ਜਿਸ ਵਿਦਿਆਰਥੀ ਨੂੰ ਨੁਕਸਾਨ ਪਹੁੰਚਿਆ ਹੈ ਉਸ ਲਈ ਸਾਡੀ ਹਮਦਰਦੀ ਹੈ, ਪਰ ਘੱਟ ਗਿਣਤੀ ਮੁਸਲਿਮ ਵਿਦਿਆਰਥੀ ਦੇ ਘਰ ਨੂੰ ਢਾਹੁਣ ਦੇ ਅਮਲ ਅਤਿ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਜਦੋਂ ਕਿਸੇ ਵੀ ਸਥਾਂਨ ਉਤੇ ਕੋਈ ਕਾਨੂੰਨੀ ਉਲੰਘਣਾ, ਅਪਰਾਧ ਹੁੰਦਾ ਹੈ ਤਾਂ ਉਸ ਵਾਰਦਾਤ ਨਾਲ ਸੰਬੰਧਤ ਦੋਸ਼ੀ ਨੂੰ ਮੁਲਕ ਦੇ ਕਾਨੂੰਨ ਅਨੁਸਾਰ ਹੀ ਸਿੱਝਣਾ ਅਤੇ ਪੀੜ੍ਹਤ ਨੂੰ ਇਨਸਾਫ਼ ਦਿਵਾਉਣ ਦੇ ਅਮਲ ਹੋਣੇ ਚਾਹੀਦੇ ਹਨ ਨਾ ਕਿ ਜੰਗਲ ਦੇ ਰਾਜ ਦੀ ਤਰ੍ਹਾਂ ਦੋਸ਼ੀ ਦੇ ਘਰ, ਕਾਰੋਬਾਰ ਉਤੇ ਹਮਲੇ ਕਰਕੇ ਜਾਂ ਸਰੀਰਕ ਤੌਰ ਤੇ ਹਮਲੇ ਕਰਕੇ ਉਸ ਨੂੰ ਮਾਰਨ ਜਾਂ ਜਖਮੀ ਕਰਨ ਦੇ ਦੂਸਰੇ ਅਪਰਾਧ ਨੂੰ ਜਨਮ ਦੇਣ ਦੇ ਅਮਲ ਹੋਣੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਜਸਥਾਂਨ ਦੇ ਉਧੇਪੁਰ ਵਿਚ ਇਕ ਸਕੂਲੀ ਵਿਦਿਆਰਥੀ ਦੇ ਦੂਸਰੇ ਵਿਦਿਆਰਥੀ ਵੱਲੋ ਕੋਈ ਤਿੱਖੀ ਚੀਜ ਮਾਰਨ ਉਪਰੰਤ ਗੰਭੀਰ ਸਥਿਤੀ ਪੈਦਾ ਹੋਣ ਅਤੇ ਦੋਸ਼ੀ ਮੁਸਲਿਮ ਵਿਦਿਆਰਥੀ ਨੂੰ ਕਾਨੂੰਨ ਅਨੁਸਾਰ ਅਮਲ ਕਰਨ ਦੀ ਬਜਾਇ ਉਸਦੇ ਘਰ ਨੂੰ ਢਹਿ-ਢੇਰੀ ਕਰਨ ਦੇ ਗੈਰ ਕਾਨੂੰਨੀ ਅਤੇ ਮੁਲਕ ਵਿਚ ਨਫਰਤ ਪੈਦਾ ਕਰਨ ਵਾਲੀ ਘੱਟ ਗਿਣਤੀ ਵਿਰੁੱਧ ਕਾਰਵਾਈਆ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਵਿਦਿਆਰਥੀ ਨੂੰ ਨੁਕਸਾਨ ਪਹੁੰਚਿਆ ਹੈ, ਉਸ ਲਈ ਸਾਡੀ ਹਮਦਰਦੀ ਹੈ । ਲੇਕਿਨ ਇਸ ਵਿਸੇ ਉਤੇ ਕਾਨੂੰਨੀ ਅਮਲ ਹੋਣਾ ਚਾਹੀਦਾ ਹੈ ਨਾ ਕਿ ਸਰਕਾਰਾਂ, ਨਿਜਾਮ ਅਤੇ ਬਹੁਗਿਣਤੀ ਵੱਲੋ ਮੰਦਭਾਵਨਾ ਅਧੀਨ ਮੁਸਲਿਮ ਵਿਦਿਆਰਥੀ ਦੇ ਘਰ ਨੂੰ ਢਾਹੁੰਦੇ ਹੋਏ ਨਫਰਤ ਪੈਦਾ ਕੀਤੀ ਜਾ ਰਹੀ ਹੈ । ਅਜਿਹੇ ਅਮਲ ਕਦਾਚਿਤ ਅਮਨ ਚੈਨ ਨੂੰ ਕਾਇਮ ਰੱਖਣ ਵਾਲੇ ਨਹੀ ਹਨ ਅਤੇ ਨਾ ਹੀ ਅਜਿਹੀ ਕਿਸੇ ਨੂੰ ਇਜਾਜਤ ਦੇਣੀ ਚਾਹੀਦੀ ਹੈ । ਜੇਕਰ ਹੁਕਮਰਾਨ ਜਾਂ ਬਹੁਗਿਣਤੀ ਨਾਲ ਸੰਬੰਧਤ ਨਿਜਾਮ ਅਜਿਹੀ ਨਫਰਤ ਪੈਦਾ ਕਰਦੇ ਹਨ ਤਾਂ ਸਮੁੱਚੇ ਮੁਲਕ ਵਿਚ ਫਿਰਕੂ ਦੰਗੇ-ਫਸਾਦ ਹੋਣ ਵੱਲ ਵੱਧ ਜਾਵੇਗਾ । ਜਿਸ ਸਥਿਤੀ ਨੂੰ ਕੰਟਰੋਲ ਕਰਨਾ ਮੁਸਕਿਲ ਹੋ ਜਾਵੇਗਾ । ਇਸ ਲਈ ਅਪਰਾਧੀ ਨਾਲ ਕਾਨੂੰਨ ਅਨੁਸਾਰ ਹੀ ਸਿੱਝਿਆ ਜਾਣਾ ਚਾਹੀਦਾ ਹੈ ਨਾ ਕਿ ਫਿਰਕੂ ਸੋਚ ਅਧੀਨ ।
ਸ. ਮਾਨ ਨੇ ਕਲਕੱਤਾ ਵਿਖੇ ਰੇਲਵੇ ਵਿਭਾਗ ਦੇ ਇਕ ਸਿੱਖ ਅਧਿਕਾਰੀ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਪੂਰੀ ਕਰਦੇ ਸਮੇ ਬਹੁਗਿਣਤੀ ਲੋਕਾਂ ਵੱਲੋ ਹਮਲਾ ਕਰਕੇ ਉਸਦੀ ਕੁੱਟਮਾਰ ਕਰਨ ਅਤੇ ਉਸਦੇ ਕਕਾਰਾਂ, ਦਾੜ੍ਹੀ, ਕੇਸਾਂ ਦੀ ਬੇਅਦਬੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਤਾਂ ਬਿਲਕੁਲ ਜੰਗਲ ਦੇ ਰਾਜ ਵਾਲੀ ਅਤੇ ਮੁਲਕ ਵਿਚ ਰਹਿਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਮੁਤੱਸਵੀ ਸੋਚ ਅਧੀਨ ਜ਼ਬਰ ਜੁਲਮ ਢਾਹੁਣ ਵਾਲੀ ਹੈ । ਜਿਨ੍ਹਾਂ ਨੇ ਉਸ ਸਿੱਖ ਅਧਿਕਾਰੀ ਉਤੇ ਹਮਲਾ ਕਰਕੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਉਸ ਵਿਰੁੱਧ ਕਾਨੂੰਨ ਅਨੁਸਾਰ 295ਏ ਧਾਰਾ ਅਧੀਨ ਕੇਸ ਦਰਜ ਕਰਦੇ ਹੋਏ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨੀ ਅਮਲ ਹੋਣੇ ਚਾਹੀਦੇ ਹਨ । ਤਦ ਹੀ ਇਸ ਇੰਡੀਆ ਦੇ ਵਿਧਾਨ ਵਿਚ ਦਰਜ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ, ਹੱਕ ਪ੍ਰਦਾਨ ਕਰਦੀ ਹੈ ਅਤੇ ਹਰ ਨਾਗਰਿਕ ਦੀ ਜਾਨ ਮਾਲ ਦੀ ਸੁਰੱਖਿਆ ਦੀ ਗ੍ਰਾਂਟੀ ਕਾਨੂੰਨ ਦਿੰਦਾ ਹੈ ਤਦ ਹੀ ਉਸ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਇਥੇ ਅਨੇਕਾ ਤਰ੍ਹਾਂ ਦੇ ਧਰਮ, ਕੌਮਾਂ, ਭਾਸਾਵਾਂ ਅਤੇ ਬੋਲੀਆਂ ਦੇ ਨਿਵਾਸੀਆ ਦੀ ਅਣਖ ਗੈਰਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਅਮਨ ਚੈਨ ਸਥਾਈ ਰੂਪ ਵਿਚ ਬਹਾਲ ਹੋ ਸਕਦਾ ਹੈ ।