ਫ਼ਰੀਦਕੋਟ ਤੋਂ ਰਾਜਸਥਾਂਨ ਜਾਣ ਵਾਲੀਆ ਨਹਿਰਾਂ ਦੇ ਕੰਡੇ ਉਤੇ ਦਰੱਖਤਾਂ ਦੀ ਕਟਾਈ ਕਰਨ ਦੇ ਅਮਲ ਅਤਿ ਦੁੱਖਦਾਇਕ ਅਤੇ ਨਿੰਦਣਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ ( ) “ਜੋ ਫ਼ਰੀਦਕੋਟ ਦੀ ਰਾਜਸਥਾਂਨ ਨੂੰ ਨਹਿਰ ਜਾਂਦੀ ਹੈ ਅਤੇ ਹੋਰ ਨਹਿਰਾਂ ਹਨ, ਉਨ੍ਹਾਂ ਦੇ ਕੰਡਿਆਂ ਉਤੇ ਜੋ ਨਹਿਰੀ ਮਹਿਕਮੇ ਜਾਂ ਜੰਗਲਾਤ ਮਹਿਕਮੇ ਵੱਲੋ ਵੱਡੀ ਗਿਣਤੀ ਵਿਚ ਦਰੱਖਤ ਲੱਗੇ ਹੋਏ ਹਨ, ਉਨ੍ਹਾਂ ਨੂੰ ਤੇਜ਼ੀ ਨਾਲ ਕੱਟਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ । ਇਹ ਵੀ ਜਾਣਕਾਰੀ ਨਹੀ ਕਿ ਅਜਿਹੇ ਹੁਕਮ ਜੰਗਲਾਤ ਮਹਿਕਮੇ ਵੱਲੋ ਹੋਏ ਹਨ ਜਾਂ ਨਹਿਰੀ ਵਿਭਾਗ ਵੱਲੋਂ ? ਅਜਿਹੇ ਅਮਲਾਂ ਨਾਲ ਤਾਂ ਪੰਜਾਬ ਸੂਬੇ ਦੀ ਆਬੋ-ਹਵਾ ਅਤੇ ਵਾਤਾਵਰਣ ਜੋ ਪਹਿਲੋ ਹੀ ਵੱਡੀ ਮਾਤਰਾ ਵਿਚ ਗੰਧਲਾ ਹੋ ਚੁੱਕਿਆ ਹੈ, ਉਸਨੂੰ ਹੋਰ ਗੰਧਲਾ ਕਰਨ ਵਾਲੀ ਅਤੇ ਗਲੋਬਲ ਵਾਰਮਿੰਗ ਨੂੰ ਵਧਾਉਣ ਵਾਲੇ ਮਨੁੱਖਤਾ ਵਿਰੋਧੀ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਦਰੱਖਤਾਂ ਨੂੰ ਕੱਟਣ ਦੇ ਕੀਤੇ ਗਏ ਹੁਕਮਾਂ ਦੀ ਤੁਰੰਤ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਦੋਸ਼ੀ ਅਧਿਕਾਰੀਆਂ ਵਿਰੁੱਧ ਵਾਤਾਵਰਣ ਵਿਭਾਗ ਅਤੇ ਨਹਿਰੀ ਵਿਭਾਗ ਵੱਲੋਂ ਸਖ਼ਤ ਕਾਰਵਾਈ ਹੋਣੀ ਬਣਦੀ ਹੈ । ਤਾਂ ਕਿ ਕੋਈ ਵੀ ਉੱਚ ਅਧਿਕਾਰੀ ਜਾਂ ਵਿਭਾਗ ਆਪਣੇ ਮਾਲੀ ਨਿੱਜੀ ਫਾਇਦਿਆ ਲਈ ਪੰਜਾਬ ਦੇ ਵਾਤਾਵਰਣ ਅਤੇ ਸੰਸਾਰ ਦੀ ਗਲੋਬਲ ਵਾਰਮਿੰਗ ਪ੍ਰਭਾਵਿਤ ਨਾ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਰੀਦਕੋਟ ਤੋਂ ਰਾਜਸਥਾਂਨ ਨੂੰ ਜਾਣ ਵਾਲੀ ਨਹਿਰ ਅਤੇ ਹੋਰ ਜਿ਼ਲ੍ਹਿਆਂ ਵਿਚੋਂ ਨਿਕਲਣ ਵਾਲੀਆ ਨਹਿਰਾਂ ਦੇ ਕੰਡਿਆ ਉਤੇ ਜੋ ਜੰਗਲਾਤ ਵਿਭਾਗ ਜਾਂ ਨਹਿਰੀ ਵਿਭਾਗ ਵੱਲੋਂ ਵੱਡੀ ਗਿਣਤੀ ਵਿਚ ਦਰੱਖਤ ਲਗਾਏ ਹੋਏ ਹਨ, ਉਨ੍ਹਾਂ ਨੂੰ ਬਿਲਕੁਲ ਵੀ ਕੱਟਿਆ ਨਾ ਜਾ ਸਕੇ ਅਤੇ ਇਥੋ ਦਾ ਵਾਤਾਵਰਣ ਸੁੱਧ ਅਤੇ ਮਨੁੱਖਤਾ ਪੱਖੀ ਬਣਿਆ ਰਹਿ ਸਕੇ, ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆਂ ਦੀ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਤਾਂ ਇਕ ਯੋਜਨਾ ਰਾਹੀ ਹਰ ਖੇਤਰ ਵਿਚ ਵੱਧ ਤੋ ਵੱਧ ਦਰੱਖਤ ਲਗਾਕੇ ਇਥੋ ਦੇ ਵਾਤਾਵਰਣ ਨੂੰ ਸਹੀ ਰੱਖਣ ਲਈ ਖੁਦ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ, ਤਾਂ ਕਿ ਇਥੋ ਦੇ ਨਿਵਾਸੀਆ ਨੂੰ ਕੁਦਰਤ ਵੱਲੋ ਪੈਦਾ ਹੋਣ ਵਾਲੀ ਆਕਸੀਜਨ ਦੀ ਮਾਤਰਾ ਵੀ ਮਿਲਦੀ ਰਹੇ । ਲੇਕਿਨ ਇਨ੍ਹਾਂ ਦਰੱਖਤਾਂ ਦੀ ਕਟਾਈ ਕਰਨ ਦੇ ਹੁਕਮ ਕਰਨ ਵਾਲੇ ਅਧਿਕਾਰੀ ਸਰਕਾਰ ਦੀਆਂ ਯੋਜਨਾਵਾਂ ਵਿਰੁੱਧ ਜਾ ਕੇ ਜੋ ਕਾਰਵਾਈ ਕਰ ਰਹੇ ਹਨ, ਉਹ ਮਨੁੱਖਤਾ ਵਿਰੋਧੀ ਅਤੇ ਇਥੋ ਦੇ ਵਾਤਾਵਰਣ ਨੂੰ ਗੰਧਲਾ ਕਰਨ ਦੀ ਸਾਜਿਸ ਹੋ ਸਕਦੀ ਹੈ । ਦੂਸਰਾ ਇਨ੍ਹਾਂ ਦਰੱਖਤਾਂ ਦੇ ਵੱਡੀ ਗਿਣਤੀ ਵਿਚ ਵੱਧਣ, ਫੁੱਲਣ ਨਾਲ ਸਾਡੇ ਇਥੇ ਸਦਾਬਹਾਰ ਰਹਿਣ ਵਾਲੇ ਅਤੇ ਪ੍ਰਵਾਸੀ ਪੰਛੀਆਂ ਦੇ ਆਲ੍ਹਣੇ ਅਤੇ ਖੁੱਡਾ ਵਿਚ ਕੇਵਲ ਘਰ ਹੀ ਨਹੀ ਬਣਾਏ ਜਾਂਦੇ ਬਲਕਿ ਇਹ ਪੰਛੀ ਜੋ ਸਾਡੇ ਕਿਸਾਨਾਂ-ਜਿ਼ੰਮੀਦਾਰ ਵੀਰਾਂ ਦੇ ਮਿੱਤਰ ਪੰਛੀ ਹਨ, ਉਨ੍ਹਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ, ਮਕੌੜਿਆ ਨੂੰ ਆਪਣੀ ਖੁਰਾਕ ਰਾਹੀ ਖਾਂ ਕੇ ਆਪਣਾ ਜੀਵਨ ਨਿਰਵਾਹ ਵੀ ਕਰਦੇ ਹਨ ਅਤੇ ਕਿਸਾਨ-ਜਿ਼ੰਮੀਦਾਰ ਲਈ ਵੱਡੇ ਦੋਸਤ ਸਾਬਤ ਹੋ ਰਹੇ ਹਨ । ਦਰੱਖਤਾਂ ਨੂੰ ਕੱਟਣ ਨਾਲ ਇਸ ਦਿਸ਼ਾ ਵੱਲ ਵੀ ਵੱਡਾ ਫ਼ਸਲੀ ਅਤੇ ਮਾਲੀ ਨੁਕਸਾਨ ਹੋਣ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੈਂਟਰ ਅਤੇ ਸੂਬੇ ਪੱਧਰ ਤੇ ਇਹ ਸੰਜ਼ੀਦਗੀ ਭਰੀ ਮੰਗ ਕਰਦਾ ਹੈ ਕਿ ਜਿਸ ਅਫ਼ਸਰਸਾਹੀ ਨੇ ਇਹ ਵਾਤਾਵਰਣ ਵਿਰੋਧੀ ਅਤੇ ਗਲੋਬਲ ਵਾਰਮਿੰਗ ਨੂੰ ਵਧਾਉਣ ਵਾਲੀ ਗੈਰ ਕਾਨੂੰਨੀ ਗੁਸਤਾਖੀ ਕੀਤੀ ਹੈ, ਉਨ੍ਹਾਂ ਵਿਰੁੱਧ ਵਾਤਾਵਰਣ ਵਿਭਾਗ ਅਤੇ ਨਹਿਰੀ ਵਿਭਾਗ ਦੇ ਨਿਯਮਾਂ, ਅਸੂਲਾਂ ਅਨੁਸਾਰ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਅਧਿਕਾਰੀ ਸਰਕਾਰੀ ਯੋਜਨਾਵਾ ਅਤੇ ਮਨੁੱਖਤਾ ਪੱਖੀ ਉਦਮਾਂ ਦਾ ਵੱਡਾ ਨੁਕਸਾਨ ਕਰਨ ਦੀ ਗੱਲ ਨਾ ਕਰ ਸਕੇ ਅਤੇ ਇਥੋ ਦਾ ਵਾਤਾਵਰਣ ਸੁੱਧ ਬਣਿਆ ਰਹਿ ਸਕੇ ।