ਚੀਨ ਦੇ ਪ੍ਰੈਜੀਡੈਟ ਸੀ ਜਿਨਪਿੰਗ ਵੱਲੋਂ ਆਪਣੇ ਮੁਲਕ ਦੀ ‘ਪ੍ਰਭੂਸਤਾ’ ਅਤੇ ‘ਸੁਰੱਖਿਆ’ ਨੂੰ ਹੋਰ ਮਜ਼ਬੂਤ ਕਰਨਾ ਸਹੀ, ਪਰ ਇੰਡੀਆ ਵੱਲੋ ਅਵੇਸਲਾ ਰਹਿਣਾ ਚਿੰਤਾਜਨਕ : ਮਾਨ

ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਕੌਮਾਂਤਰੀ ਨੀਤੀ ਰਹੀ ਹੈ ਕਿ ਪੰਜਾਬ ਸੂਬੇ ਦੀ ਸਰਹੱਦ ਨਾਲ ਸੰਬੰਧਤ ਗੁਆਢੀ ਮੁਲਕ ਪਾਕਿਸਤਾਨ, ਚੀਨ ਜੋ ਇੰਡੀਆ ਦੀ ਤਰ੍ਹਾਂ ਪ੍ਰਮਾਣੂ ਤਾਕਤਾਂ ਵਾਲੇ ਮੁਲਕ ਹਨ, ਇਨ੍ਹਾਂ ਤਿੰਨਾਂ ਮੁਲਕਾਂ ਦੀ ਫ਼ੌਜੀ ਸ਼ਕਤੀ ਬਰਾਬਰ ਦੀ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਮੁਲਕ ਇਕ-ਦੂਸਰੇ ਉਤੇ ਹਮਲਾ ਕਰਨ ਦੀ ਗੁਸਤਾਖੀ ਨਾ ਕਰੇ । ਅਜਿਹਾ ਅਸੀ ਇਸ ਲਈ ਵੀ ਕਹਿੰਦੇ ਹਾਂ ਕਿਉਂਕਿ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਯੂ.ਟੀ. ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ, ਜੰਗ ਲੱਗਣ ਦੀ ਸੂਰਤ ਵਿਚ ਪ੍ਰਭਾਵਿਤ ਹੋਵੇਗਾ ਅਤੇ ਸਿੱਖ ਕੌਮ ਦੀ ਤਰ੍ਹਾਂ ਨਸ਼ਲੀ ਸਫ਼ਾਈ ਹੋ ਕੇ ਰਹਿ ਜਾਵੇਗੀ । ਇਸ ਲਈ ਇਸ ਖਿੱਤੇ ਵਿਚ ਜੰਗ ਦੇ ਅਮਲ ਕਦਾਚਿੱਤ ਨਹੀ ਹੋਣੇ ਚਾਹੀਦੇ । ਜੋ ਚੀਨ ਦੇ ਪ੍ਰੈਜੀਡੈਟ ਸੀ-ਜਿਨਪਿੰਗ ਵੱਲੋਂ ਆਪਣੀ ਤੀਜੀ ਟਰਮ ਦੀ ਨਿਯੁਕਤੀ ਮੌਕੇ ਚੀਨ ਨੂੰ ਫ਼ੌਜੀ ਤਾਕਤ ਵੱਜੋ ਹੋਰ ਵਧੇਰੇ ਮਜ਼ਬੂਤ ਕਰਨ ਦੇ ਨਾਲ-ਨਾਲ, ਗਲੋਬਲ ਪੱਧਰ ਉਤੇ ਚੀਨ ਦੀ ਸਾਂਖ ਵਧਾਉਣ ਅਤੇ ਚੀਨ ਦੀ ਅੰਦਰੂਨੀ ਹਰ ਪੱਖੋ ਵਿਕਾਸ ਵਿਚ ਤੇਜ਼ੀ ਲਿਆਉਣ ਦੀ ਗੱਲ ਕੀਤੀ ਹੈ, ਉਹ ਬਿਲਕੁਲ ਸਹੀ ਅਤੇ ਲੋਕਪੱਖੀ ਉੱਦਮ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਅਸੀ ਇੰਡੀਆ ਦੇ ਹੁਕਮਰਾਨਾਂ ਨੂੰ ਜੋ ਲੰਮੇ ਸਮੇ ਤੋ ਪੰਜਾਬ ਸੂਬੇ ਅਤੇ ਗੁਆਢੀ ਸੂਬਿਆਂ ਦੀ ਹਰ ਪੱਖੋ ਮਾਲੀ ਹਾਲਤ ਨੂੰ ਬਿਹਤਰ ਕਰਨ ਲਈ ਅਤੇ ਰੁਜਗਾਰ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੀ ਬਾਦਲੀਲ ਢੰਗ ਨਾਲ ਗੱਲ ਕਰਦੇ ਹਾਂ ਤਾਂ ਹੁਕਮਰਾਨ ਗੈਰ-ਦਲੀਲ ਢੰਗ ਨਾਲ ਇਹ ਪ੍ਰਚਾਰ ਸੁਰੂ ਕਰ ਦਿੰਦੇ ਹਨ ਕਿ ਪਾਕਿਸਤਾਨ ਤੋਂ ਅੱਤਵਾਦ ਆ ਰਿਹਾ ਹੈ ਅਤੇ ਇਹ ਬਹਾਨਾ ਬਣਾਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਬਿਹਤਰੀ ਹੋਣ ਵਿਚ ਨਿਰੰਤਰ ਰੁਕਾਵਟਾਂ ਖੜ੍ਹੀਆਂ ਕਰਦੇ ਆ ਰਹੇ ਹਨ । ਪਰ ਜੋ ਗੁਆਂਢੀ ਮੁਲਕ ਚੀਨ ਵੱਲੋਂ ਆਪਣੀ ਹਰ ਤਰ੍ਹਾਂ ਦੀ ਮਜ਼ਬੂਤੀ ਅਤੇ ਫ਼ੌਜੀ ਤਾਕਤ ਨੂੰ ਵਧਾਇਆ ਜਾ ਰਿਹਾ ਹੈ ਅਤੇ ਜਿਸਨੇ 1962 ਵਿਚ ਫਿਰ 2020 ਤੇ 2022 ਵਿਚ ਲਦਾਖ ਦਾ ਬਹੁਤ ਵੱਡਾ ਹਿੱਸਾ ਆਪਣੇ ਕਬਜੇ ਵਿਚ ਕੀਤਾ ਹੋਇਆ ਹੈ, ਉਸ ਸੰਬੰਧੀ ਇੰਡੀਅਨ ਹੁਕਮਰਾਨਾਂ ਦੀ ਕੋਈ ਵੀ ਨੀਤੀ ਤੇ ਅਮਲ ਨਾ ਹੋਣਾ ਅਤਿ ਚਿੰਤਾਜਨਕ ਅਤੇ ਗੈਰ ਜਿੰਮੇਵਰਾਨਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਆਢੀ ਮੁਲਕ ਚੀਨ ਵੱਲੋਂ ਆਪਣੀ ਫੌ਼ਜੀ ਤਾਕਤ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਅਤੇ ਆਪਣੇ ਮੁਲਕ ਦੀ ਹਰ ਤਰ੍ਹਾਂ ਬਿਹਤਰੀ ਕਰਨ ਅਤੇ ਕੌਮਾਂਤਰੀ ਪੱਧਰ ਉਤੇ ਚੀਨ ਦੀ ਸਾਂਖ ਵਧਾਉਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਇੰਡੀਆ ਵੱਲੋ ਅਜਿਹੇ ਗੰਭੀਰ ਵਿਸਿਆ ਉਤੇ ਨਿਰੰਤਰ ਅਵੇਸਲਾਪਣ ਰੱਖਣ ਦੀ ਕਾਰਵਾਈ ਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਹੁਕਮਰਾਨ ਅਕਸਰ ਹੀ ਗੁਆਢੀ ਮੁਲਕ ਪਾਕਿਸਤਾਨ ਤੋ ਅੱਤਵਾਦ ਨੂੰ ਤਾਕਤ ਮਿਲਣ ਦਾ ਗੁੰਮਰਾਹਕੁੰਨ ਪ੍ਰਚਾਰ ਤੇ ਪ੍ਰਸਾਰ ਕਰਦਾ ਆ ਰਿਹਾ ਹੈ । ਜਦੋਕਿ ਪਾਕਿਸਤਾਨ ਵਿਚ ਤਾਂ ਲੰਮੇ ਸਮੇ ਤੋ ਭੁੱਖਮਰੀ ਵਾਲੇ ਹਾਲਤ ਪੈਦੇ ਹੋ ਚੁੱਕੇ ਹਨ। ਅਜਿਹਾ ਮੁਲਕ ਦੂਸਰੇ ਮੁਲਕ ਵਿਚ ਕੋਈ ਗੱਲ ਕਰਨ ਬਾਰੇ ਕਿਵੇ ਸੋਚ ਸਕਦਾ ਹੈ ? ਦੂਸਰੇ ਪਾਸੇ ਜਿਸ ਚੀਨ ਨੇ 1962 ਵਿਚ ਸਾਡੇ ਲਦਾਂਖ ਦਾ 39,000 ਸਕੇਅਰ ਵਰਗ ਕਿਲੋਮੀਟਰ ਅਤੇ 2020-2022 ਵਿਚ 2 ਹਜਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕੀਤਾ ਹੋਇਆ ਹੈ ਅਤੇ ਜੋ ਅਜੇ ਵੀ ਲਦਾਂਖ ਅਤੇ ਅਰੁਣਾਚਲ ਦੀਆਂ ਸਰਹੱਦਾਂ ਉਤੇ ਫ਼ੌਜੀ ਤਾਕਤ ਵਧਾ ਰਿਹਾ ਹੈ, ਉਸ ਸੰਬੰਧੀ ਹੁਕਮਰਾਨਾਂ ਨੇ ਕਦੀ ਕੋਈ ਗੱਲ ਨਹੀ ਕੀਤੀ ? ਫਿਰ ਉਨ੍ਹਾਂ ਨਾਲ ਇੰਡੀਆ ਦਾ ਹਰ ਖੇਤਰ ਵਿਚ 80% ਵਪਾਰ ਦਾ ਅਦਾਨ-ਪ੍ਰਦਾਨ ਹੋ ਰਿਹਾ ਹੈ ਅਤੇ ਹੁਣ ਹੀ 1 ਬਿਲੀਅਨ ਡਾਲਰ ਦਾ ਘਾਟੇ ਦਾ ਵਪਾਰ ਚੀਨ ਨਾਲ ਹੋਣ ਦੀ ਗੱਲ ਦੁਨੀਆਂ ਸਾਹਮਣੇ ਆਈ ਹੈ । ਫਿਰ ਇਹ ਹੁਕਮਰਾਨ ਨਿਰਆਧਾਰ ਢੰਗ ਰਾਹੀ ਪੰਜਾਬ ਵਿਚ ਅੱਤਵਾਦ ਫੈਲਣ ਜਾਂ ਅਰਾਜਕਤਾ ਫੈਲਣ ਦੀਆਂ ਗੱਲਾਂ ਤੇ ਪ੍ਰਚਾਰ ਕਿਉਂ ਕਰ ਰਹੇ ਹਨ ? ਜਦੋਕਿ ਅਸਲੀਅਤ ਇਹ ਹੈ ਕਿ ਮੌਜੂਦਾ ਹੁਕਮਰਾਨ ਆਪਣੇ ਗੁਜਰਾਤੀ ਵਪਾਰੀਆ ਨੂੰ ਅਰਬਾਂਪਤੀ, ਕਰੋੜਾਂਪਤੀ ਬਣਾਉਣ ਲਈ ਚੀਨ ਨਾਲ ਹਰ ਵਸਤੂ ਦਾ ਵਪਾਰ ਕਰਨ ਦੀ ਖੁੱਲ੍ਹ ਦੇ ਰਹੇ ਹਨ, ਦੂਜੇ ਪਾਸੇ ਜਦੋ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸਦੀ ਸਮੁੱਚੀ ਮਾਲੀ ਸਥਿਤੀ ਖੇਤੀ ਵਸਤਾਂ ਪੈਦਾਵਾਰ ਉਤੇ ਨਿਰਭਰ ਹਨ, ਉਸਦੀ ਪੈਦਾਵਾਰ ਨੂੰ ਅਰਬ ਮੁਲਕਾਂ ਵਿਚ ਭੇਜਣ ਲਈ ਜਦੋ ਸਰਹੱਦਾਂ ਖੋਲਣ ਦੀ ਬਾਦਲੀਲ ਢੰਗ ਨਾਲ ਗੱਲ ਕੀਤੀ ਜਾਂਦੀ ਹੈ, ਤਾਂ ਪੰਜਾਬੀਆਂ ਦੀ ਪੈਦਾਵਾਰ ਦੀ ਕੌਮਾਂਤਰੀ ਮੰਡੀ ਦੇ ਮਾਹੌਲ ਪੈਦਾ ਕਰਨ ਉਤੇ ਰੁਕਾਵਟਾਂ ਕਿਉਂ ਖੜ੍ਹੀਆਂ ਕੀਤੀਆ ਜਾ ਰਹੀਆ ਹਨ ? ਪੰਜਾਬ ਸੂਬੇ ਤੇ ਪੰਜਾਬੀਆਂ ਦੀ ਮਾਲੀ ਹਾਲਤ ਬਿਹਤਰ ਬਣਾਉਣ ਵਿਚ ਹੁਕਮਰਾਨ ਯੋਗਦਾਨ ਪਾਉਣ ਤੋਂ ਕਿਉਂ ਭੱਜ ਰਹੇ ਹਨ ?

Leave a Reply

Your email address will not be published. Required fields are marked *