ਗੁਜਰਾਤ ਦੇ ਗੋਧਰਾ ਕਾਂਡ ਵਿਚੋਂ ਸ੍ਰੀ ਮੋਦੀ ਨੂੰ ਸੁਪਰੀਮ ਕੋਰਟ ਵੱਲੋਂ ਦੋਸ਼ ਮੁਕਤ ਕਰਨਾ, ਹੁਕਮਰਾਨਾਂ, ਪਾਰਲੀਮੈਂਟ ਅਤੇ ਅਦਾਲਤਾਂ ਦਾ ‘ਹਿੰਦੂਰਾਸਟਰ’ ਨੂੰ ਕਾਇਮ ਕਰਨ ਦਾ ਸਿੱਖਰ : ਮਾਨ

ਫ਼ਤਹਿਗੜ੍ਹ ਸਾਹਿਬ, 26 ਜੂਨ ( ) “ਜੋ ਅੱਜ ਸੁਪਰੀਮ ਕੋਰਟ ਨੇ ਗੁਜਰਾਤ ਵਿਖੇ 2002 ਵਿਚ ਦੰਗੇ-ਫਸਾਦਾਂ ਨਾਲ ਸੰਬੰਧਤ ਗੋਧਰਾ ਕਾਂਡ ਦੇ ਮਾਮਲੇ ਵਿਚ ਸ੍ਰੀ ਮੋਦੀ ਨੂੰ ਦੋਸ਼ ਰਹਿਤ ਕਰਾਰ ਦਿੱਤਾ ਹੈ, ਇਹ ਤਾਂ ਸੱਚ ਨੂੰ ਦਫਨਾਕੇ ਝੂਠ ਨੂੰ ਬੁਲੰਦ ਕਰਨ ਵਾਲੇ ਸੁਪਰੀਮ ਕੋਰਟ ਵੱਲੋਂ ਅਤਿ ਦੁੱਖਦਾਇਕ ਅਮਲ ਹੋਇਆ ਹੈ । ਇਸੇ ਤਰ੍ਹਾਂ ਬੀਤੇ ਸਮੇਂ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਨੇ ਬਾਬਰੀ ਮਸਜਿਦ ਦੇ ਚੱਲ ਰਹੇ ਕੇਸ ਵਿਚ ਹਿੰਦੂਤਵ ਤਾਕਤਾਂ ਦਾ ਪੱਖ ਪੂਰਦੇ ਹੋਏ, ਉਨ੍ਹਾਂ ਹੁਕਮਰਾਨਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਦੇ ਹੋਏ ‘ਰਾਮ ਮੰਦਰ’ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਸੀ । ਜਿਸ ਜਸਟਿਸ ਗੰਗੋਈ ਨੇ ਸੁਪਰੀਮ ਕੋਰਟ ਦੀ ਇਕ ਮੁਲਾਜਮ ਬੀਬਾ ਨਾਲ ਛੇੜਛਾੜ ਕੀਤੀ ਸੀ, ਉਸਨੂੰ ਵੀ ਸੁਪਰੀਮ ਕੋਰਟ ਦੀ ਕਮੇਟੀ ਨੇ ਕਲੀਨ ਚਿੱਟ ਦੇਣ ਦੇ ਅਮਲ ਕਰਕੇ ਇਨਸਾਫ਼ ਦੇ ਨਾਮ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਸੀ । ਜਦੋ ਸੁਪਰੀਮ ਦੀ ਸਭ ਤੋ ਵੱਡੀ ਅਹਿਮ ਅਦਾਲਤ ਵੱਲੋ ਕੱਟੜਵਾਦੀ ਤਾਕਤਾਂ ਅੱਗੇ ਝੁਕ ਜਾਵੇ ਅਤੇ ਨਿਰਪੱਖਤਾ ਵਾਲੇ ਵੱਡੇ ਨਾਮ ਅਤੇ ਅਮਲ ਦਾ ਨਿਰਾਦਰ ਹੋਣ ਲੱਗ ਜਾਵੇ, ਇਹ ਤਾਂ ਹਿੰਦੂਰਾਸਟਰ ਨੂੰ ਕਾਇਮ ਕਰਨ ਸੰਬੰਧੀ ਜ਼ਾਬਰ ਸਿੱਖਰਲੀਆ ਕਾਰਵਾਈਆ ਹਨ । ਫਿਰ ਯੂ.ਪੀ, ਮੱਧਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਦਿੱਲੀ ਆਦਿ ਵਿਖੇ ਮੁਸਲਿਮ ਕੌਮ ਨਾਲ ਸੰਬੰਧਤ ਨਿਵਾਸੀਆ ਦੇ ਘਰਾਂ ਅਤੇ ਕਾਰੋਬਾਰਾਂ ਦੀਆਂ ਇਮਾਰਤਾਂ ਨੂੰ ਗੈਰ-ਵਿਧਾਨਿਕ ਤਰੀਕੇ ਬੁਲਡੋਜਰ ਚਲਾਕੇ ਜ਼ਬਰੀ ਗਿਰਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਨੇ ਇਹ ਬੁਲਡੋਜ਼ਰਨੀਤੀ ਲਾਗੂ ਕਰ ਦਿੱਤੀ ਹੈ । ਜੰਮੂ-ਕਸ਼ਮੀਰ ਵਿਚ ਅਫਸਪਾ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ ਨੂੰ ਨਿੱਤ-ਦਿਹਾੜੇ ਮੁਕਾਬਲੇ ਦਿਖਾਕੇ ਅਤੇ ਗੋਲੀ ਦਾ ਨਿਸ਼ਾਨਾਂ ਬਣਾਕੇ ਮਾਰਿਆ ਜਾ ਰਿਹਾ ਹੈ, ਇਹ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਕਬੀਲਿਆ, ਫਿਰਕਿਆ ਲਈ ਜਿਥੇ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਉਥੇ ਹਿੰਦੂਤਵ ਤਾਕਤਾਂ ਅਤੇ ਅਦਾਲਤਾਂ ਵੱਲੋ ਹਿੰਦੂਰਾਸਟਰ ਦੇ ਪੱਖ ਵਿਚ ਹੋ ਰਹੇ ਬੇਇਨਸਾਫ਼ੀ ਵਾਲੇ ਅਮਲਾਂ ਵਿਰੁੱਧ ਇਕਜੁੱਟ ਹੋ ਕੇ ਜੂਝਣ ਅਤੇ ਹਿੰਦੂਰਾਸਟਰ ਦੇ ਮਨੁੱਖਤਾ ਵਿਰੋਧੀ ਅਜਗਰ ਦੀ ਸ੍ਰੀ ਨੱਪਣ ਦਾ ਸਮਾਂ ਆ ਚੁੱਕਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਸੁਪਰੀਮ ਕੋਰਟ ਵੱਲੋ ਗੋਧਰਾ ਦੰਗੇ-ਫਸਾਦ ਕਰਨ ਵਾਲੇ ਸਾਜਿਸਕਾਰਾਂ ਜਿਨ੍ਹਾਂ ਵਿਚ ਸ੍ਰੀ ਮੋਦੀ ਵੀ ਸਨ, ਨੂੰ ਇਸ ਵੱਡੇ ਦਰਦਨਾਕ ਕਾਂਡ ਵਿਚੋ ਦੋਸ਼ ਰਹਿਤ ਐਲਾਨਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਰਾਸਟਰ ਕਾਇਮ ਕਰਨ ਵਾਲੀਆ ਤਾਕਤਾਂ ਵਿਰੁੱਧ ਇਕਜੁੱਟ ਹੋ ਕੇ ਜੂਝਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹਿੰਦੂ ਹੁਕਮਰਾਨ, ਹਿੰਦੂ ਪਾਰਲੀਮੈਂਟ, ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਇਕ ਹੋ ਚੁੱਕੀਆ ਹਨ, ਤਾਂ ਅਮਰੀਕਾ ਦੇ ਕਾਂਗਰਸਮੈਨ ਸੈਕਟਰੀ ਆਫ਼ ਸਟੇਟ ਨੇ ਕਿਹਾ ਸੀ ਕਿ ਇੰਡੀਆ ਵਿਚ ਸਿੱਖਾਂ, ਮੁਸਲਮਾਨਾਂ, ਇਸਾਈਆ ਅਤੇ ਹੋਰ ਘੱਟਗਿਣਤੀ ਕੌਮਾਂ ਦੀ ਧਾਰਮਿਕ ਅਤੇ ਮਨੁੱਖੀ ਆਜਾਦੀ ਨੂੰ ਵੱਡੇ ਪੱਧਰ ਉਤੇ ਕੁੱਚਲਿਆ ਜਾ ਰਿਹਾ ਹੈ । ਫਿਰ ਜੋ ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਵੱਡੇ ਉਲੰਘਣ ਦੇ ਬਿਨ੍ਹਾਂ ਤੇ ਸ੍ਰੀ ਮੋਦੀ ਦਾ ਵੀਜਾ ਰੱਦ ਕਰ ਦਿੱਤਾ ਸੀ, ਇਸੇ ਤਰ੍ਹਾਂ ਬਰਤਾਨੀਆ ਹਕੂਮਤ ਨੇ ਵੀ ਸ੍ਰੀ ਮੋਦੀ ਨੂੰ ਵੀਜਾ ਦੇਣ ਤੋ ਇਨਕਾਰ ਕਰ ਦਿੱਤਾ ਸੀ, ਇਹ ਕੌਮਾਂਤਰੀ ਕਾਨੂੰਨਾਂ ਅਨੁਸਾਰ ਸ੍ਰੀ ਮੋਦੀ ਨੂੰ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰ ਦਿੱਤਾ ਸੀ । ਇਹ ਅਮਲ ਵੀ ਇੰਡੀਆ ਨਿਵਾਸੀਆ ਤੇ ਕੌਮਾਂਤਰੀ ਪੱਧਰ ਦੇ ਸੰਗਠਨਾਂ ਅਤੇ ਹੁਕਮਰਾਨਾਂ ਨੂੰ ਆਪਣੇ ਜਹਿਨ ਵਿਚ ਰੱਖਿਆ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬੀਬੀ ਨੂਪੁਰ ਸ਼ਰਮਾ ਤੇ ਸ੍ਰੀ ਜਿੰਦਲ ਜਿਨ੍ਹਾਂ ਨੇ ਹਜਰਤ ਮੁਹੰਮਦ ਸਾਹਿਬ ਦਾ ਅਪਮਾਨ ਕੀਤਾ ਹੈ, ਉਹ ਬੀਬੀ ਅਤੇ ਸ੍ਰੀ ਜਿੰਦਲ ਬੀਜੇਪੀ ਦੇ ਬੁਲਾਰੇ ਹਨ । ਕਿਸੇ ਪਾਰਟੀ ਦੇ ਬੁਲਾਰੇ ਵੱਲੋ ਕੋਈ ਕਹੀ ਹੋਈ ਗੱਲ ਜਾਂ ਜਾਰੀ ਕੀਤਾ ਗਿਆ ਬਿਆਨ ਪਾਰਟੀ ਦੀ ਪ੍ਰਵਾਨਗੀ ਤੋ ਬਿਨ੍ਹਾਂ ਕਿਵੇ ਹੋ ਸਕਦਾ ਹੈ ? ਇਹ ਬੀਬੀ ਸ਼ਰਮਾ ਅਤੇ ਸ੍ਰੀ ਜਿੰਦਲ ਨੇ ਬੀਜੇਪੀ-ਆਰ.ਐਸ.ਐਸ. ਦੀ ਹਿੰਦੂਰਾਸਟਰ ਦੀ ਕੱਟੜਵਾਦੀ ਸੋਚ ਅਧੀਨ ਹੀ ਅਜਿਹਾ ਕੀਤਾ ਹੈ । ਜਿਸ ਤੋ ਕੋਈ ਵੀ ਮੁੰਨਕਰ ਨਹੀ ਹੋ ਸਕਦਾ । ਮਨੁੱਖੀ ਅਧਿਕਾਰਾਂ ਦਾ ਇੰਡੀਆ ਵਿਚ ਵੱਡੇ ਪੱਧਰ ਤੇ ਹੋ ਰਿਹਾ ਉਲੰਘਣ ਅਤੇ ਘੱਟ ਗਿਣਤੀਆ ਉਤੇ ਹੋ ਰਹੇ ਹਕੂਮਤੀ ਜ਼ਬਰ ਦੀ ਇਹ ਪ੍ਰਤੱਖ ਮਿਸਾਲ ਹੈ ਕਿ ਇੰਡੀਆ ਨੇ ਅਮਨੈਸਟੀ ਇੰਟਰਨੈਸ਼ਨਲ ਵਰਗੀ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀ ਕੌਮਾਂਤਰੀ ਜਥੇਬੰਦੀ ਦਾ ਇੰਡੀਆ ਵਿਚ ਲੰਮੇ ਸਮੇ ਤੋ ਦਾਖਲੇ ਤੇ ਰੋਕ ਲਗਾਈ ਹੋਈ ਹੈ । ਇਹੀ ਵਜਹ ਹੈ ਕਿ ਕੌਮਾਂਤਰੀ ਜਥੇਬੰਦੀ ਯੂ.ਐਸ. ਕਮਿਸ਼ਨ ਓਨ ਇੰਟਰਨੈਸ਼ਨਲ ਰਲੀਜੀਅਸ ਫਰੀਡਮ ਨੇ ਇੰਡੀਆ ਨੂੰ ਰੈਡ ਲਿਸਟ ਵਿਚ ਪਾਇਆ ਹੋਇਆ ਹੈ ।

Leave a Reply

Your email address will not be published. Required fields are marked *