ਐਸ.ਜੀ.ਪੀ.ਸੀ ਦੀਆਂ ਵੋਟਾਂ ਬਣਨ ਦੀ ਤਰੀਕ 16 ਸਤੰਬਰ ਤੱਕ ਵਧਾਉਣ ਲਈ ਜਸਟਿਸ ਸਾਰੋ ਦਾ ਧੰਨਵਾਦ, ਇਹ ਵੋਟਾਂ ਸਰਕਾਰੀ ਕਰਮਚਾਰੀਆਂ ਰਾਹੀ ਬਣਾਉਣ ਦਾ ਪ੍ਰਬੰਧ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਇਹ ਬਹੁਤ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ 2011 ਵਿਚ ਜਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆ ਸਨ ਤਾਂ ਉਸ ਸਮੇ 52 ਲੱਖ ਦੇ ਕਰੀਬ ਸਿੱਖਾਂ ਨੇ ਵੋਟਾਂ ਬਣਾਈਆ ਸਨ । ਲੇਕਿਨ ਹੁਣ ਗੁਰਦੁਆਰਾ ਚੋਣ ਕਮਿਸਨ ਦੇ ਮੁੱਖੀ ਜਸਟਿਸ ਸਾਰੋ ਵੱਲੋ 3 ਵਾਰੀ ਡੇਢ-ਡੇਢ, ਦੋ-ਦੋ ਮਹੀਨੇ ਦਾ ਸਮਾਂ ਵੋਟਾਂ ਬਣਾਉਣ ਲਈ ਵਧਾਉਣ ਉਪਰੰਤ ਵੀ ਕੇਵਲ 27 ਲੱਖ 87 ਹਜਾਰ ਸਿੱਖਾਂ ਨੇ ਹੀ ਵੋਟਾਂ ਬਣਾਈਆ ਹਨ । ਜਦੋਕਿ 2011 ਤੋ ਲੈਕੇ ਵੱਡੀ ਗਿਣਤੀ ਵਿਚ ਸਿੱਖ 21 ਸਾਲ ਦੀ ਉਮਰ ਤੋ ਵੱਧ ਚੁੱਕੇ ਹਨ । ਜੇਕਰ ਸਹੀ ਢੰਗ ਨਾਲ ਇਹ ਵੋਟਾਂ ਬਣਨ ਤਾਂ ਕੇਵਲ 52 ਲੱਖ ਨਹੀ 80-90 ਲੱਖ ਤੱਕ ਇਹ ਵੋਟਾਂ ਬਣ ਸਕਦੀਆਂ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰਦੁਆਰਾ ਚੋਣ ਕਮਿਸਨ ਦੇ ਮੁੱਖੀ ਜਸਟਿਸ ਐਸ.ਐਸ. ਸਾਰੋ ਦੀ ਸਖਸ਼ੀਅਤ ਦੇ ਤਹਿ ਦਿਲੋ ਧੰਨਵਾਦੀ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਪਾਰਲੀਮੈਟ ਦੀ ਸਹੀ ਢੰਗ ਨਾਲ ਚੋਣ ਹੋਣ ਅਤੇ ਸਮੁੱਚੀ ਸਿੱਖ ਕੌਮ ਵੱਲੋ ਇਸ ਵਿਚ ਸਮੂਲੀਅਤ ਕਰਨ ਦੇ ਮੁੱਖ ਮੁੱਦੇ ਨੂੰ ਲੈਕੇ ਜੋ ਤੀਜੀ ਵਾਰ ਵੋਟਾਂ ਬਣਨ ਦੀ ਮਿਤੀ ਵਧਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁੱਖ ਚੋਣ ਕਮਿਸਨਰ ਗੁਰਦੁਆਰਾ ਚੋਣਾਂ ਜਸਟਿਸ ਐਸ.ਐਸ.ਸਾਰੋ ਵੱਲੋ ਗੁਰਦੁਆਰਾ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ 16 ਸਤੰਬਰ ਤੱਕ ਵਧਾਉਣ ਦੇ ਕੀਤੇ ਗਏ ਕੌਮ ਪੱਖੀ ਉੱਦਮਾਂ ਲਈ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਬਿਨ੍ਹਾਂ ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੇਕਰ 3 ਵਾਰੀ ਤਰੀਕਾ ਵਧਾਉਣ ਦੇ ਬਾਵਜੂਦ ਵੀ ਵੋਟਾਂ ਬਣਨ ਦੀ ਗਿਣਤੀ ਵਿਚ ਕੋਈ ਖਾਸ ਵਾਧਾ ਨਹੀ ਹੋਇਆ ਇਸਦਾ ਇਕ ਮੁੱਖ ਕਾਰਨ ਇਹ ਹੈ ਕਿ ਪਹਿਲੇ ਹਮੇਸ਼ਾਂ ਇਹ ਵੋਟਾਂ ਸਰਕਾਰੀ ਪੱਧਰ ਤੇ ਬੀ.ਐਲ.ਓ, ਆਂਗਣਵਾੜੀ ਅਧਿਆਪਕ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ, ਕਾਨੂੰਗੋ, ਪਟਵਾਰੀਆਂ ਦੀ ਇਹ ਡਿਊਟੀ ਲੱਗਦੀ ਸੀ ਜੋ ਘਰ-ਘਰ ਜਾ ਕੇ ਸਭ ਮੈਬਰਾਂ ਦੇ ਫਾਰਮ ਭਰਕੇ ਇਹ ਵੋਟਾਂ ਬਣਾਉਦੇ ਰਹੇ ਹਨ । ਲੇਕਿਨ ਕੁਝ ਸਮੇ ਤੋ ਇਹ ਜਿੰਮੇਵਾਰੀ ਸੰਬੰਧਤ ਵੋਟਰਾਂ ਤੇ ਪਰਿਵਾਰਾਂ ਅਤੇ ਉਤੇ ਪਾ ਦਿੱਤੀ ਗਈ ਹੈ । ਜਦੋਕਿ ਵੱਡੀ ਗਿਣਤੀ ਵਿਚ ਪਰਿਵਾਰਿਕ ਮੈਬਰ ਆਪਣੇ ਰੁਝੇਵਿਆ, ਕਾਰੋਬਾਰਾਂ, ਸਰਕਾਰੀ ਡਿਊਟੀਆਂ ਆਦਿ ਦੀ ਬਦੌਲਤ ਆਪਣੀ ਵੋਟ ਬਣਾਉਣ ਲਈ ਸਮਾਂ ਹੀ ਨਹੀ ਕੱਢ ਸਕਦੇ ਅਤੇ ਉਨ੍ਹਾਂ ਦੀ ਦਿਲਚਸਪੀ ਘੱਟ ਗਈ ਹੈ । ਇਸ ਲਈ ਸਾਡੀ ਜਸਟਿਸ ਸਾਰੋ ਨੂੰ ਇਹ ਸਾਡੀ ਸੰਜ਼ੀਦਾ ਅਪੀਲ ਹੈ ਕਿ ਜਿਥੇ ਉਨ੍ਹਾਂ ਨੇ ਸਿੱਖ ਵੋਟਾਂ ਬਣਾਉਣ ਲਈ ਹੁਣ ਤੱਕ ਬਹੁਤ ਡੂੰਘੀ ਦਿਲਚਸਪੀ ਲਈ ਹੈ, ਉਥੇ ਉਹ ਉਪਰੋਕਤ ਪੰਜਾਬ ਸਰਕਾਰ ਨੂੰ ਹਦਾਇਤ ਕਰਕੇ ਇਹ ਵੋਟਾਂ ਉਪਰੋਕਤ ਸਭ ਕਰਮਚਾਰੀਆ ਰਾਹੀ ਘਰ-ਘਰ ਜਾ ਕੇ ਬਣਾਉਣ ਲਈ ਜੇਕਰ ਉਚੇਚਾ ਉੱਦਮ ਕਰ ਸਕਣ, ਤਾਂ ਇਸ ਨਾਲ 90% ਵੋਟਾਂ ਅਵੱਸ ਬਣ ਸਕਣਗੀਆਂ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਸਟਿਸ ਸਾਹਿਬ ਇਸ ਵੱਡੀ ਜਿੰਮੇਵਾਰੀ ਨੂੰ ਵੀ ਪਹਿਲੇ ਨਾਲੋ ਵਧੇਰੇ ਸੁਹਿਰਦਤਾ ਨਾਲ ਪੂਰਨ ਕਰਕੇ ਸਿੱਖ ਕੌਮ ਦੀ ਨਵੀ ਬਣਨ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਦੀ ਚੋਣ ਨੂੰ ਸਹੀ ਪ੍ਰਕਿਰਿਆ ਵਿਚ ਪੂਰਨ ਕਰਨ ਵਿਚ ਵੱਡਾ ਯੋਗਦਾਨ ਪਾਉਣਗੇ ।