ਜੋ ਪੱਟੀ ਵਿਖੇ ਈਸਾਈਆਂ ਅਤੇ ਨਿਹੰਗ ਸਿੰਘਾਂ ਵਿੱਚ, ਬਿਆਸ ਵਿੱਖੇ ਰਾਧਾ ਸੁਆਮੀ ਅਤੇ ਸਿੱਖਾਂ ਵਿੱਚ ਟਕਰਾਅ ਪੈਦਾ ਹੋਇਆ ਹੈ, ਮੰਦਭਾਗਾ ਅਤੇ ਮੁਤੱਸਵੀ ਸੋਚ ਦਾ ਨਤੀਜਾ : ਮਾਨ

ਫ਼ਤਹਿਗੜ੍ਹ ਸਾਹਿਬ 5 ਸਤੰਬਰ ( ) ਸਿੱਖ ਕੌਮ, ਸਿੱਖ ਧਰਮ ਦਾ ਕਿਸੇ ਵੀ ਕੌਮ, ਫਿਰਕੇ, ਕਬੀਲੇ ਜਾਂ ਧਰਮ ਆਦਿ ਨਾਲ ਕਿਸੇ ਤਰਾਂ ਦਾ ਵੀ ਵੈਰ-ਵਿਰੋਧ ਨਹੀਂ ਹੈ ਅਤੇ ਨਾ ਹੀ ਅਸੀਂ ਸਿਆਸੀ ਪਾਰਟੀਆਂ ਦੀ ਤਰਾਂ ਨਫਰਤ ਫੈਲਾਕੇ ਫਾਇਦੇ ਪ੍ਰਾਪਤ ਕਰਨ ਦੀ ਸਮਾਜ ਵਿਰੋਧੀ ਸੋਚ ਵਿੱਚ ਵਿਸ਼ਵਾਸ਼ ਰੱਖਦੇ ਹਾਂ | ਜੇਕਰ ਪੱਟੀ ਵਿਖੇ ਜਾਂ ਬਿਆਸ ਵਿਖੇ ਈਸਾਈਆਂ ਅਤੇ ਰਾਧਾਂ ਸੁਆਮੀਆਂ ਵਿਚਕਾਰ ਤਨਾਵ ਪੈਦਾ ਹੋਇਆ ਹੈ ਤਾਂ ਇਹ ਸਿੱਖ ਮਨਾ ਅਤੇ ਆਤਮਾਵਾਂ ਨੂੰ ਠੇਸ ਪਹਿਚਾਉਣ ਅਤੇ ਸਿੱਖਾਂ ਉਤੇ ਸ਼ਾਜਸ਼ੀ ਹਮਲੇ ਕਰਵਾਉਣ ਦੀ ਬਦੌਲਤ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ | ਜਿਸ ਵਿੱਚ ਸਿੱਖ ਕੌਮ ਬਿਲਕੁਲ ਵੀ ਜੁੰਮੇਵਾਰ ਨਹੀਂ | ਬਲਕਿ ਸਿੱਖ ਧਰਮ ਅਤੇ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਵਾਲੀਆਂ ਤਾਕਤਾਂ ਅਤੇ ਹੁਕਮਰਾਨ ਜੁੰਮੇਵਾਰ ਹਨ ਜੋ ਵਾਰ-ਵਾਰ ਸ਼ੇਰ ਦੀ ਪੁੱਛ ਨੂੰ ਹੱਥ ਲਾਉਣ ਦੀ ਗੁਸਤਾਖੀ ਕਰਕੇ ਇਥੋਂ ਦੇ ਮਾਹੌਲ ਨੂੰ ਵਿਸਫੋਟਕ ਬਣਾ ਰਹੇ ਹਨ | ਇਹ ਵਰਤਾਰਾ ਅਤਿ ਮੰਦਭਾਗਾ ਹੈ ਜੋ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੇ ਅਮਲ ਹਨ ਜੋ ਨਹੀਂ ਹੋਣੇ ਚਾਹੀਦੇ |

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੱਟੀ ਅਤੇ ਬਿਆਸ ਵਿੱਖੇ ਈਸਾਈਆਂ ਅਤੇ ਰਾਧਾਂ ਸੁਆਮੀਆਂ ਵਿਚਕਾਰ ਉਤਪੰਨ ਹੋਏ ਤਕਰਾਰ ਅਤੇ ਵਧਦੀ ਨਫਰਤ ਲਈ ਸ਼ਾਜਿਸ਼ਕਾਰ ਹੁਕਮਰਾਨਾਂ ਅਤੇ ਧਰਮ ਤਬਦੀਲ ਕਰਨ ਵਾਲੀਆਂ ਤਾਕਤਾਂ ਨੂੰ ਜੁੰਮੇਵਾਰ ਠਹਿਰਾਉਂਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਸਭ ਕੌਮਾਂ ਅਤੇ ਧਰਮਾਂ ਨੂੰ ਇਹ ਜਾਣਕਾਰੀ ਹੈ ਕੇ ਸਿੱਖ ਕੌਮ ਭੈ ਕਹੂੰ ਕੋ ਦੈਤ ਨਾਹੀਂ ਨਾ ਭੈ ਮਾਨਤ ਆਨ ਅਤੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਦੇ ਮਾਹਾਵਾਕ ਅਨੁਸਾਰ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਹੈ | ਅਮਨ ਚੈਨ ਅਤੇ ਜਮੂਹਰੀਅਤ ਦੀ ਹਾਮੀ ਹੈ, ਫਿਰ ਹੁਕਮਰਾਨ, ਸਾਜਿਸਕਾਰ, ਸਿਆਸਤਦਾਨ ਵਾਰ-ਵਾਰ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਛੇੜਛਾੜ ਕਰਨ, ਓਹਨਾ ਦੇ ਅਮੀਰ ਵਿਰਸੇ-ਵਿਰਾਸਤ ਨਾਲ ਖਿਲਵਾੜ ਕਰਨ ਤੋਂ ਬਾਜ ਕਿਉਂ ਨਹੀਂ ਆਉਂਦੇ ? ਇਸਦਾ ਮਤਲਬ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਤਾਂ ਪੰਜਾਬ ਦੇ ਮਾਹੌਲ ਨੂੰ ਸਾਜਗਰ ਬਣਾਕੇ ਰੱਖਣਾ ਚਾਹੁੰਦੇ ਹਨ, ਪਰ ਫਿਰਕੂ ਤਾਕਤਾਂ ਅਤੇ ਸਵਾਰਥੀ ਸਿਆਸਤਦਾਨ ਕਦੀ ਸਿਰਸੇ ਵਾਲੇ ਡੇਰੇ, ਕਦੀ ਈਸਾਈ ਪ੍ਰਚਾਰਕਾਂ ਅਤੇ ਕਦੀ ਰਾਧਾ ਸੁਆਮੀ ਡੇਰੇ ਦੀ ਦੁਰਵਰਤੋਂ ਕਰਕੇ ਅੱਗ ਨਾਲ ਖੇਡਣ ਦੀ ਬੱਜਰ ਗੁਸਤਾਖੀ ਕਰਦੇ ਆ ਰਹੇ ਹਨ | ਜਿਸਦੇ ਨਤੀਜੇ ਕਦੀ ਵੀ ਲਾਹੇਬੰਦ ਸਾਬਿਤ ਨਹੀਂ ਹੋ ਸਕਣਗੇ | ਇਸ ਲਈ ਹੁਕਮਰਾਨ ਅਤੇ ਸਾਜਿਸਕਾਰ ਅਜਿਹੀਆਂ ਕਾਰਵਾਈਆਂ ਤੋਂ ਤੋਬਾ ਕਰ ਲੈਣ ਤਾ ਬਿਹਤਰ ਹੋਵੇਗਾ ਵਰਨਾ ਖਾਲਸਾਈ ਮਨੁੱਖਤਾ ਪੱਖੀ ਸੋਚ ਅਤੇ ਹਲੀਮੀ ਰਾਜ ਕਾਇਮ ਕਰਨ ਵਾਲੇ ਨਿਵਾਸੀ ਅਜਿਹੀਆਂ ਕਾਰਵਾਈਆਂ ਨੂੰ ਸਹਿਣ ਨਹੀਂ ਕਰਨਗੇ ਅਤੇ ਇਹ ਫਿਰਕੂ ਲੋਕ ਸਿੱਧੇ ਤੌਰ ਤੇ ਜੁੰਮੇਵਾਰ ਹੋਣਗੇ |

Leave a Reply

Your email address will not be published. Required fields are marked *