ਐਕਸਪੋਰਟ ਕੀਤੀ ਜਾਣ ਵਾਲੀ ਬਾਸਮਤੀ ਦੀ ਘੱਟੋ ਘੱਟ ਕੀਮਤ ਹੁਕਮਰਾਨਾਂ ਵੱਲੋ ਸਹੀ ਨਾ ਕਰਨਾ ਜਿੰਮੀਦਾਰਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਜੋ ਵਧੀਆ ਕਿਸਮ ਦੀ ਬਾਸਮਤੀ ਹੈ, ਜਿਸਦੀ ਕੀਮਤ ਕੁਝ ਸਮਾਂ ਪਹਿਲੇ 5005 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਪਿਛਲੇ ਹਫਤੇ 3200 ਰੁਪਏ ਪ੍ਰਤੀ ਕੁਇੰਟਲ ਤੇ ਵਿਕੀ ਅਤੇ ਹੁਣ ਉਹੀ ਕੀਮਤ 2900 ਰੁਪਏ ਪ੍ਰਤੀ ਕੁਇੰਟਲ ਹੋ ਚੁੱਕੀ ਹੈ । ਕਹਿਣ ਤੋ ਭਾਵ ਹੈ ਕਿ ਬਾਹਰ ਜਾਣ ਵਾਲੀ ਬਾਸਮਤੀ ਉਤੇ ਹਿੰਦੂਤਵ ਹੁਕਮਰਾਨਾਂ ਨੇ ਐਕਸਪੋਰਟ ਡਿਊਟੀ ਵਧਾ ਦਿੱਤੀ ਹੈ ਅਤੇ ਕੀਮਤ ਘਟਾ ਦਿੱਤੀ ਹੈ । ਜਿਸ ਨਾਲ ਇਥੋ ਦੇ ਜਿੰਮੀਦਾਰਾਂ ਨੂੰ ਪ੍ਰਤੀ ਕੁਇੰਟਲ 400 ਤੋ 600 ਰੁਪਏ ਪ੍ਰਤੀ ਕੁਇੰਟਲ ਘਾਟਾ ਪੈ ਰਿਹਾ ਹੈ । ਇਹ ਬਿਲਕੁਲ ਜਿੰਮੀਦਾਰਾਂ ਨਾਲ ਜਾਬਰਨਾਂ ਅਮਲ ਕੀਤੇ ਜਾ ਰਹੇ ਹਨ ਜਿਸ ਨੂੰ ਸਹਿਣ ਨਹੀ ਕੀਤਾ ਜਾ ਸਕਦਾ । ਜਦੋਕਿ ਇਸ ਕੀਮਤ ਨਾਲ ਤਾਂ ਜਿੰਮੀਦਾਰਾਂ ਦੀ ਲਾਗਤ ਕੀਮਤ ਵੀ ਪੂਰੀ ਨਹੀ ਹੋ ਰਹੀ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐਕਸਪੋਰਟ ਹੋਣ ਵਾਲੀ ਬਾਸਮਤੀ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਵੱਡੇ ਪੱਧਰ ਤੇ ਐਕਸਪੋਰਟ ਡਿਊਟੀ ਵਧਾਉਣ ਅਤੇ ਉਸਦੀ ਅਸਲ ਕੀਮਤ ਘਟਾਉਣ ਦੇ ਕੀਤੇ ਗਏ ਅਮਲਾਂ ਨੂੰ ਜਿੰਮੀਦਾਰਾਂ ਵਿਰੋਧੀ ਕਰਾਰ ਦਿੰਦੇ ਹੋਏ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਬਾਸਮਤੀ ਉਤੇ ਬਣਾਈ ਗਈ ਇੰਡੀਅਨ ਪਾਲਸੀ ਨੂੰ ਮੁੜ ਵਿਚਾਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਮੀਦਾਰ ਇੰਡੀਆ ਦੇ ਸਮੁੱਚੇ ਨਿਵਾਸੀਆ ਦਾ ਢਿੱਡ ਭਰਨ ਵਾਲਾ ਵਰਗ ਹੈ, ਜੋ ਅੱਤ ਦੀ ਗਰਮੀ-ਸਰਦੀ ਵਿਚ ਸੱਪਾਂ, ਸਪੋਲਿਆ ਦੇ ਸਿਰ ਮਿੱਧਦੇ ਹੋਏ ਅਤੇ ਪ੍ਰਵਾਹ ਨਾ ਕਰਦੇ ਹੋਏ ਫ਼ਸਲ ਨੂੰ ਪਾਲ ਕੇ ਸਮੁੱਚੇ ਇੰਡੀਅਨ ਨਿਵਾਸੀਆ ਦੇ ਢਿੱਡ ਭਰਨ ਦੀ ਜਿੰਮੇਵਾਰੀ ਨਿਭਾਉਦਾ ਹੈ । ਉਸਦੀ ਫਸਲ ਦੀ ਘੱਟੋ ਘੱਟ ਕੀਮਤ ਪ੍ਰਤੀ ਕੁਇੰਟਲ ਐਨੀ ਹੋਣੀ ਚਾਹੀਦੀ ਹੈ ਕਿ ਉਸਦੀ ਲਾਗਤ ਕੀਮਤ ਤੋ ਲੈਕੇ ਮੰਡੀ ਤੱਕ ਪਹੁੰਚਾਉਣ ਦੇ ਖਰਚਿਆ ਨੂੰ ਜੋੜਕੇ ਜੋ ਖਰਚ ਬਣਦਾ ਹੈ ਉਸ ਵਿਚੋ ਘੱਟੋ ਘੱਟ ਉਸ ਨੂੰ 700-800 ਰੁਪਏ ਪ੍ਰਤੀ ਕੁਇੰਟਲ ਲਾਭ ਹੋਣਾ ਚਾਹੀਦਾ ਹੈ । ਤਾਂ ਕਿ ਉਹ ਆਪਣੇ ਪਰਿਵਾਰਿਕ ਜੀਵਨ ਨੂੰ ਸਹੀ ਢੰਗ ਨਾਲ ਗੁਜਾਰ ਵੀ ਸਕੇ, ਆਪਣੇ ਖੇਤੀ ਔਜਾਰਾਂ ਨੂੰ ਸਹੀ ਰੱਖਣ ਲਈ ਉਨ੍ਹਾਂ ਦੀ ਸਮੇ-ਸਮੇ ਨਾਲ ਵੀ ਮੁਰੰਮਤ ਕਰਵਾਉਦਾ ਰਹੇ ਅਤੇ ਉਸਦੇ ਪਰਿਵਾਰਿਕ ਮੈਬਰ, ਬੱਚੇ ਪੜ੍ਹਾਈ ਲਿਖਾਈ ਦੇ ਨਾਲ ਵਧੀਆ ਢੰਗ ਨਾਲ ਜਿੰਦਗੀ ਬਸਰ ਕਰ ਸਕਣ । ਪਰ ਦੁੱਖ ਅਤੇ ਅਫਸੋਸ ਹੈ ਕਿ ਇਥੋ ਦੇ ਜਿੰਮੀਦਾਰਾਂ ਦੀ ਅਣਮਨੁੱਖੀ ਜਿੰਦਗੀ ਐਨੇ ਸੰਕਟ ਵਾਲੀ ਹੈ ਇਸ ਪਾਲਸੀ ਦੇ ਕਾਰਨ ਜਿੰਮੀਦਾਰ ਨੂੰ ਆਪਣੇ ਕੰਮ ਨੂੰ ਚੱਲਦਾ ਰੱਖਣ ਅਤੇ ਜੀਵਨ ਨਿਰਵਾਹ ਲਈ ਬੈਕਾਂ, ਸਾਹੂਕਾਰਾਂ ਤੋ ਕਰਜਾ ਚੁੱਕਣ ਲਈ ਮਜਬੂਰ ਹੋਣਾ ਪੈਦਾ ਹੈ । ਇਹੀ ਵਜਹ ਹੈ ਕਿ ਅਜੋਕੇ ਜਿੰਮੀਦਾਰ ਦਾ 80-80% ਵਰਗ ਅੱਜ ਵੱਡੇ ਕਰਜੇ ਥੱਲੇ ਦੱਬਿਆ ਹੋਇਆ ਹੈ । ਦੂਸਰਾ ਉਸਦੀ ਫਸਲ ਦੀਆਂ ਕੀਮਤਾਂ ਸਹੀ ਢੰਗ ਨਾਲ ਹੁਕਮਰਾਨ ਨਾ ਦੇਕੇ ਉਸਨੂੰ ਹੋਰ ਕਰਜਈ ਬਣਾ ਰਹੇ ਹਨ ਅਤੇ ਜਿੰਮੀਦਾਰ ਦਾ ਵੱਡਾ ਵਰਗ ਇਨ੍ਹਾਂ ਦਿਸ਼ਾਹੀਣ ਨੀਤੀਆ ਅਤੇ ਅਮਲਾਂ ਦੀ ਬਦੌਲਤ ਅੱਜ ਆਤਮਹੱਤਿਆ ਕਰਨ ਲਈ ਮਜਬੂਰ ਹੋ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਡੀਅਨ ਹੁਕਮਰਾਨਾਂ ਨੂੰ ਇਹ ਗੰਭੀਰਤਾ ਭਰੀ ਗੁਜਾਰਿਸ ਕਰਦਾ ਹੈ ਕਿ ਜਿੰਮੀਦਾਰਾਂ ਵੱਲੋ ਉਤਪਾਦ ਕੀਤੀਆ ਜਾਣ ਵਾਲੀਆ ਫਸਲਾਂ ਦੀ ਘੱਟੋ ਘੱਟ ਕੀਮਤ ਐਨੀ ਤਹਿ ਕਰੇ ਜਿਸ ਨਾਲ ਉਸਦੇ ਲਾਭ ਵਿਚ ਚੌਖਾ ਵਾਧਾ ਹੋ ਸਕੇ ਅਤੇ ਉਸਨੂੰ ਬੈਕਾਂ ਤੇ ਸਾਹੂਕਾਰਾਂ ਤੋ ਕਰਜਾ ਚੁੱਕਣ ਲਈ ਮਜਬੂਰ ਨਾ ਹੋਣਾ ਪਵੇ । ਸ. ਮਾਨ ਨੇ ਇਹ ਮੰਗ ਕੀਤੀ ਕਿ ਬਾਸਮਤੀ ਦੀ ਫਸਲ ਦੀ ਐਕਸਪੋਰਟ ਡਿਊਟੀ ਨੂੰ ਘੱਟ ਕਰਕੇ ਅਤੇ ਫਸਲ ਦੀ ਸਹੀ ਕੀਮਤ ਦੇ ਕੇ ਹੁਕਮਰਾਨ ਜਿੰਮੀਦਾਰ ਨੂੰ ਆਪਣੀ ਫਸਲ ਐਕਸਪੋਰਟ ਕਰਨ ਲਈ ਉਤਸਾਹਿਤ ਕਰਨ ਨਾ ਕਿ ਉਸਦੀ ਜਿੰਦਗੀ ਨੂੰ ਦੁਭਰ ਤੇ ਮਜਬੂਰ ਬਣਾਉਣ ਵੱਲ ਧਕੇਲਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਅਨ ਹੁਕਮਰਾਨ ਬਾਸਮਤੀ ਫਸਲ ਪ੍ਰਤੀ ਗੌਰ ਕਰਦੇ ਹੋਏ ਉਸ ਵਿਚ ਜਿੰਮੀਦਾਰਾਂ ਦੀ ਸਹੂਲਤ ਅਨੁਸਾਰ ਸੁਧਾਰ ਵੀ ਕਰਨਗੇ ਅਤੇ ਉਸਦੇ ਲਾਭ ਨੂੰ ਵਧਾਉਣ ਵਿਚ ਆਪਣੀ ਜਿੰਮੇਵਾਰੀ ਨਿਭਾਉਣਗੇ ।

Leave a Reply

Your email address will not be published. Required fields are marked *