ਜੋ ਪੰਜਾਬੀਆਂ ਅਤੇ ਸਿੱਖਾਂ ਨੇ ਅੰਨ੍ਹੇਵਾਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਕੇ ਫਤਵਾ ਦਿੱਤਾ ਹੈ, ਹੁਣ ਸਾਡੇ ਮਸਲੇ ਹੱਲ ਨਹੀਂ ਹੋਣੇ ਕਿਉਂਕਿ ਕਸੂਰ ਤਾਂ ਸਾਡਾ ਆਪਣਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ ( ) “ਜੇਕਰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਤੋਂ ਉਨ੍ਹਾਂ 5 ਰਾਜ ਸਭਾ ਮੈਬਰਾਂ ਨੂੰ ਚੁਣਕੇ ਭੇਜਿਆ ਹੈ, ਜਿਨ੍ਹਾਂ ਦੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਤੇ ਵਿਰਸੇ ਨੂੰ ਕੋਈ ਰਤੀਭਰ ਵੀ ਦੇਣ ਨਹੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਪੰਜਾਬ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਨੂੰ ਹੱਲ ਕਰਵਾਉਣ ਸੰਬੰਧੀ ਕੋਈ ਸੰਜ਼ੀਦਗੀ ਜਾਂ ਦ੍ਰਿੜਤਾ ਹੈ ਤਾਂ ਇਹ ਸਾਡੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਵੱਡਾ ਕਸੂਰ ਹੈ ਜਿਨ੍ਹਾਂ ਨੇ ਅੰਨ੍ਹੇਵਾਹ ਬਿਨ੍ਹਾਂ ਕਿਸੇ ਸੋਚ-ਸਮਝ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਫਤਵਾ ਦਿੱਤਾ । ਇਸੇ ਤਰ੍ਹਾਂ ਹੁਣ ਤੱਕ ਇਸ ਆਮ ਆਦਮੀ ਪਾਰਟੀ ਦੀ ਬਣੀ ਨਵੀ ਸਰਕਾਰ ਨੇ ਨਾ ਤਾਂ ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ, ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸਿੱਖ ਨੌਜ਼ਵਾਨੀ ਦੇ ਕਾਤਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੋਸ਼ੀਆ ਨੂੰ ਸਜਾ ਦਿਵਾਉਣ, ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਸੰਬੰਧੀ ਇਨ੍ਹਾਂ ਗੰਭੀਰ ਮੁੱਦਿਆ ਉਤੇ ਕੋਈ ਸਟੈਂਡ ਨਾ ਲੈਣਾ ਹੈ । ਇਸੇ ਤਰ੍ਹਾਂ ਪੰਜਾਬ ਦੀ 40 ਲੱਖ ਦੀ ਬੇਰੁਜਗਾਰੀ ਨੂੰ ਦੂਰ ਕਰਨ ਲਈ, ਬੀਬੀਆਂ ਨੂੰ ਇਕ-ਇਕ ਹਜਾਰ ਰੁਪਏ ਪੈਨਸਨਾਂ ਦੇਣ, 300 ਯੂਨਿਟ ਬਿਜਲੀ ਮੁਆਫ਼ ਕਰਨ, 36 ਹਜਾਰ ਮੁਲਾਜਮਾਂ ਨੂੰ ਪੱਕੇ ਕਰਨ, ਪਾਣੀ ਅਤੇ ਬਿਜਲੀ ਦੇ ਮਸਲਿਆ ਨੂੰ ਹੱਲ ਕਰਨ ਸੰਬੰਧੀ ਜੋ ਚੋਣਾਂ ਤੋਂ ਪਹਿਲਾ ਡੀਂਗਾ ਮਾਰੀਆ ਗਈਆ ਸਨ, ਉਨ੍ਹਾਂ ਵਿਚੋਂ ਇਕ ਵੀ ਪੰਜਾਬੀਆਂ ਤੇ ਸਿੱਖ ਕੌਮ ਨਾਲ ਕੀਤੇ ਗਏ ਬਚਨ ਨੂੰ ਇਨ੍ਹਾਂ ਨੇ ਪੂਰਨ ਤਾਂ ਕੀ ਕਰਨਾ ਹੈ, ਬਲਕਿ ਪੰਜਾਬ ਦੇ ਸਰਹੱਦਾਂ ਉਤੇ ਖੇਤੀ ਕਰਨ ਵਾਲੇ ਜਿ਼ੰਮੀਦਾਰਾਂ ਦੀਆਂ ਦੋ-ਦੋ, ਢਾਈ-ਢਾਈ ਕਿਲੇ ਗੁਜਾਰੇ ਜੋਗੀਆ ਜਮੀਨਾਂ ਨੂੰ ਵੀ ਜੋ ਗਵਰਨਰ ਪੰਜਾਬ ਨੇ ਖਤਮ ਕਰਨ ਦੀ ਗੱਲ ਕੀਤੀ ਹੈ, ਉਸ ਉਤੇ ਮੁੱਖ ਮੰਤਰੀ ਗਵਰਨਰ ਨਾਲ ਚੁੱਪ ਕਰਕੇ ਖੜ੍ਹੇ ਹਨ । ਜਿਸ ਤੋ ਪ੍ਰਤੱਖ ਹੈ ਕਿ ਸੈਂਟਰ ਦੀਆਂ ਪੰਜਾਬ ਸੂਬੇ ਤੇ ਸਿੱਖ ਮਾਰੂ ਨੀਤੀਆ ਅਤੇ ਅਮਲਾਂ ਨਾਲ ਇਹ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਸਹਿਮਤ ਹੀ ਨਹੀਂ ਬਲਕਿ ਉਨ੍ਹਾਂ ਦੀਆਂ ਇਹ ਮਾਰੂ ਨੀਤੀਆ ਨੂੰ ਇਕ-ਇਕ ਕਰਕੇ ਲਾਗੂ ਕਰਦੀ ਹੋਈ ਪੰਜਾਬ ਸੂਬੇ ਨੂੰ ਪਹਿਲੇ ਨਾਲੋ ਵੀ ਹੋਰ ਬਰਬਾਦੀ ਵੱਲ ਲਿਜਾ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੀਆ ਚੋਣਾਂ ਵਿਚ ਪੰਜਾਬੀਆਂ ਤੇ ਸਿੱਖ ਕੌਮ ਵੱਲੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਜਮਾਤਾਂ ਦੀ ਬੀ-ਟੀਮ ਆਮ ਆਦਮੀ ਪਾਰਟੀ ਨੂੰ ਅੰਨ੍ਹੇਵਾਹ ਵੋਟਾਂ ਪਾ ਕੇ ਫਤਵਾ ਦੇਣ ਦੇ ਹੋਏ ਦੁੱਖਦਾਇਕ ਅਮਲ ਉਤੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਹੀ ਸੰਜ਼ੀਦਗੀ ਭਰਿਆ ਲਾਭਾ ਦਿੰਦੇ ਹੋਏ ਅਤੇ ਆਮ ਆਦਮੀ ਪਾਰਟੀ ਵੱਲੋ ਕਿਸੇ ਵੀ ਮੁੱਦੇ ਉਤੇ ਕਿਸੇ ਤਰ੍ਹਾਂ ਦਾ ਕੋਈ ਦ੍ਰਿੜਤਾ ਪੂਰਵਕ ਸਟੈਡ ਨਾ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬੀਆਂ ਅਤੇ ਸਿੱਖ ਕੌਮ ਨੇ, ਪੰਜਾਬ ਸੂਬੇ, ਇਥੋ ਦੇ ਨਿਵਾਸੀਆ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਪ੍ਰਾਪਤੀ ਲਈ ਅਤੇ ਲੰਮੇ ਸਮੇ ਤੋ ਹੋ ਰਹੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆ ਨੂੰ ਦੂਰ ਕਰਵਾਉਣ ਲਈ ਦ੍ਰਿੜਤਾ ਨਾਲ ਲੜਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਹੱਕ ਵਿਚ ਫਤਵਾ ਨਾ ਦੇਣ ਦੀ ਵੱਡੀ ਗੁਸਤਾਖੀ ਕੀਤੀ ਹੈ, ਪਰ ਇਸਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਵੇ ਪਹਿਲੇ ਆਪਣੇ ਸੂਬੇ ਅਤੇ ਨਿਵਾਸੀਆ ਦੀ ਬਿਹਤਰੀ ਲਈ ਦ੍ਰਿੜਤਾ ਨਾਲ ਲੜਦਾ ਆ ਰਿਹਾ ਹੈ, ਉਸੇ ਤਰ੍ਹਾਂ ਆਪਣੇ ਫਰਜਾਂ ਉਤੇ ਪਹਿਰਾ ਦਿੰਦੇ ਹੋਏ ਮੌਜੂਦਾ ਨਵੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੈਟਰ ਦੇ ਹੁਕਮਰਾਨਾਂ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲਾਂ ਵਿਰੁੱਧ ਆਪਣੀ ਜੰਗ ਨੂੰ ਨਿਰੰਤਰ ਉਦੋ ਤੱਕ ਜਾਰੀ ਰੱਖੇਗਾ ਜਦੋ ਤੱਕ ਸਮੁੱਚੇ ਪੰਜਾਬੀਆ ਅਤੇ ਸਿੱਖ ਕੌਮ ਨੂੰ ਸੈਟਰ ਦੇ ਮੁਤੱਸਵੀ ਹੁਕਮਰਾਨਾਂ, ਪਾਰਟੀਆ ਅਤੇ ਸੌੜੇ ਹਿੱਤਾ ਦੀ ਪੂਰਤੀ ਲਈ ਸਾਜਿਸਾ ਰਚਣ ਵਾਲਿਆ ਨੂੰ ਪੰਜਾਬ ਦੀ ਗੁਰੂਆਂ ਦੀ ਪਵਿੱਤਰ ਧਰਤੀ ਤੋ ਸਿਆਸੀ ਤੌਰ ਤੇ ਖਤਮ ਨਹੀ ਕਰ ਦਿੰਦਾ ਅਤੇ ਪੰਜਾਬੀਆਂ ਤੇ ਸਿੱਖਾਂ ਦੇ ਬਿਨ੍ਹਾਂ ਤੇ ਆਜਾਦ ਪ੍ਰਭੂਸਤਾ ਵਾਲੀ ਹਕੂਮਤ ਕਾਇਮ ਨਹੀ ਕਰ ਲੈਦਾ । 

ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਜਿਥੇ ਆਜਾਦ ਸਿੱਖ ਬਾਦਸਾਹੀ ਦੇ ਰਾਜਭਾਗ ਚਲਾਉਣ ਦੀ ਸ਼ਕਤੀ ਦੀ ਬਖਸਿ਼ਸ਼ ਕੀਤੀ ਹੈ, ਉਥੇ ਅਸੀ ਆਪਣੇ ਅਜਿਹੇ ਰਾਜ ਭਾਗ ਵਿਚ ਵੱਸਣ ਵਾਲੀਆ ਸਭ ਕੌਮਾਂ, ਧਰਮਾਂ ਦੇ ਨਿਵਾਸੀਆ ਦੀਆਂ ਭਾਵਨਾਵਾ ਅਨੁਸਾਰ ਆਪਣੇ ਮਨੁੱਖਤਾ ਪੱਖੀ ਫਰਜਾਂ ਨੂੰ ਪੂਰਨ ਕਰਨ ਤੋ ਕਦੀ ਵੀ ਨਾ ਤਾਂ ਅਣਗਹਿਲੀ ਵਰਤਾਗੇ ਅਤੇ ਨਾ ਹੀ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਕਦੀ ਵੀ ਪਿੱਠ ਦਿਖਾਵਾਂਗੇ । ਕਿਉਂਕਿ ਇਨਸਾਫ਼ ਪ੍ਰਾਪਤੀ, ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਕਰਨ ਹਿੱਤ ਹੀ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀ ਮਨੁੱਖਤਾ ਪੱਖੀ ਅਗਵਾਈ ਦਿੱਤੀ ਹੈ । ਜਿਸ ਉਤੇ ਹਲੀਮੀ ਰਾਜ ਕਾਇਮ ਕਰਨ ਤੱਕ ਸੰਘਰਸ਼ ਕਰਦੇ ਰਹਾਂਗੇ । ਉਦੋ ਤੱਕ ਚੈਨ ਨਾਲ ਨਹੀਂ ਬੈਠਾਂਗੇ, ਜਦੋ ਤੱਕ ਇਥੋ ਮਨੁੱਖਤਾ ਦੇ ਦੁਸ਼ਮਣ ਹਾਕਮਾਂ, ਸਵਾਰਥੀ ਸੋਚ ਵਾਲੀਆ ਪਾਰਟੀਆ ਅਤੇ ਗਲਤ ਅਨਸਰ ਨੂੰ ਆਪਣੇ ਪੰਜਾਬ ਸੂਬੇ ਤੋ ਸਫਾਈ ਨਹੀ ਕਰ ਦਿੰਦੇ ਅਤੇ ਸਭਨਾਂ ਧਰਮਾਂ, ਕੌਮਾਂ ਦਾ ਸਾਂਝਾ ਰਾਜ ਭਾਗ ਕਾਇਮ ਨਹੀ ਕਰ ਲੈਦੇ । ਸ. ਮਾਨ ਨੇ ਇਸ ਮਕਸਦ ਦੀ ਪ੍ਰਾਪਤੀ ਲਈ ਜੋ 14 ਅਪ੍ਰੈਲ 2022 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਨਸਾਫ਼ ਪਸੰਦ ਹਮਖਿਆਲੀ ਸਖਸ਼ੀਅਤਾਂ ਵੱਲੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਕਾਨਫਰੰਸ ਕੀਤੀ ਜਾ ਰਹੀ ਹੈ, ਉਸ ਵਿਚ ਸਭਨਾਂ ਵਰਗਾਂ ਨੂੰ ਹੁੰਮ-ਹੁੰਮਾਕੇ ਪਹੁੰਚਣ ਦੀ ਜੋਰਦਾਰ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *