ਸਮੁੱਚੇ ਸੰਸਾਰ ਦੇ ਇਸਲਾਮਿਕ ਮੁਲਕਾਂ ਅਤੇ ਮੁਸਲਿਮ ਕੌਮ ਨੂੰ ਈਦ-ਉਲ-ਫਿ਼ਤਰ ਦੀ ਹਾਰਦਿਕ ਮੁਬਾਰਕਬਾਦ : ਮਾਨ
ਸਭ ਇਸਲਾਮਿਕ ਮੁਲਕ ਅਤੇ ਮੁਸਲਿਮ ਆਗੂ ਇੰਡੀਆਂ ਵਿਚ ਮੁਸਲਿਮ ਕੌਮ ਨਾਲ ਹੋ ਰਹੀਆ ਜਿਆਦਤੀਆਂ ਵਿਰੁੱਧ ਇਕੱਤਰ ਹੋਣ
ਫ਼ਤਹਿਗੜ੍ਹ ਸਾਹਿਬ, 31 ਮਾਰਚ ( ) “ਅੱਜ ਮੁਸਲਿਮ ਕੌਮ ਦਾ ਵੱਡਾ ਤਿਉਹਾਰ ਈਦ-ਉਲ-ਫਿ਼ਤਰ ਦਾ ਦਿਨ ਹੈ । ਅਸੀ ਇਸ ਮੌਕੇ ਉਤੇ ਸਮੁੱਚੇ ਇਸਲਾਮਿਕ ਮੁਲਕਾਂ ਅਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀ ਮੁਸਲਿਮ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ ਇਹ ਵੀ ਚਾਹਨਾ ਕਰਦੇ ਹਾਂ ਕਿ ਜੋ ਇੰਡੀਆਂ ਵਿਚ ਵੱਖ-ਵੱਖ ਸੂਬਿਆਂ ਵਿਚ ਵੱਸਣ ਵਾਲੀ ਮੁਸਲਿਮ ਕੌਮ ਹੈ, ਜਿਸ ਨਾਲ ਇੰਡੀਆ ਦੇ ਹੁਕਮਰਾਨ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਮਾਲੀ ਤੌਰ ਤੇ ਲੰਮੇ ਸਮੇ ਤੋ ਜਿਆਦਤੀਆ ਕਰਦੇ ਹੋਏ ਉਨ੍ਹਾਂ ਦੀਆਂ ਮਸਜਿਦਾਂ, ਮਸੀਤਾਂ ਨੂੰ ਜਬਰੀ ਗੈਰ ਵਿਧਾਨਿਕ ਬੁਲਡੋਜਰ ਨੀਤੀ ਅਧੀਨ ਢਹਿ-ਢੇਰੀ ਕਰਕੇ ਹਿੰਦੂਤਵ ਗੁਲਾਮੀਅਤ ਦਾ ਅਹਿਸਾਸ ਕਰਵਾ ਰਹੇ ਹਨ । ਇਥੋ ਤੱਕ ਜੰਮੂ-ਕਸਮੀਰ ਵਰਗੇ ਮੁਸਲਿਮ ਸੂਬੇ ਦੇ ਨਿਵਾਸੀਆ ਨੂੰ ਜੋ ਇੰਡੀਅਨ ਵਿਧਾਨ ਰਾਹੀ ਖੁਦਮੁਖਤਿਆਰੀ ਅਤੇ ਵਿਸੇਸ ਦਰਜਾ ਪ੍ਰਾਪਤ ਹੋਇਆ ਸੀ, ਉਸ ਨੂੰ ਹਿੰਦੂਤਵ ਹੁਕਮਰਾਨਾਂ ਨੇ ਰੱਦ ਕਰਕੇ ਉਨ੍ਹਾਂ ਉਤੇ ਜ਼ਬਰ ਜੁਲਮ ਢਾਹੁੰਦੇ ਹੋਏ ਆਪਣੇ ਹਿੰਦੂਤਵ ਸੋਚ ਅਨੁਸਾਰ ਰਾਜ ਪ੍ਰਬੰਧ ਕਰਨ ਦਾ ਅਮਲ ਕਰ ਦਿੱਤਾ ਹੈ । ਜਿਸ ਨਾਲ ਉਨ੍ਹਾਂ ਦੀ ਆਜਾਦੀ, ਖੁਦਮੁਖਤਿਆਰੀ ਖਤਮ ਹੋ ਚੁੱਕੀ ਹੈ । ਇਸ ਤੋ ਵੀ ਅੱਗੇ ਮੁਸਲਿਮ ਕੌਮ ਦੇ ਜੰਮੂ-ਕਸਮੀਰ ਦੇ ਆਗੂ ਮਿਸਟਰ ਮੀਰਵਾਈਜ ਨੂੰ ਉਨ੍ਹਾਂ ਦੇ ਧਾਰਮਿਕ ਰਹੂਰੀਤੀਆ ਅਨੁਸਾਰ ਜੂੰਮੇ ਦੀ ਨਮਾਜ ਪੜ੍ਹਨ ਦੀ ਇਜਾਜਤ ਵੀ ਨਹੀ ਦਿੱਤੀ ਜਾ ਰਹੀ । ਜਿਸਦਾ ਸਾਨੂੰ ਵੀ ਆਤਮਿਕ ਤੌਰ ਡੂੰਘਾਂ ਦੁੱਖ ਹੈ । ਜੋ ਉਥੇ ਡਾ. ਉਮਰ ਅਬਦੁੱਲਾ ਦੀ ਸਰਕਾਰ ਹੈ, ਉਹ ਵੀ ਜਨਾਬ ਮੀਰਵਾਈਜ ਨੂੰ ਜੂੰਮੇ ਦੀ ਨਮਾਜ ਪੜ੍ਹਨ ਤੋ ਲਗਾਈ ਗਈ ਰੋਕ ਸੰਬੰਧੀ ਕੋਈ ਅਮਲ ਨਹੀ ਕਰ ਰਹੀ । ਜੋ ਹੋਰ ਵੀ ਗਹਿਰੀ ਚਿੰਤਾ ਦਾ ਵਿਸ਼ਾ ਹੈ । ਅਸੀ ਇਸ ਈਦ ਦੇ ਮੌਕੇ ਉਤੇ ਸਮੁੱਚੇ ਮੁਸਲਿਮ ਕੌਮ ਤੇ ਮੁਸਲਿਮ ਮੁਲਕਾਂ ਨੂੰ ਵਧਾਈ ਦਿੰਦੇ ਹੋਏ ਉਮੀਦ ਕਰਦੇ ਹਾਂ ਕਿ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੇ ਹੱਕ ਹਕੂਕਾ ਦੀ ਰਾਖੀ ਲਈ ਅਤੇ ਉਨ੍ਹਾਂ ਉਤੇ ਹੋ ਰਹੇ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਦਾ ਹੈ ਤਾਂ ਇਨ੍ਹਾਂ ਸਭ ਮੁਲਕਾਂ ਨੂੰ ਅਮਲੀ ਰੂਪ ਵਿਚ ਇਸ ਦਿਸ਼ਾ ਵੱਲ ਉਦਮ ਕਰਨੇ ਪੈਣਗੇ ਤਦ ਹੀ ਇਸਦੇ ਨਤੀਜੇ ਅੱਛੇ ਨਿਕਲ ਸਕਣਗੇ ਅਤੇ ਅਸੀ ਸਭ ਅਜਿਹੇ ਮੁਸਲਿਮ, ਹਿੰਦੂ, ਸਿੱਖ, ਇਸਾਈ ਤਿਉਹਾਰਾਂ ਨੂੰ ਸਾਂਝੇ ਰੂਪ ਵਿਚ ਮਨਾਉਣ ਅਤੇ ਆਪਸੀ ਸਦਭਾਵਨਾ ਭਰੇ ਮਾਹੌਲ ਨੂੰ ਕਾਇਮ ਰੱਖਣ ਵਿਚ ਕਾਮਯਾਬ ਹੋ ਸਕਾਂਗੇ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਸੰਸਾਰ ਦੇ ਮੁਸਲਿਮ ਕੌਮ ਦੇ ਨਿਵਾਸੀਆਂ ਅਤੇ ਮੁਲਕਾਂ ਨੂੰ ਈਦ-ਉਲ-ਫਿ਼ਤਰ ਦੇ ਮਹਾਨ ਮੌਕੇ ਉਤੇ ਕੌਮੀ ਬਿਨ੍ਹਾਂ ਤੇ ਵਧਾਈ ਦਿੰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਦੀ ਹਰ ਖੇਤਰ ਵਿਚ ਸਹੀ ਅਗਵਾਈ ਕਰਦੇ ਹਨ ਅਤੇ ਸਾਨੂੰ ਹਰ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਪਿਆਰ ਰੱਖਣ ਅਤੇ ਉਨ੍ਹਾਂ ਨਾਲ ਆਪਸੀ ਸਦਭਾਵਨਾ ਕਾਇਮ ਰੱਖਦੇ ਹੋਏ ਆਪਣੇ ਮਨੁੱਖੀ ਜਾਮੇ ਵਿਚ ਇਕ-ਦੂਸਰੇ ਦਾ ਸਹਿਯੋਗ ਕਰਨ ਅਤੇ ਦੁੱਖ ਸੁੱਖ ਦੇ ਸਾਂਝੀ ਬਣਨ ਦਾ ਹੁਕਮ ਕਰਦੇ ਹਨ । ਸਮੁੱਚੀ ਸਿੱਖ ਕੌਮ ਇਸੇ ਮਨੁੱਖਤਾ ਪੱਖੀ ਸੋਚ ਨੂੰ ਲੈਕੇ ਹੀ ਸਮੁੱਚੇ ਸੰਸਾਰ ਵਿਚ ਵਿਚਰ ਰਹੀ ਹੈ । ਜਦੋ ਅਸੀ ਉਨ੍ਹਾਂ ਉਤੇ ਹੋ ਰਹੇ ਜ਼ਬਰ ਤੇ ਵਧੀਕੀਆ ਪ੍ਰਤੀ ਆਪਣਾ ਫਰਜ ਸਮਝਕੇ ਆਵਾਜ ਉਠਾਉਦੇ ਹਾਂ ਤਾਂ ਇਸਲਾਮਿਕ ਮੁਲਕਾਂ ਤੇ ਵੱਖ-ਵੱਖ ਇਸਲਾਮਿਕ, ਸਿਆਸੀ, ਧਾਰਮਿਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਉਤੇ ਹੋ ਰਹੇ ਜ਼ਬਰ ਨੂੰ ਖਤਮ ਕਰਵਾਉਣ ਲਈ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਦੇਣ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਸਿਆਸੀ ਤੇ ਧਾਰਮਿਕ ਤੌਰ ਤੇ ਵੀ ਨਿਰੰਤਰ ਸਹਿਯੋਗ ਕਰਦੇ ਰਹਿਣ । ਤਾਂ ਕਿ ਦੋਵੇ ਜ਼ਬਰ ਜੁਲਮ ਦਾ ਸਿਕਾਰ ਹੋ ਰਹੀਆ ਕੌਮਾਂ ਹੁਕਮਰਾਨਾਂ ਨੂੰ ਮਜਬੂਰ ਕਰ ਸਕਣ ਕਿ ਉਹ ਮੁਸਲਿਮ ਅਤੇ ਸਿੱਖ ਕੌਮ ਨਾਲ ਹਕੂਮਤੀ ਪੱਧਰ ਦੇ ਕੀਤੇ ਜਾ ਰਹੇ ਵਿਤਕਰੇ ਬੰਦ ਕਰਨ ਅਤੇ ਉਨ੍ਹਾਂ ਨੂੰ ਆਜਾਦੀ ਨਾਲ ਜਿੰਦਗੀ ਜਿਊਂਣ ਦੇ ਵਿਧਾਨਿਕ ਹੱਕ ਪ੍ਰਦਾਨ ਕਰਨ । ਸ. ਮਾਨ ਨੇ ਇਸ ਮਹਾਨ ਮੌਕੇ ਉਤੇ ਉਮੀਦ ਪ੍ਰਗਟ ਕੀਤੀ ਕਿ ਮੁਸਲਿਮ ਕੌਮ, ਸਿੱਖ ਕੌਮ ਨਾਲ ਹਰ ਤਰ੍ਹਾਂ ਸਾਂਝ ਰੱਖਦੀ ਹੋਈ ਜਿਥੇ ਮੁਸਕਿਲਾਂ ਨੂੰ ਹੱਲ ਕਰਵਾਉਣ ਵਿਚ ਯੋਗਦਾਨ ਪਾਉਣਗੇ, ਉਥੇ ਸਦਾ ਲਈ ਇਨ੍ਹਾਂ ਸੰਬੰਧਾਂ ਨੂੰ ਸੰਸਾਰ ਪੱਧਰ ਤੇ ਹੋਰ ਮਜਬੂਤੀ ਦੇਣ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਉਦੇ ਰਹਿਣਗੇ ।