ਸਿੱਖ ਕੌਮ ਦੀ ਰੋਜਾਨਾ ‘ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ’ ਦੀ ਹੋਣ ਵਾਲੀ ਅਰਦਾਸ ਦੀ ਪੂਰਤੀ ਲਈ ਗਿਆਨੀ ਹਰਪ੍ਰੀਤ ਸਿੰਘ ਵਿਸੇ਼ਸ਼ ਉੱਦਮ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 10 ਜੂਨ ( ) “ਸਿੱਖ ਕੌਮ ਬਹੁਤ ਲੰਮੇ ਸਮੇ ਤੋ ਆਪਣੀ ਦੋਵੇ ਸਮੇ ਦੀ ਰੋਜਾਨਾ ਹੋਣ ਵਾਲੀ ਅਰਦਾਸ ਵਿਚ ਵਿਛੜੇ ‘ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ’ ਦੀ ਗੱਲ ਕਰਦੇ ਆ ਰਹੇ ਹਨ । ਜੋ ਕਿ ਅਜੇ ਤੱਕ ਪੂਰੀ ਨਹੀ ਹੋਈ । ਦੂਸਰਾ ਇਸ ਅਰਦਾਸ ਦੀ ਪੂਰਤੀ ਲਈ ਖ਼ਾਲਸਾ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਹ ਵੀ ਸੋਚਣਾ ਪਵੇਗਾ ਕਿ ਇੰਡੀਅਨ ਸਟੇਟ ਦੇ ਉਹ ਕਾਨੂੰਨ, ਨਿਯਮ ਜੋ ਸਾਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਉਤੇ ਰੋਕ ਲਗਾਉਦੇ ਹਨ ਅਤੇ ਸਾਨੂੰ ਮੰਦਭਾਵਨਾ ਅਧੀਨ ਅਹਿਮ ਦਿਹਾੜਿਆ ਜਾਂ ਆਮ ਤੌਰ ਤੇ ਵੀਜੇ ਪ੍ਰਦਾਨ ਨਹੀ ਕੀਤੇ ਜਾਂਦੇ ਕਿ ਉਹ ਕਾਨੂੰਨ ਤੇ ਨਿਯਮ ਵੱਡੇ ਹਨ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰੱਬੀ ਹੁਕਮ ? ਇਸ ਗੱਲ ਦਾ ਫੈਸਲਾ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਖ਼ਾਲਸਾ ਪੰਥ ਵਿਚ ਵਿਚਰ ਰਹੇ ਸੂਝਵਾਨ, ਦੂਰ ਅੰਦੇਸ਼ੀ ਰੱਖਣ ਵਾਲੇ ਵਿਦਵਾਨਾਂ, ਬੁੱਧੀਜੀਵੀਆਂ, ਪ੍ਰੋਫੈਸਰ, ਡਾਕਟਰ, ਵਕੀਲ ਅਤੇ ਪੰਥਦਰਦੀਆਂ ਦੀ ਫੌਰੀ ਇਕ ਅਹਿਮ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਉਣ ਜਿਥੇ ਸਰਬਸੰਮਤੀ ਨਾਲ ਖ਼ਾਲਸਾ ਪੰਥ ਵੱਲੋ ਦੋਵੇ ਸਮੇ ਖੁੱਲ੍ਹੇ ਦਰਸ਼ਨ ਦੀਦਾਰਾ ਦੀ ਕੀਤੀ ਜਾਣ ਵਾਲੀ ਅਰਦਾਸ ਦੀ ਪੂਰਤੀ ਖ਼ਾਲਸਾ ਪੰਥ ਕਿਵੇ ਕਰੇ ਉਸਦਾ ਹੱਲ ਲੱਭਿਆ ਜਾਵੇ । ਇਸਦੇ ਨਾਲ ਹੀ ਇਸ ਗੱਲ ਦਾ ਵੀ ਫੈਸਲਾ ਕੀਤਾ ਜਾਵੇ ਕਿ ਇੰਡੀਅਨ ਕਾਲੇ ਕਾਨੂੰਨਾਂ ਤੇ ਨਿਯਮਾਂ ਨੂੰ ਖ਼ਾਲਸਾ ਪੰਥ ਪ੍ਰਵਾਨ ਕਰੇਗਾ ਜਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੱਬੀ ਹੁਕਮਾਂ ਤੇ ਅਗਵਾਈ ਨੂੰ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਬੀਤੇ ਕੁਝ ਦਿਨ ਪਹਿਲੇ ਗਿਆਨੀ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਤਿ ਸਤਿਕਾਰ ਸਹਿਤ ਅਤੇ ਸੰਜੀਦਗੀ ਭਰੇ ਲਿਖੇ ਗਏ ਇਕ ਪੱਤਰ ਵਿਚ ਉਨ੍ਹਾਂ ਨਾਲ ਸਾਂਝੇ ਕਰਦੇ ਹੋਏ ਉਪਰੋਕਤ ਦਰਜ ਦੋਵੇ ਕੌਮੀ ਗੰਭੀਰ ਮਸਲਿਆ ਦਾ ਹੱਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਗਏ । ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਵੀ ਕੋਈ ਦੋ ਰਾਵਾਂ ਨਹੀ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਸਾਨੂੰ ਮੀਰੀ-ਪੀਰੀ ਦੇ ਫਲਸਫੇ ਰਾਹੀ ਸਾਡੀ ਦੋਵਾਂ ਧਾਰਮਿਕ ਅਤੇ ਸਿਆਸੀ ਤੌਰ ਤੇ ਸੁਚੱਜੀ ਅਤੇ ਦ੍ਰਿੜਤਾ ਭਰੀ ਅਗਵਾਈ ਕਰਦੀ ਹੈ । ਫਿਰ ਸਮੁੱਚੀ ਸਿੱਖ ਕੌਮ ਨੂੰ ਜਦੋਂ ਵੀ ਕੌਮ ਵਿਚ ਕੋਈ ਗੰਭੀਰ ਮਸਲਾਂ ਉਤਪੰਨ ਹੋਵੇ, ਜਿਵੇ ਉਪਰੋਕਤ ਸਾਡੀ ਕੌਮ ਵੱਲੋ ਕੀਤੀ ਜਾ ਰਹੀ ਅਰਦਾਸ ਦਾ ਮੁੱਦਾ ਹੈ, ਬੰਦੀ ਸਿੰਘਾਂ ਦੀ ਫੌਰੀ ਰਿਹਾਈ, ਲਾਪਤਾ ਕੀਤੇ ਗਏ 328 ਪਾਵਨ ਸਰੂਪ ਜਾਂ ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ 12 ਸਾਲਾਂ ਤੋ ਕੁੱਚਲੀ ਗਈ ਜਮਹੂਰੀਅਤ ਦਾ ਮੁੱਦਾ ਹੈ ਜਾਂ ਫਿਰ ਇਨ੍ਹਾਂ ਸਭ ਮਸਲਿਆ ਉਤੇ ਸਮੂਹਿਕ ਰੂਪ ਵਿਚ ਸਰਬੱਤ ਖ਼ਾਲਸਾ ਹੋਣ ਅਤੇ ਅਹਿਮ ਫੈਸਲੇ ਲੈਣ ਦੇ ਮੁੱਦੇ ਹਨ, ਉਹ ਸਾਨੂੰ ਸਭਨਾਂ ਨੂੰ ਸਮੁੱਚੀਆਂ ਜਥੇਬੰਦੀਆਂ, ਵਿਦਵਾਨਾਂ, ਬੁੱਧੀਜੀਵੀਆਂ, ਕੌਮੀ ਇਤਿਹਾਸਕਾਰਾਂ ਆਦਿ ਦੇ ਸਹਿਯੋਗ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਮੀਰੀ ਪੀਰੀ ਦੇ ਸਿਧਾਤ ਤੋ ਸੇਧ ਲੈਦੇ ਹੋਏ ਆਪਣੀਆ ਕੌਮੀ ਰਵਾਇਤਾ ਅਨੁਸਾਰ ਹੱਲ ਕਰਨੇ ਅਤੇ ਉਨ੍ਹਾਂ ਰਵਾਇਤਾ ਤੇ ਪਹਿਰਾ ਦਿੰਦੇ ਹੋਏ ਅਜਿਹੇ ਮਸਲਿਆ ਨੂੰ ਸਥਾਈ ਤੌਰ ਤੇ ਖਤਮ ਕਰਨ ਦਾ ਪਰਮ-ਧਰਮ ਫਰਜ ਬਣ ਜਾਂਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਲਦੀ ਹੀ ਇਸ ਗੰਭੀਰ ਵਿਸੇ ਉਤੇ ਅਗਲੇਰਾ ਪ੍ਰੋਗਰਾਮ ਉਲੀਕ ਕੇ ਸਾਨੂੰ ਤੇ ਹੋਰ ਸਾਰਿਆ ਨੂੰ ਸੂਚਿਤ ਕਰਨ ਦੀ ਜਿੰਮੇਵਾਰੀ ਨਿਭਾਉਣਗੇ ਅਤੇ ਇਨ੍ਹਾਂ ਅਹਿਮ ਕੌਮੀ ਫੈਸਲਿਆ ਦਾ ਸਹੀ ਦਿਸ਼ਾ ਵੱਲ ਹੱਲ ਕੱਢਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਤ ਨੂੰ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਪਾਉਣਗੇ ।

Leave a Reply

Your email address will not be published. Required fields are marked *