ਇਕ ਸੂਬੇ ਦੇ ਨਿਵਾਸੀਆਂ ਨੂੰ ਜਹਿਰੀਲੇ ਪਾਣੀ ਰਾਹੀ ਮਾਰਨ ਦੇ ਅਮਲ ਹੋਣ ਤੇ ਉਸਦੀ ਵਿਰੋਧਤਾ ਕਰਨ ਵਾਲਿਆ ਨੂੰ ਨਜਰਬੰਦ ਕਰਨਾ ਗੈਰ ਵਿਧਾਨਿਕ ਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 03 ਦਸੰਬਰ ( ) “ਜਦੋਂ ਕਿਸੇ ਸੂਬੇ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਹੁਕਮਰਾਨਾਂ ਵੱਲੋ ਸਾਜਿਸਾਂ ਰਾਹੀ ਮੌਤ ਦੇ ਮੂੰਹ ਵਿਚ ਧਕੇਲਣ ਦੇ ਲੰਮੇ ਸਮੇ ਤੋ ਦੁੱਖਦਾਇਕ ਅਮਲ ਹੁੰਦੇ ਆ ਰਹੇ ਹੋਣ ਅਤੇ ਉਸ ਸੂਬੇ ਨਾਲ ਸੰਬੰਧਤ ਸਭ ਵਰਗਾਂ ਦੇ ਬਸਿੰਦਿਆ ਦਾ ਫਰਜ ਬਣ ਜਾਂਦਾ ਹੈ ਕਿ ਹਰ ਤਰ੍ਹਾਂ ਦੀ ਮੁਤੱਸਵੀ ਸੋਚ ਤੇ ਵਖਰੇਵਿਆ ਤੋ ਉਪਰ ਉੱਠਕੇ ਸੈਟਰ ਤੇ ਪੰਜਾਬ ਸਰਕਾਰ ਦੀਆਂ ਇਨ੍ਹਾਂ ਮਨੁੱਖਤਾ ਵਿਰੋਧੀ ਨੀਤੀਆ ਤੇ ਅਮਲਾਂ ਵਿਰੁੱਧ ਜੋਰਦਾਰ ਰੋਸ ਕਰਨ । ਪਰ ਦੁੱਖ ਅਤੇ ਅਫਸੋਸ ਹੈ ਕਿ ਜੋ ਲੁਧਿਆਣਾ ਵਿਚ ਪੰਜਾਬ ਦੇ ਇੰਡਸਟਰੀਲਿਸਟ ਅਤੇ ਉਦਯੋਗਪਤੀ ਹਨ, ਜੋ ਆਪਣੀਆ ਫੈਕਟਰੀਆਂ ਦੇ ਅਤਿ ਖਤਰਨਾਕ ਗੰਦਲੇ ਤੇਜਾਬੀ ਪਾਣੀ ਨੂੰ ਗੰਦੇ ਨਾਲੇ ਰਾਹੀ ਨਦੀਆ, ਨਹਿਰਾਂ ਵਿਚ ਸੁੱਟ ਰਹੇ ਹਨ, ਉਹ ਪੰਜਾਬੀਆਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ ਅਤੇ ਉਸ ਵਿਰੁੱਧ ਜੋ ਸੰਜੀਦਗੀ ਨਾਲ ਜਮਹੂਰੀਅਤ ਢੰਗ ਨਾਲ ਅਮਲ ਕਰਨਾ ਬਣਦਾ ਹੈ, ਤਾਂ ਇਸ ਪੰਜਾਬ ਵਿਰੋਧੀ ਹੋ ਰਹੇ ਅਮਲ ਦੀ ਅਸਲ ਸੱਚ ਦਿਸ਼ਾ ਨੂੰ ਬਦਲਣ ਲਈ ਜੋ ਲੁਧਿਆਣਾ ਵਿਖੇ ਪ੍ਰਵਾਸੀਆਂ ਨੂੰ ਇਕੱਤਰ ਕਰਕੇ ਸਰਕਾਰ ਪੰਜਾਬ ਦੇ ਮਾਹੌਲ ਨੂੰ ਫਿਰਕੂ ਦਿਸ਼ਾ ਵਿਚ ਬਦਲਣ ਦੇ ਅਮਲ ਕਰ ਰਹੇ ਹਨ, ਉਹ ਬਹੁਤ ਹੀ ਖਤਰਨਾਕ ਅਤੇ ਵੱਖ-ਵੱਖ ਕੌਮਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੇ ਗੁਲਾਮ ਬਣਨ ਵਾਲੇ ਅਮਲ ਹਨ । ਜਿਨ੍ਹਾਂ ਦੀ ਅਸੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਅਤੇ ਉਨ੍ਹਾਂ ਅਨਸਰਾਂ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਪੰਜਾਬੀਆਂ ਨੂੰ ਦਰਪੇਸ ਆ ਰਹੇ ਗੰਦੇ ਨਾਲੇ ਦੇ ਤੇਜਾਬੀ ਪਾਣੀ ਦੇ ਮਸਲੇ ਨੂੰ ਹੱਲ ਕਰਨ ਦੀ ਬਜਾਇ ਉਸ ਨੂੰ ਹੋਰ ਪੇਚੀਦਾ ਤੇ ਨਫਰਤ ਭਰਿਆ ਬਣਾ ਰਹੇ ਹਨ ਜਿਸਦੇ ਨਤੀਜੇ ਮੌਜੂਦਾ ਸਰਕਾਰ ਅਤੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣ ਲਈ ਕਦੀ ਵੀ ਕਾਰਗਰ ਸਾਬਤ ਨਹੀ ਹੋਣਗੇ ਅਤੇ ਸਾਨੂੰ ਗੈਰ ਕਾਨੂੰਨੀ ਢੰਗ ਨਾਲ ਨਜ਼ਰਬੰਦ ਕਰਨਾ ਵਿਧਾਨਿਕ ਲੀਹਾਂ ਦਾ ਘਾਣ ਕਰਨ ਦੀਆਂ ਕਾਰਵਾਈਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਉਪਰੋਕਤ ਗੰਦੇ ਨਾਲੇ ਦੇ ਪਾਣੀ ਨੂੰ ਨਹਿਰਾਂ, ਦਰਿਆਵਾ ਵਿਚ ਸੁੱਟਣ ਵਿਰੁੱਧ ਲੁਧਿਆਣਾ ਵਿਖੇ ਰੱਖੇ ਗਏ ਪ੍ਰੋਗਰਾਮ ਵਿਚ ਸਰਕਾਰ ਤੇ ਪੁਲਿਸ ਵੱਲੋ ਘਰ ਵਿਚ ਹੀ ਨਜਰਬੰਦ ਕਰ ਦੇਣ ਅਤੇ ਸਾਡੇ ਜਿ਼ਲ੍ਹਾ ਜਥੇਦਾਰਾਂ, ਆਗੂਆਂ ਅਤੇ ਸ. ਲੱਖਾ ਸਿਧਾਣਾ ਤੇ ਹੋਰਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਜਮਹੂਰੀਅਤ ਵਿਰੋਧੀ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਤਿੱਬਤ ਤੇ ਚੀਨ ਤੋ ਪਾਣੀ ਪੰਜਾਬ ਦੇ ਸਤਲੁਜ, ਬਿਆਸ, ਰਾਵੀ, ਚੇਨਾਬ ਵਿਚ ਆਉਦਾ ਹੈ ਉਨ੍ਹਾਂ ਪਾਣੀਆ ਦੇ ਭੰਡਾਰ ਨੂੰ ਹੁਕਮਰਾਨ ਡੈਮਾਂ ਉਤੇ ਯੂਰੇਨੀਅਮ ਇਨਰਿਚਮੈਟ ਪਲਾਟ ਕਾਇਮ ਕਰਕੇ ਜੋ ਹੈਵੀਵਾਟਰ ਤਿਆਰ ਕਰ ਰਹੇ ਹਨ, ਉਸ ਵਿਚੋਂ ਯੂਰੇਨੀਅਮ ਨਾਮ ਦੀ ਉਹ ਧਾਤ ਜੋ ਨਿਊਲਕਰ ਬੰਬ ਬਣਾਉਣ ਵਿਚ ਵਰਤੋ ਆਉਦੀ ਹੈ, ਉਹ ਨਿਰੰਤਰ ਕਾਫੀ ਲੰਮੇ ਸਮੇ ਤੋ ਸਾਡੇ ਦਰਿਆਵਾ, ਨਹਿਰਾਂ ਦੇ ਪਾਣੀਆ ਵਿਚ ਜਾ ਰਿਹਾ ਹੈ । ਜਿਸ ਨਾਲ ਕੇਵਲ ਪਾਣੀ ਦੇ ਜੀਵ ਜੰਤੂ ਅਤੇ ਸਾਡੀਆ ਖੇਤੀ ਫਸਲਾਂ ਉਤੇ ਹੀ ਮਾਰੂ ਅਸਰ ਨਹੀ ਹੋ ਰਿਹਾ ਬਲਕਿ ਇਸ ਨਾਲ ਮਨੁੱਖੀ ਜਾਮੇ ਵਿਚ ਵਿਚਰਣ ਵਾਲੇ ਪੰਜਾਬੀਆਂ ਨੂੰ ਕੈਸਰ, ਗਲਘੋਟੂ, ਅੰਤੜੀ ਦੀਆਂ ਬਿਮਾਰੀਆ ਤੇ ਹੋਰ ਖਤਰਨਾਕ ਬਿਮਾਰੀਆ ਦਾ ਸਾਹਮਣਾ ਕਰਨ ਦੇ ਨਾਲ-ਨਾਲ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ । ਇਸ ਹੋ ਰਹੇ ਦੁੱਖਦਾਇਕ ਅਮਲ ਵਿਰੁੱਧ ਜਿਥੇ ਸਮਾਜ ਦੇ ਸਮੁੱਚੇ ਵਰਗਾਂ ਨੂੰ ਹਰ ਤਰ੍ਹਾਂ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਇਕੱਤਰ ਹੋ ਕੇ ਜੂਝਣਾ ਬਣਦਾ ਹੈ, ਉਥੇ ਇਸ ਮੁੱਦੇ ਉਤੇ ਪ੍ਰਵਾਸੀਆਂ ਨੂੰ ਅਤੇ ਪੰਜਾਬੀਆਂ ਨੂੰ ਆਪਸ ਵਿਚ ਲੜਾਉਣ ਦੀ ਹੋ ਰਹੀ ਸਾਜਿਸ ਅਤਿ ਅਫਸੋਸਨਾਕ ਹੈ ਅਤੇ ਸਾਡੇ ਵਿਧਾਨ ਦੀ ਧਾਰਾ 14, 19 ਅਤੇ 21 ਦਾ ਘਾਣ ਕਰਨ ਵਾਲੇ ਹਕੂਮਤੀ ਅਮਲ ਹਨ ।
ਜਦੋ ਸ. ਮਾਨ ਨੂੰ ਬੀਤੇ ਕੱਲ੍ਹ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਫੈਸਲਿਆ ਉਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਜਿਨ੍ਹਾਂ ਰਵਾਇਤੀ ਆਗੂਆਂ ਨੇ ਬੀਤੇ ਸਮੇ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਵੱਡੇ ਧੋਖੇ ਫਰੇਬ ਕੀਤੇ ਹਨ, ਉਨ੍ਹਾਂ ਨੇ ਆਪਣੇ ਗੁਨਾਹਾਂ ਨੂੰ ਕਬੂਲ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਲਗਾਈ ਸਜ਼ਾ ਨੂੰ ਪ੍ਰਵਾਨ ਕੀਤਾ ਹੈ । ਜਿਸ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਕੀਤੇ ਗਏ ਮੀਰੀ ਪੀਰੀ ਦੇ ਤਖਤ ਅਤੇ ਮੀਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸਰਬਉੱਚਤਾਂ ਕੌਮਾਂਤਰੀ ਪੱਧਰ ਤੇ ਹੋਰ ਪ੍ਰਫੁੱਲਿਤ ਹੋਈ ਹੈ । ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੂਨਰਗਠਨ ਹੋਣ ਜਾ ਰਹੇ ਅਮਲ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਇਸ ਵਿਸੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਭ ਸੰਗਠਨਾਂ ਦੇ ਮੁੱਖੀਆਂ ਨੂੰ ਬੁਲਾਕੇ ਮੀਰੀ ਪੀਰੀ ਦੇ ਮਹਾਨ ਸਿਧਾਂਤ ਦੀ ਅਗਵਾਈ ਹੇਠ ਅਗਲੇਰੇ ਅਮਲ ਹੋ ਸਕਣ ਤਾਂ ਇਸ ਵਿਚੋ ਕੌਮੀ ਏਕਤਾ ਅਤੇ ਕੌਮੀ ਨਿਸ਼ਾਨੇ ਆਜਾਦ ਬਾਦਸਾਹੀ ਸਿੱਖ ਰਾਜ ਦੇ ਮਿਸਨ ਦੀ ਪ੍ਰਾਪਤੀ ਵਿਚ ਬਹੁਤ ਵੱਡਾ ਸਹਿਯੋਗ ਤੇ ਬਲ ਮਿਲੇਗਾ । ਇਸ ਸਮੇ ਪੱਤਰਕਾਰਾਂ ਨਾਲ ਉਪਰੋਕਤ ਵਿਚਾਰ ਵਟਾਂਦਰਾ ਕਰਦੇ ਹੋਏ ਸ. ਮਾਨ ਦੇ ਨਾਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਗੁਰਜੰਟ ਸਿੰਘ ਕੱਟੂ, ਭੁਪਿੰਦਰ ਸਿੰਘ ਫਤਹਿਪੁਰ, ਨਰਿੰਦਰ ਸਿੰਘ ਕਾਲਾਬੂਲਾ ਆਦਿ ਆਗੂ ਹਾਜਰ ਸਨ ।