ਸੈਂਟਰ ਅਤੇ ਹਰਿਆਣਾ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਹੋ ਰਹੇ ਜ਼ਬਰ ਵਿਰੁੱਧ ਮਰਨ ਵਰਤ ਉਤੇ ਬੈਠੇ ਸ. ਡੱਲੇਵਾਲ ਦੀ ਜਿੰਦਗੀ ਸੁਰੱਖਿਅਤ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 10 ਦਸੰਬਰ ( ) “ਪਹਿਲੇ ਤਾਂ ਕਿਸਾਨੀ ਮੁਸਕਿਲਾਂ ਤੇ ਮੰਗਾਂ ਪ੍ਰਤੀ ਸੰਘਰਸ ਕਰ ਰਹੇ ਕਿਸਾਨ ਆਗੂਆਂ ਨਾਲ ਸੈਟਰ ਅਤੇ ਹਰਿਆਣਾ ਦੀਆਂ ਹਕੂਮਤਾਂ ਵੱਲੋ ਜ਼ਬਰ ਜੁਲਮ ਦੀ ਨੀਤੀ ਅਪਣਾਕੇ ਉਨ੍ਹਾਂ ਨਾਲ ਪਹਿਲੋ ਹੀ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ । ਪਰ ਜਦੋ ਮਜਬੂਰੀਵੱਸ ਕਿਸਾਨ ਆਗੂਆਂ ਨੇ ਆਪਣੇ ਅੰਦੋਲਨ ਨੂੰ ਹੋਰ ਅੱਗੇ ਵਧਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਖਨੌਰੀ ਬਾਰਡਰ ਉਤੇ ਬੈਠ ਗਏ ਤਦ ਵੀ ਇਨ੍ਹਾਂ ਜਾਲਮ ਹਕੂਮਤਾਂ ਉਤੇ ਕੋਈ ਅਸਰ ਨਹੀ ਹੋ ਰਿਹਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇਹ ਕਿਸਾਨ ਆਪਣੇ ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ, ਐਮ.ਐਸ.ਪੀ, ਸੁਆਮੀਨਾਥਨ ਰਿਪੋਰਟ ਅਤੇ ਕਰਜੇ ਥੱਲ੍ਹੇ ਦੱਬੇ ਕਿਸਾਨਾਂ ਦੇ ਕਰਜਿਆ ਤੇ ਲੀਕ ਮਾਰਨ, ਉਨ੍ਹਾਂ ਦੀਆਂ ਫਸਲਾਂ ਦੀ ਕੌਮਾਂਤਰੀ ਖੁੱਲ੍ਹੀ ਮੰਡੀ ਵਿਚ ਵਿਕਰੀ ਹੋਣ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਖੋਲ੍ਹਕੇ ਵਪਾਰ ਕਰਨ ਆਦਿ ਸੰਬੰਧੀ ਸੰਘਰਸ ਕਰ ਰਹੇ ਹਨ । ਇਨ੍ਹਾਂ ਹਾਲਾਤਾਂ ਵਿਚ ਸਰਕਾਰ ਵੱਲੋ ਕਿਸਾਨੀ ਮੰਗਾਂ ਉਤੇ ਕੋਈ ਵਿਚਾਰ ਜਾਂ ਅਮਲ ਨਾ ਕਰਨ ਦੀ ਬਦੌਲਤ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਿੰਦਗਾਨੀ ਨੂੰ ਕੋਈ ਖਤਰਾ ਪੈਦਾ ਹੋਇਆ ਤਾਂ ਇਹ ਦੋਵੇ ਸੰਬੰਧਤ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆ । ਕਿਉਂਕਿ ਉਨ੍ਹਾਂ ਦੀ ਸਰੀਰਕ ਹਾਲਤ ਕਾਫੀ ਚਿੰਤਾਜਨਕ ਬਣ ਗਈ ਹੈ । ਇਸ ਲਈ ਸੈਟਰ ਤੇ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨੀ ਮੰਗਾਂ ਨੂੰ ਪ੍ਰਵਾਨ ਕਰਕੇ ਜਿਥੇ ਕੀਮਤੀ ਜਿੰਦਗਾਨੀਆ ਦਾ ਨੁਕਸਾਨ ਹੋਣ ਤੋ ਬਚਾਇਆ ਜਾਵੇ, ਉਥੇ ਕਿਸਾਨੀ ਵਰਗ ਦੇ ਚੱਲ ਰਹੇ ਸੰਘਰਸ ਨੂੰ ਖਤਮ ਕਰਕੇ ਉਨ੍ਹਾਂ ਦੀਆਂ ਮੰਗਾਂ ਤੇ ਮੁਸਕਿਲਾਂ ਦਾ ਤੁਰੰਤ ਹੱਲ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਚੱਲ ਰਹੇ ਸੰਘਰਸ ਦੌਰਾਨ ਸ. ਜਗਜੀਤ ਸਿੰਘ ਡੱਲੇਵਾਲ ਵੱਲੋ ਖਨੌਰੀ ਸਰਹੱਦ ਤੇ ਮਰਨ ਵਰਤ ਤੇ ਬੈਠਣ ਉਪਰੰਤ ਉਨ੍ਹਾਂ ਦੀ ਜਿੰਦਗੀ ਦੇ ਵੱਧ ਰਹੇ ਖਤਰੇ ਉਤੇ ਸਰਕਾਰ ਵੱਲੋ ਕੋਈ ਵੀ ਸੁਹਿਰਦ ਅਮਲ ਨਾ ਕਰਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਲਈ ਦੋਵੇ ਸਰਕਾਰਾਂ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ।