ਯੂਪੀ ਦੀ ਮਿੱਟੀ ਅਤੇ ਜਨਤਾ ਨਾਲ ਜੜ੍ਹ ਤੋਂ ਜੁੜੇ ਆਗੂ ਸ੍ਰੀ ਮੁਲਾਇਮ ਸਿੰਘ ਯਾਦਵ ਦੇ ਅਕਾਲ ਚਲਾਣੇ ‘ਤੇ ਸ. ਸਿਮਰਨਜੀਤ ਸਿੰਘ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ) “ਸ੍ਰੀ ਮੁਲਾਇਮ ਸਿੰਘ ਯਾਦਵ ਜਿਨ੍ਹਾਂ ਦਾ 1967 ਤੋਂ ਲੈਕੇ ਅੱਜ ਤੱਕ 55 ਸਾਲ ਦਾ ਸਿਆਸੀ ਜੀਵਨ ਵਾਲਾ ਸਫਰ ਰਿਹਾ ਹੈ, ਨੇ ਆਪਣੀ ਜਿ਼ੰਦਗੀ ਦੇ ਇਨ੍ਹਾਂ ਸਮਿਆ ਦੌਰਾਨ ਯੂਪੀ ਸਟੇਟ ਤੇ ਆਪਣੀ ਸਮਾਜਵਾਦ ਪਾਰਟੀ ਲਈ ਕਈ ਇਮਤਿਹਾਨਾਂ ਵਿਚੋਂ ਲੰਘਣਾ ਪਿਆ ਤੇ ਆਪਣੇ ਸਿਆਸੀ ਸਫ਼ਰ ਨੂੰ ਬਾਖੂਬੀ ਲੋਕਾਂ ਨਾਲ ਜੁੜੇ ਰਹਿੰਦੇ ਹੋਏ ਪੂਰਨ ਕੀਤਾ ਹੈ । ਉਨ੍ਹਾਂ ਨੂੰ ਬਜੁਰਗ ਤੇ ਤੁਜਰਬੇਕਾਰ ਆਗੂਆਂ ਸ੍ਰੀ ਜੈ ਪ੍ਰਕਾਸ਼ ਨਰਾਇਣ, ਚੌਧਰੀ ਚਰਨ ਸਿੰਘ, ਸ੍ਰੀ ਰਾਜ ਨਰਾਇਣ ਵਰਗੇ ਸੂਝਵਾਨ ਸਖਸ਼ੀਅਤਾਂ ਦਾ ਸਾਥ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ । ਉਹ ਐਮਰਜੈਸੀ ਦੌਰਾਨ ਨਜ਼ਰਬੰਦ ਵੀ ਰਹੇ ਅਤੇ ਵੱਖ-ਵੱਖ ਪਾਰਟੀਆਂ ਭਾਰਤੀ ਕ੍ਰਾਂਤੀ ਦਲ, ਭਾਰਤੀ ਲੋਕ ਦਲ, ਜਨਤਾ ਦਲ ਅਤੇ ਜਨਤਾ ਪਾਰਟੀ ਦੇ ਮੈਬਰ ਵੀ ਰਹੇ । 1982 ਵਿਚ ਉਨ੍ਹਾਂ ਨੇ ਆਪਣੀ ਸਮਾਜਵਾਦ ਪਾਰਟੀ ਬਣਾਈ ਜਿਸਨੂੰ ਯੂਪੀ ਤੇ ਹੋਰ ਕਈ ਸੂਬਿਆ ਵਿਚ ਵੱਡਾ ਸਹਿਯੋਗ ਮਿਲਦਾ ਰਿਹਾ । ਜਿਸਦੀ ਬਦੌਲਤ ਉਹ 7 ਵਾਰ ਲੋਕ ਸਭਾ ਮੈਬਰ ਚੁਣੇ ਗਏ ਅਤੇ 10 ਵਾਰ ਵਿਧਾਇਕ ਵੀ ਰਹੇ । ਉਹ ਯੂਪੀ ਦੇ ਹਰਮਨ ਪਿਆਰੇ ਆਗੂ ਸਨ ਅਤੇ ਯੂਪੀ ਦੇ 3 ਵਾਰ ਮੁੱਖ ਮੰਤਰੀ ਵੀ ਬਣੇ ਤੇ ਸੈਟਰ ਵਿਚ ਸਾਂਝੇ ਮੋਰਚੇ ਦੀ ਸਰਕਾਰ ਸਮੇ ਰੱਖਿਆ ਮੰਤਰੀ ਦੇ ਅਹੁਦੇ ਤੇ ਵੀ ਰਹੇ । 1980 ਵਿਚ ਬਾਬਰੀ ਮਸਜਿਦ ਤੋੜਨ ਲਈ ਉੱਠੀ ਲਹਿਰ ਦਾ ਵਿਰੋਧ ਕਰਕੇ ਉਨ੍ਹਾਂ ਨੇ ਘੱਟ ਗਿਣਤੀ ਮੁਸਲਿਮ ਕੌਮ ਦਾ ਵੱਡਾ ਸਮਰੱਥਨ ਪ੍ਰਾਪਤ ਕੀਤਾ । ਲੋਕ ਹੱਕਾਂ ਲਈ ਜੂਝਣ ਵਾਲੇ ਆਗੂ ਸਨ । ਉਨ੍ਹਾਂ ਦੇ ਬੀਤੇ ਦਿਨੀ ਹੋਏ ਅਕਾਲ ਚਲਾਣੇ ਉਤੇ ਕੇਵਲ ਯੂਪੀ ਦੇ ਨਿਵਾਸੀਆ ਨੂੰ ਹੀ ਨਹੀ ਬਲਕਿ ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਕਰਨ ਵਾਲੇ ਨਿਵਾਸੀਆ ਨੂੰ ਵੀ ਉਨ੍ਹਾਂ ਦੇ ਚਲੇ ਜਾਣ ਨਾਲ ਅਸਹਿ ਤੇ ਅਕਹਿ ਘਾਟਾ ਪਿਆ ਹੈ । ਕਿਉਂਕਿ ਸਾਡੇ ਨਾਲ ਵੀ ਉਨ੍ਹਾਂ ਦੇ ਸਹਿਜ ਭਰੇ ਸੰਬੰਧ ਰਹੇ ਹਨ ਸਾਨੂੰ ਵੀ ਉਨ੍ਹਾਂ ਦੇ ਚਲੇ ਜਾਣ ਤੇ ਗਹਿਰਾ ਸਦਮਾ ਪਹੁੰਚਿਆ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜਵਾਦ ਪਾਰਟੀ ਦੇ ਮੁੱਖੀ ਅਤੇ ਹੰਢੇ ਹੋਏ ਤੁਜਰਬੇਕਾਰ ਸਿਆਸਤਦਾਨ ਸ੍ਰੀ ਮੁਲਾਇਮ ਸਿੰਘ ਯਾਦਵ ਵੱਲੋ ਆਪਣੇ ਸਵਾਸਾ ਦੀ ਪੂੰਜੀ ਪੂਰਨ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜਣ ਦੇ ਯਾਦਵ ਪਰਿਵਾਰ ਅਤੇ ਯੂਪੀ ਨਿਵਾਸੀਆ ਦੇ ਇਸ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜੋ ਸਿਆਸੀ ਜਾਂ ਧਾਰਮਿਕ ਆਤਮਾਵਾ ਆਪਣੇ ਜੀਵਨ ਕਾਲ ਦੌਰਾਨ ਮਨੁੱਖੀ ਕਦਰਾਂ-ਕੀਮਤਾਂ ਲਈ ਉਦਮ ਕਰਦੀਆ ਹਨ ਅਤੇ ਲੋਕ ਸੇਵਾ ਵਿਚ ਹਾਜਰ ਰਹਿਣਾ ਫਖ਼ਰ ਸਮਝਦੀਆ ਹਨ, ਅਜਿਹੀਆ ਆਤਮਾਵਾ ਨੂੰ ਹਰ ਇਨਸਾਨ ਮਨੋਆਤਮਾ ਤੋ ਚਾਹੁੰਦਾ ਹੀ ਨਹੀ ਬਲਕਿ ਉਨ੍ਹਾਂ ਦੇ ਤੁਜਰਬਿਆ ਤੋ ਆਪਣੇ ਜੀਵਨ ਵਿਚ ਅਗਵਾਈ ਵੀ ਲੈਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੇ ਚਲੇ ਜਾਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ ।

Leave a Reply

Your email address will not be published. Required fields are marked *