ਬੀਜੇਪੀ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਸ਼ਰਮਾ ਵੱਲੋਂ ਇਹ ਕਹਿਣਾ ਕਿ ਇਥੋਂ ਦੀ ਇੰਡਸਟਰੀ ਬਾਹਰ ਜਾ ਰਹੀ ਹੈ, ਇਸ ਲਈ ਬੀਜੇਪੀ ਦੇ ਆਗੂ, ਸਿਆਸਤਦਾਨ ਅਤੇ ਅਫਸਰਸਾਹੀ ਹੀ ਜਿੰਮੇਵਾਰ : ਮਾਨ
ਫ਼ਤਹਿਗੜ੍ਹ ਸਾਹਿਬ, 16 ਜਨਵਰੀ ( ) “ਜੇਕਰ ਪੰਜਾਬ ਸੂਬੇ ਦੀ ਇੰਡਸਟਰੀ ਬਾਹਰਲੇ ਸੂਬਿਆਂ ਵਿਚ ਜਾ ਰਹੀ ਹੈ ਜਿਵੇਕਿ ਬੀਜੇਪੀ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਸਵਨੀ ਸ਼ਰਮਾ ਨੇ ਕਿਹਾ ਹੈ ਤਾਂ ਇਸ ਬਣਦੀ ਜਾ ਰਹੀ ਅਤਿ ਗੰਭੀਰ ਸਥਿਤੀ ਲਈ ਭਾਜਪਾ ਨਾਲ ਸੰਬੰਧਤ ਉਹ ਆਗੂ, ਸਿਆਸਤਦਾਨ ਅਤੇ ਰਿਸਵਤਖੋਰ ਅਫਸਰਸਾਹੀ ਹੀ ਜਿੰਮੇਵਾਰ ਹੈ ਜੋ ਇਥੇ ਬੁਜਦਿਲੀ ਵਾਲੇ ਅਤੇ ਡਰੂ ਬਿਆਨਬਾਜੀ ਕਰਕੇ ਪੰਜਾਬ ਦੇ ਮਾਹੌਲ ਨੂੰ ਬੇਵਿਸਵਾਸੀ ਵਾਲਾ ਅਤੇ ਦਹਿਸਤ ਵਾਲਾ ਬਣਾ ਰਹੇ ਹਨ ਅਤੇ ਜੋ ਪੰਜਾਬ ਨੂੰ ਜੰਮੂ-ਕਸ਼ਮੀਰ ਬਣਨ ਦੀ ਨਿੱਤ ਦਿਹਾੜੇ ਰੱਟ ਲਗਾ ਰਹੇ ਹਨ, ਸੈਟਰ ਕੋਲ ਜਾ ਕੇ ਪੰਜਾਬ ਸੂਬੇ ਦੀਆਂ ਸਿ਼ਕਾਇਤਾਂ ਕਰਦੇ ਹਨ । ਕਿਸੇ ਮੁਲਕ, ਸੂਬੇ ਦੀ ਅਗਵਾਈ ਕਰਨ ਵਾਲੀ ਲੀਡਰਸਿ਼ਪ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਸੂਬੇ ਦੇ ਲੋਕਾਂ ਦਾ ਆਪਣੇ ਵਿਚ ਵਿਸਵਾਸ ਨੂੰ ਕਾਇਮ ਰੱਖਣ ਲਈ ਉਸਾਰੂ ਉਦਮ ਕਰਨ । ਜਦੋ ਹਰ ਰੋਜ਼ ਪੰਜਾਬ ਵਿਚ ਬਿਨ੍ਹਾਂ ਵਜਹ ਕਾਨੂੰਨੀ ਵਿਵਸਥਾਂ ਨੂੰ ਲੈਕੇ ਡਰੂ ਬਿਆਨਬਾਜੀ ਕੀਤੀ ਜਾਂਦੀ ਹੋਵੇ, ਫਿਰ ਇਥੋ ਦੇ ਮਾਹੌਲ ਨੂੰ ਅਣਸੁਖਾਵਾਂ ਅਤੇ ਬੁਜਦਿਲੀ ਵਾਲਾ ਬਣਾਉਣ ਲਈ ਇਹ ਖੁਦ ਹੀ ਜਿ਼ੰਮੇਵਾਰ ਹਨ । ਫਿਰ ਹੋਰ ਕੌਣ ਡਰ-ਸਹਿਮ ਪੈਦਾ ਕਰ ਰਿਹਾ ਹੈ ਅਤੇ ਇਥੋ ਦੀ ਇੰਡਸਟਰੀ ਨੂੰ ਭਜਾਉਣ ਦਾ ਦੋਸ਼ੀ ਬਣ ਰਿਹਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸ੍ਰੀ ਅਸਵਨੀ ਸ਼ਰਮਾ ਵੱਲੋ ਇਹ ਤੌਖਲਾ ਪ੍ਰਗਟਾਉਣ ਕਿ ਪੰਜਾਬ ਦੀ ਇੰਡਸਟਰੀ ਬਾਹਰਲੇ ਸੂਬਿਆਂ ਵਿਚ ਜਾ ਰਹੀ ਹੈ, ਲਈ ਅਜਿਹੀ ਬੁਜਦਿਲ, ਦਿਸ਼ਾਹੀਣ ਬੀਜੇਪੀ ਦੀ ਲੀਡਰਸਿ਼ਪ ਅਤੇ ਸੈਂਟਰ ਕੋਲ ਪੰਜਾਬ ਦੀਆਂ ਸਿ਼ਕਾਇਤਾਂ ਕਰਨ ਵਾਲੇ ਆਗੂਆ ਨੂੰ ਇਸ ਲਈ ਜਿ਼ੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਰੋਕਣ ਦੀ ਬਜਾਇ ਵੱਧਦਾ ਜਾ ਰਿਹਾ ਹੈ । ਜਦੋਕਿ ਸੈਟਰ ਦੇ ਹੁਕਮਰਾਨਾਂ ਨੇ ਸਰਹੱਦਾਂ ਦੀ ਸੁਰੱਖਿਆ ਲਈ ਅਤੇ ਨਸ਼ੀਲੀਆਂ ਵਸਤਾਂ ਦੀ ਰੋਕਥਾਮ ਲਈ ਬੀ.ਐਸ.ਐਫ ਦੇ 5 ਕਿਲੋਮੀਟਰ ਦੇ ਅਧਿਕਾਰ ਖੇਤਰ ਨੂੰ ਵਧਾਕੇ 50 ਕਿਲੋਮੀਟਰ ਕੀਤਾ ਹੈ । ਫਿਰ ਵੀ ਇਹ ਗੈਰ ਕਾਨੂੰਨੀ ਅਮਲ ਬੰਦ ਨਾ ਹੋਣ, ਫਿਰ ਇਸਦਾ ਜਿੰਮੇਵਾਰ ਕੌਣ ਹੈ ? ਉਨ੍ਹਾਂ ਕਿਹਾ ਕਿ ਪਹਿਲਾ ਜਦੋ ਸਰਹੱਦਾਂ ਦੀ ਸੁਰੱਖਿਆ ਪੀ.ਏ.ਪੀ. ਵੱਲੋ ਕੀਤੀ ਜਾਂਦੀ ਸੀ ਤਾਂ ਇਹ ਗੈਰ ਕਾਨੂੰਨੀ ਕੰਮ ਕਾਬੂ ਵਿਚ ਸਨ । ਜੇਕਰ ਬੀ.ਐਸ.ਐਫ. ਇਹ ਜਿੰਮੇਵਾਰੀ ਦੇ ਸਮਰੱਥ ਨਹੀ ਫਿਰ ਪੀ.ਏ.ਪੀ. ਕਿਉਂ ਨਹੀਂ ਲਗਾ ਦਿੱਤੀ ਜਾਂਦੀ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਲੀਡਰਸਿ਼ਪ, ਅਫਸਰਸਾਹੀ ਬੁਜਦਿਲੀ ਵਾਲੀਆ ਗੱਲਾਂ ਕਰਨਗੇ ਫਿਰ ਇਥੋ ਦੇ ਨਿਵਾਸੀਆ ਵਿਚ ਵਿਸਵਾਸ ਕਿਥੋ ਪੈਦਾ ਹੋਵੇਗਾ ਅਤੇ ਕਿਹੜਾ ਉਦਯੋਗਪਤੀ ਸਾਡੇ ਇਸ ਸੂਬੇ ਵਿਚ ਨਿਵੇਸ ਕਰੇਗਾ ? ਕਿਉਂਕਿ ਪ੍ਰਗਤੀ ਤਾਂ ਸਥਿਰਤਾ ਅਤੇ ਵਿਸਵਾਸ ਨਾਲ ਹੀ ਹੁੰਦੀ ਹੈ ਜਿਸ ਨੂੰ ਇਹ ਖੁਦ ਹੀ ਡੂੰਘੀ ਸੱਟ ਮਾਰ ਰਹੇ ਹਨ । ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ‘ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥’ ਦੇ ਮਹਾਵਾਕ ਅਨੁਸਾਰ ਖ਼ਾਲਸਾ ਪੰਥ ਹਰ ਵੱਡੀ ਤੋ ਵੱਡੀ ਮੁਸ਼ਕਿਲ ਆਉਣ ਸਮੇਂ ਮੈਦਾਨ-ਏ-ਜੰਗ ਵਿਚ ਜੂਝਦਾ ਵੀ ਰਿਹਾ ਹੈ ਅਤੇ ਫ਼ਤਹਿ ਵੀ ਪ੍ਰਾਪਤ ਕਰਦਾ ਰਿਹਾ ਹੈ । ਪਰ ਇਹ ਦਿਸ਼ਾਹੀਣ, ਡਰੂ, ਬੁਜਦਿਲ ਅਤੇ ਰਿਸਵਤਾ ਲੈਣ ਵਾਲੇ ਗਲਤ ਕੰਮ ਕਰਨ ਵਾਲੇ ਆਗੂ ਤੇ ਸਿਆਸਤਦਾਨ ਪ੍ਰਬੰਧਕੀ ਅਤੇ ਰਾਜ ਭਾਗ ਦੀਆਂ ਮੁਸ਼ਕਿਲਾਂ ਨੂੰ ਦੇਖਕੇ ਸਾਹਮਣਾ ਕਰਨ ਵਾਲੇ ਨਹੀ ਹਨ, ਬਲਕਿ ਖੁਦ ਵੀ ਡਰੇ ਹੋਏ ਹਨ ਅਤੇ ਆਪਣੇ ਨਿਵਾਸੀਆ ਨੂੰ ਵੀ ਕੰਮਜੋਰ ਸੋਚ ਰਾਹੀ ਡਰੂ ਬਣਾ ਰਹੇ ਹਨ । ਫਿਰ ਉਸਾਰੇ ਜਾ ਰਹੇ ਇਸ ਨਿਰਾਸਾਵਾਦੀ ਮਾਹੌਲ ਵਿਚ ਕਿਹੜਾ ਉਦਯੋਗਪਤੀ ਇਥੇ ਨਿਵੇਸ਼ ਕਰੇਗਾ, ਉਸ ਲਈ ਤਾਂ ਇਹ ਹੁਕਮਰਾਨ ਤੇ ਸਿਆਸਤਦਾਨ ਹੀ ਜਿ਼ੰਮੇਵਾਰ ਹਨ ।