ਤਖ਼ਤਾਂ ਦੇ ਦਰਸ਼ਨਾਂ ਲਈ ‘ਗੁਰੂ ਕ੍ਰਿਪਾ’ ਟ੍ਰੇਨ ਦੀ ਸੁਰੂਆਤ ਸਵਾਗਤਯੋਗ, ਪਰ ਸ੍ਰੀ ਮੋਦੀ ਵੱਡੀ ਵਿਸ਼ਾਲਤਾਂ ਨਾਲ ਬੰਦੀ ਸਿੱਖਾਂ ਦੀ ਰਿਹਾਈ ਦੇ ਹੁਕਮ ਵੀ ਕਰਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 22 ਫਰਵਰੀ ( ) “ਖ਼ਾਲਸਾ ਪੰਥ ਦੇ 5 ਮਹਾਨ ਤਖ਼ਤ ਸਾਹਿਬਾਨਾਂ ਜਿਨ੍ਹਾਂ ਦਾ ਉਨ੍ਹਾਂ ਦੀ ਹੋਂਦ ਤੋ ਲੈਕੇ ਅੱਜ ਤੱਕ ਵੱਡਾ ਫਖ਼ਰ ਵਾਲਾ ਇਤਿਹਾਸ ਰਿਹਾ ਹੈ ਅਤੇ ਜਿਥੇ ਸਮੁੱਚਾ ਸਿੱਖ ਅਵਾਮ ਅਤੇ ਪੰਜਾਬੀ ਬਹੁਤ ਵੱਡੀ ਡੂੰਘੀ ਸਰਧਾ ਤੇ ਸਤਿਕਾਰ ਰੱਖਦੇ ਹਨ ਅਤੇ ਹਰ ਸਿੱਖ ਦੇ ਮਨ ਵਿਚ ਇਨ੍ਹਾਂ ਤਖ਼ਤ ਸਾਹਿਬਾਨਾਂ ਦੇ ਦਰਸ਼ਨ ਕਰਨ ਦੀ ਤਾਂਘ ਪ੍ਰਬਲ ਰਹਿੰਦੀ ਹੈ, ਉਨ੍ਹਾਂ ਤਖ਼ਤ ਸਾਹਿਬਾਨਾਂ ਦੀ ਇਕ ਟ੍ਰੇਨ ਰਾਹੀ ਸਮੂਹਿਕ ਯਾਤਰਾ ਤੇ ਦਰਸ਼ਨਾਂ ਨੂੰ ਮੁੱਖ ਰੱਖਕੇ ਜੋ ਇੰਡੀਆ ਦੇ ਮੌਜੂਦਾ ਵਜ਼ੀਰ-ਏ-ਆਜਮ ਸ੍ਰੀ ਨਰਿੰਦਰ ਮੋਦੀ ਵੱਲੋ ‘ਗੁਰੂ ਕ੍ਰਿਪਾ’ ਟ੍ਰੇਨ ਦੀ ਸੁਰੂਆਤ ਕੀਤੀ ਹੈ, ਇਹ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਪੂਰਨ ਕਰਨ ਦਾ ਇਕ ਅੱਛਾ ਉਦਮ ਕੀਤਾ ਗਿਆ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਸਵਾਗਤ ਤੇ ਧੰਨਵਾਦ ਕਰਦੀ ਹੈ, ਪਰ ਇਸਦੇ ਨਾਲ ਹੀ ਜੇਕਰ ਸ੍ਰੀ ਨਰਿੰਦਰ ਮੋਦੀ ਵਾਅਕਿਆ ਹੀ ਖ਼ਾਲਸਾ ਪੰਥ ਨੂੰ ਖੁਸ਼ ਤੇ ਵੱਧਦਾ-ਫੁੱਲਦਾ ਦੇਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨਾਲ ਸੰਬੰਧਤ ਗੰਭੀਰ ਮਸਲੇ ਜਿਵੇ ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਦੀ ਫੌਰੀ ਰਿਹਾਈ ਦੇ ਹੁਕਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜਾਵਾਂ ਦਿਵਾਉਣ, ਬੀਤੇ 12 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਜਮਹੂਰੀ ਚੋਣਾਂ ਉਤੇ ਲਗਾਈ ਗਈ ਰੋਕ ਨੂੰ ਖਤਮ ਕਰਕੇ ਤੁਰੰਤ ਚੋਣਾਂ ਕਰਵਾਉਣ ਦਾ ਐਲਾਨ ਕਰਨ, ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਪੰਜਾਬ ਦੇ ਦਰਿਆਵਾ ਤੇ ਨਦੀਆ ਦੇ ਖੋਹੇ ਗਏ ਪਾਣੀਆਂ ਨੂੰ ਮੁੜ ਵਾਪਸ ਕਰਨ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ, ਬਿਜਲੀ ਪੈਦਾ ਕਰਨ ਵਾਲੇ ਪੰਜਾਬ ਦੇ ਹੈੱਡਵਰਕਸ ਆਦਿ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਸਪੁਰਦ ਕਰਨ ਦੇ ਅਮਲ ਕਰ ਸਕਣ, ਤਦ ਹੀ ਉਹ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਪੈਦਾ ਹੋਏ ਰੋਹ ਨੂੰ ਸ਼ਾਂਤ ਕਰ ਸਕਣਗੇ ਅਤੇ ਸਮੁੱਚੇ ਇੰਡੀਆ ਵਿਚ ਸਰਬੱਤ ਦੇ ਭਲੇ ਦੀ ਸੋਚ ਅਧੀਨ ਇਕ ਹੋਰ ਵੱਡਾ ਉਦਮ ਕਰਨ ਵਿਚ ਨਿੱਘਾ ਯੋਗਦਾਨ ਪਾ ਸਕਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਰਿੰਦਰ ਮੋਦੀ ਵੱਲੋ ਖ਼ਾਲਸਾ ਪੰਥ ਦੇ 5 ਮਹਾਨ ਤਖ਼ਤਾਂ ਦੇ ਦਰਸ਼ਨਾਂ ਲਈ ਗੁਰੂ ਕ੍ਰਿਪਾ ਟ੍ਰੇਨ ਸੁਰੂ ਕਰਨ ਦੇ ਵੱਡੇ ਉਦਮ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋ ਭਰਪੂਰ ਸਲਾਘਾਂ ਕਰਦੇ ਹੋਏ ਅਤੇ ਖ਼ਾਲਸਾ ਪੰਥ ਵਿਚ ਲੰਮੇ ਸਮੇ ਤੋ ਹੁਕਮਰਾਨਾਂ ਦੀ ਬੇਰੁੱਖੀ ਦੇ ਕਾਰਨ ਪੈਦਾ ਹੋਏ ਵੱਡੇ ਰੋਹ ਨੂੰ ਸ਼ਾਂਤ ਕਰਨ ਲਈ ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਦੀ ਤੁਰੰਤ ਰਿਹਾਈ ਦੇ ਹੁਕਮ ਕਰਨ, ਪਾਣੀਆ, ਬਿਜਲੀ, ਚੰਡੀਗੜ੍ਹ ਆਦਿ ਦੇ ਮੁੱਦਿਆ ਉਤੇ ਕੀਤੇ ਜਾ ਰਹੇ ਵਿਤਕਰੇ ਨੂੰ ਤੁਰੰਤ ਦੂਰ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹੁਕਮਰਾਨ ਕੋਈ ਵੀ ਹੋਵੇ, ਜਦੋ ਉਹ ਨੇਕ ਨੀਤੀ ਅਤੇ ਦਿਆਨਤਦਾਰੀ ਨਾਲ ਮਨੁੱਖਤਾ, ਇਨਸਾਨੀਅਤ, ਪੰਜਾਬੀਆ, ਸਿੱਖ ਕੌਮ, ਪੰਜਾਬ ਸੂਬੇ ਦੀ ਬਿਹਤਰੀ ਲਈ ਕੋਈ ਅਮਲ ਕਰਦਾ ਹੈ, ਤਾਂ ਸਿੱਖ ਕੌਮ ਆਪਣੀ ਵਿਸ਼ਾਲਤਾਂ ਦਾ ਸਬੂਤ ਦਿੰਦੇ ਹੋਏ ਹਮੇਸ਼ਾਂ ਅਜਿਹੇ ਸਮਿਆ ਤੇ ਸਵਾਗਤ ਵੀ ਕਰਦੀ ਹੈ ਤੇ ਧੰਨਵਾਦ ਵੀ ਕਰਦੀ ਹੈ । ਪਰ ਜੋ ਬੀਤੇ 76 ਸਾਲਾਂ ਤੋ ਹੁਕਮਰਾਨਾਂ ਵੱਲੋ ਹਰ ਖੇਤਰ ਵਿਚ ਪੰਜਾਬ ਸੂਬੇ, ਪੰਜਾਬੀਆ, ਸਿੱਖ ਕੌਮ ਨਾਲ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਤੌਰ ਤੇ ਜ਼ਬਰ ਜੁਲਮ ਤੇ ਵਿਤਕਰੇ ਕੀਤੇ ਜਾਂਦੇ ਆ ਰਹੇ ਹਨ, ਉਨ੍ਹਾਂ ਉਤੇ ਜ਼ਬਰ ਜੁਲਮ ਢਾਹਿਆ ਜਾਂਦਾ ਆ ਰਿਹਾ ਹੈ, ਉਸਦੀ ਬਦੌਲਤ ਸੈਟਰ ਵਿਚ ਹੁਣ ਤੱਕ ਦੇ ਰਹਿਣ ਵਾਲੇ ਹੁਕਮਰਾਨਾਂ ਪ੍ਰਤੀ ਅੱਜ ਵੀ ਵੱਡਾ ਰੋਹ ਹੈ । ਭਾਵੇ ਸ੍ਰੀ ਮੋਦੀ ਨੇ ਤਖਤ ਸਾਹਿਬਾਨਾਂ ਦੇ ਦਰਸ਼ਨਾਂ ਲਈ ਉਪਰੋਕਤ ਟ੍ਰੇਨ ਸੁਰੂ ਕਰਕੇ ਪੀੜ੍ਹਤ ਸਿੱਖ ਮਨਾਂ ਨੂੰ ਕੁਝ ਰਾਹਤ ਤੇ ਖੁਸ਼ੀ ਦੇਣ ਦੀ ਕੋਸਿ਼ਸ਼ ਕੀਤੀ ਹੈ । ਪਰ ਅੱਜ ਤੱਕ ਦੇ ਹੁਕਮਰਾਨਾਂ ਦੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ, ਪੰਜਾਬੀਆਂ ਤੇ ਸਿੱਖਾਂ ਨਾਲ ਐਨੀ ਵੱਡੀ ਗਿਣਤੀ ਵਿਚ ਵੱਧ ਚੁੱਕੀਆ ਹਨ ਕਿ ਉਨ੍ਹਾਂ ਨੂੰ ਆਤਮਿਕ ਤੌਰ ਤੇ ਸੰਤੁਸਟ ਕਰਨ ਅਤੇ ਉਨ੍ਹਾਂ ਦੇ ਮਨਾਂ ਵਿਚ ਪਾਈ ਜਾਣ ਵਾਲੀ ਬੇਚੈਨੀ ਨੂੰ ਖਤਮ ਕਰਨ ਲਈ ਹੁਕਮਰਾਨਾਂ ਲਈ ਇਹ ਜ਼ਰੂਰੀ ਹੈ ਕਿ ਸਭ ਤੋ ਪਹਿਲੇ ਸ੍ਰੀ ਨਰਿੰਦਰ ਮੋਦੀ ਜੇਲ੍ਹਾਂ ਵਿਚ 30-30, 35-35 ਸਾਲਾਂ ਤੋ ਗੈਰ ਕਾਨੂੰਨੀ ਢੰਗ ਨਾਲ ਬਣਾਏ ਗਏ ਜ਼ਬਰੀ ਸਿੱਖ ਕੈਦੀਆ ਨੂੰ ਤੁਰੰਤ ਖੁੱਲ੍ਹਦਿਲੀ ਨਾਲ ਰਿਹਾਅ ਕਰਨ ਦੇ ਹੁਕਮ ਕਰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਕੇ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਵਿਚ ਜਿੰਮੇਵਾਰੀ ਨਿਭਾਉਣ । ਜੋ ਬੀਤੇ 12 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਜਮਹੂਰੀ ਚੋਣਾਂ ਤੇ ਰੋਕ ਲਗਾਈ ਗਈ ਹੈ ਉਸਨੂੰ ਬਹਾਲ ਕਰਨ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੇ ਹੈੱਡਵਰਕਸਾਂ ਨੂੰ ਕਾਨੂੰਨੀ ਤੌਰ ਤੇ ਪੰਜਾਬ ਸੂਬੇ ਦੇ ਹਵਾਲੇ ਕਰਨ ਅਤੇ ਰਹਿੰਦੇ ਗੰਭੀਰ ਮਸਲਿਆ ਨੂੰ ਵੀ ਹੱਲ ਕਰ ਸਕਣ, ਫਿਰ ਹੀ ਉਹ ਸਮੁੱਚੇ ਇੰਡੀਆ ਅਤੇ ਸਰਹੱਦੀ ਸੂਬੇ ਪੰਜਾਬ ਦੀ ਫਿਜਾ ਨੂੰ ਅਮਨਮਈ ਅਤੇ ਜਮਹੂਰੀਅਤ ਪੱਖੀ ਰੱਖਣ ਵਿਚ ਸਫ਼ਲ ਹੋ ਸਕਣਗੇ ਅਤੇ ਫਿਰ ਹੀ ਸਿੱਖ ਕੌਮ ਦੇ ਮਨ-ਆਤਮਾ ਨੂੰ ਜਿੱਤ ਸਕਣਗੇ । 

Leave a Reply

Your email address will not be published. Required fields are marked *