ਬਿਜਲੀ ਦੀ ਲੋੜੀਦੀ ਸਪਲਾਈ ਨਾ ਦੇਣਾ ਅਤਿ ਅਫ਼ਸੋਸਨਾਕ, ਇਹ ਤਾਂ ਹੁਣ ਸਰਕਾਰ ਵੱਲੋਂ ਪੰਜਾਬ ਨਿਵਾਸੀਆਂ ਨੂੰ ਦੇਣੀ ਹੀ ਪਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ ( ) “ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਥੋਕ ਵਿਚ ਅਜਿਹੇ ਵਾਅਦੇ ਤਾਂ ਕਰ ਲਏ ਜਿਨ੍ਹਾਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਤੀ ਕਰਨ ਦੀ ਯੋਗਤਾ ਤੇ ਸਮਰੱਥਾਂ ਹੀ ਨਹੀਂ ਰੱਖਦੀ ਅਤੇ ਨਾ ਹੀ ਇਨ੍ਹਾਂ ਵਾਅਦਿਆ ਨੂੰ ਪੂਰਨ ਕਰਨ ਲਈ ਇਹ ਸਰਕਾਰ ਸਾਧਨ ਜੁਟਾਉਣ ਦੀ ਕਿਸੇ ਤਰ੍ਹਾਂ ਦੀ ਮੁਹਾਰਤ ਰੱਖਦੀ ਹੈ । ਹੁਣ ਜਦੋ 42 ਡਿਗਰੀ ਅੱਤ ਦੀ ਗਰਮੀ ਦੇ ਦਿਨਾਂ ਵਿਚ ਬਿਜਲੀ ਦੀ ਘਰਾਂ, ਕਾਰੋਬਾਰਾਂ ਵਿਚ ਵਧੇਰੇ ਲੋੜ ਹੈ ਤਾਂ ਬਿਜਲੀ ਦੇ ਰੋਜਾਨਾ ਹੀ ਲੰਮੇ-ਲੰਮੇ ਕੱਟ ਲਗਾਉਣ ਦੀਆਂ ਕਾਰਵਾਈਆ, ਰੋਪੜ੍ਹ ਅਤੇ ਬਠਿੰਡਾ ਥਰਮਲ ਪਲਾਂਟ ਦੇ ਕਈ ਹਿੱਸੇ ਬੰਦ ਹੋ ਜਾਣ ਦੇ ਦਿਸ਼ਾਹੀਣ ਪ੍ਰਬੰਧ ਇਨ੍ਹਾਂ ਦਾ ਮਜਾਕ ਉਡਾਅ ਰਹੀਆ ਹਨ । ਕਿਉਂਕਿ ਬਿਜਲੀ ਜਿਸਦੀ ਅਤਿ ਸਖਤ ਲੋੜ ਹੈ, ਜਿਸਦੀ ਨਿਰੰਤਰ ਸਸਤੇ ਕੀਮਤਾਂ ਉਤੇ ਸਪਲਾਈ ਦੇਣਾ ਸਰਕਾਰ ਦੀ ਵੱਡੀ ਜਿ਼ੰਮੇਵਾਰੀ ਬਣਦੀ ਹੈ, ਉਸ ਤੋ ਇਹ ਭੱਜ ਚੁੱਕੇ ਹਨ । ਲੇਕਿਨ ਜਿਨ੍ਹਾਂ ਪੰਜਾਬ ਨਿਵਾਸੀਆ ਨੇ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਹੈ, ਉਨ੍ਹਾਂ ਨੂੰ ਇਹ ਬਿਜਲੀ ਦੀ ਨਿਰਵਿਘਨ ਸਪਲਾਈ ਅਵੱਸ ਦੇਣੀ ਪਵੇਗੀ । ਭਾਵੇਕਿ ਇਨ੍ਹਾਂ ਨੂੰ ਲੰਮੇ ਹੀ ਕਿਉਂ ਨਾ ਪੈਣਾ ਪਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਬਿਜਲੀ ਸਪਲਾਈ ਦੇ ਗੰਭੀਰ ਮੁੱਦੇ ਉਤੇ ਫੇਲ੍ਹ ਹੋ ਜਾਣ ਨੂੰ ਸਰਕਾਰ ਦੀ ਵੱਡੀ ਅਸਫਲਤਾ ਕਰਾਰ ਦਿੰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਇਸ ਸਰਕਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਨਾਲ ਸੰਬੰਧਤ 300 ਦਿਨਾਂ ਤੋਂ ਚੱਲ ਰਹੇ ਬਰਗਾੜੀ ਮੋਰਚੇ, ਬੀਤੇ ਸਮੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮੁੱਦੇ ਉਤੇ, ਬੀਤੇ 12 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਜਮਹੂਰੀਅਤ ਕੁੱਚਲੇ ਜਾਣ ਉਤੇ, ਸੁਮੇਧ ਸੈਣੀ ਵਰਗੇ ਸਿੱਖ ਕੌਮ ਦੇ ਕਾਤਲ ਨੂੰ ਵਾਰ-ਵਾਰ ਜਮਾਨਤਾਂ ਦੇਣ ਵਿਰੁੱਧ ਅੱਜ ਮੋਹਾਲੀ ਦੇ ਸੈਸਨ ਜੱਜ ਆਰ.ਐਸ. ਰਾਏ ਵੱਲੋ ਕੋਠੀ ਜਾਇਦਾਦ ਕੇਸ ਵਿਚ ਜਮਾਨਤ ਦੇਣ ਦੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜੋ ਜੱਜ ਵੱਡੇ ਮੁਜਰਿਮਾਂ ਅਤੇ ਮਨੁੱਖਤਾ ਦੇ ਕਾਤਲਾਂ ਨੂੰ ਜ਼ਮਾਨਤਾਂ ਦੇ ਰਹੇ ਹਨ, ਉਹ ਤਾਂ ਖੁਦ ਹੀ ਗੈਰ ਕਾਨੂੰਨੀ ਕਾਰਵਾਈਆ ਦੀ ਸਰਪ੍ਰਸਤੀ ਕਰਨ ਦੇ ਅਮਲਾਂ ਨੂੰ ਸਹਿ ਦੇ ਕੇ ਇਥੋ ਦੇ ਮਾਹੌਲ ਨੂੰ ਹੋਰ ਵਿਸਫੋਟਕ ਬਣਾ ਰਹੇ ਹਨ । ਇਸੇ ਤਰ੍ਹਾਂ ਪੰਜਾਬ ਦੇ ਪਾਣੀਆ ਨੂੰ ਐਸ.ਵਾਈ.ਐਲ. ਰਾਹੀ ਖੋਹਣ ਦੀਆ ਹੋ ਰਹੀਆ ਸਾਜਿ਼ਸਾਂ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਵਾਉਣ ਦੀਆਂ ਜਿ਼ੰਮੇਵਾਰੀਆ ਤੋ ਭੱਜਣ, ਹੈੱਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਫ਼ੌਜ ਵਿਚ ਸਿੱਖਾਂ ਦੀ 33% ਕੋਟੇ ਨੂੰ ਬਹਾਲ ਕਰਨ ਆਦਿ ਵਿਚ ਪੰਜਾਬ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਕੋਈ ਵੀ ਸੰਜ਼ੀਦਾ ਜਿ਼ੰਮੇਵਾਰੀ ਨਹੀਂ ਨਿਭਾਈ ਜਾ ਰਹੀ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਨਾਲ ਇਸ ਲਈ ਕਦੀ ਵੀ ਇਨਸਾਫ ਨਹੀ ਕਰ ਸਕੇਗੀ ਕਿਉਂਕਿ ਇਹ ਸਰਕਾਰ ਸ੍ਰੀ ਕੇਜਰੀਵਾਲ ਦੇ ਆਦੇਸ਼ਾਂ ਉਤੇ ਚੱਲ ਰਹੀ ਹੈ ਅਤੇ ਸ੍ਰੀ ਕੇਜਰੀਵਾਲ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਬਣਕੇ ਉਨ੍ਹਾਂ ਦੇ ਹਿੰਦੂਤਵ ਕੱਟੜਵਾਦੀ ਪ੍ਰੋਗਰਾਮਾਂ ਨੂੰ ਹੀ ਲਾਗੂ ਨਹੀ ਕਰ ਰਹੇ, ਬਲਕਿ ਅਸਲੀਅਤ ਵਿਚ ਉਸੇ ਕੱਟੜਵਾਦੀ ਸੋਚ ਦੇ ਮਾਲਕ ਹਨ ਕਿਉਂਕਿ ਉਨ੍ਹਾਂ ਦੀ ਸਿਆਸੀ ਪੈਦਾਇਸ ਹੀ ਆਰ.ਐਸ.ਐਸ. ਦੇ ਹੈੱਡਕੁਆਰਟਰ ਤੋ ਹੋਈ ਹੈ । ਇਸ ਲਈ ਪੰਜਾਬ ਦੇ ਨਿਵਾਸੀ, ਸ੍ਰੀ ਕੇਜਰੀਵਾਲ ਦੇ ਆਦੇਸ਼ਾਂ ਤੇ ਚੱਲਣ ਵਾਲੀ ਅਤੇ ਉਸਨੂੰ ਸਮਰਪਿਤ ਹੋਈ ਸ. ਭਗਵੰਤ ਸਿੰਘ ਮਾਨ ਸਰਕਾਰ ਤੋ ਇਹ ਉਮੀਦ ਨਾ ਰੱਖਣ ਕਿ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲੇ ਇਹ ਹੱਲ ਕਰਨਗੇ ।