ਸਿੱਖਾਂ ਦੁਆਰਾ ਕਾਇਮ ਕੀਤੇ ਗਏ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਜਿੱਤੇ ਹੋਏ ਇਲਾਕਿਆ ਦੀ ਹੁਕਮਰਾਨ ਰੱਖਿਆ ਨਹੀਂ ਕਰ ਸਕੇ : ਮਾਨ
ਫ਼ਤਹਿਗੜ੍ਹ ਸਾਹਿਬ, 04 ਮਈ ( ) “ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖ਼ਾਲਸਾ ਰਾਜ ਦਰਬਾਰ (1799-1849) ਦੀਆਂ ਫ਼ੌਜਾਂ ਵੱਲੋ 1819 ਵਿਚ ਅਫਗਾਨੀਸਤਾਨ ਤੋਂ ਕਸਮੀਰ ਦਾ ਜਿੱਤਿਆ ਇਲਾਕਾ ਅਤੇ 1834 ਵਿਚ ਲਦਾਖ ਦੇ ਇਲਾਕੇ ਨੂੰ ਲਾਹੌਰ ਰਾਜ ਦਰਬਾਰ ਵਿਚ ਸਾਮਿਲ ਕੀਤਾ ਗਿਆ ਸੀ । ਇਹ ਸਾਡੀ ਕੌਮ ਦੀ ਮਲਕੀਅਤ ਹੈ । ਜਿਸ ਨੂੰ ਹਿੰਦੂਤਵ ਹੁਕਮਰਾਨਾਂ ਵੱਲੋ ਜਾਂ ਤਾਂ ਪਾਕਿਸਤਾਨ ਨੂੰ ਲੁੱਟਾ ਦਿੱਤੇ ਗਏ ਜਾਂ ਫਿਰ ਚੀਨ ਨੂੰ ਲੁੱਟਾ ਦਿੱਤੇ ਗਏ। ਨਾਂ ਤਾਂ ਮਰਹੂਮ ਇੰਦਰਾ ਗਾਂਧੀ ਸਮੇਂ ਨਾ ਉਸਦੀਆਂ ਬਾਅਦ ਦੀਆਂ ਸਰਕਾਰਾਂ ਸਮੇ ਅਤੇ ਨਾ ਬੀਤੇ 10 ਸਾਲਾਂ ਤੋਂ ਮੋਦੀ ਦੀ ਸੈਂਟਰ ਹਕੂਮਤ ਵੱਲੋਂ ਉਹ ਲੁੱਟੇ ਗਏ 39000 ਸਕੇਅਰ ਵਰਗ ਕਿਲੋਮੀਟਰ ਅਤੇ 8000 ਸਕੇਅਰ ਵਰਗ ਕਿਲੋਮੀਟਰ ਦੀ ਇਕ ਇੰਚ ਧਰਤੀ ਵੀ ਵਾਪਸ ਨਾ ਲਈ ਗਈ । ਜਦੋਕਿ ਰੋਜਾਨਾ ਹੀ ਮੀਡੀਏ ਵਿਚ ਆਪਣੀ 56 ਇੰਚ ਚੌੜੀ ਛਾਤੀ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਆ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਅਫਗਾਨੀਸਤਾਨ ਵਿਚੋ ਜਿੱਤੇ ਹੋਏ ਕਸਮੀਰ ਅਤੇ ਲਦਾਖ ਦੇ ਇਲਾਕਿਆ ਜੋ ਖਾਲਸਾ ਪੰਥ ਦੀ ਮਲਕੀਅਤ ਹੈ, ਉਸ ਨੂੰ ਹੁਕਮਰਾਨਾਂ ਵੱਲੋ ਇਸਲਾਮਿਕ ਪਾਕਿਸਤਾਨ ਅਤੇ ਕਾਮਰੇਡ ਚੀਨ ਨੂੰ ਲੁੱਟਾਉਣ ਅਤੇ ਅੱਜ ਤੱਕ ਵਾਪਸ ਨਾ ਲੈਣ ਉਤੇ ਵੱਡੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੁਕਮਰਾਨ ਹਿੰਦੂ-ਸਿੱਖਾਂ, ਹਿੰਦੂ-ਮੁਸਲਮਾਨਾਂ, ਹਿੰਦੂ-ਆਦਿਵਾਸੀਆਂ ਤੇ ਘੱਟ ਗਿਣਤੀਆਂ ਨਾਲ ਲੜਵਾਕੇ ਮੁਲਕ ਦੇ ਅਤਿ ਗੰਭੀਰ ਮੁੱਦਿਆ ਤੋਂ ਇਥੋ ਦੇ ਨਿਵਾਸੀਆ ਦਾ ਧਿਆਨ ਹਟਾਉਣ ਦੀ ਅਸਫਲ ਕੋਸਿਸ ਕਰ ਰਹੇ ਹਨ । ਜਦੋਕਿ ਇਹ ਹੁਕਮਰਾਨ ਇਥੇ ਵਿਧਾਨਿਕ ਲੀਹਾਂ ਅਨੁਸਾਰ ਜਮਹੂਰੀਅਤ ਕਾਇਮ ਕਰਨ ਵਿਚ ਅਸਫਲ ਸਾਬਤ ਹੋ ਚੁੱਕੇ ਹਨ ।
ਉਨ੍ਹਾਂ ਕਿਹਾ ਕਿ ਜਦੋ ਵੀ ਮੁਲਕ ਵਿਚ ਚੋਣਾਂ ਦਾ ਦੌਰ ਆਉਦਾ ਹੈ ਤਾਂ ਹੁਕਮਰਾਨ ਪੁਲਾਵਾਮਾ, ਰਾਮ ਮੰਦਰ, ਪਾਕਿਸਤਾਨ ਆਦਿ ਬਣਾਉਟੀ ਸਾਜਸੀ ਹਾਲਾਤ ਬਣਾਕੇ ਹਿੰਦੂ ਵੋਟਰਾਂ ਨੂੰ ਗੁੰਮਰਾਹ ਕਰਕੇ ਅਕਸਰ ਹੀ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਮਸਰੂਫ ਹੋ ਜਾਂਦੇ ਹਨ । ਹੁਣ ਫਿਰ ਪਾਕਿਸਤਾਨ-ਪਾਕਿਸਤਾਨ ਦਾ ਰੌਲਾ ਪਾ ਕੇ ਮਾਹੌਲ ਨੂੰ ਗੰਧਲਾ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਜਦੋਕਿ ਇਥੋ ਦੇ ਨਿਵਾਸੀ ਇਨ੍ਹਾਂ ਦੇ ਅਤਿ ਦੋਸਪੂਰਨ ਰਾਜ ਪ੍ਰਬੰਧ ਦੀਆਂ ਦਿਸ਼ਾਹੀਣ ਨੀਤੀਆ ਤੋ ਵੱਡੇ ਖਫਾ ਹਨ । ਜਿਸਦਾ ਪ੍ਰਤੱਖ ਸਬੂਤ ਇਹ ਹੈ ਕਿ 2024 ਦੀਆਂ 2 ਪੜਾਵਾਂ ਵਿਚ ਹੋਈਆ ਚੋਣਾਂ ਸਮੇਂ ਇਥੋ ਦੇ ਨਿਵਾਸੀਆ ਨੇ ਆਪਣਾ ਗੁੱਸਾ ਬੀਜੇਪੀ-ਆਰ.ਐਸ.ਐਸ ਵਿਰੁੱਧ ਭੁਗਤਕੇ ਜਾਹਰ ਕੀਤਾ ਹੈ । ਹੁਣ ਇਨ੍ਹਾਂ ਵੱਲੋ ਨਫਰਤ ਫੈਲਾਕੇ ਸਿਆਸੀ ਸਵਾਰਥਾਂ ਨੂੰ ਪੂਰਨ ਕਰਨ ਲਈ ਬਿਲਕੁਲ ਵੀ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਹੀ ਉਲਝਣਗੇ ਬਲਕਿ ਦਿਸ਼ਾਹੀਣ ਨੀਤੀਆ, ਅਮਲਾਂ ਵਿਰੁੱਧ ਤੇ ਵੱਖ-ਵੱਖ ਕੌਮਾਂ ਧਰਮਾਂ ਵਿਚ ਨਫਰਤ ਫੈਲਾਉਣ ਵਿਰੁੱਧ ਆਪਣੇ ਵੋਟ ਹੱਕ ਦੀ ਵਰਤੋ ਕਰਨਗੇ ।