ਹਿੰਦੂ ਭਰਾਵਾਂ ਵੱਲੋਂ ਗਊ ਮਾਸ ਦੇ ਸੰਬੰਧ ਵਿਚ ਧਰਨਾ ਦੇਣਾ ਜਾਇਜ, ਮੋਦੀ ਹਕੂਮਤ ਵੱਲੋਂ ਸਿੱਖ ਨੌਜਵਾਨੀ ਦੇ ਹੋ ਰਹੇ ਕਤਲੇਆਮ ਸੰਬੰਧੀ ਆਵਾਜ ਕਿਉਂ ਨਹੀਂ ਉਠਾ ਰਹੇ ? : ਮਾਨ
ਫ਼ਤਹਿਗੜ੍ਹ ਸਾਹਿਬ, 23 ਅਗਸਤ ( ) “ਖੰਨਾ-ਗੋਬਿੰਦਗੜ੍ਹ ਜੀ.ਟੀ. ਰੋਡ ਉਤੇ ਜੋ ਹਿੰਦੂ ਭਰਾਵਾਂ ਨੇ ਦਿੱਲੀ ਤੋਂ ਕਸਮੀਰ ਲਈ ਗਊ ਮਾਸ ਦੇ ਜਾ ਰਹੇ ਟਰੱਕ ਨੂੰ ਲੈਕੇ ਧਰਨਾ ਲਗਾਇਆ ਹੈ, ਉਹ ਬਿਲਕੁਲ ਜਾਇਜ ਹੈ । ਅਸੀ ਉਸਦਾ ਸਮਰੱਥਨ ਕਰਦੇ ਹਾਂ ਕਿ ਇਹ ਜੀਵ ਹੱਤਿਆ ਕਤਈ ਨਹੀ ਹੋਣੀ ਚਾਹੀਦੀ । ਪਰ ਜੋ ਮੋਦੀ ਦੀ ਹਿੰਦੂਤਵ ਹਕੂਮਤ ਵੱਲੋਂ ਗ੍ਰਹਿ ਵਜੀਰ ਸ੍ਰੀ ਅਮਿਤ ਸਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਬਾਹਰਲੇ ਮੁਲਕਾਂ ਅਤੇ ਇੰਡੀਆਂ ਦੇ ਆਜਾਦੀ ਮੰਗਣ ਵਾਲੇ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਮਾਰਨ ਦੀ ਨੀਤੀ ਬਣਾਈ ਹੋਈ ਹੈ, ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਨੂੰ ਕਤਲ ਕੀਤਾ ਗਿਆ ਹੈ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਸੀ, ਉਸ ਹੋ ਰਹੇ ਇਨਸਾਨੀਅਤ ਅਤੇ ਮਨੁੱਖਤਾ ਦੇ ਕਤਲ ਦੇ ਅਤਿ ਦੁੱਖਦਾਇਕ ਅਮਲਾਂ ਉਤੇ ਸਾਡੇ ਹਿੰਦੂ ਵੀਰ ਕਿਉ ਨਹੀ ਬੋਲਦੇ ਅਤੇ ਹੁਕਮਰਾਨਾਂ ਦੀ ਇਸ ਇਨਸਾਨੀਅਤ ਵਿਰੋਧੀ ਕਾਰਵਾਈ ਨੂੰ ਬੰਦ ਕਰਵਾਉਣ ਲਈ ਆਪਣੀ ਇਖਲਾਕੀ ਜਿੰਮੇਵਾਰੀ ਕਿਉਂ ਨਹੀ ਨਿਭਾਉਦੇ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖੰਨਾ-ਗੋਬਿੰਦਗੜ੍ਹ ਜੀ.ਟੀ. ਰੋਡ ਉਤੇ ਗਊ ਹੱਤਿਆ ਦੇ ਸੰਬੰਧ ਵਿਚ ਲਗਾਏ ਗਏ ਧਰਨੇ ਨੂੰ ਜਾਇਜ ਠਹਿਰਾਉਦੇ ਹੋਏ ਅਤੇ ਸਮਰੱਥਨ ਕਰਦੇ ਹੋਏ ਆਪਣੇ ਹਿੰਦੂ ਵੀਰਾਂ ਨੂੰ ਸਿੱਖ ਨੌਜਵਾਨੀ ਦੇ ਹੋ ਰਹੇ ਇਨਸਾਨੀਅਤ ਵਿਰੋਧੀ ਕਤਲੇਆਮ ਉਤੇ ਚੁੱਪੀ ਰੱਖਣ ਦੇ ਮੁੱਦੇ ਉਤੇ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਹਿੰਦੂ ਵੀਰ ਗਊ ਨੂੰ ਆਪਣੀ ਮਾਤਾ ਪ੍ਰਵਾਨ ਕਰਦੇ ਹਨ । ਲੇਕਿਨ ਸੈਕੜਿਆ, ਹਜਾਰਾਂ ਦੀ ਗਿਣਤੀ ਵਿਚ ਭੁੱਖੀਆਂ ਗਊਆਂ ਜਦੋ ਸੜਕਾਂ ਕਿਨਾਰੇ ਪਏ ਗੰਦਗੀ ਦੇ ਢੇਰਾਂ ਵਿਚ ਪਲਾਸਟਿਕ ਦੇ ਲਿਫਾਫੇ ਖਾਂਦੀਆਂ ਨਜਰ ਆਉਦੀਆਂ ਹਨ ਤਾਂ ਇਸ ਵਿਸੇ ਉਤੇ ਵੀ ਹਿੰਦੂਤਵ ਹੁਕਮਰਾਨਾਂ ਤੇ ਹਿੰਦੂ ਭਰਾਵਾਂ ਨੂੰ ਇਨ੍ਹਾਂ ਗਊਆਂ ਦੀ ਸੇਵਾ ਸੰਭਾਲ ਕਰਨ ਦੀ ਜਿੰਮੇਵਾਰੀ ਤਾਂ ਪਹਿਲ ਦੇ ਆਧਾਰ ਤੇ ਨਿਭਾਉਣੀ ਚਾਹੀਦੀ ਹੈ ਤਾਂ ਕਿ ਇਹ ਜੀਵ ਗੰਦਗੀ ਦੇ ਢੇਰ ਖਾਣ ਲਈ ਮਜਬੂਰ ਨਾ ਹੋਣ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਮੈਂ ਸੰਗਰੂਰ ਤੋ ਐਮ.ਪੀ ਦੀ ਨਿਰੰਤਰ ਜਿੰਮੇਵਾਰੀ ਨਿਭਾਉਦਾ ਆ ਰਿਹਾ ਹਾਂ ਤਾਂ ਉਸ ਸਮੇ ਮੈਂ ਆਪਣੇ ਐਮ.ਪੀ ਲੈਡ ਫੰਡ ਵਿਚੋ ਇਨ੍ਹਾਂ ਗਊਆਂ ਦੀ ਸੇਵਾ ਸੰਭਾਲ ਲਈ ਸੰਗਰੂਰ ਐਮ.ਪੀ ਹਲਕੇ ਵਿਚ ਪੈਦੀਆ ਸਭ ‘ਗਊਸਲਾਵਾਂ’ ਨੂੰ ਆਪਣੇ ਕੋਟੇ ਤੋ ਵੀ ਵੱਧ ਫੰਡ ਨਿਰੰਤਰ ਇਸ ਲਈ ਜਾਰੀ ਕਰਦਾ ਰਿਹਾ ਹਾਂ ਕਿ ਇਨ੍ਹਾਂ ਜੀਵਾਂ ਨਾਲ ਕਿਸੇ ਤਰ੍ਹਾਂ ਵੀ ਪ੍ਰਬੰਧਕੀ ਤੌਰ ਤੇ ਨਾ ਤਾਂ ਬੇਇਨਸਾਫ਼ੀ ਹੋਵੇ ਅਤੇ ਨਾ ਹੀ ਇਹ ਭੁੱਖੀਆ-ਭਾਣੀਆ ਗਊਆ ਸੜਕਾਂ ਤੇ ਚੜ੍ਹਕੇ ਖੁਦ ਵੀ ਜਖਮੀ ਹੋਣ ਅਤੇ ਇਨਸਾਨੀ ਜਿੰਦਗਾਨੀਆ ਨੂੰ ਖਤਰੇ ਵਿਚ ਪਾਉਣ । ਇਸ ਲਈ ਹੁਕਮਰਾਨਾਂ ਅਤੇ ਹਿੰਦੂ ਵੀਰਾਂ ਦਾ ਇਸ ਵਿਸੇ ਉਤੇ ਹੋਰ ਵਧੇਰੇ ਸੰਜੀਦਗੀ ਨਾਲ ਉਦਮ ਕਰਨ ਅਤੇ ਇਨ੍ਹਾਂ ਭੁੱਖਣ-ਭਾਣੀਆ ਗਊਆ ਨੂੰ ਸਾਂਭਣ ਦੀ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ।
ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜਿੰਨੇ ਵੀ ਗਊ ਮਾਸ ਦੇ ਕਾਰਖਾਨੇ ਇੰਡੀਆ ਵਿਚ ਹਨ, ਉਨ੍ਹਾਂ ਵਿਚ 95% ਹਿੰਦੂ ਵੱਡੇ ਵਪਾਰੀਆਂ ਦੇ ਹੀ ਹਨ । ਜੋ ਕਿ ਗਊ ਨੂੰ ਆਪਣੀ ਮਾਤਾ ਵੀ ਪ੍ਰਵਾਨ ਕਰਦੇ ਹਨ ਅਤੇ ਉਨ੍ਹਾਂ ਦੀ ਹੱਤਿਆ ਕਰਨ ਵਿਚ ਵੀ ਮੋਹਰੀ ਹਨ । ਇਸ ਨੂੰ ਰੋਕਣ ਲਈ ਸਾਡੇ ਹਿੰਦੂ ਵੀਰ ਤੇ ਹੁਕਮਰਾਨ ਸੰਜੀਦਾ ਅਮਲ ਕਰਨ ।