ਮਾਘੀ ਦਿਹਾੜੇ ਉਤੇ ਹੋਈਆ ਕਾਨਫਰੰਸਾਂ ਦਾ ਲੇਖਾ-ਜੋਖਾ ਕੌਮ ਨੂੰ ਨਿਸ਼ਾਨੇ ਤੋਂ ਥਿੜਕਾਉਣ ਵਾਲੇ ਅਮਲ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 17 ਜਨਵਰੀ ( ) “ਜੇਕਰ ਮਾਘੀ ਦੇ ਦਿਹਾੜੇ ਉਤੇ ਵੱਖ-ਵੱਖ ਸਿਆਸੀ ਗਰੁੱਪਾਂ ਵਿਚ ਹੋਈਆ 3 ਕਾਨਫਰੰਸਾਂ ਦੀਆਂ ਤਕਰੀਰਾਂ ਤੇ ਅਮਲਾਂ ਦੀ ਸਮਿਖਿਆ ਕੀਤੀ ਜਾਵੇ ਤਾਂ ਇਕ ਗੱਲ ਨਿਖਰਕੇ ਸਾਹਮਣੇ ਆ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਾਨਫਰੰਸ ਵਿਚ ਮਿੱਥੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਮੰਜਿਲ ਵੱਲ ਅਡੋਲ ਵੱਧਣ ਦੀ ਗੱਲ ਉਭਰਕੇ ਨਿਕਲੀ ਹੈ । ਸ. ਸੁਖਬੀਰ ਸਿੰਘ ਬਾਦਲ ਵਾਲੇ ਬਾਦਲ ਅਕਾਲੀ ਦਲ ਦੀ ਕਾਨਫਰੰਸ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਮਿਥੇ ਕੌਮੀ ਨਿਸ਼ਾਨੇ ਖਾਲਿਸਤਾਨ ਵਿਰੋਧੀ ਆਵਾਜ ਉੱਠਣ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋ 2 ਦਸੰਬਰ ਨੂੰ ਹੋਏ ਹੁਕਮਨਾਮਿਆ ਦਾ ਉਲੰਘਣ ਕਰਕੇ ਗੈਰ ਪ੍ਰਵਾਨਿਤ ਢੰਗਾਂ ਰਾਹੀ ਆਪਣੇ ਦਲ ਦੀ ਭਰਤੀ ਦੀ ਸੁਰੂਆਤ ਕਰਨੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਬੀਤੇ ਸਮੇ ਵਿਚ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ‘ਫਖਰ ਏ ਕੌਮ’ ਐਵਾਰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਵਾਪਸ ਲੈਣ ਦੇ ਹੋਏ ਹੁਕਮਾਂ ਤੇ ਮੁੜ ਵਿਚਾਰ ਕਰਨ ਦੀ ਆਵਾਜ ਉਠਾਕੇ ਇਸ ਬਾਦਲ ਦਲ ਨੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕੇਵਲ ਤੇ ਕੇਵਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਚਾਹੀਦੀ ਹੈ । ਧਰਮੀ ਹੁਕਮਾਂ ਤੇ ਮਰਿਯਾਦਾਵਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀ । ਕਹਿਣ ਤੋ ਭਾਵ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਇਹ ਲੋਕ ਪੂਰਨ ਰੂਪ ਵਿਚ ਪਿੱਠ ਦੇ ਚੁੱਕੇ ਹਨ । ਜਿਸਦੀ ਬਦੌਲਤ ਸਿੱਖ ਕੌਮ ਤੇ ਪੰਜਾਬੀਆਂ ਨੇ ਇਨ੍ਹਾਂ ਨੂੰ 3 ਵਾਰੀ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਕੌਮ ਦੀ ਧਾਰਮਿਕ ਜਾਂ ਸਿਆਸੀ ਅਗਵਾਈ ਕਰਨ ਦੇ ਅਮਲ ਪੂਰਨ ਰੂਪ ਵਿਚ ਖਤਮ ਕਰ ਦਿੱਤੇ ਹਨ । ਜਿਥੋ ਤੱਕ ਤੀਸਰੀ ਕਾਨਫਰੰਸ ਜੋ ਸ. ਅੰਮ੍ਰਿਤਪਾਲ ਸਿੰਘ ਦੀ ਨਵੀ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋ ਕੀਤੀ ਗਈ ਕਾਨਫਰੰਸ ਦੀ ਗੱਲ ਹੈ, ਉਨ੍ਹਾਂ ਨੇ ਇੰਡੀਅਨ ਵਿਧਾਨ ਜਿਸਨੇ ਖਾਲਸਾ ਪੰਥ ਤੇ ਪੰਜਾਬੀਆਂ ਨੂੰ ਹੁਣ ਤੱਕ ਕਿਸੇ ਵੀ ਖੇਤਰ ਵਿਚ ਇਨਸਾਫ ਨਹੀ ਦਿੱਤਾ । ਬਲਕਿ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਦੀ ਲੜੀ ਵਿਚ ਵਾਧਾ ਹੀ ਕੀਤਾ ਹੈ, ਉਸ ਅਨੁਸਾਰ ਆਨੰਦਪੁਰ ਦੇ ਮਤੇ ਦੀ ਗੱਲ ਕਰਕੇ ਹੁਕਮਰਾਨਾਂ ਦੀਆਂ ਸੀਮਾਵਾਂ ਅਨੁਸਾਰ ਸਿਆਸੀ ਤੌਰ ਤੇ ਵਿਚਰਣ ਦੀ ਗੱਲ ਕੀਤੀ ਹੈ । ਇਨ੍ਹਾਂ ਦੋਵਾਂ ਕਾਨਫਰੰਸਾਂ ਵਿਚ ਪੰਜਾਬ ਦੇ ਕੀਮਤੀ ਪਾਣੀਆਂ, ਬਿਜਲੀ ਪੈਦਾ ਕਰਨ ਵਾਲੇ ਲੁੱਟੇ ਗਏ ਹੈੱਡਵਰਕਸ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਤੋ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ ਅਤੇ ਪੰਜਾਬੀਆਂ ਤੇ ਸਿੱਖਾਂ ਨਾਲ ਹੋਏ ਜ਼ਬਰ ਜੁਲਮ ਦੀ ਗੱਲ ਨਾ ਕਰਕੇ ਕੌਮੀ ਨਿਸ਼ਾਨੇ ਪ੍ਰਤੀ ਭੰਬਲਭੂਸਾ ਹੀ ਪਾਉਣ ਦੀ ਗੱਲ ਕੀਤੀ ਗਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਘੀ ਦੇ ਦਿਹਾੜੇ ਉਤੇ ਆਪਣੀ ਪਾਰਟੀ ਸਮੇਤ ਦੋਵਾਂ ਹੋਰ ਗਰੁੱਪਾਂ ਵੱਲੋ ਹੋਈਆ ਗੱਲਾਂ ਦੀ ਖਾਲਸਾ ਪੰਥ ਨੂੰ ਅੰਤਰੀਵ ਡੁੰਘਾਈ ਨਾਲ ਸਮੀਖਿਆ ਕਰਨ ਅਤੇ ਫਿਰ ਆਪਣੀ ਆਤਮਾ ਦੀ ਆਵਾਜ ਨੂੰ ਸੁਣਕੇ ਹੁਕਮਰਾਨਾਂ ਵਿਰੁੱਧ ਅਡੋਲਤਾ ਤੇ ਨਿਡਰਤਾ ਨਾਲ ਜੂਝਣ, ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਹੱਕ ਹਕੂਕਾ ਦੀ ਦ੍ਰਿੜਤਾ ਨਾਲ ਗੱਲ ਕਰਨ ਦੇ ਮੁੱਦਿਆ ਉਤੇ ਨਤੀਜਾ ਕੱਢਦੇ ਹੋਏ ਖਾਲਸਾ ਪੰਥ ਨੂੰ ਆਪਣਾ ਫੈਸਲਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅੱਜ ਖਾਲਸਾ ਪੰਥ ਲਈ ਅਤਿ ਸੰਜ਼ੀਦਾ ਅਤੇ ਧਿਆਨ ਮੰਗਣ ਵਾਲਾ ਮੁੱਦਾ ਹੈ ਕਿ ਹਿੰਦੂਤਵ ਹੁਕਮਰਾਨ ਜਿਨ੍ਹਾਂ ਵਿਚ ਸ੍ਰੀ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਡ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜਿਨ੍ਹਾਂ ਨੇ ਥੋੜੇ ਸਮੇ ਵਿਚ ਹੀ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ, ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਵਾਲੇ ਮਨੁੱਖਤਾ ਵਿਰੋਧੀ ਕਾਰਵਾਈਆ ਕੀਤੀਆ ਗਈਆ ਹਨ । ਜਿਨ੍ਹਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਰੰਤਰ ਕੌਮਾਂਤਰੀ ਪੱਧਰ ਤੇ ਆਵਾਜ ਹੀ ਨਹੀ ਉਠਾਉਦਾ ਆ ਰਿਹਾ, ਬਲਕਿ ਇਨ੍ਹਾਂ ਸਿੱਖ ਕੌਮ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ, ਕੌਮਾਂਤਰੀ ਅਦਾਲਤਾਂ ਵਿਚ ਸਜ਼ਾਵਾਂ ਦੇਣ ਦੀ ਗੱਲ ਵੀ ਕਰਦਾ ਆ ਰਿਹਾ ਹੈ, ਉਸ ਗੰਭੀਰ ਵਿਸੇ ਉਤੇ ਉਪਰੋਕਤ ਦੋਵੇ ਕਾਨਫਰੰਸਾਂ ਵਿਚ ਕੋਈ ਗੱਲ ਨਾ ਕਰਨਾ, ਕੌਮੀ ਮੰਜਿਲ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਕਿਸੇ ਤਰ੍ਹਾਂ ਦੀ ਸੰਜ਼ੀਦਗੀ ਨਾ ਹੋਣਾ ਅਤੇ ਬਾਦਲ ਦਲ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆ ਤੇ ਮਰਿਯਾਦਾਵਾ ਦਾ ਸ਼ਕਤੀ ਵਿਖਾਵਿਆ ਰਾਹੀ ਵਿਰੋਧ ਕਰਕੇ ਇਸ ਮਹਾਨ ਸੰਸਥਾਂ ਅਤੇ ਮੀਰੀ ਪੀਰੀ ਦੇ ਸਿਧਾਂਤ ਦੀ ਤੋਹੀਨ ਕਰਨ ਦੀਆਂ ਕਾਰਵਾਈਆ ਸਮੁੱਚੀ ਕੌਮ ਲਈ ਅਸਹਿ ਹਨ ।
ਇਸ ਲਈ ਪੰਜਾਬ ਸੂਬੇ ਵਿਚ ਵਿਚਰਣ ਵਾਲੇ ਸੁਹਿਰਦ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਸ ਸਮੇ ਆਪੋ ਆਪਣੀ ਸਮਾਜਿਕ ਅਤੇ ਪੰਥਕ ਜਿੰਮੇਵਾਰੀ ਸੰਜ਼ੀਦਗੀ ਨਾਲ ਨਿਭਾਉਦੇ ਹੋਏ ਇਸ ਗੱਲ ਦਾ ਨਿਰਣਾ ਕਰਨਾ ਪਵੇਗਾ ਕਿ ਉਪਰੋਕਤ ਹੋਈਆ ਤਿੰਨੇ ਕਾਨਫਰੰਸਾਂ ਵਿਚ ਕਿਹੜੀ ਕਾਨਫਰੰਸ ਵਿਚ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਕਰਨ ਦਾ ਤਹੱਈਆ ਕੀਤਾ ਗਿਆ ਹੈ, ਕਿਸ ਕਾਨਫਰੰਸ ਵਿਚ ਮੀਰੀ ਪੀਰੀ ਦੇ ਮਹਾਨ ਸਿਧਾਂਤ ਉਤੇ ਪਹਿਰਾ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਯਾਦਾਵਾ ਅਤੇ ਫਲਸਫੇ ਨੂੰ ਕਾਇਮ ਰੱਖਣ ਲਈ ਵਿਚਾਰਾਂ ਹੋਈਆ ਅਤੇ ਕਿਹੜੀ ਕਾਨਫਰੰਸ ਵਿਚ ਸਾਮਿਲ ਆਗੂ ਨੰਗੇਧੜ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੋ ਰਹੀਆ ਬੇਇਨਸਾਫ਼ੀਆਂ ਦੇ ਵਿਰੁੱਧ ਬਾਦਲੀਲ ਢੰਗ ਨਾਲ ਲੰਮੇ ਸਮੇ ਤੋ ਜੂਝਦੇ ਆ ਰਹੇ ਹਨ । ਅਨੇਕਾ ਹਕੂਮਤੀ ਕਸਟਾਂ-ਮੁਸਕਿਲਾਂ, ਗੈਰ ਵਿਧਾਨਿਕ ਕਾਰਵਾਈਆ ਦੇ ਬਾਵਜੂਦ ਵੀ ਅਡੋਲ ਆਪਣੇ ਕੌਮੀ ਨਿਸ਼ਾਨੇ ਲਈ ਸੁਹਿਰਦ ਹਨ ਅਤੇ ਬੀਤੇ ਸਮੇ ਵਿਚ ਇਨ੍ਹਾਂ ਮਕਸਦਾਂ ਦੀ ਪ੍ਰਾਪਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਨੂੰ ਸਮਰਪਿਤ ਹੋ ਕੇ ਉਥੇ ਮਿੱਥੇ ਗਏ ਕੌਮੀ ਨਿਸ਼ਾਨੇ ਮੰਜਿਲ ਲਈ ਨਿਰੰਤਰ ਲੜਦੇ ਆ ਰਹੇ ਹਨ ਅਤੇ ਹਕੂਮਤ ਜਮਾਤਾਂ ਦੇ ਕਿਸੇ ਤਰ੍ਹਾਂ ਦੇ ਵੀ ਜ਼ਬਰ ਅੱਗੇ ਅੱਜ ਤੱਕ ਈਨ ਨਹੀ ਮੰਨੀ ਅਤੇ ਅੱਗੋ ਲਈ ਵੀ ਇਸ ਕੌਮੀ ਜੰਗ ਨੂੰ ਦ੍ਰਿੜਤਾ ਪੂਰਵਕ ਚਲਾਉਣ ਦੀ ਸਮਰੱਥਾਂ ਰੱਖਦੇ ਹਨ । ਫਿਰ ਹੀ ਸਿੱਖ ਕੌਮ ਆਪਣੀ ਆਤਮਾ ਤੋ ਫੈਸਲਾ ਕਰਕੇ ਕੌਮੀ ਮੰਜਿਲ ਵੱਲ ਵੀ ਵੱਧਣਗੇ ਅਤੇ ਦੁਸਮਣ ਤਾਕਤਾਂ ਲਈ ਆਉਣ ਵਾਲੇ ਸਮੇ ਵਿਚ ਵੱਡੀ ਚੁਣੋਤੀ ਬਣਕੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਆਪਣੀਆ ਧਾਰਮਿਕ ਤੇ ਸਿਆਸੀ ਸਰਗਰਮੀਆ ਕਰਨਗੇ ।