ਐਸ.ਵਾਈ.ਐਲ. ਗੀਤ ਰਾਹੀ ਸਿੱਧੂ ਮੂਸੇਵਾਲਾ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਹੀ ਰੂਪ ਵਿਚ ਉਜਾਗਰ ਕਰਨਾ ਕਾਬਲ-ਏ-ਤਾਰੀਫ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਜੂਨ ( ) “ਸਿੱਧੂ ਮੂਸੇਵਾਲਾ ਬੇਸ਼ੱਕ ਹਕੂਮਤੀ ਸਾਜਿ਼ਸਾਂ ਦਾ ਸਿ਼ਕਾਰ ਹੋਣ ਦੀ ਬਦੌਲਤ ਅੱਜ ਸਾਡੇ ਵਿਚ ਸਰੀਰਕ ਤੌਰ ਤੇ ਨਹੀਂ ਹੈ । ਪਰ ਉਸ ਵੱਲੋਂ ਸੱਚ-ਹੱਕ ਉਤੇ ਅਧਾਰਿਤ ਲਿਖੇ ਅਤੇ ਗਾਏ ਬੋਲ ਸਿੱਖ ਕੌਮ ਤੇ ਪੰਜਾਬੀਆਂ ਦੇ ਮਨ-ਆਤਮਾ ਉਤੇ ਹਮੇਸ਼ਾਂ ਲਈ ਤਾਜ਼ਾ ਹੀ ਨਹੀ ਰਹਿਣਗੇ, ਬਲਕਿ ਵੱਖ-ਵੱਖ ਕੌਮਾਂ, ਫਿਰਕਿਆ, ਕਬੀਲਿਆ ਦੇ ਨਿਵਾਸੀਆ ਉਤੇ ਹੋਣ ਵਾਲੇ ਕਿਸੇ ਤਰ੍ਹਾਂ ਦੇ ਵੀ ਜ਼ਬਰ-ਜੁਲਮ, ਬੇਇਨਸਾਫ਼ੀਆਂ ਵਿਰੁੱਧ ਆਉਣ ਵਾਲੇ ਸਮੇਂ ਵਿਚ ਅਣਖ਼-ਗੈਰਤ ਨੂੰ ਕਾਇਮ ਰੱਖਣ ਅਤੇ ਦੁਸ਼ਮਣ ਤਾਕਤਾਂ ਨਾਲ ਗੁਰੀਲੇ ਯੁੱਧ ਦੇ ਦਾਅ-ਪੇਚਾ ਦੀ ਸਹੀ ਵਰਤੋਂ ਕਰਦੇ ਹੋਏ ਆਪਣੀ ਕੌਮੀ ਤੇ ਸੂਬੇ ਦੀ ਫ਼ਤਹਿ ਦੀ ਲੜਾਈ ਦੀ ਅਗਵਾਈ ਕਰਦੇ ਰਹਿਣਗੇ । ਕਿਉਂਕਿ ਸਿੱਧੂ ਮੂਸੇਵਾਲਾ ਨੇ ਜੋ ਉਸ ਅਕਾਲ ਪੁਰਖ ਦੀ ਬਖਸਿ਼ਸ਼ ਰਾਹੀ ਆਪਣੇ ਵੱਲੋਂ ਗਾਏ ਅਨੇਕਾ ਗੀਤਾਂ ਅਤੇ ਐਸ.ਵਾਈ.ਐਲ. ਗੀਤ ਰਾਹੀ ਬੇਬਾਕੀ ਨਾਲ ਪੰਜਾਬੀਆਂ ਅਤੇ ਸਿੱਖ ਕੌਮ ਦੀ ਸਹੀ ਤਸਵੀਰ ਪੇਸ਼ ਕੀਤੀ ਹੈ । ਉਹ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾ ਹਨ । ਛੋਟੀ ਉਮਰੇ ਵੱਡੀਆ ਪ੍ਰਾਪਤੀਆ ਨੂੰ ਵੀ ਪ੍ਰਤੱਖ ਕਰਦੇ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆਂ, ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਵਿਦੇਸ਼ੀਆਂ ਦੇ ਮਕਬੂਲ ਗਾਇਕ ਸਿੱਧੂ ਮੂਸੇਵਾਲਾ ਦੀ ਐਸ.ਵਾਈ.ਐਲ. ਗੀਤ ਆਉਣ ਉਤੇ ਇਸ ਗੀਤ ਦੇ ਦੂਰਅੰਦੇਸ਼ੀ ਨਤੀਜੇ ਨਿਕਲਣ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਹੀ ਦਿਸ਼ਾ ਵੱਲ ਇਸ ਗੀਤ ਤੋਂ ਅਗਵਾਈ ਪ੍ਰਾਪਤ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰੀਰਕ ਤੌਰ ਤੇ ਅਸੀ ਸਭਨਾਂ ਨੇ ਇਸ ਫਾਨੀ ਦੁਨੀਆਂ ਤੋ ਇਕ ਨਾ ਇਕ ਦਿਨ ਕੂਚ ਕਰਨਾ ਹੀ ਹੈ । ਪਰ ਜੋ ਆਤਮਾਵਾ ਇਥੇ ਵਿਚਰਦੀਆ ਹੋਈਆ ਕੌਮ, ਸਮਾਜ ਨੂੰ ਕਿਸੇ ਖੇਤਰ ਵਿਚ ਵੀ ਕੁਝ ਦੇਣ ਦਾ ਅਮਲ ਕਰਦੀਆ ਹਨ, ਉਹ ਸਦਾ ਲਈ ਹਰ ਪ੍ਰਾਣੀ ਦੀ ਆਤਮਾ ਵਿਚ ਤਾਜ਼ਾ ਰਹਿੰਦੀਆ ਹਨ । ਉਸ ਅਕਾਲ ਪੁਰਖ ਨੇ ਸਿੱਧੂ ਮੂਸੇਵਾਲਾ ਨੂੰ ਇਕ ਅਦੁੱਤੀ ਸ਼ਕਤੀ ਦੀ ਬਖਸਿ਼ਸ਼ ਕੀਤੀ ਹੋਈ ਸੀ ਕਿ ਉਹ ਆਪਣੇ ਸ਼ਬਦਾਂ ਤੇ ਬੋਲਾਂ ਰਾਹੀ ਬੇਬਾਕੀ ਨਾਲ ਸੱਚ-ਝੂਠ ਨੂੰ ਉਜਾਗਰ ਕਰਨ ਵਾਲੀ ਨੇਕ ਆਤਮਾ ਸਨ । ਉਨ੍ਹਾਂ ਨੇ ਜਿਸ ਬਾਖੂਬੀ ਨਾਲ ਸ਼ਬਦਾਂ ਅਤੇ ਬੋਲਾਂ ਰਾਹੀ ਪੰਜਾਬੀਆਂ ਤੇ ਸਿੱਖ ਕੌਮ ਦੀ ਸੋਚ ਦੀ ਤਰਜਮਾਨੀ ਕੀਤੀ ਹੈ, ਉਸਦਾ ਕੋਈ ਵੀ ਪੰਜਾਬੀ, ਸਿੱਖ ਜਾਂ ਇਨਸਾਨ ਪ੍ਰਸ਼ੰਸ਼ਾਂ ਕਰੇ ਬਿਨ੍ਹਾਂ ਨਹੀ ਰਹਿ ਸਕਦਾ । ਉਨ੍ਹਾਂ ਦੇ ਹੱਥਲੇ ਗੀਤ ਦੇ ਆਉਣ ਉਤੇ ਪਹਿਲੇ ਹੀ ਦਿਨ 2 ਕਰੋੜ ਲਾਈਕਸ ਹੋਣਾ ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਨੂੰ ਪ੍ਰਤੱਖ ਜਾਹਰ ਕਰਦਾ ਹੈ । 

ਸ. ਟਿਵਾਣਾ ਨੇ ਐਸ.ਵਾਈ.ਐਲ. ਗੀਤ ਦੇ ਆਉਣ ਉਤੇ ਸ਼ੋਸ਼ਲ ਮੀਡੀਏ ਵਿਚ ਬਿਨ੍ਹਾਂ ਵਜਹ ਭਖਦੇ ਜਾ ਰਹੇ ਵਿਵਾਦ ਉਤੇ ਸੰਜ਼ੀਦਾ ਹੁੰਦੇ ਹੋਏ ਕਿਹਾ ਕਿ ਸਾਡੀਆ ਜਿੰਦਗੀਆਂ ਅਤੇ ਜਿਊਂਣਾ ਓਨਾ ਮਹੱਤਵਪੂਰਨ ਨਹੀਂ, ਜਿੰਨਾ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਨਿਰੰਤਰ ਹੁੰਦੇ ਆ ਰਹੇ ਹਕੂਮਤੀ ਜ਼ਬਰ-ਜੁਲਮਾਂ ਪ੍ਰਤੀ ਜਾਗਰੂਕ ਹੋਣਾ ਅਤੇ ਇਸਨੂੰ ਖ਼ਤਮ ਕਰਵਾਉਣ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਨੌਜ਼ਵਾਨੀ ਸਹਿਤ ਇਕ ਪਲੇਟਫਾਰਮ ਉਤੇ ਇਕੱਤਰ ਹੋ ਕੇ ਸਾਜਿਸਕਾਰਾਂ ਤੇ ਹੁਕਮਰਾਨਾਂ ਵਿਰੁੱਧ ਜੂਝਣਾ ਹੈ । ਇਸ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ, ਵਿਸ਼ੇਸ਼ ਤੌਰ ਤੇ ਸਿੱਖ ਨੌਜ਼ਵਾਨੀ, ਪੰਜਾਬ ਦੇ ਅਮੀਰ ਵਿਰਸੇ-ਵਿਰਾਸਤ ਨਾਲ ਜੁੜੇ ਗਾਇਕਾਂ, ਆਰਟਿਸਟਾਂ ਵੱਲੋ ਇਸ ਸਮੇ ਸੁਹਿਰਦਤਾ ਨਾਲ ਆਪਣੇ ਆਰਟ ਤੇ ਗੀਤਾ ਰਾਹੀ ਵੱਡੀ ਜਿ਼ੰਮੇਵਾਰੀ ਨਿਭਾਉਣੀ ਬਣਦੀ ਹੈ । ਤਾਂ ਕਿ ਆਪਸੀ ਖਾਨਾਜੰਗੀ ਤੋ ਦੂਰ ਰਹਿਕੇ ਅਸੀ ਸਭ ਇਤਫਾਕ ਦੀ ਲੜੀ ਵਿਚ ਪ੍ਰੋਕੇ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਕੁਝ ਉਦਮ ਕਰ ਸਕਣ ਦੇ ਸਮਰੱਥ ਹੋ ਸਕੀਏ। ਅਜਿਹਾ ਕਰਕੇ ਹੀ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਨਾਲ ਜਿਥੇ ਅਸੀ ਇਨਸਾਫ਼ ਕਰ ਰਹੇ ਹੋਵਾਂਗੇ, ਉਥੇ ਅਸੀ ਆਪੋ-ਆਪਣੀ ਆਤਮਾ ਦੇ ਬੋਝ ਤੋ ਵੀ ਸਰੂਖਰ ਹੋਣ ਦੇ ਸਮਰੱਥ ਹੋ ਸਕਾਂਗੇ । ਸ. ਟਿਵਾਣਾ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਨੌਜ਼ਵਾਨੀ, ਆਰਟਿਸਟ, ਗਾਇਕਾਂ ਅਤੇ ਸਮੁੱਚੇ ਪੰਜਾਬ ਦੇ ਬਸਿੰਦਿਆ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਸਿੱਧੂ ਮੂਸੇਵਾਲਾ ਦੇ ਰਚੇ ਐਸ.ਵਾਈ.ਐਲ. ਦੇ ਗੀਤ ਅਤੇ ਬੋਲਾਂ ਦੇ ਮਕਸਦ ਭਰਪੂਰ ਅਰਥਾਂ ਅਤੇ ਸੰਦੇਸ਼ਾਂ ਨੂੰ ਆਪਣੇ ਜਹਿਨ ਵਿਚ ਰੱਖਦੇ ਹੋਏ ਸਮੂਹਿਕ ਤਾਕਤ ਬਣਕੇ, ਵਿਵਾਦਾਂ ਤੋ ਦੂਰ ਰਹਿੰਦੇ ਹੋਏ ਆਪਣੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਨੁਹਾਰ ਨੂੰ ਕੌਮਾਂਤਰੀ ਪੱਧਰ ਤੇ ਨਿਖਾਰਨ ਅਤੇ ਇਥੇ ਸਦਾ ਲਈ ਇਤਫਾਕ, ਅਮਨ-ਚੈਨ ਦੇ ਵਰਤਾਰੇ ਨੂੰ ਕਾਇਮ ਰੱਖਣ ਲਈ ਆਪਣੇ ਇਨਸਾਨੀ ਤੇ ਕੌਮੀ ਫਰਜਾਂ ਦੀ ਪੂਰਤੀ ਕਰਕੇ ਖੁਸ਼ੀ ਮਹਿਸੂਸ ਕਰਦੇ ਰਹਿਣਗੇ ।

Leave a Reply

Your email address will not be published. Required fields are marked *