ਕੰਗਣਾ ਰਣੌਤ ਵਰਗੀ ਬੀਬੀ ਨੂੰ ਕੋਈ ਕਾਨੂੰਨੀ ਜਾਂ ਇਖਲਾਕੀ ਹੱਕ ਨਹੀ ਕਿ ਉਹ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰੇ : ਟਿਵਾਣਾ
ਭਾਰਤੀ ਜਨਤਾ ਪਾਰਟੀ ਜੇਕਰ ਇਥੇ ਸਥਾਈ ਤੌਰ ਤੇ ਅਮਨ ਚੈਨ ਦੀ ਚਾਹਵਾਨ ਹੈ ਤਾਂ ਕੰਗਣਾ ਰਣੌਤ ਨੂੰ ਪਾਰਟੀ ਤੋਂ ਬਰਤਰਫ ਕਰੇ ਅਤੇ ਐਮਰਜੈਸੀ ਫਿਲਮ ਤੇ ਰੋਕ ਲਗਾਵੇ
ਫ਼ਤਹਿਗੜ੍ਹ ਸਾਹਿਬ, 31 ਅਗਸਤ ( ) “ਕੰਗਣਾ ਰਣੌਤ ਨਾਮ ਦੀ ਐਕਟਰਸ ਤੋ ਐਮ.ਪੀ ਬਣੀ ਬੀਬੀ ਨੂੰ ਨਾ ਤਾਂ ਆਪਣੇ ਹਿਮਾਚਲੀ ਸੱਭਿਆਚਾਰ ਤੇ ਨਾ ਹੀ ਪੰਜਾਬੀਆਂ ਤੇ ਸਿੱਖ ਕੌਮ ਦੇ ਸੱਭਿਆਚਾਰ ਤੇ ਰਿਸਤੇ ਬਾਰੇ ਕੋਈ ਜਾਣਕਾਰੀ ਹੈ । ਤਦ ਹੀ ਉਹ ਬਿਨ੍ਹਾਂ ਸੋਚੇ ਸਮਝੇ ਗੈਰ ਦਲੀਲ ਢੰਗ ਤੇ ਗੈਰ ਇਖਲਾਕੀ ਢੰਗ ਨਾਲ ਅਜਿਹੀ ਭੱਦੀ ਬਹੁਗਿਣਤੀ ਤੇ ਸਿੱਖ ਕੌਮ ਵਿਚ ਨਫਰਤ ਪੈਦਾ ਕਰਨ ਵਾਲੀ ਬਿਆਨਬਾਜੀ ਨਿਰੰਤਰ ਕਰਦੀ ਆ ਰਹੀ ਹੈ । ਜਿਸ ਨਾਲ ਇਥੋ ਦਾ ਮਾਹੌਲ ਅਮਨ ਵਾਲਾ ਨਾ ਰਹਿਕੇ ਵਿਸਫੋਟਕ ਬਣੇ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਜਿਸ ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਬਾਦਲ ਨਾਲ ਨੌਹ ਮਾਸ ਦਾ ਰਿਸਤਾ ਰਿਹਾ ਹੈ, ਉਹ ਸਰਹੱਦੀ ਸੂਬਿਆਂ ਪੰਜਾਬ ਅਤੇ ਕਸਮੀਰ ਦੇ ਪੰਜਾਬੀਆਂ ਤੇ ਕਸਮੀਰੀਆ ਦੀ ਮਨੋਵਿਗਿਆਨ ਸਥਿਤੀ ਨੂੰ ਅੱਛੀ ਤਰ੍ਹਾਂ ਸਮਝਦੀ ਹੈ ਕਿ ਜੇਕਰ ਪੰਜਾਬੀ ਤੇ ਕਸਮੀਰੀਆ ਨਾਲ ਹੋ ਰਹੇ ਵਿਤਕਰਿਆ ਤੇ ਜ਼ਬਰ ਜੁਲਮ ਦੇ ਹਕੂਮਤੀ ਅਪਮਾਨ ਬੰਦ ਨਾ ਕੀਤੇ ਗਏ ਤਾਂ ਇਹ ਦੋਵੇ ਸੂਬੇ ਅਤੇ ਇਹ ਦੋਵੇ ਕੌਮਾਂ ਆਉਣ ਵਾਲੇ ਸਮੇ ਵਿਚ ਇੰਡੀਆ ਦਾ ਹਿੱਸਾ ਕਦਾਚਿਤ ਨਹੀ ਰਹਿ ਸਕਣਗੇ । ਇਨ੍ਹਾਂ ਨਾਲ ਹੋ ਰਹੇ ਜ਼ਬਰ ਜੁਲਮ ਦੀ ਬਦੌਲਤ ਇੰਡੀਆ ਦਾ ਮਾਹੌਲ ਵੀ ਅਮਨਮਈ ਨਹੀ ਰਹਿ ਸਕੇਗਾ । ਇਸ ਲਈ ਹਿੰਦੂਤਵ ਹੁਕਮਰਾਨਾਂ ਲਈ ਇਹ ਜਰੂਰੀ ਹੈ ਕਿ ਪੰਜਾਬ ਤੇ ਜੰਮੂ ਕਸਮੀਰ ਵਿਚ ਹਕੂਮਤੀ ਤਾਕਤਾਂ ਵੱਲੋ ਪੰਜਾਬੀਆ ਤੇ ਕਸਮੀਰੀਆ ਦੇ ਮਨ ਆਤਮਾ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਤੋ ਖੁਦ ਵੀ ਤੋਬਾ ਕਰੇ ਅਤੇ ਅਜਿਹੀਆ ਹੋਣ ਵਾਲੀਆ ਦੁੱਖਦਾਇਕ ਕਾਰਵਾਈਆ ਤੇ ਸਖਤੀ ਨਾਲ ਰੋਕ ਲਗਾਵੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਕੰਗਣਾ ਰਣੌਤ ਵੱਲੋ ਗੈਰ ਦਲੀਲ ਤੇ ਗੈਰ ਇਖਲਾਕੀ ਢੰਗ ਨਾਲ ਪੰਜਾਬੀਆਂ, ਸਿੱਖ ਕੌਮ ਅਤੇ ਕਿਸਾਨਾਂ ਵਿਰੁੱਧ ਨਿਰੰਤਰ ਲੰਮੇ ਸਮੇ ਤੋ ਦਿੱਤੀ ਜਾ ਰਹੀ ਭੱਦੀ ਬਿਆਨਬਾਜੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੁਲਕ ਦੇ ਹੁਕਮਰਾਨਾਂ ਨੂੰ ਆਪਣੀ ਇਸ ਐਮ.ਪੀ ਬੀਬੀ ਦੀਆਂ ਨਫਰਤ ਭਰੀਆ ਕਾਰਵਾਈਆ ਉਤੇ ਸਖਤੀ ਨਾਲ ਰੋਕ ਲਗਾਉਣ ਦੀ ਸੰਜੀਦਗੀ ਭਰੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਸ ਵਿਸੇ ਤੇ ਹੁਕਮਰਾਨਾਂ ਵੱਲੋ ਅਣਗਹਿਲੀ ਕੀਤੀ ਗਈ ਤਾਂ ਇਸ ਮੁਲਕ ਦੇ 2 ਨਹੀ ਲੇਕਿਨ ਕਈ ਟੋਟੇ ਹੋਣ ਤੋ ਕੋਈ ਵੀ ਸਕਤੀ ਨਹੀ ਬਚਾ ਸਕੇਗੀ ਅਤੇ ਜੋ ਇੰਡੀਆ ਹਜਾਰਾਂ ਸਾਲਾਂ ਤੱਕ ਗੁਲਾਮ ਰਿਹਾ ਹੈ, ਫਿਰ ਉਸੇ ਸਥਿਤੀ ਵਿਚ ਜਾਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਥੋ ਤੱਕ ਕੰਗਣਾ ਰਣੌਤ ਤੇ ਹੋਰ ਕਈ ਮੁਤੱਸਵੀ ਸੋਚ ਵਾਲੇ ਸੰਗਠਨਾਂ ਤੇ ਆਗੂਆਂ ਵੱਲੋ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨਾਲ ਜੋ ਖਿਲਵਾੜ ਕਰਦੇ ਹੋਏ ਬਿਆਨਬਾਜੀ ਕੀਤੀ ਜਾ ਰਹੀ ਹੈ, ਉਹ ਪੰਜਾਬ ਦੇ ਸਰਹੱਦੀ ਸੂਬੇ ਦੇ ਬਣੇ ਗੰਭੀਰ ਹਾਲਾਤਾਂ ਉਤੇ ‘ਬਲਦੀ ਉਤੇ ਤੇਲ ਪਾਉਣ’ ਦੀ ਵੱਡੀ ਗੁਸਤਾਖੀ ਕੀਤੀ ਜਾ ਰਹੀ ਹੈ । ਜਿਸ ਨਾਲ ਕੇਵਲ ਪੰਜਾਬ ਹੀ ਨਹੀ ਬਲਕਿ ਸਮੁੱਚੇ ਇੰਡੀਆ ਦੀ ਸਥਿਤੀ ਚਿੰਤਾਜਨਕ ਬਣ ਜਾਵੇਗੀ ।
ਇਸ ਲਈ ਮੌਜੂਦਾ ਬੀਜੇਪੀ ਆਰ.ਐਸ.ਐਸ ਦੀ ਮੋਦੀ ਸਰਕਾਰ ਲਈ ਇਹ ਅਮਲ ਕਰਨਾ ਅਤਿ ਜਰੂਰੀ ਹੈ ਜੋ ਵੀ ਕੋਈ ਆਗੂ ਫਿਰਕੂ ਸੰਗਠਨ ਪੰਜਾਬ ਤੇ ਜੰਮੂ ਕਸਮੀਰ ਵਿਚ ਉਥੋ ਦੇ ਨਿਵਾਸੀਆ ਨੂੰ ਠੇਸ ਪਹੁੰਚਾਉਣ ਦੀ ਕੋਸਿਸ ਕਰ ਰਿਹਾ ਹੈ, ਉਸ ਉਤੇ ਤੁਰੰਤ ਕਾਨੂੰਨੀ ਅਮਲ ਕਰਦੇ ਹੋਏ ਉਸ ਨੂੰ ਵੱਡੀ ਜਿੰਮੇਵਾਰੀ ਨਾਲ ਰੋਕੇ ਜਿਸ ਬੀਬੀ ਕੰਗਣਾ ਰਣੌਤ ਵੱਲੋ ਵਾਰ-ਵਾਰ ਪੰਜਾਬੀਆ ਤੇ ਸਿੱਖ ਕੌਮ ਅਤੇ ਕਿਸਾਨ ਵਰਗ ਦੀ ਤੋਹੀਨ ਕਰਦੇ ਹੋਏ ਅਮਲ ਹੋ ਰਹੇ ਹਨ, ਉਸ ਬੀਬੀ ਨੂੰ ਆਪਣੀ ਇਖਲਾਕੀ ਜਿੰਮੇਵਾਰੀ ਸਮਝਦੇ ਹੋਏ ਆਪਣੀ ਬੀਜੇਪੀ ਪਾਰਟੀ ਵਿਚੋ ਬਰਤਰਫ ਕਰਨ ਦੇ ਨਾਲ-ਨਾਲ ਉਸ ਵੱਲੋ ਬਣਾਈ ਗਈ ਐਮਰਜੈਸੀ ਫਿਲਮ ਜਿਸ ਵਿਚ ਸਿੱਖ ਨਾਇਕਾਂ ਅਤੇ ਸਿੱਖੀ ਮਰਿਯਾਦਾਵਾਂ ਅਤੇ ਸੋਚ ਦੇ ਉਲਟ ਅਮਲ ਹੋ ਰਹੇ ਹਨ, ਉਸ ਉਤੇ ਮੁਕੰਮਲ ਰੂਪ ਵਿਚ ਪਾਬੰਦੀ ਲਗਾਉਣ ਦੀ ਜਿੰਮੇਵਾਰੀ ਵੀ ਨਿਭਾਵੇ ਤਾਂ ਕਿ ਪੰਜਾਬ ਤੇ ਕਸਮੀਰ ਦੇ ਸਰਹੱਦੀ ਸੂਬਿਆਂ ਦੇ ਸਮਾਜਿਕ ਮਾਹੌਲ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਪੈਦਾ ਹੋਵੇ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਫਿਲਮੀ ਸੈਸਰ ਬੋਰਡ ਅਜਿਹੀਆ ਫਿਰਕੂ ਜਾਂ ਨਫਰਤ ਪੈਦਾ ਕਰਨ ਵਾਲੇ ਦ੍ਰਿਸਾਂ ਦੀ ਜਾਂਚ ਪੜਤਾਲ ਕਰਦਾ ਹੈ, ਉਸ ਫਿਲਮੀ ਸੈਸਰ ਬੋਰਡ ਵਿਚ ਸਾਡੀ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਵੱਲੋ 2 ਨੁਮਾਇੰਦੇ ਇਸ ਬੋਰਡ ਵਿਚ ਸਾਮਿਲ ਕੀਤੇ ਜਾਣ ਤਾਂ ਕਿ ਅਜਿਹੀਆ ਸਿੱਖ ਵਿਰੋਧੀ ਤਾਕਤਾਂ ਅਤੇ ਆਗੂ ਮੁਲਕ ਦੇ ਮਾਹੌਲ ਨੂੰ ਕਦੀ ਵੀ ਕਿਸੇ ਤਰ੍ਹਾਂ ਵਿਸਫੋਟਕ ਬਣਾਉਣ ਦੀ ਗੁਸਤਾਖੀ ਨਾ ਕਰ ਸਕਣ ।