ਸਿੱਕਮ ਵਿਚ ਫ਼ੌਜੀਆਂ ਦਾ ਮਾਰੇ ਜਾਣਾ ਦੁੱਖਦਾਇਕ, ਇਸਦੀ ਉੱਚ ਪੱਧਰੀ ਜਾਂਚ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 25 ਦਸੰਬਰ ( ) “ਜੋ ਸਿੱਕਮ ਵਿਚ ਇਕ ਫ਼ੌਜੀ ਟਰੱਕ ਵਿਚ ਡੰਗਰਾਂ ਦੀ ਤਰ੍ਹਾਂ ਲੱਦੇ ਹੋਏ 16 ਫ਼ੌਜੀ ਜਵਾਨ ਮਾਰੇ ਗਏ ਹਨ, ਇਸ ਘਟਨਾ ਵਿਚ ਮਾਰੇ ਗਏ ਫ਼ੌਜੀਆਂ ਦੇ ਪਰਿਵਾਰਾਂ ਨਾਲ ਜਿਥੇ ਸਾਨੂੰ ਪੂਰਨ ਹਮਦਰਦੀ ਹੈ, ਉਥੇ ਉਨ੍ਹਾਂ ਵਿਛੜੀਆ ਆਤਮਾਵਾਂ ਦੀ ਸ਼ਾਂਤੀ ਲਈ ਅਸੀ ਅਰਦਾਸ ਵੀ ਕਰਦੇ ਹਾਂ ਅਤੇ ਇਹ ਵੀ ਮੰਗ ਕਰਦੇ ਹਾਂ ਕਿ ਇਸਦੀ ਉੱਚ ਪੱਧਰੀ ਫ਼ੌਜੀ ਜਾਂਚ ਹੋਣੀ ਚਾਹੀਦੀ ਹੈ । ਜਿਸ ਵੀ ਫ਼ੌਜੀ ਅਫਸਰ ਨੇ ਇਨ੍ਹਾਂ ਫੌ਼ਜੀਆਂ ਨੂੰ ਇਕ ਟਰੱਕ ਵਿਚ ਡੰਗਰਾਂ ਦੀ ਤਰ੍ਹਾਂ ਲੱਦਕੇ ਭੇਜਿਆ ਹੈ, ਉਸ ਵਿਰੁੱਧ ਫ਼ੌਜੀ ਕਾਨੂੰਨਾਂ ਅਨੁਸਾਰ ਕਾਰਵਾਈ ਹੋਣੀ ਬਣਦੀ ਹੈ । ਮੁਲਕ ਦੀਆਂ ਸਰਹੱਦਾਂ ਉਤੇ ਗਰਮੀ, ਸਰਦੀ ਦੇ ਮਾਹੌਲ ਵਿਚ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਣ ਵਾਲੇ ਫ਼ੌਜੀਆਂ ਨਾਲ ਇਸ ਤਰ੍ਹਾਂ ਦਾ ਅਣਮਨੁੱਖੀ, ਜਾਨਵਰਾਂ ਦੀ ਤਰ੍ਹਾਂ ਬਿਲਕੁਲ ਵਿਹਾਰ ਨਹੀ ਹੋਣਾ ਚਾਹੀਦਾ । ਬਲਕਿ ਜਦੋਂ ਫ਼ੌਜੀਆਂ ਨੂੰ ਇੱਧਰ-ਉੱਧਰ ਭੇਜਣਾ ਪਵੇ ਤਾਂ ਉਨ੍ਹਾਂ ਨੂੰ ਫ਼ੌਜੀ ਸੀਟਾਂ ਵਾਲੀਆਂ ਵੈਨਾਂ, ਬੱਸਾਂ ਵਿਚ ਹੀ ਭੇਜਣਾ ਚਾਹੀਦਾ ਹੈ ਤਾਂ ਕਿ ਉਹ ਆਰਾਮ ਨਾਲ ਬੈਠਕੇ ਸਹੀ ਢੰਗ ਨਾਲ ਆਪਣਾ ਸਫਰ ਤਹਿ ਕਰ ਸਕਣ ਅਤੇ ਮੰਜਿਲ ਤੇ ਪਹੁੰਚ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਕਮ ਵਿਚ ਬੇਹੁੱਦਾ ਢੰਗ ਨਾਲ ਇਕ ਟਰੱਕ ਵਿਚ ਡੰਗਰਾਂ ਦੀ ਤਰ੍ਹਾਂ ਲੱਦਕੇ ਲਿਜਾ ਰਹੇ ਫੌ਼ਜੀ ਜਵਾਨਾਂ ਦੇ ਮਾਰੇ ਜਾਣ ਉਤੇ ਫ਼ੌਜੀ ਪ੍ਰਬੰਧ ਨੂੰ ਦੋਸ਼ਪੂਰਨ ਕਰਾਰ ਦਿੰਦੇ ਹੋਏ ਅਤੇ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ੌਜੀਆਂ ਨੂੰ ਫ਼ੌਜੀ ਕਾਨੂੰਨ ਅਨੁਸਾਰ ਸਭ ਬਣਦੀਆਂ ਸਹੂਲਤਾਂ ਮਿਲਣੀਆ ਚਾਹੀਦੀਆ ਹਨ ਅਤੇ ਜਿਨ੍ਹਾਂ ਪਰਿਵਾਰਾਂ ਦੇ ਇਹ ਮੈਬਰ ਇਸ ਦੁਨੀਆ ਤੋ ਚਲੇ ਗਏ ਹਨ, ਉਨ੍ਹਾਂ ਪਰਿਵਾਰਾਂ ਨੂੰ ਫ਼ੌਜੀ ਖਜਾਨੇ ਵਿਚੋਂ ਹਰ ਤਰ੍ਹਾਂ ਸਹਾਇਤਾ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਉਚੇਚੇ ਤੌਰ ਤੇ ਪ੍ਰਬੰਧ ਹੋਣਾ ਚਾਹੀਦਾ ਹੈ ।

ਸ. ਮਾਨ ਨੇ ਪਾਰਲੀਮੈਂਟ ਵਿਚ ਨਸਿਆ ਦੇ ਵਿਸੇ ਤੇ ਹੋਈ ਬਹਿਸ ਸੰਬੰਧੀ ਕਿਹਾ ਕਿ ਜੋ ਵੀ ਸਮੱਗਲਰ ਜਾਂ ਗੈਰ ਕਾਨੂੰਨੀ ਢੰਗ ਰਾਹੀ ਨਸਿਆ ਦੀ ਖਰੀਦੋ-ਫਰੋਖਤ ਕਰਨ ਵਾਲੇ ਅਪਰਾਧੀ ਲੋਕ ਫੜੇ ਜਾਂਦੇ ਹਨ, ਉਨ੍ਹਾਂ ਨੂੰ ਜੇਲ੍ਹ ਵਿਚ ਰੱਖਣ ਦੀ ਬਜਾਇ ਚੀਨ ਦੀਆਂ ਸਰਹੱਦਾਂ ਉਤੇ ਭੇਜ ਦੇਣਾ ਚਾਹੀਦਾ ਹੈ ਅਤੇ ਜਦੋ ਵੀ ਉਨ੍ਹਾਂ ਨੂੰ ਅਦਾਲਤਾਂ ਵੱਲੋਂ ਲੋੜੀਦੀ ਕਾਰਵਾਈ ਦੀ ਲੋੜ ਹੋਵੇ ਤਾਂ ਉਹ ਵੀਡੀਓ ਕਾਨਫਰੰਸ ਰਾਹੀ ਹੋਣੀ ਚਾਹੀਦੀ ਹੈ । ਜੇਲ੍ਹਾਂ ਵਿਚ ਭੇਜਕੇ ਤਾਂ ਸਰਕਾਰੀ ਖਰਚੇ ਉਤੇ ਵਾਧੂ ਬੋਝ ਪਾਉਣ ਵਾਲੀ ਕਾਰਵਾਈ ਹੈ । ਜਦੋਕਿ ਸਰਹੱਦਾਂ ਉਤੇ ਜਿਥੇ ਉਹ ਮੁਲਕ ਦੀ ਸੇਵਾ ਕਰ ਸਕਣਗੇ, ਉਥੇ ਉਹ ਨਸ਼ੀਲੀਆ ਵਸਤਾਂ ਦਾ ਕਾਰੋਬਾਰ ਕਰਨ ਜਾਂ ਖੁਦ ਸੇਵਨ ਕਰਨ ਤੋ ਵੀ ਬਚ ਸਕਣਗੇ । ਅਜਿਹਾ ਕਾਰੋਬਾਰ ਕਰਨ ਵਾਲਿਆ ਦਾ ਵੱਖਰਾਂ ਕੈਪ ਹੋਵੇ ਜੋ ਕੰਡਿਆਲੀ ਤਾਰ ਨਾਲ ਸੁਰੱਖਿਅਤ ਹੋਵੇ ਉਨ੍ਹਾਂ ਦੀ ਸਵੇਰ ਟਾਈਮ ਰੋਜਾਨਾ ਪਰੇਡ ਹੋਵੇ । ਉਨ੍ਹਾਂ ਨੂੰ ਹਰ ਤਰ੍ਹਾਂ ਖਾਂਣ-ਪਹਿਨਣ ਤੇ ਫ਼ੌਜ ਨਾਲ ਸੰਬੰਧਤ ਸਹੂਲਤਾਂ ਪ੍ਰਦਾਨ ਹੋਣੀਆ ਚਾਹੀਦੀਆ ਹਨ । ਇਨ੍ਹਾਂ ਦੀ ਡਿਊਟੀ ਉਸ ਸਥਾਂਨ ਤੇ ਲਗਾਈ ਜਾਵੇ ਜਿਥੇ ਫੌ਼ਜੀ ਸਮਾਨ ਲੈਕੇ ਗੱਡੀਆਂ, ਘੋੜੇ, ਖੱਚਰਾਂ ਨਹੀ ਜਾ ਸਕਦੀਆ । ਜਿਹੜੀਆ ਉੱਚ ਪਹਾੜਾਂ ਵਿਚ ਫ਼ੌਜੀ ਪਿਕਟਾਂ ਉਥੇ ਲੋੜੀਦਾ ਸਮਾਨ ਭੇਜਣ ਲਈ ਇਨ੍ਹਾਂ ਦੀਆਂ ਸੇਵਾਵਾਂ ਲਈਆ ਜਾਣ । ਇਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਠੀਕ ਰੱਖਣ ਲਈ ਕੌਸਲਿਗ ਤੇ ਸਕੂਲਿੰਗ ਵੀ ਹੋਣੀ ਚਾਹੀਦੀ ਹੈ ਤਾਂ ਕਿ ਗੈਰ ਕਾਨੂੰਨੀ ਕਾਰਵਾਈਆ ਤੋ ਇਨ੍ਹਾਂ ਨੂੰ ਦੂਰ ਰੱਖਿਆ ਜਾ ਸਕੇ । ਜਿਵੇ ਫ਼ਰਾਂਸ ਵਿਚ ਫਰੈਚ ਲੇਜਨ ਬਣੇ ਸੀ ਉਨ੍ਹਾਂ ਨੂੰ ਅਫਰੀਕਾ ਭੇਜਿਆ ਜਾਂਦਾ ਸੀ, ਉਸੇ ਤਰ੍ਹਾਂ ਇਨ੍ਹਾਂ ਦੀ ਟ੍ਰੇਨਿੰਗ ਅਤੇ ਫ਼ੌਜੀ ਸੇਵਾਵਾਂ ਲਈ ਤਿਆਰ ਕੀਤਾ ਜਾਵੇ ਅਤੇ ਇਨ੍ਹਾਂ ਉਤੇ ਸਭ ਫ਼ੌਜੀ ਕਾਨੂੰਨ ਵੀ ਲਾਗੂ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀਆਂ ਸਹੂਲਤਾਂ ਵੀ ਇਨ੍ਹਾਂ ਨੂੰ ਪ੍ਰਦਾਨ ਹੋਣੀਆ ਚਾਹੀਦੀਆ ਹਨ ।

Leave a Reply

Your email address will not be published. Required fields are marked *