ਗੁਰਦੁਆਰਾ ਸੀਸਗੰਜ ਸ੍ਰੀ ਆਨੰਦਪੁਰ ਸਾਹਿਬ ਦੀ ਪੁਰਾਤਨ ਦਿੱਖ ਅਤੇ ਵਿਰਸੇ ਨੂੰ ਕਾਰ ਸੇਵਾ ਦੇ ਨਾਮ ਰਾਹੀ ਖਤਮ ਕਰਨ ਦੀ ਸਾਜਿਸ ਬਰਦਾਸਤਯੋਗ ਨਹੀ : ਮਾਨ
ਫ਼ਤਹਿਗੜ੍ਹ ਸਾਹਿਬ, 24 ਅਗਸਤ ( ) “ਤਰਨਤਾਰਨ ਸਾਹਿਬ ਦੀ ਪੁਰਾਣੀ ਦਰਸ਼ਨੀ ਡਿਊੜ੍ਹੀ, ਗੁਰਦੁਆਰਾ ਭੋਰਾ ਸਾਹਿਬ ਦੀ ਪੁਰਾਤਨ ਇਤਿਹਾਸਿਕ ਦਿੱਖ ਅਤੇ ਵਿਰਸੇ ਨੂੰ ਖਤਮ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਨੌਵੇ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕਰਨ ਵਾਲੇ ਇਤਿਹਾਸਿਕ ਸਥਾਂਨ ਸੀਸਗੰਜ ਸਾਹਿਬ ਦੀਆਂ ਅੰਦਰਲੀਆਂ ਪੁਰਾਤਨ ਦੀਵਾਰਾਂ ਉਤੇ ਹੋਈ ਮੀਨਾਕਾਰੀ ਨੂੰ ਖਤਮ ਕਰਨ ਦੀ ਕਾਰ ਸੇਵਾ ਦੇ ਬਾਬਿਆ ਰਾਹੀ ਤਿਆਰੀ ਕੀਤੀ ਜਾ ਰਹੀ ਹੈ । ਜੋ ਕਿ ਸਿੱਖ ਕੌਮ ਲਈ ਬਰਦਾਸਤ ਕਰਨ ਯੋਗ ਨਹੀ ਹੈ । ਕਿਉਂਕਿ ਹਿੰਦੂਤਵ ਕੱਟੜਵਾਦੀ ਹੁਕਮਰਾਨ ਸਿੱਖੀ ਭੇਖ ਵਿਚ ਆਪਣੇ ਬੈਠੇ ਸਮਰੱਥਕਾਂ ਅਤੇ ਸਾਡੀਆ ਸੰਸਥਾਵਾਂ ਦੀ ਦੁਰਵਰਤੋਂ ਇਕ-ਇਕ ਕਰਕੇ ਸਾਡੀਆ ਇਤਿਹਾਸਿਕ ਇਮਾਰਤਾਂ, ਵਿਰਸੇ-ਵਿਰਾਸਤ ਨੂੰ ਪੂਰਨ ਰੂਪ ਵਿਚ ਖਤਮ ਕਰਨ ਤੇ ਉਤਾਰੂ ਹੋਈ ਪਈ ਹੈ । ਜਿਸ ਨੂੰ ਦ੍ਰਿੜਤਾ ਨਾਲ ਸਾਡੀਆ ਸਿੱਖ ਸੰਸਥਾਵਾਂ ਅਤੇ ਸੁਹਿਰਦ ਲੀਡਰਸਿਪ ਵੱਲੋ ਸਮੂਹਿਕ ਤੌਰ ਤੇ ਆਵਾਜ ਉਠਾਉਦੇ ਹੋਏ ਇਸ ਦੁੱਖਦਾਇਕ ਵਰਤਾਰੇ ਨੂੰ ਹਰ ਕੀਮਤ ਤੇ ਬੰਦ ਕਰਨਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨਾਲ ਸੰਬੰਧਤ ਸੰਸਕਾਰ ਅਸਥਾਂਨ ਗੁਰਦੁਆਰਾ ਸੀਸਗੰਜ ਦੀਆਂ ਅੰਦਰਲੀਆਂ ਦੀਵਾਰਾਂ ਉਤੇ ਪੁਰਾਤਨ ਘੜੀ ਹੋਈ ਮੀਨਾਕਾਰੀ ਨੂੰ ਕਾਰ ਸੇਵਾ ਦੇ ਨਾਮ ਉਤੇ ਆਪਣੇ ਵਿਰਸੇ ਨੂੰ ਖਤਮ ਕਰਨ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਮੌਜੂਦਾ ਐਸ.ਜੀ.ਪੀ.ਸੀ ਉਤੇ ਬੈਠੇ ਅਧਿਕਾਰੀਆਂ ਨੂੰ ਇਸ ਅਤਿ ਸੰਜੀਦਾ ਉਦਮ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਜਿੰਨੀਆ ਵੀ ਸਾਡੀਆ ਇਤਿਹਾਸਿਕ ਇਮਾਰਤਾਂ, ਯਾਦਗਰਾਂ, ਵਿਰਾਸਤਾਂ ਹਨ, ਉਨ੍ਹਾਂ ਦਾ ਨਵੀਨੀਕਰਨ ਕਰਨ ਸਮੇ ਜਾਂ ਉਨ੍ਹਾਂ ਦੀ ਸੁੰਦਰਤਾ ਵਿਚ ਵਾਧਾ ਕਰਨ ਸਮੇ ਪੁਰਾਤਨ ਇਤਿਹਾਸਿਕ ਦਿੱਖ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਖਾਲਸਾ ਪੰਥ ਵਿਚੋ ਇਤਿਹਾਸ ਨਾਲ ਸੰਬੰਧਤ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਇਕ ਕਮੇਟੀ ਦਾ ਪਹਿਲ ਦੇ ਆਧਾਰ ਤੇ ਗਠਨ ਹੋਣਾ ਚਾਹੀਦਾ ਹੈ । ਜਦੋ ਵੀ ਅਜਿਹੀ ਕਾਰ ਸੇਵਾ ਰਾਹੀ ਨਵੀਨੀਕਰਨ ਕਿਸੇ ਸਥਾਂਨ ਦੀ ਹੋਵੇ, ਤਾਂ ਇਸ ਕਮੇਟੀ ਦੀ ਹਾਜਰੀ ਵਿਚ ਅਤੇ ਉਨ੍ਹਾਂ ਦੀ ਰਾਏ ਮਸਵਰੇ ਤੋ ਬਗੈਰ ਕਿਸੇ ਵੀ ਯਾਦਗਰ ਤੇ ਇਤਿਹਾਸ ਨੂੰ ਖਤਮ ਕਰਨ ਤੋ ਬਚਾਉਣ ਦੇ ਫਰਜ ਨਿਭਾਉਣੇ ਅਤਿ ਜਰੂਰੀ ਹਨ । ਉਨ੍ਹਾਂ ਸਿੱਖ ਕੌਮ ਨੂੰ ਇਸ ਗੰਭੀਰ ਵਿਸੇ ਉਤੇ ਫੌਰੀ ਇਕੱਤਰ ਹੋ ਕੇ ਮੌਜੂਦਾ ਐਸ.ਜੀ.ਪੀ.ਸੀ ਦੇ ਅਧਿਕਾਰੀਆ ਅਤੇ ਕਾਰ ਸੇਵਾ ਵਾਲੇ ਬਾਬਿਆ ਦੀ ਇਸ ਅਤਿ ਮੰਦਭਾਵਨਾ ਭਰੇ ਅਮਲ ਨੂੰ ਰੋਕਣ ਲਈ ਆਪੋ ਆਪਣਾ ਇਖਲਾਕੀ ਫਰਜ ਸਮਝਕੇ ਜਾਂ ਸਮੂਹਿਕ ਤੌਰ ਤੇ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਅਸੀ ਸੁੰਦਰੀਕਰਨ ਅਤੇ ਨਵੀਨਕਰਨ ਦੇ ਬਿਲਕੁਲ ਵਿਰੁੱਧ ਨਹੀ ਹਾਂ । ਪਰ ਅਜਿਹਾ ਕਰਦੇ ਹੋਏ ਸਿੱਖ ਕੌਮ ਦੇ ਮਹਾਨ ਵਿਰਸੇ ਅਤੇ ਵਿਰਾਸਤ ਦੀਆਂ ਯਾਦਗਰਾਂ ਨੂੰ ਰਤੀਭਰ ਵੀ ਕੋਈ ਨੁਕਸਾਨ ਨਹੀ ਹੋਣਾ ਚਾਹੀਦਾ । ਬਲਕਿ ਹਰ ਤਰ੍ਹਾਂ ਦੇ ਆਧੁਨਿਕ ਢੰਗਾਂ ਦੀ ਵਰਤੋ ਕਰਕੇ ਉਸ ਪੁਰਾਤਨ ਦਿੱਖ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ ਨਿਭਾਉਣਾ ਸਾਡਾ ਫਰਜ ਹੈ । ਜੇਕਰ ਅਸੀ ਹੁਣ ਵੀ ਇਨ੍ਹਾਂ ਸੰਜ਼ੀਦਾ ਹੋ ਰਹੀਆ ਗੁਸਤਾਖੀਆਂ ਅਤੇ ਇਤਿਹਾਸ ਨੂੰ ਖਤਮ ਕਰਨ ਦੇ ਅਮਲਾਂ ਉਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਰੋਕਣ ਦੇ ਉਦਮ ਨਾ ਕੀਤੇ ਤਾਂ ਆਉਣ ਵਾਲੀਆ ਸਿੱਖ ਕੌਮ ਦੀਆਂ ਨਸ਼ਲਾਂ ਅਤੇ ਇਤਿਹਾਸ ਦੇ ਪੰਨੇ ਸਾਨੂੰ ਕਦੀ ਵੀ ਮੁਆਫ ਨਹੀ ਕਰਨਗੇ । ਇਸ ਲਈ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਐਸ.ਜੀ.ਪੀ.ਸੀ ਦੇ ਅਧਿਕਾਰੀ ਅਤੇ ਸੰਬੰਧਤ ਕਾਰ ਸੇਵਾ ਵਾਲੇ ਬਾਬੇ ਆਪਣੇ ਵਿਰਸੇ ਵਿਰਾਸਤ ਨੂੰ ਖਤਮ ਕਰਨ ਦੀ ਕਦੀ ਵੀ ਬਜਰ ਗੁਸਤਾਖੀ ਨਹੀ ਕਰਨਗੇ ।