ਸੈਂਟਰ ਵੱਲੋਂ ਐਮ.ਐਸ.ਪੀ. ਬਾਰੇ ਬਣਾਈ ਕਮੇਟੀ ਵਿਚ ਪੰਜਾਬ, ਹਰਿਆਣਾ ਅਤੇ ਯੂਪੀ ਦਾ ਕੋਈ ਵੀ ਨੁਮਾਇੰਦਾ ਸਾਮਿਲ ਨਾ ਕਰਨਾ ਹੁਕਮਰਾਨਾਂ ਦੀ ਵੱਡੀ ਬੇਈਮਾਨੀ : ਮਾਨ

ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਸਮੁੱਚੇ ਕਿਸਾਨਾਂ, ਪੰਜਾਬੀਆਂ ਅਤੇ ਸਿੱਖ ਕੌਮ ਦੇ ਬਣੇ ਵੱਡੇ ਦਬਾਅ ਦੀ ਬਦੌਲਤ ਜਦੋਂ ਅੜੀਅਲ ਮੋਦੀ ਹਕੂਮਤ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਐਲਾਨ ਕਰਨਾ ਪਿਆ ਸੀ, ਤਾਂ ਉਸ ਸਮੇਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਹੋਏ ਖੇਤੀਬਾੜੀ ਮੰਤਰੀ ਸ੍ਰੀ ਤੋਮਰ ਨੇ ਕਿਸਾਨੀ ਉਤਪਾਦਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ਨੂੰ ਕਾਇਮ ਕਰਨ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ । ਅੱਜ 8 ਮਹੀਨੇ ਬਾਅਦ ਜਦੋ ਸੈਟਰ ਵੱਲੋ ਘੱਟੋ-ਘੱਟ ਸਮਰੱਥਨ ਮੁੱਲ ਤਹਿ ਕਰਨ ਲਈ 29 ਮੈਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ, ਉਸ ਵਿਚ ਪੰਜਾਬ ਸੂਬੇ, ਹਰਿਆਣਾ ਅਤੇ ਯੂਪੀ ਦਾ ਕੋਈ ਵੀ ਨੁਮਾਇਦਾ ਨਾ ਸਾਮਿਲ ਕਰਨ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਕਮੇਟੀ ਇੰਡੀਆ ਦੇ ਸਮੁੱਚੇ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਅਤੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਹਿੱਤ ਬਣਾਈ ਗਈ ਹੈ । ਜਦੋਕਿ ਇਸ ਵਿਚ ਸਾਮਿਲ ਮੈਬਰ ਸਭ ਇੰਡੀਅਨ ਸਟੇਟ ਦਾ ਪੱਖ ਪੂਰਨ ਵਾਲੇ ਅਤੇ ਵੱਡੇ-ਵੱਡੇ ਧਨਾਢਾਂ ਜਿਨ੍ਹਾਂ ਨੂੰ ਫਾਇਦਾ ਪਹੁੰਚਾਉਣ ਲਈ ਸ੍ਰੀ ਮੋਦੀ ਵੱਲੋ ਖੇਤੀ ਕਾਨੂੰਨ ਲਿਆਂਦੇ ਜਾ ਰਹੇ ਸਨ, ਉਨ੍ਹਾਂ ਅਡਾਨੀ, ਅੰਬਾਨੀ ਵਰਗਿਆ ਦੀਆਂ ਇਛਾਵਾ ਦੀ ਹੀ ਅੱਜ ਵੀ ਪੂਰਤੀ ਕੀਤੀ ਜਾ ਰਹੀ ਹੈ । ਜਿਸ ਨਾਲ ਇਥੋ ਦੇ ਕਿਸਾਨ-ਮਜਦੂਰ ਵਰਗ ਵਿਚ ਪਹਿਲੇ ਨਾਲੋ ਵੀ ਵੱਡੀ ਬੇਚੈਨੀ ਉਤਪੰਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸਮੁੱਚੀਆ ਕਿਸਾਨ ਯੂਨੀਅਨਾਂ ਨੂੰ ਚਾਹੀਦਾ ਹੈ ਕਿ ਉਪਰੋਕਤ 29 ਮੈਬਰੀ ਬਣਾਈ ਕਮੇਟੀ ਜਿਸ ਵਿਚ ਪੰਜਾਬ, ਹਰਿਆਣਾ, ਯੂਪੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਈ ਹੈ, ਨੂੰ ਸਾਮਿਲ ਨਾ ਕਰਨ ਵਾਲੀ ਕਮੇਟੀ ਨੂੰ ਪੂਰਨ ਰੂਪ ਵਿਚ ਰੱਦ ਕਰਕੇ ਮੋਦੀ ਹਕੂਮਤ ਦੀਆਂ ਕਿਸਾਨਾਂ ਪ੍ਰਤੀ ਮੰਦਭਾਵਨਾਵਾ ਲਈ ਚੁਣੋਤੀ ਦੇਣੀ ਚਾਹੀਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੋਦੀ ਹਕੂਮਤ ਦੇ ਅਜਿਹੇ ‘ਮੀਂਗਣਾ ਪਾ ਕੇ ਦੁੱਧ ਦੇਣ’ ਰੂਪੀ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਇਥੋ ਦੇ ਹਾਲਾਤਾਂ ਨੂੰ ਗੰਧਲਾ ਬਣਾਉਣ ਲਈ ਸੈਟਰ ਦੇ ਹੁਕਮਰਾਨਾਂ ਨੂੰ ਜਿ਼ੰਮੇਵਾਰ ਠਹਿਰਾਉਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ ਵੱਲੋ ਕਿਸਾਨ-ਮਜਦੂਰ ਵਰਗ ਦੀ ਬਿਹਤਰੀ ਲਈ ਅਤੇ ਉਨ੍ਹਾਂ ਵੱਲੋ ਉਤਪਾਦ ਕੀਤੀਆ ਜਾਣ ਵਾਲੀਆ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ ਤਹਿ ਕਰਨ ਲਈ ਬਣਾਈ ਗਈ ਹੁਕਮਰਾਨਾਂ ਅਤੇ ਧਨਾਢਾਂ ਪੱਖੀ ਬੋਗਸ ਕਮੇਟੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪੰਜਾਬ ਸੂਬੇ ਤੇ ਸਮੁੱਚੇ ਕਿਸਾਨਾਂ ਤਰਫੋ ਅਜਿਹੀ ਕਮੇਟੀ ਨੂੰ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਆਪਣੀਆ ਮੰਦਭਾਵਨਾ ਭਰੀਆ ਸਾਜਿਸਾਂ ਨਾਲ ਕਿਸਾਨਾਂ ਨੂੰ ਫਿਰ ਅੰਦੋਲਨ ਕਰਨ ਲਈ ਮਜਬੂਰ ਕੀਤਾ ਤਾਂ ਇਸਦੇ ਨਤੀਜੇ ਹੁਕਮਰਾਨਾਂ ਲਈ ਜਿਥੇ ਅਤਿ ਖਤਰਨਾਕ ਹੋਣਗੇ, ਉਥੇ ਇਹ ਹੁਕਮਰਾਨ ਮੁਕਾਰਤਾ ਭਰੀਆ ਕਾਰਵਾਈਆ ਦੀ ਬਦੌਲਤ ਉਥੋ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਵੀ ਜਿ਼ੰਮੇਵਾਰ ਹੋਣਗੇ । ਸ. ਮਾਨ ਨੇ ਇਹ ਵੀ ਕਿਹਾ ਕਿ ਜਿਵੇ ਗੁਜਰਾਤੀ ਸਿਆਸਤਦਾਨਾਂ ਅਤੇ ਧਨਾਢਾਂ ਨੇ ਸਮੁੱਚੇ ਮੁਲਕ ਦੀ ਸਿਆਸਤ ਅਤੇ ਆਰਥਿਕਤਾ ਉਤੇ ਕਬਜਾ ਕਰਨ ਹਿੱਤ ਉਥੋ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਖਤਰਾ ਪੈਦਾ ਕਰਨ ਵਾਲੇ ਅਮਲ ਸੁਰੂ ਕੀਤੇ ਹੋਏ ਹਨ ਅਤੇ ਇਥੇ ਮੁਤੱਸਵੀ ਸੋਚ ਅਧੀਨ ਹਿੰਦੂ ਰਾਸਟਰ ਕਾਇਮ ਕਰਨ ਲਈ ਵਿਧਾਨਿਕ ਲੀਹਾਂ ਤੇ ਨਿਯਮਾਂ ਨੂੰ ਕੁੱਚਲਿਆ ਜਾ ਰਿਹਾ ਹੈ, ਉਹ ਦਿਨ ਦੂਰ ਨਹੀ ਜਦੋ ਇਥੋ ਦੇ ਕੇਵਲ ਕਿਸਾਨ-ਮਜਦੂਰ ਵਰਗ ਨਹੀ ਬਲਕਿ ਸਭ ਕਾਰੋਬਾਰੀ ਵਰਗਾਂ ਨੂੰ ਮੋਦੀ ਹਕੂਮਤ ਅਤੇ ਕੱਟੜਵਾਦੀ ਜਮਾਤਾਂ ਵਿਰੁੱਧ ਬਗਾਵਤੀ ਰੋਹ ਵਿਚ ਵਿਚਰਨ ਲਈ ਮਜਬੂਰ ਹੋਣਾ ਪਵੇਗਾ । ਹੁਕਮਰਾਨਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਇਥੋ ਦੇ ਹਾਲਾਤ ਵਿਸਫੋਟਕ ਬਣਨ, ਉਸ ਤੋ ਪਹਿਲੇ ਹੁਕਮਰਾਨਾਂ ਨੂੰ ‘ਕੰਧ ਤੇ ਲਿਖਿਆ’ ਪੜ੍ਹਦੇ ਹੋਏ ਇਥੋ ਦੇ ਨਿਵਾਸੀਆ ਦੀਆਂ ਭਾਵਨਾਵਾ ਵਿਸ਼ੇਸ਼ ਤੌਰ ਤੇ ਕਿਸਾਨ-ਮਜਦੂਰ, ਵਪਾਰੀ, ਟਰਾਸਪੋਰਟਰ ਆਦਿ ਸਭਨਾਂ ਦੇ ਹੱਕ-ਹਕੂਕਾ ਨੂੰ ਮੁੱਖ ਰੱਖਕੇ ਕਿਸਾਨੀ ਫਸਲਾਂ ਲਈ ਘੱਟੋ-ਘੱਟ ਸਮਰੱਥਨ ਮੁੱਲ ਤਹਿ ਕਰਨ ਲਈ ਪੰਜਾਬ ਦੇ ਕਿਸਾਨ ਨੁਮਾਇੰਦਿਆ, ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਤੇ ਇਸ ਕਿਤੇ ਨਾਲ ਸੰਬੰਧਤ ਵਿਦਵਾਨਾਂ ਤੇ ਮਾਹਿਰਾਂ ਨੂੰ ਇਸ ਕਮੇਟੀ ਵਿਚ ਸਾਮਿਲ ਕਰਕੇ ਇਸ ਵਰਗ ਨੂੰ ਇਨਸਾਫ਼ ਦੇਣਾ ਬਣਦਾ ਹੈ ਵਰਨਾ ਸਮਾਂ ਬਹੁਤ ਅੱਗੇ ਨਿਕਲ ਜਾਵੇਗਾ ।

Leave a Reply

Your email address will not be published. Required fields are marked *