ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵੱਲੋ 15 ਅਗਸਤ ਦੇ ਬਾਈਕਾਟ ਦਾ ਨਤੀਜਾ, ਸਿੱਖਾਂ ਤੇ ਹਿੰਦੂਆਂ ਨੇ ਵੀ ਵੱਡੀ ਗਿਣਤੀ ਵਿਚ ਆਪਣੇ ਘਰਾਂ ਤੇ ਤਿਰੰਗੇ ਝੰਡੇ ਨਹੀ ਲਗਾਏ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਗਸਤ ( ) “ਬੀਤੇ ਕੱਲ੍ਹ 14 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵੱਲੋ ਸਾਂਝੇ ਤੌਰ ਤੇ ਅਖੌਤੀ 15 ਅਗਸਤ ਦੇ ਦਿਹਾੜੇ ਵਿਰੁੱਧ ਕੱਢੇ ਗਏ ਮਾਰਚ ਅਤੇ ਇਸ ਦਿਨ ਨੂੰ ਕਾਲੇ ਦਿਨ ਵੱਜੋ ਮਨਾਉਣ ਦੇ ਕੀਤੇ ਗਏ ਐਲਾਨ ਨੂੰ ਪ੍ਰਵਾਨ ਕਰਦੇ ਹੋਏ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਦਿਹਾਤੀ ਇਲਾਕਿਆ ਵਿਚ ਸਿੱਖ, ਹਿੰਦੂ, ਮੁਸਲਿਮ, ਰੰਘਰੇਟਿਆ ਨੇ ਆਪਣੇ ਘਰਾਂ ਤੇ ਕਾਰੋਬਾਰਾਂ ਉਤੇ ਤਿਰੰਗੇ ਝੰਡੇ ਨਾ ਝੁਲਾਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਮੁਲਕ ਦੇ ਹੁਕਮਰਾਨ ਸਮੁੱਚੀਆਂ ਘੱਟ ਗਿਣਤੀ ਕੌਮਾਂ ਨਾਲ ਤਾਨਾਸਾਹੀ ਸੋਚ ਅਧੀਨ ਵਿਤਕਰੇ ਅਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਜਿਨ੍ਹਾਂ ਨੇ ਸਾਡੀ ਸੋਚ ਨੂੰ ਪ੍ਰਵਾਨ ਕਰਦੇ ਹੋਏ 15 ਅਗਸਤ ਦੇ ਦਿਹਾੜੇ ਦਾ ਵੱਡੇ ਉਤਸਾਹ ਨਾਲ ਬਾਈਕਾਟ ਕਰਕੇ ਹੁਕਮਰਾਨਾਂ ਦੀਆਂ ਸਾਜਿਸਾਂ ਦਾ ਮਜ਼ਬੂਤੀ ਨਾਲ ਜੁਆਬ ਦਿੱਤਾ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਪੰਜਾਬ ਵਿਚ ਵੱਸਣ ਵਾਲੇ ਸੂਝਵਾਨ ਹਿੰਦੂ, ਮੁਸਲਿਮ, ਰੰਘਰੇਟਿਆ ਅਤੇ ਸਮੁੱਚੀ ਸਿੱਖ ਕੌਮ ਦਾ ਸਾਡੇ ਵੱਲੋ ਦਿੱਤੀ ਗਈ ਕਾਲ ਵਿਚ ਸਹਿਯੋਗ ਕਰਨ ਲਈ ਤਹਿ ਦਿਲੋ ਧੰਨਵਾਦ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਵਿਚ ਇਥੋ ਦੇ ਸਭ ਵਰਗਾਂ ਦੇ ਨਿਵਾਸੀਆਂ ਵੱਲੋਂ, ਸਾਡੇ ਵੱਲੋ 15 ਅਗਸਤ ਦੇ ਅਖੌਤੀ ਦਿਹਾੜੇ ਦੇ ਬਾਈਕਾਟ ਕਰਨ ਦੇ ਸੱਦੇ ਨੂੰ ਭਰਵਾਂ ਹੁੰਗਾਰਾਂ ਦੇਣ ਅਤੇ ਸਿੱਖ ਕੌਮ ਦੀ ਜਮਹੂਰੀਅਤ ਅਤੇ ਅਮਨਮਈ ਆਜਾਦੀ ਦੀ ਚੱਲ ਰਹੀ ਲੜਾਈ ਨੂੰ ਬਲ ਦੇਣ ਲਈ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਦੇ ਹੋਏ ਹੀ ਲੋਕ ਸਭਾ ਸਪੀਕਰ ਸ੍ਰੀ ਬਿਰਲਾ ਵੱਲੋ ਵੀ ਨਿਰਪੱਖਤਾ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਹੁਕਮਰਾਨਾਂ ਦੀ ਫਿਰਕੂ ਸੋਚ ਅਤੇ ਮੰਦਭਾਵਨਾ ਭਰੇ ਅਮਲਾਂ ਨੂੰ ਹੀ ਉਨ੍ਹਾਂ ਵੱਲੋ ਬਲ ਦਿੱਤਾ ਜਾ ਰਿਹਾ ਹੈ । ਜਿਸਦਾ ਪ੍ਰਤੱਖ ਸਬੂਤ ਹੈ ਕਿ ਪਾਰਲੀਮੈਟ ਵਿਚ ਵੱਡੀ ਗਿਣਤੀ ਵਿਚ ਜ਼ਬਰੀ ਸਮਾਜ ਤੇ ਇਥੋ ਦੇ ਨਿਵਾਸੀਆ ਵਿਰੋਧੀ ਬਿਲਾਂ ਨੂੰ ਬਿਨ੍ਹਾਂ ਕਿਸੇ ਬਹਿਸ ਤੋ ਪਾਸ ਕਰਕੇ ਜ਼ਬਰੀ ਕਾਨੂੰਨੀ ਰੂਪ ਦੇ ਦਿੱਤਾ ਗਿਆ ਹੈ । ਜੇਕਰ ਚੁਣੇ ਹੋਏ ਐਮ.ਪੀਜ਼ ਵਿਚੋ ਕੋਈ ਆਪਣੇ ਵਿਚਾਰ ਪ੍ਰਗਟ ਕਰਨਾ ਚਾਹੁੰਦਾ ਹੈ ਤਾਂ ਸ੍ਰੀ ਬਿਰਲਾ ਵੱਲੋ ਜਮਹੂਰੀਅਤ ਕਦਰਾਂ-ਕੀਮਤਾਂ ਦਾ ਘਾਣ ਕਰਕੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਹੀ ਨਹੀ ਦਿੱਤਾ ਜਾਂਦਾ । ਜੇਕਰ ਕਿਸੇ ਇੰਡੀਅਨ ਨਿਵਾਸੀ ਨੂੰ ਇਸ ਪ੍ਰਗਟਾਏ ਸੱਕ ਤੋ ਕੋਈ ਸੰਕਾ ਹੈ ਕਿਉਂਕਿ ਪਾਰਲੀਮੈਟ ਦੀ ਸਾਰੀ ਕਾਰਵਾਈ ਰਿਕਾਰਡ ਹੁੰਦੀ ਹੈ, ਉਸਨੂੰ ਸੁਣਕੇ ਘੋਖ ਲਿਆ ਜਾਵੇ ਜਿਥੇ ਸੱਚ ਖੁਦ ਹੀ ਅਜਿਹੇ ਮੁਤੱਸਵੀ ਲੋਕਾਂ ਦੇ ਸਿਰ ਚੜ੍ਹਕੇ ਬੋਲੇਗਾ । ਇਥੋ ਤੱਕ ਕਿ ਜਦੋ ਹੁਕਮਰਾਨ ਪਾਰਟੀ ਦਾ ਕੋਈ ਮੈਬਰ ਬੋਲਦਾ ਹੈ ਤਾਂ ਸ੍ਰੀ ਬਿਰਲਾ ਪੂਰਨ ਖੁਸ਼ੀ ਦਾ ਇਜਹਾਰ ਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਵੀ ਦਿੰਦੇ ਹਨ । ਜਦੋ ਵਿਰੋਧੀ ਪਾਰਟੀ ਦਾ ਕੋਈ ਵੀ ਆਗੂ ਦਲੀਲ ਸਹਿਤ ਗੱਲ ਕਰਦਾ ਹੈ ਤਾਂ ਉਨ੍ਹਾਂ ਦਾ ਚੇਹਰਾ ਕਾਲਾ ਰੰਗ ਤੇ ਗੁੱਸੇ ਵਾਲਾ ਹੋ ਜਾਂਦਾ ਹੈ, ਜਿਵੇ ਟ੍ਰੈਫਿਕ ਦੀ ਡਿਊਟੀ ਦੇ ਰਿਹਾ ਸਿਪਾਹੀ ਹੱਥ ਮਾਰਦਾ ਹੈ ਉਸੇ ਤਰ੍ਹਾਂ ਦੀ ਸਥਿਤੀ ਸਾਡੇ ਸਪੀਕਰ ਸਾਹਿਬ ਦੀ ਹੋ ਜਾਂਦੀ ਹੈ । ਜਿਸ ਤੋ ਉਨ੍ਹਾਂ ਦੀਆਂ ਪੱਖਪਾਤੀ ਹੁਕਮਰਾਨ ਪੱਖੀ ਕਾਰਵਾਈਆ ਜਾਹਰ ਹੋ ਰਹੀਆ ਹਨ ਅਤੇ ਜੋ ਜਮਹੂਰੀਅਤ ਨਿਜਾਮ ਦਾ ਜਨਾਜ਼ਾਂ ਕੱਢ ਰਹੀਆ ਹਨ ।

ਉਨ੍ਹਾਂ ਇਸ ਗੱਲ ਤੇ ਵੀ ਹੁਕਮਰਾਨਾਂ ਦੀਆਂ ਕਾਰਵਾਈਆ ਦੀ ਨਿਖੇਧੀ ਕੀਤੀ ਕਿ ਹੁਕਮਰਾਨ ਇੰਡੀਆ ਜਿਸ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਕੌਮਾਂ, ਧਰਮਾਂ, ਕਬੀਲੇ ਆਦਿ ਵੱਸਦੇ ਹਨ ਜਿਨ੍ਹਾਂ ਦੀਆਂ ਆਪੋ-ਆਪਣੀਆ ਬੋਲੀਆ, ਭਾਸਾਵਾਂ ਹਨ । ਹੁਕਮਰਾਨ ਵਿਧਾਨਿਕ ਲੀਹਾ ਦਾ ਉਲੰਘਣ ਕਰਕੇ ਇਥੇ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲਕੇ ਉਨ੍ਹਾਂ ਨੂੰ ਸੰਸਕ੍ਰਿਤੀ ਤੇ ਹਿੰਦੂਤਵ ਰੂਪ ਦੇ ਰਹੇ ਹਨ । ਇਥੇ ਹੀ ਬਸ ਨਹੀ ਪਾਰਲੀਮੈਟ ਵਿਚ ਬਣਨ ਵਾਲੇ ਕਾਨੂੰਨਾਂ ਨੂੰ ਵੀ ਸੰਸਕ੍ਰਿਤ ਦੇ ਨਾਮ ਦਿੱਤੇ ਜਾ ਰਹੇ ਹਨ ਜਿਵੇ ਭਾਰਤੀਆ ਨਿਯਾ ਨਸਹਿਤਾ ਬਿਲ, ਭਾਰਤੀਆ ਨਾਗਰਿਕ ਸੁਰੱਖਸਾ ਸਨਹਿਤਾ ਬਿਲ, ਭਾਰਤੀਆ ਸਾਕਸੀਆ ਬਿਲ । ਇਸੇ ਤਰ੍ਹਾਂ ਵਾਯੂਮੰਡ ਵਿਚ ਭੇਜੇ ਜਾਣ ਵਾਲੇ ਉਪਗ੍ਰਹਿ ਜਿਵੇ ਚੰਦਰਯਾਨ ਜਾਂ ਮਜਾਇਲਾਂ ਦੇ ਨਾਮ ਬ੍ਰਹਮੋਸ, ਫ਼ੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਆਦਿ ਸਭਨਾਂ ਨੂੰ ਸੰਸਕ੍ਰਿਤੀ ਰੂਪ ਦਿੱਤਾ ਜਾ ਰਿਹਾ ਹੈ । ਪ੍ਰਧਾਨ ਮੰਤਰੀ ਜਨਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਸਾ ਬੀਮਾ ਯੋਜਨਾ, ਅਟੱਲ ਪੈਨਸਨ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਵਾਇਆ ਵੰਧਨਾ ਯੋਜਨਾ, ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਅਭਿਆਨ, ਆਯੂਸਮਾਨ ਸੁਰੱਖਸਾ ਸਕੀਮ, ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਆਦਿ ਰਾਹੀ ਸੰਸਕ੍ਰਿਤ ਭਾਸ਼ਾ ਤੇ ਬੋਲੀ ਨੂੰ ਹੀ ਉਭਾਰਿਆ ਜਾ ਰਿਹਾ ਹੈ । ਜਿਸ ਤੋ ਸਮੁੱਚੇ ਦੱਖਣੀ ਸੂਬੇ ਅਤੇ ਹੋਰ ਸੂਬਿਆਂ ਦੇ ਨਿਵਾਸੀ ਖਫਾ ਹਨ । ਇਥੋ ਤੱਕ ਜਦੋਂ ਸ੍ਰੀ ਲਾਲ ਬਹਾਦਰ ਸਾਸਤਰੀ ਵਜੀਰ ਏ ਆਜਮ ਸਨ ਤਾਂ ਉਨ੍ਹਾਂ ਨੇ ਹਿੰਦੀ ਭਾਸ਼ਾ ਨੂੰ ਸਮੁੱਚੇ ਮੁਲਕ ਵਿਚ ਜ਼ਬਰੀ ਲਾਗੂ ਕਰਨ ਦੀ ਜਦੋ ਕੋਸਿ਼ਸ਼ ਕੀਤੀ ਤਾਂ ਦੱਖਣੀ ਸੂਬਿਆਂ ਵਿਚ ਖੂਨੀ ਝੜਪਾ ਤੇ ਸਖਤ ਵਿਰੋਧ ਹੋਇਆ, ਵਿਸੇਸ ਤੌਰ ਤੇ ਤਾਮਿਲਨਾਡੂ ਵਿਚ । ਇਥੋ ਦੇ ਨਿਵਾਸੀਆ ਦੇ ਰੋਹ ਨੂੰ ਦੇਖਦੇ ਹੋਏ ਹਿੰਦੀ ਭਾਸ਼ਾ ਨਾਲ ਸੰਬੰਧਤ ਪਾਸ ਕੀਤੇ ਗਏ ਬਿਲਾਂ ਨੂੰ ਬਦਲਣਾ ਪਿਆ । ਹੁਣ ਉਸੇ ਤਰ੍ਹਾਂ ਇਤਿਹਾਸ ਦੁਹਰਾਉਣ ਦਾ ਸਮਾਂ ਫਿਰ ਆ ਰਿਹਾ ਹੈ । ਇਸ ਲਈ ਸਾਡੀ ਹੁਕਮਰਾਨਾਂ ਨੂੰ ਇਹ ਸੰਜ਼ੀਦਾ ਰਾਏ ਹੈ ਕਿ ਇਥੇ ਵੱਡੀ ਗਿਣਤੀ ਵਿਚ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਅਨੇਕਾ ਬੋਲੀਆ, ਭਾਸਾਵਾ ਅਤੇ ਸੱਭਿਅਤਾ ਦੇ ਨਿਵਾਸੀ ਰਹਿੰਦੇ ਹਨ । ਜਿਨ੍ਹਾਂ ਉਤੇ ਕੋਈ ਵੀ ਹੁਕਮਰਾਨ ਸੰਸਕ੍ਰਿਤੀ, ਹਿੰਦੀ ਆਦਿ ਨੂੰ ਨਹੀ ਥੋਪ ਸਕਦਾ। ਜੇਕਰ ਤੋਜੋ, ਹਿਟਲਰ, ਮੋਸੋਲੀਨੀ ਦੀ ਤਰ੍ਹਾਂ ਤਾਨਾਸਾਹੀ ਅਮਲ ਹੋਣਗੇ, ਤਾਂ ਇਸ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਭੰਗ ਹੋਣ ਤੋ ਇਹ ਹੁਕਮਰਾਨ ਜਾਂ ਕੋਈ ਤਾਕਤ ਨਹੀ ਬਚਾ ਸਕੇਗੀ । ਬਿਹਤਰ ਇਹੀ ਹੋਵੇਗਾ ਕਿ ਹਰ ਗੱਲ ਨੂੰ ਸੰਸਕ੍ਰਿਤ ਤੇ ਹਿੰਦੀ ਵਿਚ ਬਦਲਣ ਦੀਆਂ ਕਾਰਵਾਈਆ ਨੂੰ ਫੌਰੀ ਬੰਦ ਕੀਤਾ ਜਾਵੇ ਅਤੇ ਸਭ ਧਰਮਾਂ, ਕੌਮਾਂ ਦੇ ਨਿਵਾਸੀਆ ਨੂੰ ਇੰਡੀਅਨ ਵਿਧਾਨ ਵੱਲੋ ਮਿਲੇ ਆਜਾਦੀ ਦੇ ਹੱਕ, ਬਿਨ੍ਹਾਂ ਕਿਸੇ ਡਰ ਭੈ ਤੋ ਜਿੰਦਗੀ ਜਿਊਣ ਦਾ ਅਮਲੀ ਰੂਪ ਵਿਚ ਪ੍ਰਬੰਧ ਹੋਵੇ ਤਦ ਹੀ ਇਥੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇਗੀ ।

Leave a Reply

Your email address will not be published. Required fields are marked *