ਸੁਖਬੀਰ ਸਿੰਘ ਬਾਦਲ ਤੇ ਬਾਗੀ ਦਲ ਦੇ ਸਮੁੱਚੇ ਦੋਸ਼ੀ ਆਗੂਆਂ ਨੂੰ ਕੌਮੀ ਭਾਵਨਾਵਾ ਅਨੁਸਾਰ ਸਜ਼ਾ ਸੁਣਾਈ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 31 ਅਗਸਤ ( ) “ਜੋ ਬੀਤੇ ਕੁਝ ਸਮੇ ਤੋ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਸਥਾਵਾਂ ਉਤੇ ਬਿਰਾਜਮਾਨ ਸਖਸੀਅਤਾਂ ਦੀ ਦ੍ਰਿੜਤਾ ਤੇ ਦੂਰਅੰਦੇਸ਼ੀ ਦੀ ਘਾਟ ਕਾਰਨ ਅਤੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਹੋਈਆ ਗੈਰ ਇਖਲਾਕੀ ਕਾਰਵਾਈਆ ਦੀ ਬਦੌਲਤ ਖਾਲਸਾ ਪੰਥ ਅਤੇ ਸਿੱਖ ਕੌਮ ਡੂੰਘੇ ਭੰਬਲਭੂਸੇ ਅਤੇ ਰੋਹ ਵਿਚ ਹੈ। ਉਸ ਸਥਿਤੀ ਨੂੰ ਤਦ ਹੀ ਸਹੀ ਦਿਸ਼ਾ ਵੱਲ ਬਰਕਰਾਰ ਰੱਖਿਆ ਜਾ ਸਕੇਗਾ ਜੇਕਰ ਮੌਜੂਦਾ ਜਥੇਦਾਰ ਸਾਹਿਬਾਨ ਬਿਨ੍ਹਾਂ ਕਿਸੇ ਸਿਆਸੀ ਪ੍ਰਭਾਵ ਨੂੰ ਕਬੂਲਣ ਤੋ ਨਿਰਪੱਖਤਾ ਤੇ ਦ੍ਰਿੜਤਾ ਨਾਲ ਸ. ਸੁਖਬੀਰ ਸਿੰਘ ਬਾਦਲ ਅਤੇ ਬਾਗੀ ਦਲ ਦੇ ਸਮੁੱਚੇ ਦੋਸ਼ੀ ਆਗੂਆਂ ਨੂੰ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਸਜਾ ਦਿਵਾਉਣ ਦੇ ਉਦਮ ਕਰ ਸਕਣਗੇ । ਵਰਨਾ ਸਿੱਖ ਕੌਮ ਵਿਚ ਭੰਬਲਭੂਸੇ ਵਾਲੀ ਸਥਿਤੀ ਹੋਰ ਵੀ ਚਿੰਤਾਜਨਕ ਬਣ ਜਾਵੇਗੀ । ਜਿਸ ਲਈ ਮੌਜੂਦਾ 5 ਤਖਤਾਂ ਦੇ ਜਥੇਦਾਰ ਸਾਹਿਬਾਨ ਉਤੇ ਵੱਡੀ ਜਿੰਮੇਵਾਰੀ ਆ ਜਾਂਦੀ ਹੈ । ਸਿੱਖ ਕੌਮ ਜਿਵੇ ਸੁਖਬੀਰ ਬਾਦਲ ਤੇ ਬਾਗੀ ਦੁਰਕਾਰੇ ਜਾ ਚੁੱਕੇ ਆਗੂਆਂ ਨੂੰ ਕਿਸੇ ਤਰ੍ਹਾਂ ਵੀ ਮੁਆਫ ਨਹੀ ਕਰ ਰਹੀ, ਜੇਕਰ ਸਿੰਘ ਸਾਹਿਬਾਨ ਨੇ ਸਹੀ ਦਿਸ਼ਾ ਵੱਲ ਉਦਮ ਨਾ ਕੀਤਾ ਤਾਂ ਸਿੰਘ ਸਾਹਿਬਾਨ ਦੇ ਸਤਿਕਾਰ ਮਾਣ ਨੂੰ ਡੂੰਘੀ ਠੇਸ ਪਹੁੰਚ ਸਕਦੀ ਹੈ । ਇਸ ਲਈ ਜਥੇਦਾਰ ਸਾਹਿਬਾਨ ਨੂੰ ਇਹ ਸੰਜ਼ੀਦਾ ਅਪੀਲ ਹੈ ਕਿ ਜੇਕਰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਆਪਣੇ ਸਤਿਕਾਰ ਮਾਣ ਨੂੰ ਸਦੀਵੀ ਕਾਇਮ ਰੱਖਣਾ ਹੈ, ਤਾਂ ਉਹ ਸਿਆਸੀ ਆਗੂਆਂ ਦੇ ਪ੍ਰਭਾਵ ਤੋ ਰਹਿਤ ਹੋ ਕੇ ਸ. ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਬਾਗੀ ਆਗੂਆਂ ਦੇ ਮਾਮਲੇ ਉਤੇ ਫੈਸਲਾ ਕਰਦੇ ਹੋਏ ਕੌਮੀ ਭਾਵਨਾਵਾ ਅਨੁਸਾਰ ਇਤਿਹਾਸਿਕ ਫੈਸਲਾ ਸੁਣਾਉਣ ਦੀ ਦ੍ਰਿੜਤਾ ਨਾਲ ਜਿੰਮੇਵਾਰੀ ਨਿਭਾਉਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2007 ਤੋ ਲੈਕੇ 2017 ਤੱਕ ਅਕਾਲੀ ਦਲ ਬਾਦਲ ਦੇ ਸਮੁੱਚੇ ਆਗੂਆਂ ਵੱਲੋਂ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੇ ਗੁਲਾਮ ਬਣਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਕੀਤੇ ਗਏ ਵੱਡੇ ਧੋਖੇ ਅਤੇ ਫਰੇਬ ਅਤੇ ਸਿੱਖ ਕੌਮ ਉਤੇ ਹੋਏ ਜ਼ਬਰ ਜੁਲਮ ਲਈ ਇਨ੍ਹਾਂ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਜਥੇਦਾਰ ਸਾਹਿਬਾਨ ਨੂੰ ਨਿਰਪੱਖਤਾ ਨਾਲ ਇਸ ਗੰਭੀਰ ਵਿਸੇ ਤੇ ਦ੍ਰਿੜਤਾ ਨਾਲ ਸਹੀ ਫੈਸਲਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਅਜਿਹਾ ਅਮਲ ਕਰਨ ਨਾਲ ਹੀ ਇਨ੍ਹਾਂ ਮਹਾਨ ਸੰਸਥਾਵਾਂ ਦੇ ਕੌਮਾਂਤਰੀ ਪੱਧਰ ਦੇ ਵੱਡੇ ਰੁਤਬੇ ਅਤੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕੇਗਾ, ਉਥੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਦੁਸਮਣ ਤਾਕਤਾਂ ਦੀਆਂ ਸਾਜਿਸਾਂ ਨੂੰ ਸਮਝਦੇ ਹੋਏ ਕੌਮੀ ਸੋਚ ਤੇ ਲੀਹਾਂ ਅਨੁਸਾਰ ਗੁਰੂ ਆਸੇ ਅਨੁਸਾਰ ਫਿਰ ਤੋ ਗੁਰੂ ਮਰਿਯਾਦਾਵਾ ਤੇ ਸੋਚ ਅਨੁਸਾਰ ਫੈਸਲੇ ਹੋਣ ਦਾ ਮੁੱਢ ਵੱਝ ਸਕੇਗਾ । ਜਥੇਦਾਰ ਸਾਹਿਬਾਨ ਦੇ ਸਤਿਕਾਰ ਵਿਚ ਵੀ ਢੇਰ ਸਾਰਾ ਵਾਧਾ ਹੋਵੇਗਾ । ਇਸ ਦੇ ਨਾਲ ਹੀ ਕੌਮਾਂਤਰੀ ਪੱਧਰ ਤੇ ਸਿੱਖੀ ਦਾ ਬੋਲਬਾਲਾ ਮਜਬੂਤ ਹੋਣ ਵਿਚ ਵੱਡੀ ਮਦਦ ਮਿਲੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਤਖਤਾਂ ਦੇ ਸਿੰਘ ਸਾਹਿਬਾਨ ਇਸ ਹੋਣ ਜਾ ਰਹੇ ਇਤਿਹਾਸਿਕ ਫੈਸਲੇ ਨੂੰ ਇਕ ਯਾਦਗਰੀ ਫੈਸਲਾ ਬਣਾਕੇ ਆਉਣ ਵਾਲੇ ਸਮੇ ਵਿਚ ਇਨ੍ਹਾਂ ਸੰਸਥਾਵਾਂ ਤੋ ਸਿੱਖ ਕੌਮ ਨੂੰ ਸੁਚੱਜੀ ਅਤੇ ਦੂਰਅੰਦੇਸ਼ੀ ਵਾਲੀ ਅਗਵਾਈ ਦੇਣ ਵਿਚ ਕਾਮਯਾਬ ਹੋਣਗੇ ਅਤੇ ਦੁਸਮਣ ਤਾਕਤਾਂ ਨੂੰ ਇਕ ਤਾਕਤ ਹੋ ਕੇ ਚੁਣੋਤੀ ਦੇਣ ਵਿਚ ਵੀ ਸਫਲ ਹੋਣਗੇ ।