ਕੁਰੱਪਸ਼ਨ ਅਤੇ ਗੈਰਕਾਨੂੰਨੀ ਅਪਰਾਧਿਕ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਕਾਨੂੰਨ ਆਪਣੇ ਤੌਰ ਤੇ ਕੰਮ ਕਰੇ, ਨਾ ਕਿ ਵਿਰੋਧੀਆਂ ਨੂੰ ਮੰਦਭਾਵਨਾ ਅਧੀਨ ਨਿਸ਼ਾਨਾ ਬਣਾਕੇ ਜਮੂਹਰੀਅਤ ਕਦਰਾਂ ਕੀਮਤਾਂ ਦਾ ਜਨਾਜਾ ਕੱਢਿਆ ਜਾਵੇ : ਮਾਨ

ਚੰਡੀਗੜ੍ਹ 5 ਸਤੰਬਰ ( ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਤਰਾਂ ਦਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਪਰਾਧੀਆਂ ਅਤੇ ਕੁਰੱਪਸ਼ਨ ਵਰਗੀਆਂ ਲਾਹਨਤਾਂ ਦੇ ਸਖ਼ਤ ਵਿਰੁੱਧ ਹੈ ਅਤੇ ਸਮਾਜ ਵਿੱਚੋ ਇਸਦਾ ਖਾਤਮਾਂ ਚਾਹੁੰਦਾ ਹੈ | ਜਿਹਨਾਂ ਵੀ ਸਿਆਸਤਦਾਨਾ, ਅਪਰਾਧੀਆਂ ਨੇ ਬੀਤੇ ਸਮੇਂ ਵਿੱਚ ਇਥੋਂ ਦੀ ਜੰਤਾ ਨਾਲ ਧੋਖਾ ਕਰਕੇ ਅਤੇ ਕਾਨੂੰਨ ਨਾਲ ਖਿਲਵਾੜ ਕਰਕੇ ਗੈਰ ਕਾਨੂੰਨੀ ਕਾਰਵਾਈਆਂ ਕੀਤੀਆਂ ਹਨ, ਉਹਨਾਂ ਨੂੰ ਅਵੱਸ਼ ਕਾਨੂੰਨ ਦੀ ਕਚਹਿਰੀ ਵਿੱਚ ਖੜਾ ਕਰਕੇ ਬਣਦੀਆਂ ਸਜਾਵਾਂ ਦਿਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਨਾ ਕਿ ਸਿਆਸੀ ਰੰਜਿਸ਼ ਦਾ ਨਿਸ਼ਾਨਾ ਬਣਾਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਸਮਾਜਿਕ ਤੌਰ ਤੇ ਪੁਲਿਸ ਅਤੇ ਸਰਕਾਰ ਵੱਲੋਂ ਜਲੀਲ ਕਰਨ ਦੀ ਇਜਾਜਤ ਹੋਣੀ ਚਾਹੀਦੀ ਹੈ | ਅਜਿਹਾ ਪ੍ਰਬੰਧ ਤਾਂ ਜੰਗਲ ਦੇ ਰਾਜ ਵਾਲਾ ਹੀ ਅਖਵਾਏਗਾ ਨਾ ਕੇ ਇਨਸਾਫ ਵਾਲਾ |

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁੱਝ ਸਮਾਂ ਪਹਿਲੇ ਪੰਜਾਬ ਦੇ ਸਾਬਕਾ ਵਜ਼ੀਰ ਸ਼੍ਰੀ ਆਸ਼ੂ ਨੂੰ ਇਕ ਸੈਲੂਨ ਵਿੱਚੋ ਚੁੱਕ ਕੇ ਗ੍ਰਿਫ਼ਤਾਰ ਕਰਨ ਅਤੇ ਉਸਦੀ ਕਿਰਦਾਰਕਸ਼ੀ ਕਰਨ ਵਰਗੇ ਅਪਮਾਨਜ਼ਨਕ ਕਾਰਵਾਈਆਂ ਨੂੰ ਸਿਆਸੀ ਬਦਲੇ ਦੀ ਭਾਵਨਾ ਕਰਾਰ ਦਿੰਦੇ ਹੋਏ ਅਤੇ ਕਾਨੂੰਨ ਦਾ ਮਜਾਕ ਉਡਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ | ਓਹਨਾ ਕਿਹਾ ਕਿ ਮੈਂ ਸ਼੍ਰੀ ਆਸ਼ੂ ਜਾ ਕਿਸੇ ਹੋਰ ਨੂੰ ਕਿਸੇ ਕਾਨੂੰਨੀ ਮਸਲੇ ਉਤੇ ਬਚਾਉਣ ਦੀ ਪੈਰਵਾਈ ਨਹੀਂ ਕਰ ਰਿਹਾ, ਬਲਕੇ ਅਜਿਹੇ ਅਮਲ ਕਾਨੂੰਨੀ ਪ੍ਰਕਿਰਿਆ ਨੂੰ ਅਮਲੀ ਰੂਪ ਵਿੱਚ ਲਾਗੂ ਕਰਦੇ ਹੋਣੇ ਚਾਹੀਦੇ ਹਨ | ਕਿਉਂਕਿ ਜਦੋਂ ਤਕ ਅਦਾਲਤ ਜਾ ਕਾਨੂੰਨ ਕਿਸੇ ਨੂੰ ਅਪਰਾਧੀ ਜਾ ਦੋਸ਼ੀ ਕਰਾਰ ਨਹੀਂ ਦੇ ਦਿੰਦਾ, ਉਸ ਸਮੇਂ ਤੱਕ ਕਿਸੇ ਨੂੰ ਵੀ ਨਾ ਤਾਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਅਤੇ ਨਾ ਹੀ ਉਸਨੂੰ ਅਖਬਾਰਾਂ ਅਤੇ ਮੀਡਿਆ ਵਿੱਚ ਉਛਾਲਕੇ ਉਸਦੇ ਇਖਲਾਕ ਨੂੰ ਦਾਗੀ ਕਰਨ ਦੀ ਕਾਨੂੰਨ ਅਤੇ ਨੈਤਿਕ ਨਿਯਮ ਇਜਾਜਤ ਦਿੰਦੇ ਹਨ ਓਹਨਾ ਕਿਹਾ ਕਿ ਬੀਤੇ ਸਮੇਂ ਵਿੱਚ ਸ. ਪ੍ਰਕਾਸ ਸਿੰਘ ਬਾਦਲ, ਮਰਹੂਮ ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਨੇ ਸਾਡੀ ਸੰਸਾਰ ਪੱਧਰ ਤੇ ਵੱਧਦੀ ਹਰਮਨ ਪਿਆਰਤਾ ਅਤੇ ਸਿਅਸੀ ਸੋਚ ਨੂੰ ਮੁੱਖ ਰੱਖਦੇ ਹੋਏ ਨਿਸ਼ਾਨਾ ਬਣਾਉਂਦੇ ਹੋਏ, ਇਸੇ ਤਰਾਂ ਮੇਰੇ ਉਤੇ ਕੋਈ 75 ਦੇ ਕਰੀਬ ਝੁਠੇ ਦੇਸ਼ ਧ੍ਰੋਹੀ, ਬਗਾਵਤ ਅਤੇ ਅਮਨ ਚੈਨ ਭੰਗ ਕਰਨ ਦੇ ਸੰਗੀਨ ਜੁਰਮ ਲਗਾਕੇ ਗ੍ਰਿਫਤਾਰੀਆਂ ਵੀ ਕੀਤੀਆਂ ਅਤੇ ਕੇਸ ਵੀ ਦਰਜ ਕੀਤੇ ਗਏ ਅਤੇ ਸਾਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਵੀ ਕੀਤੀਆਂ, ਪਰ ਅਸੀਂ ਇਹਨਾਂ ਸਭ ਕੇਸਾਂ ਵਿੱਚੋ ਬਾਇੱਜ਼ਤ ਬਰੀ ਹੋਏ | ਜਿਸ ਤੋ ਸਾਬਿਤ ਹੋ ਜਾਂਦਾ ਹੈ ਇਹ ਸਰਕਾਰਾਂ ਮੰਦਭਾਵਨਾ ਅਧੀਨ ਸਿਆਸੀ ਵਿਰੋਧੀਆਂ ਨੂੰ ਗ੍ਰਿਫ਼ਤਾਰ ਵੀ ਕਰਦੀਆਂ ਹਨ ਅਤੇ ਓਹਨਾ ਦੀ ਕਿਰਦਾਰਕੁਸ਼ੀ ਕਰਨ ਦੀਆਂ ਸਾਜਿਸ਼ਾਂ ਵੀ ਰਚਦੀਆ ਹਨ | ਜਦੋਂ ਕਿ ਅਪਰਾਧ ਕਰਨ ਵਾਲੇ ਸੰਗਠਨਾਂ ਅਤੇ ਦੋਸ਼ੀਆਂ ਦੀ ਅਕਸਰ ਹੀ ਸਰਕਾਰਾਂ ਇਸ ਲਈ ਸਰਪ੍ਰਸਤੀ ਕਰਦੀਆਂ ਹਨ ਤਾਂ ਕਿ ਇਹਨਾਂ ਅਪਰਾਧੀਆਂ ਦੀ ਸਿਆਸੀ ਮੰਤਵਾਂ ਦੀ ਪੂਰਤੀ ਲਈ ਦੁਰਵਰਤੋਂ ਕਰਦੇ ਰਹਿਣ | ਅਜਿਹਾ ਸਮਾਜ ਵਿਰੋਧੀ ਵਰਤਾਰਾ ਸੱਚ ਨੂੰ ਦੁਫ਼ਨਾਉਂਣ ਵਾਲਾ ਹੁੰਦਾ ਹੈ ਜੋ ਕਿ ਹੁਕਮਰਾਨਾਂ ਅਤੇ ਸਰਕਾਰਾਂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨਾਲ ਨਹੀਂ ਹੋਣਾ ਚਾਹੀਦਾ | ਅਪਰਾਧੀ ਬਿਲਕੁਲ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਨਿਰਦੋਸ਼ ਅਤੇ ਇਮਾਨਦਾਰ ਇਨਸਾਨ ਨੂੰ ਇਸ ਤਰਾਂ ਕਿਸੇ ਤਰਾਂ ਦੀ ਵੀ ਕਿਰਦਾਰਕੁਸ਼ੀ ਵਿੱਚ ਉਲਝਾਉਣ ਦੀ ਇਜਾਜਤ ਕਦਾਚਿਤ ਨਹੀਂ ਹੋਣੀ ਚਾਹੀਦੀ।

Leave a Reply

Your email address will not be published. Required fields are marked *