ਸੁਖਬੀਰ ਸਿੰਘ ਬਾਦਲ ਅਤੇ ਬਾਗੀ ਗਰੁੱਪ ਦਾ ਪੰਜਾਬ ਸੂਬੇ ਅਤੇ ਸਿੱਖ ਕੌਮ ਲਈ ਏਜੰਡਾ ਕੀ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 02 ਅਗਸਤ ( ) “ਜਦੋਂ ਪੰਜਾਬ ਵਿਚ ਸ. ਗੁਰਨਾਮ ਸਿੰਘ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਹਟਾਉਣ ਉਪਰੰਤ ਬਾਦਲ ਸਾਹਿਬ ਨੇ ਪਹਿਲੀ ਵਾਰ ਪੰਜਾਬ ਵਿਚ ਆਪਣੀ ਵਿਜਾਰਤ ਬਣਾਈ ਸੀ । ਇਹ ਸਰਕਾਰ ਬਣਨ ਉਪਰੰਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਸੂਬੇ ਨੂੰ ਕੈਲੀਫੋਰਨੀਆਂ ਬਣਾ ਦੇਵਾਂਗੇ । ਜਦੋਕਿ ਉਸ ਸਮੇ ਅਤੇ ਉਸ ਤੋ ਬਾਅਦ ਤੱਕ ਅੱਜ ਦਾ ਪੰਜਾਬ ਬਿਹਾਰ ਤੇ ਉੜੀਸਾ ਵਰਗਾਂ ਹੋ ਗਿਆ ਹੈ । ਇਥੋ ਤੱਕ ਕਿ ਜਾਬਰ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਅਤੇ ਸੋਚ ਰਾਹੀ ਜੰਮੂ ਕਸਮੀਰ ਵਿਚ ਕਸਮੀਰੀਆਂ ਨੂੰ ਵੱਡੀ ਗਿਣਤੀ ਵਿਚ ਮਾਰਿਆ ਜਾ ਰਿਹਾ ਹੈ । ਉਥੇ ਅਫਸਪਾ ਵਰਗਾਂ ਜਾਬਰ ਕਾਲਾ ਕਾਨੂੰਨ ਲਗਾਕੇ ਇਹ ਜ਼ਬਰ ਢਾਹਿਆ ਜਾ ਰਿਹਾ ਹੈ । ਇਥੇ ਹੀ ਬਸ ਨਹੀ ਕਿ ਸੀ.ਏ.ਏ ਵਰਗੇ ਜਾਬਰ ਕਾਨੂੰਨ ਲਿਆਂਦੇ ਜਾ ਰਹੇ ਹਨ ਅਤੇ ਹੁਣ ਅਜਿਹੇ ਤਿੰਨ ਕਾਨੂੰਨ ਹਿੰਦੀ ਅਤੇ ਸੰਸਕ੍ਰਿਤੀ ਵਿਚ ਲਿਆਂਦੇ ਗਏ ਹਨ ਜਿਨ੍ਹਾਂ ਦਾ ਕਾਨੂੰਨਦਾਨਾਂ ਨੂੰ ਨਾ ਤਾਂ ਪਤਾ ਲੱਗ ਰਿਹਾ ਹੈ ਅਤੇ ਨਾ ਹੀ ਇਥੋ ਦੇ ਨਿਵਾਸੀਆ ਨੂੰ ਕੁਝ ਸਮਝ ਆ ਰਹੀ ਹੈ । ਜਦੋ ਪੰਜਾਬ ਸੂਬੇ ਨਾਲ ਸੰਬੰਧਤ ਸਭ ਆਗੂਆਂ ਅਤੇ ਪਾਰਟੀਆਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੇ ਏਜੰਡੇ ਉਤੇ ਪਹਿਰਾ ਦੇਣ ਦੀ ਦ੍ਰਿੜਤਾ ਨਾਲ ਸਖ਼ਤ ਲੋੜ ਹੈ, ਤਾਂ ਉਸ ਸਮੇ ਸ. ਸੁਖਬੀਰ ਸਿੰਘ ਬਾਦਲ ਜਾਂ ਬਾਗੀ ਦਲ ਦੇ ਆਗੂ ਜੇਕਰ 1984 ਵਿਚ ਕੌਮ ਦੀ ਮਿੱਥੀ ਗਈ ਮੰਜਿਲ ਖ਼ਾਲਿਸਤਾਨ ਜਾਂ ਆਜਾਦੀ ਤੋਂ ਭੱਜਕੇ ਕੁਝ ਹੋਰ ਕਰਨਾ ਚਾਹੁੰਦੇ ਹਨ, ਫਿਰ ਤਾਂ ਇਹ ਆਪਣੇ ਸਿਆਸੀ ਅਤੇ ਮਾਲੀ ਫਾਇਦਿਆ ਵਿਚ ਹੀ ਉਲਝੇ ਹੋਏ ਹਨ । ਕੌਮ ਦੀ ਬਿਹਤਰੀ ਅਤੇ ਮੰਜਿਲ ਦੀ ਪ੍ਰਾਪਤੀ ਲਈ ਕੋਈ ਸੁਹਿਰਦਤਾ ਦਿਖਾਈ ਨਹੀ ਦੇ ਰਹੀ । ਅਜਿਹੇ ਹਾਲਾਤਾਂ ਵਿਚ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀ ਪਾਲਸੀ ਦੀ ਜਾਣਕਾਰੀ ਦੇਣ ਕਿ ਉਨ੍ਹਾਂ ਦਾ ਸੂਬੇ ਅਤੇ ਸਿੱਖ ਕੌਮ ਪ੍ਰਤੀ ਏਜੰਡਾ ਕੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਗੀ ਅਕਾਲੀ ਦਲ ਨੂੰ ਸੁਧਾਰ ਲਹਿਰ ਦਾ ਗੁੰਮਰਾਹਕੁੰਨ ਨਾਮ ਦੇ ਕੇ ਬਣਾਏ ਗਏ ਮੁੱਖੀ ਸ. ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਪੰਜਾਬ ਸੂਬੇ ਪ੍ਰਤੀ ਅਤੇ ਸਿੱਖ ਕੌਮ ਪ੍ਰਤੀ ਕਿਸੇ ਤਰ੍ਹਾਂ ਦਾ ਵੀ ਏਜੰਡਾ ਨਾ ਹੋਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਵੱਲੋ ‘ਬਿਨ੍ਹਾਂ ਪਾਣੀ ਆਏ ਮੋਜੇ ਖੋਲਣ’ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਵਾਲੀ ਅਤੇ ਸਿੱਖ ਕੌਮ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ ਕਿ 1984 ਵਿਚ ਹੋਏ ਬਲਿਊ ਸਟਾਰ ਦੇ ਹਮਲੇ ਦਾ ਅੱਜ ਤੱਕ ਕੋਈ ਇਨਸਾਫ਼ ਨਹੀ ਮਿਲਿਆ । ਇਸੇ ਤਰ੍ਹਾਂ ਜੋ ਰਾਜੀਵ ਗਾਂਧੀ ਹਕੂਮਤ ਵੇਲੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਸਦਾ ਵੀ ਕੋਈ ਇਨਸਾਫ ਨਹੀ ਮਿਲਿਆ । ਇਥੋ ਤੱਕ ਕਿ ਬਲਿਊ ਸਟਾਰ ਦਾ ਹਮਲਾ ਹੋਣ ਉਪਰੰਤ ਬੀਜੇਪੀ ਆਗੂ ਸ੍ਰੀ ਵਾਜਪਾਈ ਨੇ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾਮਾਤਾ ਦਾ ਖਿਤਾਬ ਦੇ ਕੇ ਸਨਮਾਨਿਆ ਅਤੇ ਦੂਸਰੇ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਪਾਰਲੀਮੈਟ ਵਿਚ ਜਦੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮ.ਪੀ ਚਰਨਜੀਤ ਸਿੰਘ ਚੰਨੀ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਸ. ਅੰਮ੍ਰਿਤਪਾਲ ਸਿੰਘ, ਉਸਦੇ ਡਿਬਰੂਗੜ੍ਹ ਜੇਲ ਵਿਚ ਬੰਦੀ ਸਾਥੀ ਅਤੇ 32-32 ਸਾਲਾਂ ਤੋ ਜਬਰੀ ਬੰਦੀ ਬਣਾਏ ਗਏ ਸਿੱਖਾਂ ਨੂੰ ਛੱਡਿਆ ਜਾਵੇ । ਸੈਟਰ ਦੇ ਬੀਜੇਪੀ ਦੇ ਆਗੂ ਸ੍ਰੀ ਜੈਰਾਮ ਰਮੇਸ ਨੇ ਕਿਹਾ ਕਿ ਇਹ ਸ. ਚੰਨੀ ਦੇ ਨਿੱਜੀ ਵਿਚਾਰ ਹਨ ਅਤੇ ਇਨ੍ਹਾਂ ਦੀ ਆਪਣੀ ਸੋਚ ਹੈ । ਇਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਭਾਵੇ ਕਾਂਗਰਸ ਜਮਾਤ ਹੋਵੇ, ਭਾਵੇ ਬੀਜੇਪੀ-ਆਰ.ਐਸ.ਐਸ ਇਨ੍ਹਾਂ ਸਭਨਾਂ ਦੀ ਸਰਹੱਦੀ ਸੂਬੇ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਇਕੋ ਹੀ ਸੋਚ ਤੇ ਅਮਲ ਹਨ । ਫਿਰ ਸ. ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਇਹ ਕਹਿਣਾ ਕਿ ਸਾਡਾ ਮਿਸਨ ਖਾਲਿਸਤਾਨ ਨਹੀ ਹੈ, ਫਿਰ ਤਾਂ ਇਹ ਵੀ ਇਨ੍ਹਾਂ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਭਰੀਆ ਕਾਰਵਾਈਆ ਦਾ ਸਾਥ ਦੇਣ ਵਾਲੇ ਹੀ ਹਨ ।
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਦਾ ਟ੍ਰਿਬਿਊਨ ਗਰੁੱਪ ਨਿਰੰਤਰ ਸਿੱਖਾਂ ਦੇ ਖਿਲਾਫ ਲਿਖਦਾ ਆ ਰਿਹਾ ਹੈ । ਜੋ ਹਿੰਦੂਤਵ ਹੁਕਮਰਾਨਾਂ ਵੱਲੋ ਬਾਹਰਲੇ ਮੁਲਕਾਂ ਤੇ ਇੰਡੀਆ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰ ਦੇਣ ਦੀ ਸੋਚ ਉਤੇ ਅਮਲ ਹੋ ਰਿਹਾ ਹੈ, ਉਸ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘੋਰ ਉਲੰਘਣ ਅਤੇ ਕੌਮਾਂਤਰੀ ਕਾਨੂੰਨਾਂ ਦੇ ਘਾਣ ਸੰਬੰਧੀ ਟ੍ਰਿਬਿਊਨ ਅਦਾਰੇ ਵੱਲੋ ਕਦੀ ਇਨਸਾਫ ਦਿਵਾਉਣ ਲਈ ਆਵਾਜ ਨਹੀ ਉਠਾਈ ਗਈ । ਬਲਕਿ ਅਜਿਹੇ ਜ਼ਬਰ ਜੁਲਮ ਲਈ ਆਵਾਜ਼ ਉਠਾਉਣ ਦੀ ਬਜਾਇ ਕਾਤਲ ਹੁਕਮਰਾਨਾਂ ਦੇ ਗੁਣਗਾਉਣ ਹੀ ਕਰਦਾ ਆ ਰਿਹਾ ਹੈ ਅਤੇ ਕਦੀ ਵੀ ਸੱਚ-ਹੱਕ ਦੀ ਆਵਾਜ ਲਈ ਕਦੀ ਕੋਈ ਆਰਟੀਕਲ ਲਿਖਿਆ ਗਿਆ ਹੈ । ਇਥੋ ਤੱਕ ਕਿ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀ ਪਾਲਸੀ ਨੂੰ ਅਮਲੀ ਰੂਪ ਦਿੰਦੇ ਹੋਏ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਵਰਗੇ ਮੁਲਕਾਂ ਦੀ ਆਜਾਦ ਬਾਦਸਾਹੀ ਪ੍ਰਭੂਸਤਾ (ਸਵੋਰੈਨਟੀ) ਨੂੰ ਚੁਣੋਤੀ ਦੇਣ ਤੋ ਵੀ ਇਹ ਜਾਲਮ ਹੁਕਮਰਾਨ ਗੁਰੇਜ ਨਹੀ ਕਰਦੇ । ਇਨ੍ਹਾਂ ਨੇ ਆਪਣੇ ਇਨ੍ਹਾਂ ਮੰਦਭਾਵਨਾ ਭਰੇ ਅਮਲਾਂ ਨੂੰ ਜਾਰੀ ਰੱਖਦੇ ਹੋਏ ਅਮਰੀਕਾ ਦੀ ਮੁਨਰੋ ਡਾਕਟ੍ਰੀਨ ਦੇ ਸਿਧਾਂਤ ਨੂੰ ਵੀ ਤੋੜ ਦਿੱਤਾ ਹੈ । ਜਦੋਕਿ ਉਹ ਅਜਿਹਾ ਕਰਨ ਦੀ ਕਿਸੇ ਮੁਲਕ ਨੂੰ ਇਜਾਜਤ ਨਹੀ ਦਿੰਦੇ । ਸਿੱਖਾਂ ਪ੍ਰਤੀ ਜਾਬਰ ਨੀਤੀ ਉਤੇ ਅਮਲ ਕਰਦੇ ਹੋਏ ਇਹ ਹੁਕਮਰਾਨ ਫਾਈਵ ਆਈ ਮੁਲਕਾਂ ਯੂ.ਕੇ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਨਿਊਜੀਲੈਡ ਜੋ ਮੁਲਕ ਆਪਣੀ ਪ੍ਰਭੂਸਤਾ ਨੂੰ ਕਾਇਮ ਰੱਖਣ ਲਈ ਇਕ ਹਨ, ਉਨ੍ਹਾਂ ਦੇ ਇਸ ਵੱਡੇ ਸਮੂਹਿਕ ਸਿਧਾਂਤ ਦੀ ਵੀ ਪ੍ਰਵਾਹ ਨਾ ਕਰਕੇ ਹਿੰਦੂਤਵ ਹੁਕਮਰਾਨ ਅਮਰੀਕਾ, ਕੈਨੇਡਾ, ਪਾਕਿਸਤਾਨ, ਬਰਤਾਨੀਆ, ਹਰਿਆਣਾ ਤੇ ਪੰਜਾਬ ਵਿਚ ਸਿੱਖਾਂ ਨੂੰ ਗੈਰ ਵਿਧਾਨਿਕ ਢੰਗਾਂ ਰਾਹੀ ਮਾਰ ਰਹੇ ਹਨ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ । ਉਪਰੋਕਤ ਸ. ਸੁਖਬੀਰ ਸਿੰਘ ਬਾਦਲ ਅਤੇ ਬਾਗੀ ਗਰੁੱਪ ਦੇ ਮੁੱਖੀ ਸ. ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਆਪੋ ਆਪਣੀ ਸਿਆਸੀ ਹੋਦ ਨੂੰ ਜੀਵਤ ਰੱਖਣ ਲਈ ਤਾਂ ਤਰਲੋ ਮੱਛੀ ਹੋ ਰਹੇ ਹਨ ਅਤੇ ਹੱਥਕੰਡੇ ਵਰਤ ਰਹੇ ਹਨ । ਪਰ ਜੋ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਵੱਡੇ ਮਸਲੇ ਸ. ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀ ਅਤੇ 32-32 ਸਾਲਾਂ ਤੋ ਬੰਦੀ ਬਣਾਏ ਗਏ ਸਿੰਘਾਂ ਨੂੰ ਜੇਲ੍ਹਾਂ ਤੋ ਰਿਹਾਅ ਕਰਵਾਉਣ, ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਹੋ ਰਹੇ ਕਤਲੇਆਮ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ, ਬਲਿਊ ਸਟਾਰ ਸਮੇ ਅਤੇ 1984 ਵਿਚ ਦਿੱਲੀ ਤੇ ਹੋਰ ਸਥਾਨਾਂ ਤੇ ਹੋਏ ਸਿੱਖ ਕਤਲੇਆਮ ਆਦਿ ਗੰਭੀਰ ਮਸਲਿਆ ਦੇ ਹੱਲ ਲਈ ਇਨ੍ਹਾਂ ਦੋਵਾਂ ਧੜਿਆਂ ਦਾ ਨਾ ਕੋਈ ਨਿਸਾਨਾਂ ਹੈ ਨਾ ਹੀ ਕੋਈ ਏਜੰਡਾ ਹੈ । ਫਿਰ 1947 ਤੋਂ ਲੈਕੇ ਅੱਜ ਤੱਕ ਜੋ ਸਾਡੇ ਨਾਲ ਹੁਕਮਰਾਨਾਂ ਨੇ ਜ਼ਲਾਲਤ ਭਰੀਆ ਕਾਰਵਾਈਆ ਤੇ ਅਮਲ ਕੀਤੇ ਹਨ, ਉਸ ਵਿਚੋਂ ਸਿੱਖ ਕੌਮ ਨੇ ਆਪਣੇ ਮਾਣ-ਸਨਮਾਨ ਨੂੰ ਕਾਇਮ ਰੱਖਦੇ ਹੋਏ ਕਿਵੇ ਨਿਕਲਣਾ ਹੈ, ਉਸ ਬਾਰੇ ਕੌਮ ਵੱਲੋਂ ਦੁਰਕਾਰੇ ਜਾ ਚੁੱਕੇ ਇਹ ਆਗੂ ਸਾਨੂੰ ਦੱਸਣ । ਫਿਰ ਇਨ੍ਹਾਂ ਦੀ ਆਪਣੇ ਆਪ ਨੂੰ ਸਿਆਸੀ ਆਗੂ ਕਹਾਉਣ ਅਤੇ ਸਿਆਸੀ ਤੌਰ ਤੇ ਜਿਊਂਦਾ ਰੱਖਣ ਜਾਂ ਸੰਘਰਸ਼ ਕਰਨ ਦਾ ਏਜੰਡਾ ਕੀ ਹੈ ? ਇਸ ਤੋ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਾਣੂ ਕਰਵਾਉਣ ।