂ ਦੀ ਪੂਰਤੀ ਕਰਦੇ ਹੋਏ ਉਨ੍ਹਾਂ ਨਾਲ ਟੇਬਲ ਤੇ ਬੈਠਕੇ ਮਸਲੇ ਨੂੰ ਸੰਜੀਦਗੀ ਨਾਲ ਹੱਲ ਕੀਤਾ ਜਾਵੇ । ਜੇਕਰ ਇਸ ਅਤਿ ਸੰਜੀਦਾ ਭਰੇ ਕਿਸਾਨੀ ਮੁੱਦੇ ਤੇ ਪਹਿਲੋ ਹੀ ਅਪਣਾਈ ਗਈ ਟਾਲਮਟੋਲ ਦੀ ਕਿਸਾਨ ਮਾਰੂ ਨੀਤੀ ਅਧੀਨ ਅਮਲ ਕੀਤਾ ਜਾਂਦਾ ਰਿਹਾ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲਿਆ ਨੂੰ ਹੱਲ ਨਾ ਕੀਤਾ ਤਾਂ ਸ. ਜਗਜੀਤ ਸਿੰਘ ਡੱਲੇਵਾਲ ਨਾਲ ਕੋਈ ਵੀ ਅਣਹੋਣੀ ਘਟਨਾ ਵਾਪਰਨ ਤੇ ਸਮੁੱਚੇ ਮੁਲਕ ਦੇ ਹਾਲਾਤ ਅਤਿ ਵਿਸਫੋਟਕ ਬਣ ਜਾਣਗੇ । ਜਿਸ ਉਤੇ ਹੁਕਮਰਾਨਾਂ ਨੂੰ ਕਾਬੂ ਪਾਉਣਾ ਮੁਸਕਿਲ ਹੋ ਜਾਵੇਗਾ । ਇਸ ਲਈ ਸੈਟਰ ਦੀ ਮੋਦੀ ਹਕੂਮਤ ਲਈ ਇਹ ਬਿਹਤਰ ਹੋਵੇਗਾ ਕਿ ਉਹ ਪੰਜਾਬੀਆਂ ਤੇ ਸਿੱਖਾਂ ਦੀਆਂ ਵਿਧਾਨਿਕ, ਸਮਾਜਿਕ ਜਾਇਜ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨੀ, ਚੱਲ ਰਹੇ ਸੰਘਰਸ ਅਤੇ ਪੰਜਾਬੀਆਂ ਵਿਚ ਉੱਠ ਰਹੇ ਰੋਹ ਨੂੰ ਸ਼ਾਂਤ ਕਰਨ ਲਈ ਫੋਰੀ ਅਮਲੀ ਰੂਪ ਵਿਚ ਕਦਮ ਉਠਾਇਆ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨੀ ਮੰਗਾਂ ਦੀ ਪੂਰਤੀ ਅਧੀਨ ਸ. ਜਗਜੀਤ ਸਿੰਘ ਡੱਲੇਵਾਲ ਵੱਲੋ ਰੱਖੇ ਗਏ ਮਰਨ ਵਰਤ ਉਪਰੰਤ ਦਿਨ-ਬ-ਦਿਨ ਉਨ੍ਹਾਂ ਦੀ ਸਿਹਤ ਨੂੰ ਲੈਕੇ ਗੰਭੀਰ ਹੁੰਦੀ ਜਾ ਰਹੀ ਸਥਿਤੀ ਦੇ ਮਾਰੂ ਨਤੀਜਿਆ ਤੋ ਸੈਟਰ ਦੀ ਮੋਦੀ ਹਕੂਮਤ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਟਰ ਦੇ ਹੁਕਮਰਾਨਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ, ਕਿਸਾਨਾਂ ਅਤੇ ਸਿੱਖ ਕੌਮ ਨਾਲ ਲੰਮੇ ਸਮੇ ਤੋ ਅਪਣਾਈ ਜਾਂਦੀ ਆ ਰਹੀ ਨੀਤੀ ਤੋ ਜਾਪਦਾ ਹੈ ਕਿ ਹੁਕਮਰਾਨਾਂ ਨੂੰ ਇਨ੍ਹਾਂ ਦੀ ਪ੍ਰਵਾਹ ਤਾਂ ਨਹੀ ਹੈ, ਜੋ ਜਾਣਬੁੱਝ ਕੇ ਪੰਜਾਬ ਦੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ ਵਿਚ ਮਸਰੂਫ ਹਨ । ਜੇਕਰ ਰੱਬ ਨਾ ਕਰੇ ਇਸ ਵੱਡੇ ਮੁੱਦੇ ਉਤੇ ਕੋਈ ਅਣਹੋਣੀ ਗੱਲ ਵਾਪਰ ਗਈ ਤਾਂ ਹਿੰਦੂਤਵ ਹੁਕਮਰਾਨਾਂ ਲਈ ਵੀ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ ਅਤੇ ਇਹ ਵੀ ਇਸ ਲਗਾਈ ਜਾ ਰਹੀ ਅੱਗ ਦੇ ਸੇਕ ਤੋ ਬਚ ਨਹੀ ਸਕਣਗੇ ।