ਇਜਰਾਈਲ ਵੱਲੋਂ ਹਮਾਸ ਮੁੱਖੀ ਇਸਮਾਈਲ ਹਾਨੀਆ ਦੇ ਕਤਲ ਨਾਲ ਸੰਸਾਰ ਅਮਨ ਨੂੰ ਵੱਡਾ ਖ਼ਤਰਾ ਪੈਦਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਇਜਰਾਈਲੀਆਂ ਤੇ ਫ਼ਲਸਤੀਨੀਆਂ ਵਿਚਕਾਰ ਲੰਮੇ ਸਮੇ ਤੋ ਚੱਲਦੀ ਆ ਰਹੀ ਜੰਗ ਦੌਰਾਨ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਜਿਸ ਨੂੰ ਰੋਕਣ ਲਈ ਵੱਡੇ ਮੁਲਕ ਕੋਸਿਸਾਂ ਕਰ ਰਹੇ ਹਨ ਪਰ ਇਸਦੇ ਬਾਵਜੂਦ ਇਜਰਾਈਲ ਦੀ ਨਿਤਿਨਯਾਹੂ ਸਰਕਾਰ ਵੱਲੋ ਫਲਸਤੀਨੀਆਂ ਦੇ ਬੱਚਿਆਂ ਉਤੇ ਹਮਲੇ ਕਰਨ ਤੇ ਉਨ੍ਹਾਂ ਦਾ ਕਤਲੇਆਮ ਕਰਨ ਦੇ ਅਮਲ ਜਿਥੇ ਅਣਮਨੁੱਖੀ ਹਨ, ਉਥੇ ਸੰਸਾਰ ਪੱਧਰ ਦੇ ਅਮਨ ਚੈਨ ਨੂੰ ਵੱਡਾ ਖ਼ਤਰਾ ਪੈਦਾ ਕਰਨ ਵਾਲੀਆ ਕਾਰਵਾਈਆ ਹਨ । ਜਦੋ ਹੁਣ ਇਜਰਾਈਲ ਨੇ ਇਰਾਨ ਵਿਚ ਹਮਾਸ ਮੁੱਖੀ ਇਸਮਾਈਲ ਹਾਨੀਆ ਉਤੇ ਹਮਲਾ ਕਰਕੇ ਕਤਲ ਕਰ ਦਿੱਤਾ ਹੈ, ਇਸ ਨਾਲ ਕੇਵਲ ਫਲਸਤੀਨੀਆਂ ਵਿਚ ਹੀ ਨਹੀ ਬਲਕਿ ਆਰਗੇਨਾਈਜੇਸਨ ਆਫ ਇਸਲਾਈਮਿਕ ਕੰਟਰੀ ਵਿਚ ਵੀ ਇਜਰਾਈਲ ਵਿਰੁੱਧ ਇਕ ਵੱਡਾ ਬਦਲੇ ਦੀ ਭਾਵਨਾ ਵਾਲਾ ਰੋਹ ਉੱਠੇਗਾ ਜਿਸਦੇ ਨਤੀਜੇ ਕਦਾਚਿਤ ਮਨੁੱਖਤਾ ਪੱਖੀ ਨਹੀ ਨਿਕਲ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਜਰਾਈਲ ਵੱਲੋ ਹਮਾਸ ਦੇ ਮੌਜੂਦਾ ਮੁੱਖੀ ਇਸਮਾਈਲ ਹਾਨੀਆ ਤੇ ਹਮਲਾ ਕਰਕੇ ਉਨ੍ਹਾਂ ਨੂੰ ਕਤਲ ਕਰਨ ਦੀ ਕਾਰਵਾਈ ਨੂੰ ਅਤਿ ਖ਼ਤਰਨਾਕ ਅਤੇ ਸੰਸਾਰ ਪੱਧਰ ਦੇ ਅਮਨ ਚੈਨ ਲਈ ਵੱਡਾ ਖਤਰਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਇਜਰਾਈਲ ਵਰਗਾਂ ਮੁਲਕ ਹੀ ਨਹੀ ਬਲਕਿ ਇੰਡੀਆਂ ਵਰਗੇ ਮੁਤੱਸਵੀ ਹੁਕਮਰਾਨ ਵੀ ਘੱਟ ਗਿਣਤੀ ਮੁਸਲਿਮ ਕੌਮ ਅਤੇ ਸਿੱਖ ਕੌਮ ਉਤੇ ਜ਼ਬਰ ਜੁਲਮ ਕਰ ਰਹੇ ਹਨ, ਜਿਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਕਸਮੀਰ ਵਿਚ ਅਫਸਪਾ ਵਰਗਾਂ ਜਾਬਰ ਕਾਲਾ ਕਾਨੂੰਨ ਲਾਗੂ ਕਰਕੇ ਕੇਵਲ ਕਸਮੀਰੀਆਂ ਨੂੰ ਰੋਜਾਨਾ ਹੀ ਵੱਡੀ ਗਿਣਤੀ ਵਿਚ ਮਾਰਿਆ ਹੀ ਨਹੀ ਜਾ ਰਿਹਾ, ਬਲਕਿ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਣ ਵਾਲੀ ਧਾਰਾ 370 ਅਤੇ 35ਏ ਖਤਮ ਕਰਕੇ ਉਨ੍ਹਾਂ ਦੀ ਵਿਧਾਨਿਕ ਆਜਾਦੀ ਖਤਮ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਅਸੈਬਲੀ ਭੰਗ ਕਰਦੇ ਹੋਏ ਯੂ.ਟੀ ਬਣਾ ਦਿੱਤਾ ਗਿਆ ਹੈ । ਜਿਵੇ ਇਜਰਾਈਲ ਨੇ ਇਰਾਨ ਦੀ ਖੁਦਮੁਖਤਿਆਰੀ ਨੂੰ ਚੁਣੋਤੀ ਦਿੰਦੇ ਹੋਏ ਉਨ੍ਹਾਂ ਦੇ ਰਾਸਟਰਪਤੀ ਮਸੂਦ ਪੇਜੇਸਕੀਅਨ ਦੇ ਉਦਘਾਟਨੀ ਸਮਾਗਮ ਵਿਚ ਸਾਮਿਲ ਹੋਣ ਸਮੇ ਸ੍ਰੀ ਹਾਨੀਆ ਨੂੰ ਕਤਲ ਕੀਤਾ ਹੈ, ਉਸੇ ਤਰ੍ਹਾਂ ਇੰਡੀਆਂ ਦੇ ਹੁਕਮਰਾਨ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਸਮੂਹਿਕ ਤੌਰ ਤੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਉਨ੍ਹਾਂ ਮੁਲਕਾਂ ਵਿਚ ਕਤਲੇਆਮ ਕਰਕੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੇ ਮੁਲਕਾਂ ਦੀ ਖੁਦਮੁਖਤਿਆਰੀ ਨੂੰ ਚੁਣੋਤੀ ਦੇ ਕੇ ਸੰਸਾਰ ਪੱਧਰ ਦੇ ਅਮਨ ਚੈਨ ਨੂੰ ਖਤਰਨਾਕ ਬਣਾ ਰਹੇ ਹਨ । ਇਸੇ ਤਰ੍ਹਾਂ ਫਾਈਵ ਆਈ ਮੁਲਕਾਂ ਨੂੰ ਵੀ ਇੰਡੀਆ ਚੁਣੋਤੀ ਦੇ ਰਿਹਾ ਹੈ । ਜਿਸ ਨੂੰ ਕਿਸੇ ਤਰ੍ਹਾਂ ਵੀ, ਕਿਸੇ ਵੀ ਦਲੀਲ ਨਾਲ ਸਹੀ ਨਹੀ ਠਹਿਰਾਇਆ ਜਾ ਸਕਦਾ । ਇਸ ਹੋਏ ਦੁਖਾਂਤ ਉਪਰੰਤ ਸਮੁੱਚੇ ਓ.ਆਈ.ਸੀ ਮੁਲਕ ਇਕੱਠੇ ਹੋ ਕੇ ਕਿਸੇ ਤਰ੍ਹਾਂ ਦਾ ਵੀ ਅਮਲ ਕਰ ਸਕਦੇ ਹਨ । ਜਿਸ ਨਾਲ ਸੰਸਾਰ ਪੱਧਰ ਦੇ ਅਮਨ ਚੈਨ ਲਈ ਹੋਰ ਵੀ ਵੱਡੀ ਮੁਸੀਬਤ ਬਣ ਜਾਵੇਗੀ । ਇਸ ਲਈ ਇਜਰਾਈਲ ਦੀ ਨਿਤਿਨਯਾਹੂ ਸਰਕਾਰ ਵੱਲੋ ਹੋਏ ਅਣਮਨੁੱਖੀ ਅਮਲ ਨੂੰ ਕਿਸੇ ਤਰ੍ਹਾਂ ਵੀ ਸੰਸਾਰ ਅਮਨ ਲਈ ਸਹੀ ਨਹੀ ਠਹਿਰਾਇਆ ਜਾ ਸਕਦਾ ।