ਸਿ਼ਵ ਸੈਨਿਕਾਂ ਵੱਲੋਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਤੇ ਵਿਰੋਧ ਤਾਂ ਹੋਵੇਗਾ ਹੀ, ਫਿਰ ਸਿ਼ਵ ਸੈਨਿਕਾਂ ਨੂੰ ਤਲਵਾਰਾਂ ਤੇ ਹਥਿਆਰਾਂ ਨਾਲ ਇਕੱਤਰ ਕਿਉਂ ਹੋਣ ਦਿੱਤਾ ਗਿਆ ? : ਮਾਨ

ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ ( ) “ਜਦੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹ ਜਾਣਕਾਰੀ ਹੀ ਸੀ ਕਿ ਜੇਕਰ ਫਿਰਕੂ ਸਿ਼ਵ ਸੈਨਿਕਾਂ ਨੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਤਾਂ ਉਸਦਾ ਜਬਰਦਸਤ ਵਿਰੋਧ ਤਾਂ ਹੋਵੇਗਾ ਹੀ, ਫਿਰ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਸਿਵ ਸੈਨਿਕਾਂ ਨੂੰ ਅਜਿਹੀਆ ਕਾਰਵਾਈਆ ਕਰਨ ਦੀ ਖੁੱਲ੍ਹ ਦੇ ਕੇ ਪਟਿਆਲੇ ਵਿਖੇ ਇਕੱਤਰ ਕਿਉਂ ਹੋਣ ਦਿੱਤਾ ਗਿਆ ? ਮਾਹੌਲ ਨੂੰ ਜਾਣਬੁੱਝ ਕੇ ਵਿਸਫੋਟਕ ਬਣਾਉਣ ਵਾਲੇ ਸੰਗਠਨਾਂ ਅਤੇ ਮੈਬਰਾਂ ਨੂੰ ਅਗਾਊ ਗ੍ਰਿਫ਼ਤਾਰ ਕਿਉਂ ਨਹੀ ਕੀਤਾ ਗਿਆ ? ਇਸ ਪਿੱਛੇ ਹਕੂਮਤੀ ਸਰਪ੍ਰਸਤੀ ਹੋਣ, ਮਾਹੌਲ ਨੂੰ ਭੜਕਾਊ ਬਣਾਕੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਦੀ ਹਕੂਮਤੀ ਸਾਜਿਸ ਪ੍ਰਤੱਖ ਨਜ਼ਰ ਆ ਰਹੀ ਹੈ । ਇਸ ਲਈ ਹੀ ਸਰਕਾਰ ਤੇ ਪੁਲਿਸ ਨੇ ਸ਼ਰਾਰਤੀ ਸੋਚ ਵਾਲੇ ਸਿਵ ਸੈਨਿਕਾਂ ਨੂੰ ਇਕੱਤਰ ਹੋਣ ਦਿੱਤਾ । ਹੁਣ ਮਾਹੌਲ ਖ਼ਰਾਬ ਕਰਨ ਲਈ ਸਿਵ ਸੈਨਿਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹੀ ਜਿ਼ੰਮੇਵਾਰ ਹੈ ਜਿਨ੍ਹਾਂ ਨੇ ਸਹੀ ਸਮੇ ਤੇ ਸਹੀ ਕਾਰਵਾਈ ਕਰਕੇ ਮਾਹੌਲ ਨੂੰ ਆਪਣੇ ਕਾਬੂ ਵਿਚ ਨਹੀ ਰੱਖਿਆ । ਜੋ ਆਈ.ਜੀ. ਪੁਲਿਸ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲਿਆ ਨੂੰ ਬਖਸਿਆ ਨਹੀ ਜਾਵੇਗਾ, ਹੁਣ ਅਜਿਹੀ ਬਿਆਨਬਾਜੀ ਦੀ ਕੀ ਤੁੱਕ ਬਣਦੀ ਹੈ? ਪਹਿਲੇ ਹੀ ਸੁਚੇਤ ਕਿਉਂ ਨਹੀਂ ਰਿਹਾ ਗਿਆ ? ਜੇਕਰ ਇਸ ਹਕੂਮਤੀ ਸਾਜਿਸ ਤਹਿਤ ਇਸੇ ਬਹਾਨੇ ਤਹਿਤ ਅਮਨਮਈ ਢੰਗ ਨਾਲ ਇਕੱਤਰ ਹੋਈ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਇਆ ਗਿਆ ਜਾਂ ਉਨ੍ਹਾਂ ਉਤੇ ਝੂਠੇ ਕੇਸ ਦਰਜ ਕਰਕੇ ਤਸੱਦਦ ਜੁਲਮ ਕਰਨ ਦੀ ਗੈਰ ਵਿਧਾਨਿਕ ਅਤੇ ਗੈਰ ਜਮਹੂਰੀਅਤ ਕਾਰਵਾਈ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੂੰ ਮਜਬੂਰਨ ਕੁਝ ਸੋਚਣਾ ਪਵੇਗਾ । ਜਿਸਦੇ ਨਤੀਜੇ ਹੁਕਮਰਾਨਾਂ ਲਈ ਅਤੇ ਇਥੋ ਦੇ ਮਾਹੌਲ ਨੂੰ ਅਮਨਮਈ ਰੱਖਣ ਲਈ ਲਾਹੇਵੰਦ ਨਹੀਂ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ, ਪੰਜਾਬ ਪੁਲਿਸ ਵੱਲੋ ਅਗਾਊ ਤੌਰ ਤੇ ਸਹੀ ਪ੍ਰਬੰਧ ਕਰਨ ਅਤੇ ਨਫਰਤ ਫੈਲਾਉਣ ਵਾਲੀਆ ਤਾਕਤਾਂ ਉਤੇ ਸਖਤੀ ਨਾ ਵਰਤਣ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅੱਜ ਉਥੇ ਚੱਲੀ ਗੋਲੀ ਨਾਲ ਇਕ ਸਿੱਖ ਨੌਜ਼ਵਾਨ ਸ. ਬਲਵਿੰਦਰ ਸਿੰਘ ਕਾਲਾ ਅਜਨਾਲੀ (ਫਤਹਿਗੜ੍ਹ ਸਾਹਿਬ) ਜਖ਼ਮੀ ਹੋਣ ਲਈ ਅਤੇ ਮਾਹੌਲ ਨੂੰ ਨਫ਼ਰਤ ਭਰਿਆ ਬਣਾਉਣ ਲਈ ਸਰਕਾਰ ਅਤੇ ਪੁਲਿਸ ਦੀਆਂ ਅਣਗਹਿਲੀਆ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਬੀਜੇਪੀ-ਆਰ.ਐਸ.ਐਸ. ਦੀ ਸਾਜਿਸ ਕਹੀ ਜਾ ਸਕਦੀ ਹੈ ਜਿਸਨੂੰ ਸ੍ਰੀ ਕੇਜਰੀਵਾਲ ਰਾਹੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਕਿ ਪਹਿਲਾ ਫਿਰਕੂਆਂ ਨੂੰ ਸਿੱਖਾਂ ਵਿਰੁੱਧ ਬਿਆਨਬਾਜੀ ਕਰਨ ਲਈ ਉਕਸਾਇਆ ਜਾਵੇ। ਫਿਰ ਜਦੋ ਦੋ ਧਿਰਾਂ ਆਹਮੋ-ਸਾਹਮਣੇ ਹੋਣ, ਤਾਂ ਸਿੱਖ ਕੌਮ ਨੂੰ ਕਸੂਰਵਾਰ ਠਹਿਰਾਕੇ ਇਕ ਵਾਰੀ ਫਿਰ ਕੌਮਾਂਤਰੀ ਪੱਧਰ ਤੇ ਬਦਨਾਮ ਵੀ ਕੀਤਾ ਜਾਵੇ ਅਤੇ ਉਨ੍ਹਾਂ ਬੇਕਸੂਰ ਸਿੱਖਾਂ ਉਤੇ ਝੂਠੇ ਕੇਸ ਦਰਜ ਕਰਕੇ ਦਹਿਸਤ ਵੀ ਪਾਈ ਜਾ ਸਕੇ । ਅਜਿਹੀ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਉਤੇ ਮੰਦਭਾਵਨਾ ਅਧੀਨ ਝੂਠੇ ਕੇਸ ਦਰਜ ਕਰਨ ਦੀ ਇਜਾਜਤ ਨਾ ਤਾਂ ਅਸੀਂ ਮੋਦੀ ਹਕੂਮਤ, ਨਾ ਪੰਜਾਬ ਸਰਕਾਰ ਅਤੇ ਨਾ ਹੀ ਪੰਜਾਬ ਪੁਲਿਸ ਨੂੰ ਕਤਈ ਦੇਵਾਂਗੇ । ਉਨ੍ਹਾਂ ਕਿਹਾ ਕਿ ਜਿਸ ਸਿਵਲ ਅਤੇ ਪੁਲਿਸ ਅਫਸਰਸਾਹੀ ਨੇ ਪਟਿਆਲਾ ਵਿਖੇ ਸਿਵ ਸੈਨਿਕਾਂ ਨੂੰ ਇਕੱਤਰ ਹੋਣ ਦੀ ਖੁੱਲ੍ਹ ਦੇ ਕੇ ਅਜਿਹਾ ਖ਼ਤਰਨਾਕ ਮਾਹੌਲ ਸਿਰਜਿਆ ਹੈ, ਉਨ੍ਹਾਂ ਦੀ ਨਿਰਪੱਖਤਾ ਨਾਲ ਆਜਾਦਆਨਾ ਜਾਂਚ ਕਰਵਾਈ ਜਾਵੇ, ਤਾਂ ਕਿ ਸਿਵ ਸੈਨਿਕਾ ਵਰਗੇ ਮੁਤੱਸਵੀ ਸੰਗਠਨ ਅਤੇ ਪੰਜਾਬ ਵਿਰੋਧੀ ਤਾਕਤਾਂ ਫਿਰ ਤੋ ਪੰਜਾਬ ਦੇ ਅਮਨਮਈ ਮਾਹੌਲ ਨੂੰ ਸਾਜਸੀ ਲਾਬੂ ਲਗਾਕੇ ਆਪਣੀ ਸਿਆਸਤ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਨਾ ਤਾਂ ਕਾਮਯਾਬ ਹੋ ਸਕਣ ਅਤੇ ਨਾ ਹੀ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਨਿਸਾਨਾਂ ਬਣਾਉਣ ਦੀ ਸਾਜਿਸ ਸਫਲ ਹੋ ਸਕੇ । ਸ. ਮਾਨ ਨੇ ਆਪਣੀ ਪਟਿਆਲਾ ਯੂਨਿਟ ਦੇ ਅਹੁਦੇਦਾਰਾਂ ਨੂੰ ਪੁਲਿਸ ਜਾਂ ਸਿਵ ਸੈਨਿਕਾਂ ਦੀ ਗੋਲੀ ਨਾਲ ਜਖ਼ਮੀ ਹੋਏ ਸ. ਬਲਵਿੰਦਰ ਸਿੰਘ ਕਾਲਾ ਅਜਨਾਲੀ ਦੇ ਇਲਾਜ ਅਤੇ ਦੇਖਭਾਲ ਕਰਨ ਦੀ ਉਚੇਚੇ ਤੌਰ ਤੇ ਹਦਾਇਤ ਕੀਤੀ ਤੇ ਜਿਨ੍ਹਾਂ ਨੇ ਗੋਲੀ ਚਲਾਕੇ ਸਿੱਖ ਨੌਜ਼ਵਾਨ ਨੂੰ ਜ਼ਖਮੀ ਕੀਤਾ ਹੈ, ਉਨ੍ਹਾਂ ਵਿਰੁੱਧ ਫੌਰੀ ਕੇਸ ਦਰਜ ਕਰਨ ਤੇ ਕਾਨੂੰਨੀ ਅਮਲ ਹੋਣ ਦੀ ਵੀ ਜੋਰਦਾਰ ਮੰਗ ਕੀਤੀ । ਸ. ਮਾਨ ਨੇ ਸਮੁੱਚੇ ਪੰਜਾਬੀਆਂ, ਉਚੇਚੇ ਤੌਰ ਤੇ ਸੂਝਵਾਨ, ਪੰਜਾਬ ਨੂੰ ਪਿਆਰ ਕਰਨ ਵਾਲੇ ਹਿੰਦੂ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਹਿੰਦੂ ਕੌਮ ਦੇ ਨਾਮ ਦੀ ਦੁਰਵਰਤੋ ਕਰਕੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆ ਤਾਕਤਾਂ ਸਿਵ ਸੈਨਿਕਾਂ ਅਤੇ ਹੋਰ ਫਿਰਕੂ ਸੰਗਠਨਾਂ ਨੂੰ ਅਲੱਗ-ਥਲੱਗ ਕਰਨ ਲਈ ਆਪਣੀਆ ਇਨਸਾਨੀਅਤ ਪੱਖੀ ਜਿ਼ੰਮੇਵਾਰੀਆ ਨਿਭਾਉਣ ਤਾਂ ਕਿ ਕੋਈ ਵੀ ਤਾਕਤ ਹਿੰਦੂ-ਸਿੱਖਾਂ, ਹਿੰਦੂ-ਮੁਸਲਮਾਨਾਂ ਜਾਂ ਹੋਰਨਾਂ ਕੌਮਾਂ, ਧਰਮਾਂ ਵਿਚ ਨਫ਼ਰਤ ਖੜ੍ਹੀ ਕਰਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਦੀ ਗੰਦੀ ਖ਼ਤਰਨਾਕ ਖੇਡ ਨਾ ਖੇਡ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੂਝਵਾਨ ਹਿੰਦੂ ਲੀਡਰਸਿ਼ਪ, ਵਿਦਿਆਰਥੀ, ਆਮ ਜਨਤਾ ਅਜਿਹੇ ਫਿਰਕੂ ਸੰਗਠਨਾਂ ਦੇ ਮੰਦਭਾਵਨਾ ਭਰੇ ਮਕਸਦਾਂ ਦੀ ਪੂਰਤੀ ਕਰਨ ਵਿਚ ਇਥੇ ਅਮਨ ਚਾਹੁੰਣ ਵਾਲੀਆ ਤਾਕਤਾਂ ਦੇ ਨਾਲ ਦ੍ਰਿੜਤਾ ਨਾਲ ਖੜ੍ਹੇਗੀ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦੀ ਕਿਸੇ ਨੂੰ ਇਜਾਜਤ ਨਹੀਂ ਦੇਵੇਗੀ ।

Leave a Reply

Your email address will not be published. Required fields are marked *