ਮੋਦੀ ਹਕੂਮਤ ਵੱਲੋ ਸਾਹਿਬਜ਼ਾਦਿਆਂ ਦੇ ਨਾਮ ਤੋਂ ਬਿਨ੍ਹਾਂ ‘ਵੀਰ ਬਾਲ ਦਿਹਾੜਾ’ ਮਨਾਉਣ ਦਾ ਐਲਾਨ ਕਰਨਾ ਸਾਡੇ ਫਖ਼ਰ ਵਾਲੇ ਇਤਿਹਾਸ ਨੂੰ ਗੰਧਲਾ ਕਰਨ ਦੀ ਕਾਰਵਾਈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 02 ਜਨਵਰੀ ( ) “ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਵੱਲੋਂ ਬਹੁਤ ਹੀ ਅਛੋਪਲੇ ਅਤੇ ਗੁੱਝੇ ਢੰਗ ਨਾਲ ਸਿੱਖ ਕੌਮ ਦੇ ਸੰਸਾਰ ਪੱਧਰ ਦੇ ਫਖ਼ਰ ਵਾਲੇ ਇਤਿਹਾਸ ਨੂੰ ਗੰਧਲਾ ਕਰਨ ਅਤੇ ਇਸਨੂੰ ਹਿੰਦੂਤਵ ਰੂਪ ਦੇਣ ਦੇ ਨਿਰੰਤਰ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਸਾਡੀ ਪੰਜਾਬੀ ਬੋਲੀ ਗੁਰਮੁੱਖੀ ਦੇ ਰੂਪ ਨੂੰ ਵਿਗਾੜਕੇ ਉਸਨੂੰ ਵੀ ਹਿੰਦੀ ਬੋਲੀ ਵੱਲ ਧਕੇਲਿਆ ਜਾ ਰਿਹਾ ਹੈ । ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸੂਬੇ ਨਾਲ ਸੰਬੰਧਤ ਸਭ ਸਿਆਸੀ ਪਾਰਟੀਆ, ਧਾਰਮਿਕ, ਸਮਾਜਿਕ ਸੰਗਠਨਾਂ ਵਿਸੇਸ ਤੌਰ ਤੇ ਸਿੱਖ ਕੌਮ ਨਾਲ ਸੰਬੰਧਤ ਜਥੇਬੰਦੀਆਂ ਨੂੰ ਸਰਕਾਰ ਵੱਲੋ ਆਪਣੀ ਮਰਜੀ ਨਾਲ ਸਾਡੇ ਮਹਾਨ ਦਿਹਾੜਿਆ ਦੇ ਦਿੱਤੇ ਜਾ ਰਹੇ ਹਿੰਦੂਤਵੀ ਨਾਮ ਕਤਈ ਪ੍ਰਵਾਨ ਨਹੀ ਕਰਨੇ ਚਾਹੀਦੇ । ਤਾਂ ਕਿ ਸਾਡੀਆ ਆਉਣ ਵਾਲੀਆ ਨਸ਼ਲਾਂ ਗੁਰਮੁੱਖੀ ਤੇ ਪੰਜਾਬੀ ਅਤੇ ਗੌਰਵਮਈ ਕੌਮੀ ਇਤਿਹਾਸ ਤੋ ਦੂਰ ਨਾ ਹੋ ਸਕਣ । ਬਲਕਿ ਸਾਡੇ ਇਤਿਹਾਸਿਕ ਨਾਵਾਂ, ਵਿਰਸੇ-ਵਿਰਾਸਤ ਅਤੇ ਮਹਾਨ ਯਾਦਗਰਾਂ ਨੂੰ ਬਦਲਣ ਦੀ ਇਜਾਜਤ ਕਿਸੇ ਨੂੰ ਵੀ ਨਹੀ ਦਿੱਤੀ ਜਾ ਸਕਦੀ ਅਤੇ ਨਾ ਹੀ ਕਿਸੇ ਨੂੰ ਅਜਿਹਾ ਹੱਕ ਹੈ ਕਿ ਉਹ ਸਿੱਖ ਕੌਮ ਦੇ ਮਹਾਨ ਦਿਹਾੜਿਆ ਦੇ ਨਾਮ ਆਪਣੀ ਮਰਜੀ ਨਾਲ ਰੱਖਣ । ਇਹ ਫੈਸਲਾ ਕਰਨ ਦਾ ਹੱਕ ਸਿੱਖ ਕੌਮ, ਸਿੱਖੀ ਸੰਸਥਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸੰਸਾਰ ਦੇ ਇਤਿਹਾਸ ਦੇ ਸਭ ਤੋ ਮਾਸੂਮ ਅਤੇ ਸ਼ਹਾਦਤ ਦੇਣ ਵਾਲੀਆ ਜਿ਼ੰਦਾਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੇ ਮਹਾਨ ਸ਼ਹੀਦੀ ਦਿਹਾੜੇ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਇਸ ਮਹਾਨ ਸ਼ਹਾਦਤ ਵਾਲੇ ਦਿਨ ਨੂੰ ‘ਵੀਰ ਬਾਲ ਦਿਵਸ’ ਵੱਜੋ ਐਲਾਨਣ ਦੇ ਦਿਹਾੜੇ ਪਿੱਛੇ ਸਾਡੇ ਗੌਰਵਮਈ ਇਤਿਹਾਸ ਨੂੰ ਧੂੰਦਲਾ ਕਰਨ ਦੀਆਂ ਕਾਰਵਾਈਆ ਕਰਾਰ ਦਿੰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਤੇ ਜਥੇਬੰਦੀਆਂ ਨੂੰ ਦਿਹਾੜੇ ਦੇ ਨਾਮ ਦੇ ਕੀਤੇ ਗਏ ਐਲਾਨ ਨੂੰ ਸੰਪੂਰਨ ਰੂਪ ਵਿਚ ਰੱਦ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਅਤੇ ਇਨ੍ਹਾਂ ਦੇ ਨਾਗਪੁਰ ਦੇ ਹੈੱਡਕੁਆਰਟਰ ਦਾ ਲੰਮੇ ਸਮੇ ਤੋ ਇਸ ਗੱਲ ਤੇ ਜੋਰ ਲੱਗਿਆ ਹੋਇਆ ਹੈ ਕਿ ਸਿੱਖੀ ਦੀ ਆਨ-ਸਾਨ ਨੂੰ ਸੰਸਾਰ ਪੱਧਰ ਤੇ ਪ੍ਰਫੁੱਲਿਤ ਕਰਨ ਵਾਲੇ ਨਾਮ, ਪ੍ਰਸਾਰ, ਪ੍ਰਚਾਰ ਨੂੰ ਹਰ ਵਿੰਗੇ-ਟੇਢੇ ਢੰਗ ਨਾਲ ਰੋਕਿਆ ਜਾਵੇ ਅਤੇ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਕਿਤਾਬੀ ਤੇ ਸਿਲੇਬਸੀ ਰੂਪ ਵਿਚ ਹਿੰਦੂਤਵ ਸੋਚ ਰਾਹੀ ਰਲਗੜ ਕਰਕੇ ਗੰਧਲਾ ਕੀਤਾ ਜਾਵੇ । ਇਹੀ ਵਜਹ ਹੈ ਕਿ ਅਣਭੋਲ ਜਾਂ ਸਵਾਰਥੀ ਹਿੱਤਾ ਦੀ ਗੁਲਾਮੀਅਤ ਪ੍ਰਵਾਨ ਕਰਨ ਵਾਲੇ ਕੁਝ ਗਿਣਤੀ ਦੇ ਸਿੱਖਾਂ ਨੂੰ ਵਿਸਵਾਸ ਵਿਚ ਲੈਕੇ ਹੁਕਮਰਾਨ ਦੁਨਿਆਵੀ ਤੌਰ ਤੇ ਸਿੱਖ ਕੌਮ ਸੰਬੰਧੀ ਅਜਿਹੇ ਐਲਾਨ ਕਰ ਰਹੇ ਹਨ । ਜਿਵੇ ਹੁਣੇ ਹੀ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ ਦੇ ਮਹਾਨ ਅਤਿ ਸਤਿਕਾਰਿਤ ਨਾਵਾਂ ਤੋ ਰਹਿਤ ਜਿਸ ਦਿਹਾੜੇ ਦਾ ਇਨ੍ਹਾਂ ਵੱਲੋ ਐਲਾਨ ਕੀਤਾ ਗਿਆ ਹੈ, ਉਸ ਵਿਚ ਹਿੰਦੀ ਭਾਸਾ ਦੀ ਪੁੱਠ ਚਾੜਕੇ ਵੀਰ, ਬਾਲ ਅਤੇ ਦਿਵਸ ਤਿੰਨੇ ਸ਼ਬਦ ਹਿੰਦੀ ਦੇ ਦੇਕੇ ਅਤੇ ਸਾਹਿਬਜਾਦਿਆ ਦੇ ਨਾਮ ਨੂੰ ਗਾਇਬ ਕਰਕੇ ਉਨ੍ਹਾਂ ਸਾਹਿਬਜਾਦਿਆ ਦੀ ਮਹਾਨ ਸ਼ਹਾਦਤ ਨੂੰ ਸੰਸਾਰ ਪੱਧਰ ਤੇ ਹੋਰ ਵਧੇਰੇ ਉਜਾਗਰ ਹੋਣ ਤੋ ਰੋਕਣ ਦੀ ਸਾਜਿਸ ਰਚੀ ਗਈ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੂਰਨ ਰੂਪ ਵਿਚ ਰੱਦ ਕਰਦੀ ਹੈ । ਜੇਕਰ ਹਿੰਦੂਤਵ ਹੁਕਮਰਾਨਾਂ ਨੂੰ ਵਾਅਕਿਆ ਹੀ ਇਸ ਮੁਲਕ ਵਿਚ ਸਿੱਖ ਕੌਮ ਅਤੇ ਮਨੁੱਖਤਾ ਲਈ ਦਿੱਤੀਆ ਕੁਰਬਾਨੀਆਂ, ਸ਼ਹਾਦਤਾਂ ਦੀ ਸਹੀ ਦਿਸ਼ਾ ਵੱਲ ਕਦਰ ਹੈ, ਤਾਂ ਉਹ ਸਾਡੇ ਇਨ੍ਹਾਂ ਮਹਾਨ ਸ਼ਹੀਦਾਂ “ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਸ਼ਹੀਦੀ ਦਿਹਾੜਾ” ਹਰ ਸਾਲ 11, 12 ਅਤੇ 13 ਪੋਹ ਨੂੰ ਮਨਾਉਣ ਦਾ ਸਮੂਹ ਇੰਡੀਅਨ ਨਿਵਾਸੀਆ ਵੱਲੋ ਐਲਾਨ ਕਰਨ ਅਤੇ ਜਦੋ ਵੀ ਸਿੱਖ ਕੌਮ ਦੇ ਦਿਹਾੜਿਆ ਸੰਬੰਧੀ ਜਾਂ ਉਨ੍ਹਾਂ ਦੇ ਵਿਰਸੇ-ਵਿਰਾਸਤ ਅਤੇ ਯਾਦਗਰਾਂ ਦੀ ਮਹਾਨਤਾ ਨੂੰ ਉਜਾਗਰ ਕਰਨ ਲਈ ਕੋਈ ਸੈਂਟਰ ਦੇ ਹੁਕਮਰਾਨ ਯੋਗਦਾਨ ਪਾਉਣਾ ਚਾਹੁੰਣ ਤਾਂ ਉਹ ਸਾਡੀਆ ਸਿੱਖੀ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੋਹਤਬਰ ਸੰਸਥਾਵਾਂ ਦੀ ਸਮੂਹਿਕ ਪ੍ਰਵਾਨਗੀ ਲੈਣ ਉਪਰੰਤ ਹੀ ਅਜਿਹਾ ਉਦਮ ਕਰਨ ਨਾ ਕਿ ਆਪਣੇ ਤੌਰ ਤੇ ਕੌਮੀ ਇਤਿਹਾਸ ਤੋ ਰਹਿਤ ਕੋਈ ਅਮਲ ਕਰਨ ਦੀ ਕਾਰਵਾਈ ਕਰਨ । ਉਨ੍ਹਾਂ ਆਪਣੇ ਪਾਰਟੀ ਨੀਤੀ ਬਿਆਨ ਦੇ ਅਖੀਰ ਵਿਚ ਫਿਰ ਕਿਹਾ ਕਿ ਸਾਡੇ ਕੌਮੀ ਫੈਸਲਿਆ ਦਾ ਅਧਿਕਾਰ ਸਾਡੀਆਂ ਕੌਮੀ ਸੰਸਥਾਵਾਂ ਅਤੇ ਸਿੱਖ ਕੌਮ ਕੋਲ ਹੈ ਨਾ ਕਿ ਹਿੰਦੂਤਵ ਹੁਕਮਰਾਨਾਂ ਜਾਂ ਜਮਾਤਾਂ ਕੋਲ। 

Leave a Reply

Your email address will not be published. Required fields are marked *