ਸੰਗਰੂਰ ਜਿ਼ਲ੍ਹੇ ਦੇ ਸੀਨੀਅਰ ਅਹੁਦੇਦਾਰ ਸ. ਹਰਬੰਸ ਸਿੰਘ ਸਲੇਮਪੁਰ ਨੂੰ ਐਨ.ਆਈ.ਏ. ਦੀ ਟੀਮ ਵੱਲੋਂ ਚੁੱਕ ਕੇ ਲੈ ਜਾਣਾ ਮਨੁੱਖੀ ਅਧਿਕਾਰਾਂ ਨੂੰ ਕੁੱਚਲਣ ਵਾਲੀ ਕਾਰਵਾਈ : ਮਾਨ

ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਸੈਂਟਰ ਵਿਚ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਅਤੇ ਉਨ੍ਹਾਂ ਦੀਆਂ ਏਜੰਸੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨਾਲ ਕਿਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਜ਼ਲੀਲ, ਤਸੱਦਦ ਕੀਤਾ ਜਾ ਰਿਹਾ ਹੈ ਅਤੇ ਬਿਨ੍ਹਾਂ ਵਜਹ ਉਨ੍ਹਾਂ ਦੇ ਪਰਿਵਾਰਾਂ ਅਤੇ ਪਿੰਡਾਂ ਵਿਚ ਦਹਿਸਤ ਪਾਈ ਜਾ ਰਹੀ ਹੈ ਇਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਸੰਗਰੂਰ ਜਿ਼ਲ੍ਹੇ ਦੇ ਸਾਡੇ ਸੀਨੀਅਰ ਅਹੁਦੇਦਾਰ ਸ. ਹਰਬੰਸ ਸਿੰਘ ਸਲੇਮਪੁਰ, ਹੁਸਿਆਰਪੁਰ ਜਿ਼ਲ੍ਹੇ ਦੇ ਪਿੰਡ ਧਮਾਈ ਦੇ ਜਸਵੰਤ ਸਿੰਘ, ਹਰਿਆਣਾ ਪਿੰਡ ਦੇ ਸਰਬਜੋਤ ਸਿੰਘ, ਮਾਲਵੇ ਦੇ ਮੁਕਤਸਰ, ਮੋਗੇ ਜਿ਼ਲ੍ਹੇ ਵਿਚ ਵੀ ਅਤੇ ਹੋਰਨਾਂ ਸਥਾਨਾਂ ਉਤੇ ਦਿੱਲੀ ਤੋਂ ਐਨ.ਆਈ.ਏ. ਦੀਆਂ ਟੀਮਾਂ ਪਿੰਡਾਂ ਵਿਚ ਹਰਲ-ਹਰਲ ਕਰਦੀਆਂ ਫਿਰਦੀਆਂ ਹਨ । ਜਾਪਦਾ ਹੈ ਕਿ ਕਿਸੇ ਗੁੱਝੇ ਮਕਸਦ ਦੀ ਪ੍ਰਾਪਤੀ ਲਈ ਇਨ੍ਹਾਂ ਟੀਮਾਂ ਨੂੰ ਸੈਟਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੇ ਪੰਜਾਬ ਵਿਚ ਸਿੱਖ ਨੌਜਵਾਨੀ ਉਤੇ ਦਹਿਸਤ ਪਾਉਣ ਅਤੇ ਫਿਰ ਤੋ ਜ਼ਬਰ ਜੁਲਮ ਢਾਹੁਣ ਦੀ ਸੁਰੂਆਤ ਕਰਨ ਲਈ ਕੀਤਾ ਜਾ ਰਿਹਾ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਖ਼ਾਲਸਾ ਪੰਥ ਨਾਲ ਸੰਬੰਧਤ ਸਭ ਧਾਰਮਿਕ, ਸਿਆਸੀ, ਸਮਾਜਿਕ ਜਥੇਬੰਦੀਆਂ ਪੰਜਾਬੀ ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀ ਕਰਨਗੇ । ਜੇਕਰ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਅਤੇ ਉਸਦੀ ਐਨ.ਆਈ.ਏ, ਆਈ.ਬੀ, ਰਾਅ ਵਰਗੀਆ ਏਜੰਸੀਆ ਨੇ ਪੰਜਾਬ ਵਿਚ ਗੈਰ ਕਾਨੂੰਨੀ ਢੰਗ ਨਾਲ ਸੁਰੂ ਕੀਤਾ ਗਿਆ ਜ਼ਬਰ ਤੁਰੰਤ ਬੰਦ ਨਾ ਕੀਤਾ ਤਾਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਵਿਰੁੱਧ ਸੜਕਾਂ ਉਤੇ ਆਉਣ ਲਈ ਅਤੇ ਸੈਟਰ ਦੇ ਕਿਸੇ ਵੀ ਜਬਰ ਨੂੰ ਸਹਿਣ ਨਾ ਕਰਨ ਲਈ ਸਾਨੂੰ ਸੱਦਾ ਦੇਣ ਲਈ ਮਜਬੂਰ ਹੋਣਾ ਪਵੇਗਾ । ਜਿਸਦੇ ਭਿਆਨਕ ਸਿੱਟਿਆ ਲਈ ਸੈਟਰ ਦੀਆਂ ਏਜੰਸੀਆਂ ਅਤੇ ਮੋਦੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪੰਜਾਬ ਸੂਬੇ ਦੇ ਮਾਲਵਾ, ਮਾਝਾ ਅਤੇ ਦੋਆਬੇ ਦੇ ਪਿੰਡਾਂ ਅਤੇ ਕਸਬਿਆ ਵਿਚ ਭੋਲੇ ਭਾਲੇ ਅੰਮ੍ਰਿਤਧਾਰੀ ਸਿੱਖਾਂ ਦੇ ਘਰਾਂ ਵਿਚ ਐਨ.ਆਈ.ਏ. ਦੀਆਂ ਵੱਡੀ ਗਿਣਤੀ ਵਿਚ ਪੰਜਾਬ ‘ਚ ਦਾਖਲ ਹੋਈਆ ਟੀਮਾਂ ਵੱਲੋ ਛਾਪੇਮਾਰੀ ਕਰਕੇ ਸਾਡੀ ਪਾਰਟੀ ਦੇ ਸੰਗਰੂਰ ਜਿ਼ਲ੍ਹੇ ਦੇ ਸੀਨੀਅਰ ਆਗੂ ਸ. ਹਰਬੰਸ ਸਿੰਘ ਸਲੇਮਪੁਰ ਨੂੰ ਗ੍ਰਿਫਤਾਰ ਕਰਕੇ ਲੈ ਜਾਣ ਅਤੇ ਹੋਰਨਾਂ ਜਿ਼ਲ੍ਹਿਆਂ ਵਿਚ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਗੈਰ ਕਾਨੂੰਨੀ ਛਾਪੇਮਾਰੀ ਅਤੇ ਦਹਿਸਤ ਪਾਉਣ ਦੀਆਂ ਕਾਰਵਾਈਆ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਨਤੀਜਿਆ ਲਈ ਸੈਟਰ ਦੀ ਮੋਦੀ ਸਰਕਾਰ ਅਤੇ ਏਜੰਸੀਆ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੇਰੇ ਵੱਲੋ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ, ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਇਸ ਗੰਭੀਰ ਵਿਸੇ ਉਤੇ ਐਨ.ਆਈ.ਏ. ਦੇ ਮੌਜੂਦਾ ਡਾਈਰੈਕਟਰ ਸ੍ਰੀ ਦਿਨਕਰ ਗੁਪਤਾ ਨਾਲ ਉਨ੍ਹਾਂ ਦੇ ਮੋਬਾਇਲ ਫੋਨ ਅਤੇ ਉਨ੍ਹਾਂ ਦੇ ਦਫਤਰ ਦੇ ਲੈਡ ਫੋਨ ਉਤੇ ਸੰਪਰਕ ਬਣਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ ਪੰਜਾਬ ਵਿਚ ਇਨ੍ਹਾਂ ਏਜੰਸੀਆਂ ਵੱਲੋ ਕੀਤੀਆ ਜਾ ਰਹੀਆ ਆਪ ਹੁਦਰੀਆਂ ਅਤੇ ਦਹਿਸਤ ਪਾਉਣ ਦੀਆਂ ਕਾਰਵਾਈਆ ਸੰਬੰਧੀ ਗੱਲਬਾਤ ਕੀਤੀ ਜਾ ਸਕੇ । ਪਰ ਉਨ੍ਹਾਂ ਦੇ ਦਿੱਲੀ ਸਥਿਤ ਪੀ.ਏ. ਵੱਲੋ ਮੀਟਿੰਗ ਚੱਲਣ ਦੀ ਗੱਲ ਕਰਕੇ ਕੁਝ ਸਮੇ ਬਾਅਦ ਗੱਲ ਕਰਵਾਉਣ ਲਈ ਕਿਹਾ ਗਿਆ । ਪਰ ਉਨ੍ਹਾਂ ਦੇ ਦਫਤਰ ਵੱਲੋ ਕੋਈ ਵੀ ਸਾਡੇ ਨਾਲ ਸੰਪਰਕ ਨਾ ਬਣਾਉਣ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਵਿਸੇ ਤੇ ਐਨ.ਆਈ.ਏ. ਗੱਲਬਾਤ ਨਹੀ ਕਰਨਾ ਚਾਹੁੰਦੇ । ਬਲਕਿ ਮੋਦੀ ਹਕੂਮਤ ਵੱਲੋ ਮਿਲੇ ਹੁਕਮਾਂ ਦੀ ਤਾਮੀਲ ਕਰਦੇ ਹੋਏ ਪੰਜਾਬ ਸੂਬੇ ਵਿਚ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਐਨ.ਆਈ.ਏ. ਪੰਜਾਬ ਵਿਚ ਕੋਈ ਹੋਰ ਗੁੱਲ ਖਿਲਾਉਣ ਦੀ ਤਿਆਰੀ ਕਰ ਰਹੇ ਹਨ ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬੀ ਅਤੇ ਸਿੱਖ ਕੌਮ ਕਦਾਚਿੱਤ ਸਹਿਣ ਨਹੀ ਕਰਾਂਗੇ । ਇਸ ਗੰਭੀਰ ਵਿਸੇ ਉਤੇ ਜੇਕਰ ਸਾਨੂੰ ਪੰਜਾਬ ਵਿਚ ਕਿਸੇ ਤਰ੍ਹਾਂ ਦਾ ਵੀ ਕੋਈ ਵੱਡਾ ਐਕਸਨ ਪ੍ਰੋਗਰਾਮ ਉਲੀਕਣ ਦੀ ਲੋੜ ਮਹਿਸੂਸ ਹੋਈ ਤਾਂ ਉਹ ਸਮੁੱਚੀਆ ਜਥੇਬੰਦੀਆਂ ਪੰਜਾਬੀਆਂ ਤੇ ਸਿੱਖਾਂ ਦੇ ਸਹਿਯੋਗ ਨਾਲ ਉਸ ਜਿੰਮੇਵਾਰੀ ਨੂੰ ਵੀ ਪੂਰਨ ਕੀਤਾ ਜਾਵੇਗਾ । ਸ. ਮਾਨ ਨੇ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਫਿਰ ਤੋ ਲਹੂ-ਲੁਹਾਣ ਕਰਵਾਉਣ ਜਾਂ ਪੰਜਾਬੀਆਂ ਤੇ ਸਿੱਖਾਂ ਵਿਚ ਦਹਿਸਤ ਪਾਉਣ ਦੀ ਇਜਾਜਤ ਅਸੀ ਕਿਸੇ ਵੀ ਤਾਕਤ ਨੂੰ ਨਹੀ ਦੇਵਾਂਗੇ । ਇਸ ਲਈ ਬਿਹਤਰ ਹੋਵੇਗਾ ਕਿ ਜਿਸ ਮੰਦਭਾਵਨਾ ਭਰੀ ਸੋਚ ਅਧੀਨ ਅਜਿਹੀ ਛਾਪੇਮਾਰੀ ਅਤੇ ਗੈਰ ਕਾਨੂੰਨੀ ਗ੍ਰਿਫਤਾਰੀਆ ਕੀਤੀਆ ਜਾ ਰਹੀਆ ਹਨ ਇਹ ਸਿਲਸਿਲਾ ਫੌਰੀ ਬੰਦ ਹੋਵੇ ।

Leave a Reply

Your email address will not be published. Required fields are marked *