ਹੁਕਮਰਾਨਾਂ ਵੱਲੋਂ ਆਪਣੇ ਹੀ ਮੁਲਕ ਦੇ ਨਾਗਰਿਕਾਂ ਉਤੇ ਫ਼ੌਜ ਅਤੇ ਏਅਰ ਫੋਰਸ ਦੀ ਤੀਜੀ ਵਾਰ ਦੁਰਵਰਤੋਂ ਕੀਤੀ ਗਈ, ਕਾਨੂੰਨ ਨੇ ਅਮਲ ਕਿਉਂ ਨਾ ਕੀਤਾ ? : ਮਾਨ

ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਕਿਸੇ ਵੀ ਮੁਲਕ ਦੀ ਫ਼ੌਜ, ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜ ਕੇਵਲ ਕਿਸੇ ਬਾਹਰੀ ਹਮਲੇ ਦਾ ਜੁਆਬ ਦੇਣ ਲਈ ਜਾਂ ਸਰਹੱਦਾਂ ਉਤੇ ਰੱਖਿਆ ਕਰਨ ਲਈ ਹੁੰਦੀ ਹੈ । ਫ਼ੌਜ ਵੱਲੋ ਕਦੀ ਵੀ ਆਪਣੇ ਹੀ ਮੁਲਕ ਦੇ ਨਾਗਰਿਕਾਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਜਾਂ ਉਨ੍ਹਾਂ ਉਤੇ ਤਸੱਦਦ-ਜੁਲਮ ਕਰਨ ਜਾਂ ਉਨ੍ਹਾਂ ਨੂੰ ਸਰੀਰਕ ਤੌਰ ਤੇ ਮਾਰ-ਮੁਕਾਉਣ ਲਈ ਨਹੀ ਹੁੰਦੀ । ਪਰ ਬਹੁਤ ਹੀ ਸ਼ਰਮਨਾਕ ਅਤੇ ਅਫਸੋਸ ਵਾਲੀਆ ਹਕੂਮਤੀ ਕਾਰਵਾਈਆ ਹਨ ਕਿ ਅੱਜ ਤੱਕ 3 ਵਾਰ ਇੰਡੀਅਨ ਫ਼ੌਜ ਅਤੇ ਏਅਰ ਫੋਰਸ ਨੇ ਆਪਣੇ ਹੀ ਮੁਲਕ ਦੇ ਨਾਗਰਿਕਾਂ ਉਤੇ ਬੰਬਾਰਮੈਂਟ ਕੀਤੀ, ਉਨ੍ਹਾਂ ਦਾ ਕਤਲੇਆਮ ਕੀਤਾ ਅਤੇ ਉਨ੍ਹਾਂ ਨਾਲ ਗੈਰ-ਵਿਧਾਨਿਕ ਤੇ ਗੈਰ ਸਮਾਜਿਕ ਢੰਗ ਨਾਲ ਜ਼ਬਰ ਢਾਹਿਆ ਗਿਆ । ਜਿਸਦੀ ਇੰਡੀਅਨ ਵਿਧਾਨ ਦੇ ਕਾਨੂੰਨ ਅਤੇ ਨਿਯਮ ਬਿਲਕੁਲ ਇਜਾਜਤ ਨਹੀ ਦਿੰਦੇ ਅਤੇ ਇੰਡੀਆ ਦੀ ਬਹੁਗਿਣਤੀ ਨਾਲ ਸੰਬੰਧਤ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ ਤੇ ਆਦਿਵਾਸੀਆ ਨਾਲ ਵੱਡੇ ਜ਼ਬਰ ਅਤੇ ਬੇਇਨਸਾਫੀ ਵਾਲੀਆ ਕਾਰਵਾਈਆ ਹਨ । ਜੋ ਇਥੋ ਦੇ ਅਮਨ ਪਸ਼ੰਦ ਨਿਵਾਸੀਆ ਨੂੰ ਕਤਈ ਬਰਦਾਸਤ ਨਹੀ ਕਰਨੀਆ ਚਾਹੀਦੀਆ । ਜਿਨ੍ਹਾਂ ਹੁਕਮਰਾਨਾਂ ਨੇ ਇਹ ਗੈਰ ਵਿਧਾਨਿਕ ਅਮਲ ਕੀਤੇ ਹਨ, ਉਨ੍ਹਾਂ ਵਿਰੁੱਧ ਦੇਸ਼ ਦਾ ਕਾਨੂੰਨ ਅਤੇ ਅਦਾਲਤਾਂ ਵੱਲੋ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਹੋਣਾ ਹੋਰ ਵੀ ਅਫਸੋਸਨਾਕ ਅਤੇ ਮਨੁੱਖਤਾ ਵਿਰੋਧੀ ਵਰਤਾਰਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 3 ਦਿਨ ਪਹਿਲੇ ਜਲੰਧਰ ਦੇ ਇਲਾਕੇ ਮਹਿਤਪੁਰ ਦੇ ਆਲੇ-ਦੁਆਲੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਮੁੱਖੀ ਵਾਰਿਸ ਪੰਜਾਬ ਦੇ ਅਤੇ ਉਨ੍ਹਾਂ ਦੇ ਸਾਥੀਆਂ, ਜੋ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਅੰਮ੍ਰਿਤ ਸੰਚਾਰ ਕਰਨ ਦੇ ਨਾਲ-ਨਾਲ ਨੌਜਵਾਨੀ ਨੂੰ ਨਸਿਆ ਤੋ ਦੂਰ ਰਹਿਣ ਲਈ ਪ੍ਰਚਾਰ ਕਰਦੇ ਆ ਰਹੇ ਸਨ, ਨੂੰ ਵੈਹਸੀਆਨਾ ਅਤੇ ਸਰਕਾਰੀ ਦਹਿਸਤਗਰਦੀ ਸੋਚ ਅਧੀਨ 100 ਪੁਲਿਸ ਗੱਡੀਆਂ ਦੇ ਨਾਲ ਘੇਰਨ ਅਤੇ ਫਿਰ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਏਅਰਫੋਰਸ ਦੇ ਇਕ ਵਿਸੇਸ ਜਹਾਜ ਰਾਹੀ ਦਿਬਰੂਗੜ੍ਹ (ਅਸਾਮ) ਲੈਕੇ ਜਾਣ ਦੇ ਜ਼ਬਰ ਦੀਆਂ ਹਕੂਮਤੀ ਕਾਰਵਾਈਆ ਅਤੇ ਫ਼ੌਜ ਦੀ ਤੀਸਰੀ ਵਾਰ ਦੁਰਵਰਤੋ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਆਪਣੇ ਹੀ ਨਾਗਰਿਕਾਂ ਉਤੇ ਜ਼ਬਰ ਢਾਹੁਣ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਭ ਤੋ ਪਹਿਲੇ 05 ਮਾਰਚ 1966 ਨੂੰ ਉਸ ਸਮੇ ਦੀ ਵਜ਼ੀਰ-ਏ-ਆਜਮ ਮਰਹੂਮ ਇੰਦਰਾ ਗਾਂਧੀ ਨੇ ਮਿਜੋਰਮ ਨਿਵਾਸੀਆ ਉਤੇ ਏਅਰਫੋਰਸ ਦੇ ਜਹਾਜ ਰਾਹੀ ਅੱਗ ਲਗਾਉਣ ਵਾਲੇ ਬੰਬਾਂ ਦਾ ਹੁਕਮ ਕਰਕੇ ਆਪਣੇ ਹੀ ਨਾਗਰਿਕਾਂ ਦਾ ਕਤਲੇਆਮ ਕੀਤਾ ਸੀ । ਇਸੇ ਤਰ੍ਹਾਂ ਆਦਿਵਾਸੀਆ ਦੇ ਬਸਟਰ ਦੇ ਰਾਜਾ ਪਰਾਵੀਰ ਚੰਦਰਾ ਭਾਨ ਦਿਓ ਜੋ ਕਿ ਆਪਣੇ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆ ਦੇ ਹੱਕ-ਹਕੂਕਾ ਦੀ ਰੱਖਿਆ ਲਈ ਅਤੇ ਉਨ੍ਹਾਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਲਈ ਸੰਘਰਸ਼ ਕਰਦੇ ਸਨ ਅਤੇ ਜਿਨ੍ਹਾਂ ਕੋਲ ਕੇਵਲ ਤੀਰ ਕਮਾਨ, ਕਿਰਪਾਨਾਂ, ਬਰਛੇ, ਪੁਰਾਣੀਆ ਮੈਚਲਾਕ ਬੰਦੂਕਾਂ ਹੀ ਸਨ, ਉਨ੍ਹਾਂ ਉਤੇ ਫ਼ੌਜ ਤੇ ਮਸੀਨਗੰਨਾਂ ਨਾਲ ਹਮਲਾ ਕਰਕੇ ਇੰਦਰਾ ਗਾਂਧੀ ਨੇ 25 ਮਾਰਚ 1966 ਨੂੰ ਮਰਵਾ ਦਿੱਤਾ ਸੀ । ਕੀ ਇੰਦਰਾ ਗਾਂਧੀ ਨੂੰ ਖੂਨੀ ਹੁਕਮਰਾਨ ਕਰਾਰ ਦੇਣਾ ਸਹੀ ਨਹੀ ਹੋਵੇਗਾ ? ਜੋ ਇਸ ਸਮੇਂ ਇੰਡੀਆ ਦੇ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਹਨ ਅਤੇ ਉਸ ਕਬੀਲੇ ਵਿਚੋ ਹਨ ਉਨ੍ਹਾਂ ਨੂੰ ਸਾਡੀ ਅਪੀਲ ਹੈ ਕਿ 1966 ਵਿਚ ਮਿਜੋਰਮ ਅਤੇ ਬਸਟਰ ਦੇ ਜੰਗਲਾਂ ਵਿਚ ਵਾਪਰੇ ਦੁਖਾਂਤ ਦੀ ਨਿਰਪੱਖਤਾ ਨਾਲ ਜਾਂਚ ਕਰਵਾਕੇ ਖੂਨੀ ਮਰਹੂਮ ਇੰਦਰਾ ਗਾਂਧੀ ਦੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਸਾਹਮਣੇ ਲਿਆਉਣ । ਉਸ ਉਪਰੰਤ ਜੂਨ 1984 ਵਿਚ 3 ਮੁਲਕਾਂ ਰੂਸ, ਬਰਤਾਨੀਆ ਅਤੇ ਇੰਡੀਆ ਦੀ ਫ਼ੌਜ ਨੇ ਸਾਂਝੇ ਤੌਰ ਤੇ ਸਿੱਖਾਂ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ, 25 ਹਜਾਰ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਿੱਖ ਸਰਧਾਲੂਆਂ, ਬੱਚਿਆਂ, ਬੀਬੀਆਂ, ਨੌਜ਼ਵਾਨਾਂ ਤੇ ਬਜੁਰਗਾਂ ਨੂੰ ਹੀ ਮੌਤ ਦੇ ਮੂੰਹ ਵਿਚ ਨਹੀ ਧਕੇਲਿਆ ਬਲਕਿ ਸਾਡੇ 36 ਹੋਰ ਗੁਰਧਾਮਾਂ ਨੂੰ ਢਹਿ-ਢੇਰੀ ਵੀ ਕੀਤਾ । ਇਸ ਹਮਲੇ ਵਿਚ ਸਾਡੀ ਸਿੱਖ ਕੌਮ ਦੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੰਘ ਜਿਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਜਿੱਤੀ ਸੀ, ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ । ਇਥੋ ਤੱਕ ਜੋ ਫ਼ੌਜ ਦੇ ਜਰਨੈਲ ਹੁੰਦੇ ਹਨ, ਉਨ੍ਹਾਂ ਦੀ ਸ਼ਹਾਦਤ ਜਾਂ ਅਕਾਲ ਚਲਾਣੇ ਉਤੇ ਫ਼ੌਜ ਵੱਲੋ ਸਲਾਮੀ ਦੇਣ ਦੀ ਰਵਾਇਤ ਹੈ, ਪਰ ਉਨ੍ਹਾਂ ਨਾਲ ਕੀ ਕੀਤਾ, ਕਿਥੇ ਕੀਤਾ, ਕੁਝ ਪਤਾ ਨਹੀ । ਉਪਰੰਤ ਅਕਤੂਬਰ 1984 ਵਿਚ ਦਿੱਲੀ, ਬਕਾਰੋ, ਕਾਨਪੁਰ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਪੁਲਿਸ ਅਤੇ ਫ਼ੌਜ ਨੇ ਸਿੱਖਾਂ ਨੂੰ ਚੁਣ-ਚੁਣਕੇ ਬੇਰਹਿੰਮੀ ਨਾਲ ਕਤਲੇਆਮ ਕੀਤਾ । ਅੱਜ ਉਸੇ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਸੋਚ ਅਧੀਨ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਨੂੰ ਏਅਰਫੋਰਸ ਦੇ ਜਹਾਜ ਰਾਹੀ ਦੂਸਰੇ ਸੂਬਿਆਂ ਵਿਚ ਲਿਜਾਕੇ ਮੌਜੂਦਾ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਨੇ ਫ਼ੌਜ ਅਤੇ ਫ਼ੌਜੀ ਸਾਧਨਾਂ ਦੀ ਦੁਰਵਰਤੋ ਕਰਨ ਦੇ ਅਮਲਾਂ ਨੂੰ ਮੋਹਰ ਲਗਾਕੇ ਸਾਬਤ ਕਰ ਦਿੱਤਾ ਹੈ ਕਿ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਅਤੇ ਉਨ੍ਹਾਂ ਦੇ ਸੱਚ-ਹੱਕ ਦੀ ਆਵਾਜ ਨੂੰ ਦਬਾਉਣ ਲਈ ਇਹ ਅਤਿ ਸ਼ਰਮਨਾਕ ਅਮਲ ਅੱਜ ਵੀ ਜਾਰੀ ਹੈ ।

ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਦੋਂ ਮੈਂ ਰਾਜਸਥਾਂਨ ਦੀ ਭਰਤਪੁਰ ਜੇਲ੍ਹ ਵਿਚ ਹੁਕਮਰਾਨਾਂ ਵੱਲੋਂ ਬੰਦੀ ਬਣਾਇਆ ਹੋਇਆ ਸੀ ਤਾਂ ਮੈਨੂੰ ਏਅਰਫੋਰਸ ਦੇ ਜਹਾਜ ਰਾਹੀ ਦਿੱਲੀ ਲਿਆਂਦਾ ਗਿਆ । ਜੋ ਕਿ ਇਹ ਵੀ ਫ਼ੌਜ ਤੇ ਏਅਰਫੋਰਸ ਦੀ ਹੁਕਮਰਾਨਾਂ ਵੱਲੋ ਦੁਰਵਰਤੋ ਕਰਨ ਦੀ ਪ੍ਰਤੱਖ ਮਿਸਾਲ ਹੈ । ਸ. ਮਾਨ ਨੇ ਅੱਜ ਮੀਡੀਏ ਵਿਚ ਆਈ ਉਸ ਖ਼ਬਰ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਸਨੇ ਕਿਸੇ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਨਹੀ ਕੀਤੀ ਅਤੇ ਨਾ ਹੀ ਕੋਈ ਅਪਰਾਧ ਕੀਤਾ ਹੈ, ਬਲਕਿ ਆਪਣੇ ਪ੍ਰਚਾਰ ਰਾਹੀ ਸਿੱਖਾਂ ਨੂੰ ਅੰਮ੍ਰਿਤ ਛਕਣ ਅਤੇ ਨਸਿਆ ਤੋ ਦੂਰ ਰਹਿਣ ਲਈ ਪ੍ਰੇਰਣ ਦੀ ਜਿੰਮੇਵਾਰੀ ਨਿਭਾਅ ਰਹੇ ਸਨ, ਉਨ੍ਹਾਂ ਉਤੇ ਮੋਦੀ ਹਕੂਮਤ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਉਹ ਖ਼ਤਰਨਾਕ ਕਾਨੂੰਨ ਐਨ.ਐਸ.ਏ. ਲਗਾ ਦਿੱਤਾ ਹੈ, ਜਿਸ ਅਧੀਨ ਹੁਕਮਰਾਨ ਤੇ ਉਨ੍ਹਾਂ ਦੀਆਂ ਏਜੰਸੀਆ ਕਿਸੇ ਨਾਗਰਿਕ ਨੂੰ ਗੁਪਤ ਸਥਾਂਨ ਤੇ ਰੱਖਕੇ ਤਸੱਦਦ ਜੁਲਮ ਕਰ ਸਕਦੀਆ ਹਨ ਅਤੇ ਉਸਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਅਣਮਨੁੱਖੀ ਕਾਰਵਾਈਆ ਕਰ ਸਕਦੀਆ ਹਨ, ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਹੁਕਮਰਾਨਾਂ ਵੱਲੋ ਆਪਣੇ ਕਾਨੂੰਨ ਤੇ ਵਿਧਾਨ ਦੀ ਸਿੱਖਾਂ ਵਿਰੁੱਧ ਦੁਰਵਰਤੋ ਕਰਨ ਦੇ ਮਾਰੂ ਨਤੀਜਿਆ ਸੰਬੰਧੀ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਹੁਕਮਰਾਨ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਨ੍ਹਾਂ ਦੇ ਸਾਥੀਆ ਨੂੰ ਆਪਣੇ ਕਾਲੇ ਕਾਨੂੰਨਾਂ ਅਧੀਨ ਅਣਮਨੁੱਖੀ ਕਾਰਵਾਈਆ ਕਰਨੀਆ ਬੰਦ ਕਰਨ । ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਕੁਝ ਸਮਾਂ ਪਹਿਲੇ ਆਪਣੀ ਸ਼ਾਂਦੀ ਕਰਵਾਈ ਹੈ, ਉਹ ਇਕ ਗੁਰਸਿੱਖ ਪਰਿਵਾਰ ਦੀ, ਗੁਰਸਿੱਖ ਲੜਕੀ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਕਰਵਾਈ ਹੈ । ਇਸ ਸੰਬੰਧੀ ਹੁਕਮਰਾਨਾਂ ਵੱਲੋ ਉਨ੍ਹਾਂ ਦੀ ਧਰਮਪਤਨੀ ਦੀ ਜਾਂਚ ਕਰਨ ਦੀ ਗੱਲ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਹੁਕਮਰਾਨ ਆਪਣੀ ਹਿੰਦੂਤਵ ਮੁਤੱਸਵੀ ਸੋਚ ਅਧੀਨ ਕੇਵਲ ਸਿੱਖਾਂ ਉਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਉਤੇ ਜ਼ਬਰ-ਜੁਲਮ ਢਾਹੁਣ ਦੇ ਹੀ ਅਮਲ ਨਹੀ ਕਰਦੇ ਬਲਕਿ ਜਿਨ੍ਹਾਂ ਸਿੱਖਾਂ ਨੇ ਬੀਤੇ ਸਮੇ ਵਿਚ ਇਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਮੁਗਲਾਂ ਦੇ ਕਬਜਿਆ ਵਿਚੋ ਜਾਨ ਤੇ ਖੇਡਕੇ ਛੁਡਵਾਕੇ ਘਰੋ-ਘਰੀ ਬਾਇੱਜਤ ਪਹੁੰਚਾਉਦੇ ਰਹੇ ਹਨ ਉਨ੍ਹਾਂ ਸਿੱਖਾਂ ਦੀਆਂ ਧੀਆਂ-ਭੈਣਾਂ ਪ੍ਰਤੀ ਇਹ ਹੁਕਮਰਾਨ ਕਿੰਨੀ ਨੀਚੇ ਤੱਕ ਜਾ ਸਕਦੇ ਹਨ, ਉਹ ਇਨ੍ਹਾਂ ਨੇ ਖੁਦ ਹੀ ਜਾਹਰ ਕਰ ਦਿੱਤਾ ਹੈ । ਜਦੋ ਕੋਈ ਹੁਕਮਰਾਨ ਆਪਣੇ ਇਖਲਾਕ ਤੋ ਗਿਰਕੇ ਆਪਣੇ ਹੀ ਮੁਲਕ ਦੇ ਨਿਵਾਸੀਆ ਜਾਂ ਘੱਟ ਗਿਣਤੀ ਕੌਮ ਨਾਲ ਸ਼ਰਮਨਾਕ ਢੰਗਾਂ ਦਾ ਅਮਲ ਕਰਨ ਲੱਗ ਜਾਵੇ, ਤਾਂ ਅਜਿਹੇ ਗੁਲਾਮੀਅਤ ਵਾਲੇ ਰਾਜ ਪ੍ਰਬੰਧ ਦੇ ਜੂਲੇ ਵਿਚੋ ਕਿਵੇ ਨਿਕਲਣਾ ਹੈ, ਇਹ ਸਿੱਖ ਕੌਮ ਨੂੰ ਆਪਣੇ ਬੀਤੇ ਫਖ਼ਰ ਵਾਲੇ ਇਤਿਹਾਸ ਨੇ ਬਹੁਤ ਅੱਛੀ ਤਰ੍ਹਾਂ ਅਗਵਾਈ ਦਿੱਤੀ ਹੈ ਇਸ ਲਈ ਇਹ ਸਮਾਂ ਆ ਚੁੱਕਾ ਹੈ ਕਿ ਸਿੱਖ ਕੌਮ ਅਤੇ ਸਿੱਖ ਲੀਡਰਸਿ਼ਪ ਆਪਣੇ ਛੋਟੇ-ਮੋਟੇ ਸਭ ਵਿਚਾਰਿਕ ਵਖਰੇਵਿਆ ਨੂੰ ਪਾਸੇ ਰੱਖਕੇ, ਜਮਹੂਰੀਅਤ ਤੇ ਅਮਨਮਈ ਢੰਗਾਂ ਦੀ ਵਰਤੋ ਕਰਕੇ ਆਪਣੀ ਆਜਾਦੀ ਦੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧੇ ਅਤੇ ਕੌਮਾਂਤਰੀ ਪੱਧਰ ਤੇ ਸਭ ਮੁਲਕਾਂ ਤੇ ਉਥੋ ਦੇ ਨਿਵਾਸੀਆ ਨੂੰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਸਹੀ ਵੇਰਵੇ ਪੇਸ ਕਰਕੇ ਕੌਮਾਂਤਰੀ ਪੱਧਰ ਦੀ ਰਾਏ ਨੂੰ ਮਜ਼ਬੂਤ ਕਰੇ । ਸ. ਮਾਨ ਨੇ ਵਿਧਾਨਿਕ ਤੇ ਜਮਹੂਰੀ ਸੋਚ ਰਾਹੀ ਕੌਮਾਂਤਰੀ ਪੱਧਰ ਤੇ ਸਭ ਮੁਲਕਾਂ ਨੂੰ, ਇੰਡੀਆ ਵਿਚ ਕੰਮ ਕਰਨ ਵਾਲੇ ਸਫਾਰਤਖਾਨਿਆ ਨੂੰ, ਕੌਮਾਂਤਰੀ ਮਨੁੱਖੀ ਸੰਗਠਨਾਂ ਨੂੰ ਸਾਂਝੇ ਤੌਰ ਤੇ, ਦਿੱਲੀ ਦੇ ਜਾਬਰ ਹੁਕਮਰਾਨਾਂ ਵੱਲੋ ਪੰਜਾਬ ਵਿਚ ਵੱਸਦੀ ਸਿੱਖ ਕੌਮ ਅਤੇ ਉਸਦੀ ਲੀਡਰਸਿ਼ਪ ਨਾਲ ਹੋ ਰਹੇ ਜ਼ਬਰ ਦੇ ਹਵਾਲੇ ਨਾਲ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਇੰਡੀਆ ਦੀ ਮੋਦੀ ਸਰਕਾਰ ਵਿਰੁੱਧ ਤੁਰੰਤ ਸਟੈਡ ਲੈਣ ਅਤੇ ਸਿੱਖ ਕੌਮ ਦੇ ਹੱਕ ਹਕੂਕਾ ਅਤੇ ਸੱਚ ਦੀ ਰਾਖੀ ਕਰਨ ਦੀ ਸੰਜੀਦਾ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *