ਫ਼ੌਜ ਦੇ ਮੁੱਖੀ ਵੱਲੋਂ ਵੱਖ-ਵੱਖ ਕੌਮਾਂ ਦੀਆਂ ਰੈਜਮੈਟਾਂ ਨੂੰ ਖ਼ਤਮ ਕਰਨ ਵਿਰੁੱਧ ਸਭ ਸਿੱਖ ਸੰਸਥਾਵਾਂ ਸੁਚੇਤ ਵੀ ਹੋਣ ਅਤੇ ਇਸ ਵਿਰੁੱਧ ਮਜ਼ਬੂਤੀ ਨਾਲ ਰੋਸ਼ ਜਾਹਰ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਇੰਡੀਅਨ ਆਰਮੀ ਦੇ ਮੁੱਖ ਜਰਨਲ ਮਨੋਜ ਪਾਂਡੇ ਵੱਲੋਂ ਵੱਖ-ਵੱਖ ਕੌਮਾਂ ਨਾਲ ਸੰਬੰਧਤ ਆਰਮੀ ਵਿਚ ਸਥਾਪਿਤ ਰੈਜਮੈਟਾਂ ਨੂੰ ਖ਼ਤਮ ਕਰਕੇ ਇੰਡੀਅਨ ਫ਼ੌਜ ਵਿਚ ਰਲਗਡ ਕਰਨ ਦੀ ਕਾਰਵਾਈ ਅਸਲੀਅਤ ਵਿਚ ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ, ਸਿੱਖ-9 ਵਰਗੀਆਂ ਬਹਾਦਰ ਸਿੱਖ ਰੈਜਮੈਟਾਂ ਦੀ ਕੌਮਾਂਤਰੀ ਪੱਧਰ ਉਤੇ ਬਣੀ ਫਖ਼ਰ ਵਾਲੀ ਪਹਿਚਾਣ ਅਤੇ ਸਤਿਕਾਰ ਨੂੰ ਮਲੀਆਮੇਟ ਕਰਨ ਦੀ ਹੁਕਮਰਾਨਾਂ ਅਤੇ ਫ਼ੌਜ ਮੁੱਖੀ ਦੀ ਸਾਂਝੀ ਸਾਜਿ਼ਸ ਦਾ ਹਿੱਸਾ ਹੈ । ਬੇਸ਼ੱਕ ਅਜੇ ਉਪਰੋਕਤ ਸਿੱਖ ਰੈਜਮੈਟਾਂ ਪ੍ਰਤੀ ਫ਼ੌਜ ਮੁੱਖੀ ਨੇ ਅਮਲ ਨਹੀ ਕੀਤਾ, ਪਰ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾ, ਸੰਤ ਸਮਾਜ, ਸਿੱਖ ਸਟੂਡੈਟਸ ਫੈਡਰੇਸ਼ਨਾਂ, ਸਿੱਖ ਕੌਮ ਨਾਲ ਸੰਬੰਧਤ ਫ਼ੌਜ ਦੇ ਮੌਜੂਦਾ ਅਤੇ ਸਾਬਕਾ ਜਰਨੈਲਾਂ, ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਵਕੀਲਾਂ, ਡਾਕਟਰਾਂ, ਪ੍ਰੌਫੈਸਰਾਂ ਅਤੇ ਸਿੱਖ ਕੌਮ ਦੀਆਂ ਸਖਸ਼ੀਅਤਾਂ ਨੂੰ ਆਪਣੀ ਕੌਮੀ ਜਿ਼ੰਮੇਵਾਰੀ ਸਮਝਦੇ ਹੋਏ ਇਸ ਹੋਣ ਜਾ ਰਹੇ ਸਿੱਖ ਵਿਰੋਧੀ ਅਮਲ ਵਿਰੁੱਧ ਜੋਰਦਾਰ ਆਵਾਜ ਵੀ ਉਠਾਉਣੀ ਚਾਹੀਦੀ ਹੈ ਅਤੇ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਵਿਰੁੱਧ ਕੌਮਾਂਤਰੀ ਪੱਧਰ ਤੇ ਰੋਸ਼ ਵੀ ਜਾਹਰ ਕਰਨਾ ਚਾਹੀਦਾ ਹੈ । ਤਾਂ ਕਿ ਇਹ ਮੁਤੱਸਵੀ ਹੁਕਮਰਾਨ ਅਤੇ ਮੌਜੂਦਾ ਫ਼ੌਜ ਮੁੱਖੀ ਜਰਨਲ ਪਾਂਡੇ 200-200, 250-250 ਸਾਲਾਂ ਤੋਂ ਸਥਾਪਿਤ ਚੱਲਦੀਆ ਆ ਰਹੀਆ ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ ਅਤੇ ਫ਼ੌਜ ਵਿਚ ਹੋਰ ਸਿੱਖ ਰੈਜਮੈਟਾਂ ਦੀ ਪਹਿਚਾਣ ਨੂੰ ਖ਼ਤਮ ਕਰਨ ਦੀ ਸਾਜਿਸ ਵਿਚ ਸਫਲ ਨਾ ਹੋ ਸਕਣ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਸਾ ਪੰਥ ਵਿਚ ਵਿਚਰਣ ਵਾਲੀਆ ਸਿੱਖ ਜਥੇਬੰਦੀਆਂ, ਸੰਸਥਾਵਾਂ, ਫੈਡਰੇਸ਼ਨਾਂ, ਟਕਸਾਲਾਂ, ਸੰਤ ਸਮਾਜ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਬਾਹਰਲੇ ਮੁਲਕਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਕਰ ਰਹੇ ਆਗੂਆ ਅਤੇ ਹੋਰਨਾਂ ਸੰਸਥਾਵਾਂ ਦੇ ਮੁੱਖੀਆਂ ਤੇ ਕਮੇਟੀਆ ਨੂੰ ਇਸ ਵਿਸ਼ੇ ਉਤੇ ਗੰਭੀਰ ਅਪੀਲ ਕਰਦੇ ਹੋਏ ਇਸਦਾ ਮਜਬੂਤੀ ਨਾਲ ਵਿਰੋਧ ਕਰਨ ਦੀ ਗੱਲ ਕਰਦੇ ਹੋਏ ਕੀਤੀ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਹੁਕਮਰਾਨਾਂ ਅਤੇ ਹਿੰਦੂਤਵ ਸੋਚ ਵਾਲੇ ਫੌ਼ਜੀ ਜਰਨੈਲਾਂ ਦੀ ਇਸ ਸਿੱਖ ਵਿਰੋਧੀ ਸਾਜਿ਼ਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਕਤਈ ਕਾਮਯਾਬ ਨਹੀ ਹੋਣ ਦੇਵੇਗਾ ਤੇ ਜੇਕਰ ਇੰਡੀਅਨ ਮਿਲਟਰੀ ਵਿਚ ਲੰਮੇ ਸਮੇ ਤੋ ਫਖ਼ਰ ਵਾਲੇ ਕੰਮ ਕਰਦੀਆ ਆ ਰਹੀਆ ਸਿੱਖ ਰੈਜਮੈਟਾਂ ਨੂੰ ਖ਼ਤਮ ਕਰਨ ਦੀ ਕੋਈ ਗੱਲ ਕੀਤੀ ਤਾਂ ਇਸਨੂੰ ਬਿਲਕੁਲ ਸਹਿਣ ਨਹੀ ਕੀਤਾ ਜਾਵੇਗਾ । ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਯੂ.ਟੀ, ਜੰਮੂ-ਕਸ਼ਮੀਰ, ਦਿੱਲੀ ਆਦਿ ਦੇ ਆਪਣੀਆ ਯੂਨਿਟਾਂ ਤੇ ਅਹੁਦੇਦਾਰਾਂ ਨੂੰ ਇਸ ਵਿਸ਼ੇ ਉਤੇ ਹਦਾਇਤ ਕਰਦੇ ਹੋਏ ਕਿਹਾ ਕਿ ਉਹ 26 ਸਤੰਬਰ 2022 ਦਿਨ ਸੋਮਵਾਰ ਨੂੰ ਆਪੋ-ਆਪਣੇ ਜਿ਼ਲ੍ਹਾ ਹੈੱਡਕੁਆਰਟਰਾਂ ਉਤੇ ਇਸ ਵਿਰੁੱਧ ਰੋਸ਼ ਵਿਖਾਵੇ ਕਰਦੇ ਹੋਏ ਇੰਡੀਆਂ ਦੇ ਪ੍ਰੈਜੀਡੈਟ ਜੋ ਤਿੰਨੇ ਫ਼ੌਜਾਂ ਦੇ ਕਮਾਡਰ ਹਨ, ਉਨ੍ਹਾਂ ਦੇ ਨਾਮ ਤੇ ਜਿ਼ਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਾਹੀ ਯਾਦ-ਪੱਤਰ ਦੇਣ ਅਤੇ ਇਸ ਵਿਰੁੱਧ ਸਮੁੱਚੇ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਵੱਡੀ ਲਹਿਰ ਖੜ੍ਹੀ ਕਰ ਦੇਣ ਤਾਂ ਕਿ ਮੋਦੀ ਦੀ ਮੁਤੱਸਵੀ ਹਕੂਮਤ ਅਤੇ ਹਿੰਦੂਤਵ ਸੋਚ ਵਾਲੇ ਫ਼ੌਜੀ ਜਰਨੈਲ ਆਪਣੀ ਸਿੱਖ ਕੌਮ ਵਿਰੋਧੀ ਮੰਦਭਾਵਨਾ ਭਰੀ ਸਾਜਿ਼ਸ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਸਿੱਖੀ ਸੰਸਥਾਵਾਂ 26 ਸਤੰਬਰ ਨੂੰ ਸਮੂਹਿਕ ਤੌਰ ਤੇ ਆਪੋ-ਆਪਣੇ ਜਿ਼ਲ੍ਹਾ ਹੈੱਡਕੁਆਰਟਰਾਂ ਤੇ ਇਹ ਜਿ਼ੰਮੇਵਾਰੀ ਨਿਭਾਉਦੇ ਹੋਏ ਹੁਕਮਰਾਨਾਂ ਅਤੇ ਇੰਡੀਅਨ ਫ਼ੌਜ ਦੇ ਮੁੱਖੀ ਨੂੰ ਇਸ ਵਿਸ਼ੇ ਤੇ ਖ਼ਬਰਦਾਰ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ ।

Leave a Reply

Your email address will not be published.