ਭਾਵੇ ਸੁਖਬੀਰ ਸਿੰਘ ਬਾਦਲ ਧੜਾ ਹੋਵੇ ਜਾਂ ਬਾਗੀ ਧੜਾ, ਇਹ ਸਭ ਪੰਜਾਬੀਆਂ ਅਤੇ ਸਿੱਖ ਕੌਮ ਵਿਚੋਂ ਪੂਰਨ ਰੂਪ ਵਿਚ ਆਪਣਾ ਵਿਸਵਾਸ ਗੁਆ ਚੁੱਕੇ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 02 ਅਗਸਤ ( ) “ਬੀਡੇ ਡੇਢ-ਦੋ ਦਹਾਕੇ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਕੰਮ ਕਰ ਰਹੇ ਅਕਾਲੀ ਦਲ ਅਤੇ ਹੁਣ ਬਾਗੀ ਬਣੇ ਸੁਧਾਰ ਲਹਿਰ ਵਾਲੇ ਭਾਵੇ ਉਹ ਸੁਖਬੀਰ ਸਿੰਘ ਬਾਦਲ ਹੋਣ ਜਾਂ ਬਾਗੀ ਆਗੂ, ਸ. ਢੀਂਡਸਾ ਜਾਂ ਚੰਦੂਮਾਜਰਾ ਆਪੋ ਆਪਣੇ ਸਿਆਸੀ ਰੁਤਬਿਆ ਅਤੇ ਦੁਨਿਆਵੀ ਲਾਲਸਾਵਾਂ ਦੇ ਗੁਲਾਮ ਬਣਕੇ ਅਜਿਹੇ ਗੈਰ ਧਾਰਮਿਕ, ਗੈਰ ਵਿਧਾਨਿਕ, ਸਿੱਖੀ ਸਿਧਾਤਾਂ, ਰਵਾਇਤਾਂ ਦੇ ਉਲਟ ਜਾ ਕੇ ਕੌਮ ਨੂੰ ਧੋਖੇ ਦੇ ਕੇ ਵੱਡੀਆ ਬਜਰ ਗੁਸਤਾਖੀਆ ਕਰਦੇ ਰਹੇ ਹਨ । ਇਹ ਸਿੱਖ ਕੌਮ ਵਿਚਲੀਆ ਉਹ ਕਾਲੀਆ ਭੇਡਾਂ ਹਨ ਜਿਨ੍ਹਾਂ ਨੇ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਲਈ ਮਰਹੂਮ ਇੰਦਰਾ ਗਾਂਧੀ ਨੂੰ ਹਰੀ ਝੰਡੀ ਦੇਣ ਦੀ ਪ੍ਰਵਾਨਗੀ ਦਿੱਤੀ । ਸੈਟਰ ਸਰਕਾਰ ਨਾਲ ਰਲਕੇ ਆਜਾਦੀ ਚਾਹੁੰਣ ਵਾਲੀ ਸਿੱਖ ਨੌਜਵਾਨੀ ਦੀ ਨਿਸ਼ਾਨਦੇਹੀ ਕਰਕੇ ਹਕੂਮਤਾਂ ਤੇ ਫੋਰਸਾਂ ਕੋਲੋ ਸਿੱਖ ਨੌਜਵਾਨੀ ਦਾ ਬੇਰਹਿੰਮੀ ਨਾਲ ਘਾਣ ਕਰਵਾਇਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਸਿਰਸੇਵਾਲੇ ਸਾਧ ਅਤੇ ਉਸਦੇ ਚੇਲਿਆ ਦੀ ਇਹ ਸਭ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸਰਪ੍ਰਸਤੀ ਕਰਦੇ ਰਹੇ ਹਨ । ਝੂਠੇ ਪੁਲਿਸ ਮੁਕਾਬਲਿਆ ਵਿਚ ਸਿੱਖ ਨੌਜਵਾਨੀ ਦਾ ਕਤਲੇਆਮ ਕਰਨ ਵਾਲੀ ਪੁਲਿਸ ਅਫਸਰਸਾਹੀ ਨੂੰ ਤਰੱਕੀਆ ਦੇਣ ਦੇ ਨਾਲ-ਨਾਲ ਸਰਪ੍ਰਸਤੀ ਕਰਕੇ ਉਪਰੋਕਤ ਦੋਵੇ ਧੜਿਆ ਦੇ ਆਗੂ ਉਨ੍ਹਾਂ ਨੂੰ ਪਾਲਦੇ ਰਹੇ ਹਨ । ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾਂ ਦੀ ਦੁਰਵਰਤੋ ਕਰਨ ਅਤੇ ਅਪਮਾਨ ਕਰਨ ਲਈ ਦੋਵੇ ਧੜਿਆ ਦੇ ਆਗੂ ਜਿੰਮੇਵਾਰ ਹਨ । ਪੰਜਾਬ ਸੂਬੇ ਦੇ ਨਿਵਾਸੀਆ ਤੇ ਸਿੱਖ ਕੌਮ ਨਾਲ ਜੋ ਹੁਣ ਤੱਕ ਬੇਇਨਸਾਫ਼ੀਆਂ ਤੇ ਜ਼ਬਰ ਹੋਏ ਹਨ, ਭਾਵੇ ਉਹ ਦਰਿਆਵਾ ਦੇ ਪਾਣੀਆ, ਬਿਜਲੀ ਪੈਦਾ ਕਰਨ ਵਾਲੇ ਡੈਮਾਂ, ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਭਾਖੜਾ-ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬੀ ਦੀ 60-40% ਦੀ ਹਿੱਸੇਦਾਰੀ ਨੂੰ ਕਾਇਮ ਨਾ ਰੱਖਣ ਲਈ ਇਹ ਸਭ ਆਗੂ ਬੀਜੇਪੀ-ਆਰ.ਐਸ.ਐਸ, ਕਾਂਗਰਸ ਵਰਗੀਆ ਜਾਲਮ ਜਮਾਤਾਂ ਨਾਲ ਘਿਓ ਖਿਚੜੀ ਰਹੇ ਹਨ । ਅੱਜ ਵੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਫਿਰਕੂ ਜਮਾਤਾਂ ਦਾ ਸਹਾਰਾ ਲੈ ਰਹੇ ਹਨ । ਜਦੋ ਸਮੁੱਚੇ ਪੰਜਾਬੀਆਂ ਦੇ ਹੋਏ ਮਾਲੀ, ਜਾਨੀ, ਕਾਰੋਬਾਰੀ, ਸਮਾਜਿਕ, ਧਾਰਮਿਕ ਅਤੇ ਇਖਲਾਕੀ ਨੁਕਸਾਨ ਲਈ ਇਹ ਦੋਵੇ ਧੜੇ ਸਿੱਧੇ ਤੌਰ ਤੇ ਜਿੰਮੇਵਾਰ ਹਨ, ਫਿਰ ਇਨ੍ਹਾਂ ਵੱਲੋ ਆਪਣੇ ਆਪ ਨੂੰ ਸਿੱਖ ਕੌਮ ਦੀ ਨਜਰ ਵਿਚ ਦੁੱਧ ਧੋਤੇ ਸਾਬਤ ਕਰਨ ਲਈ ਕਾਵਾਂ ਰੌਲੀ ਕਿਉਂ ਪਾਈ ਜਾ ਰਹੀ ਹੈ ? ਪੰਜਾਬੀਆਂ ਅਤੇ ਸਿੱਖ ਕੌਮ ਦਾ ਧਿਆਨ ਅਸਲ ਮੁੱਦਿਆ ਤੋ ਹਟਾਉਣ ਲਈ ਦੋਵੇ ਧੜੇ ਇਹ ਸਿਆਸੀ ਡਰਾਮੇਬਾਜੀ ਕਰਕੇ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਅਕਾਲੀ ਦਲ ਅਤੇ ਇਸ ਤੋ ਬਾਗੀ ਹੋਏ ਦੋਵੇ ਧੜਿਆ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੇ ਪੂਰਨ ਰੂਪ ਵਿਚ ਦੋਸ਼ੀ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਜੋ ਇਹ ਦੋਵੇ ਧੜੇ ਆਪਣੀ ਖਤਮ ਹੋ ਚੁੱਕੀ ਸਾਖ ਨੂੰ ਅਤੇ ਆਪਣੇ ਆਪ ਨੂੰ ਸਿਆਸੀ ਤੌਰ ਤੇ ਜੀਵਤ ਰੱਖਣ ਲਈ ਚੀਕ ਚਿਹਾੜਾ ਪਾ ਰਹੇ ਹਨ, ਉਸ ਉਤੇ ਕੋਈ ਵੀ ਪੰਜਾਬੀ ਤੇ ਸਿੱਖ ਬਿਲਕੁਲ ਕੇਦਰਿਤ ਨਾ ਹੋਵੇ । ਬਲਕਿ 1920 ਵਾਲੇ ਕੁਰਬਾਨੀਆ ਉਪਰੰਤ ਹੋਦ ਵਿਚ ਆਈ ਸ਼੍ਰੋਮਣੀ ਅਕਾਲੀ ਦਲ ਦੀ ਜਮਾਤ ਨੂੰ ਸਭ ਸੁਹਿਰਦ ਅਤੇ ਦ੍ਰਿੜਤਾਪੂਰਵਕ ਆਗੂਆਂ ਦੇ ਸਹਿਯੋਗ ਨਾਲ ਜੀਵਤ ਕਰਕੇ ਕੌਮੀ ਮੰਜਿਲ ਅਤੇ ਕੌਮੀ ਮਸਲਿਆ ਉਤੇ ਸੰਜ਼ੀਦਾ ਨੌਜਵਾਨ ਚੇਹਰਿਆ ਅਤੇ ਕੁਰਬਾਨੀ ਵਾਲੇ ਚੇਹਰਿਆ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਕੇ ਅਗਲੇ ਕੌਮੀ ਸੰਘਰਸ਼ ਦੀ ਰੂਪਰੇਖਾ ਨੂੰ ਫੈਸਲਾਕੁੰਨ ਕਰਨ ਹਿੱਤ ਸਮੂਹਿਕ ਤੌਰ ਤੇ ਯੋਗਦਾਨ ਪਾਉਣ ਅਤੇ ਦ੍ਰਿੜਤਾ ਨਾਲ ਆਪਣੀ ਕੌਮੀ ਵੱਲ ਵੱਧ ਸਕਣ ਤਾਂ ਇਹ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਬਹੁਤ ਹੀ ਸਫਲਤਾਪੂਰਵਕ ਨਤੀਜੇ ਦੇਵੇਗਾ ।
ਉਨ੍ਹਾਂ ਸਪੱਸਟ ਕੀਤਾ ਕਿ ਭਾਵੇ ਸੁਖਬੀਰ ਬਾਦਲ ਦੀ ਪਾਰਟੀ ਕਿਸੇ ਆਗੂ ਨੂੰ ਕੱਢੇ, ਭਾਵੇ ਸੁਖਦੇਵ ਸਿੰਘ ਢੀਂਡਸਾ ਬਾਗੀ ਗਰੁੱਪ ਇਨ੍ਹਾਂ ਵਿਚੋ ਕਿਸੇ ਨੂੰ ਰੱਖੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨ੍ਹਾਂ ਦੋਵਾਂ ਗਰੁੱਪਾਂ ਵੱਲੋ ਹੋ ਰਹੇ ਦਿਸ਼ਾਹੀਣ ਅਤੇ ਕੰਮਜੋਰ ਅਮਲਾਂ ਵੱਲ ਧਿਆਨ ਨਾ ਦੇ ਕੇ ਸੂਬੇ ਅਤੇ ਸਿੱਖ ਕੌਮ ਦੀ ਇਨ੍ਹਾਂ ਦੀ ਬਦੌਲਤ ਵਿਗੜੀ ਸਥਿਤੀ ਨੂੰ ਸਹੀ ਕਰਨ ਹਿੱਤ ਦ੍ਰਿੜ ਹੋਣਾ ਪਵੇਗਾ ਅਤੇ ਇਨ੍ਹਾਂ ਦੋਵਾਂ ਗਰੁੱਪਾਂ ਦੀ ਦਾਗੋ ਦਾਗ ਹੋਈ ਲੀਡਰਸਿਪ ਨੂੰ ਪੰਜਾਬ ਸੂਬੇ ਦੀ ਸਿਆਸਤ ਅਤੇ ਧਾਰਮਿਕ ਸਰਗਰਮੀਆਂ ਤੋ ਖਦੇੜਨ ਦੀ ਜਿੰਮੇਵਾਰੀ ਨਿਭਾਉਣੀ ਪਵੇਗੀ । ਇਸਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਅਤੇ ਸੇਵਾਮੁਕਤੀਆਂ ਦੇ ਦੋਸ਼ਪੂਰਨ ਵਿਧੀ ਵਿਧਾਨ ਨੂੰ ਕੇਵਲ ਅਕਾਲੀ ਦਲ ਦੇ ਪ੍ਰਧਾਨ ਜਾਂ ਐਸ.ਜੀ.ਪੀ.ਸੀ ਅਗਜੈਕਟਿਵ ਮੈਬਰ ਤੱਕ ਸੀਮਤ ਨਾ ਕਰਕੇ ਕੌਮ ਦੇ ਸੂਝਵਾਨ ਪੰਥਦਰਦੀਆਂ ਦੀ 51 ਜਾਂ 101 ਮੈਬਰੀ ਕਮੇਟੀ ਨੂੰ ਇਹ ਅਧਿਕਾਰ ਪ੍ਰਦਾਨ ਕਰਨ ਦਾ ਪ੍ਰਬੰਧ ਕਰਕੇ ਹੀ ਅਸੀਂ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਸਤਿਕਾਰ-ਮਾਣ ਅਤੇ ਮਰਿਯਾਦਾਵਾਂ ਨੂੰ ਕਾਇਮ ਰੱਖ ਸਕਾਂਗੇ । ਤਦ ਹੀ ਅਸੀ ਆਪਣੀ ਦਸ਼ਾ ਤੇ ਦਿਸ਼ਾ ਨੂੰ ਸਹੀ ਕਰਨ ਵਿਚ ਯੋਗਦਾਨ ਪਾ ਸਕਾਂਗੇ । ਜਿਥੋ ਤੱਕ ਅਕਾਲੀ ਦਲ ਦੇ ਵਿਧਾਨ ਦੀ ਗੱਲ ਆਉਦੀ ਹੈ ਕਿ ਇਹ ਸੱਚ ਹੈ ਕਿ ਕਿਸੇ ਵੀ ਪਾਰਟੀ ਦੇ ਸਰਪ੍ਰਸਤ ਉਸ ਬਜੁਰਗ ਆਗੂ ਨੂੰ ਸਤਿਕਾਰ ਵੱਜੋ ਬਣਾ ਦਿੱਤਾ ਜਾਂਦਾ ਹੈ, ਜਿਸ ਨੂੰ ਸੁਣਨ, ਸਮਝਣ ਤੇ ਚੱਲਣ ਫਿਰਨ ਤੋ ਬੰਦ ਹੋ ਗਿਆ ਹੋਵੇ । ਜਦੋਕਿ ਸਰਪ੍ਰਸਤ ਨੂੰ ਕੋਈ ਵਿਧਾਨਿਕ ਅਧਿਕਾਰ ਬਿਲਕੁਲ ਨਹੀ ਹੁੰਦਾ ਕਿ ਉਹ ਕਿਸੇ ਨੂੰ ਕੱਢ ਸਕੇ ਜਾਂ ਰੱਖ ਸਕੇ । ਸਰਪ੍ਰਸਤ ਕੇਵਲ ਪ੍ਰਧਾਨ ਜਾਂ ਅਗਜੈਕਟਿਵ ਕਮੇਟੀ ਨੂੰ ਕੋਈ ਸੁਝਾਅ ਦੇ ਸਕਦਾ ਹੈ । ਇਸ ਲਈ ਸ. ਸੁਖਦੇਵ ਸਿੰਘ ਢੀਂਡਸਾ ਬਾਗੀ ਆਗੂ ਅਤੇ ਸ. ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਕੇਵਲ ਘੁੱਪ ਹਨ੍ਹੇਰੇ ਵਿਚ ਕਾਲੀ ਬਿੱਲੀ ਲੱਭਣ ਦੀਆਂ ਅਸਫਲ ਕੋਸਿਸਾਂ ਕਰ ਰਹੇ ਹਨ । ਜਦੋਕਿ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਇਨ੍ਹਾਂ ਦੋਵਾਂ ਗਰੁੱਪਾਂ ਦੇ ਆਗੂਆਂ ਨੂੰ ਹੁਣ ਤੱਕ 4 ਵਾਰੀ ਹੋਈਆ ਚੋਣਾਂ ਵਿਚ ਵਿਰੋਧੀ ਫਤਵਾ ਦੇ ਕੇ ਪੂਰਨ ਰੂਪ ਵਿਚ ਦੁਰਕਾਰ ਚੁੱਕੇ ਹਨ । ਇਸ ਲਈ ਗੁਰੂ ਵੀਹ ਵਿਸਬੇ, ਸੰਗਤ ਇਕੀ ਵਿਸਬੇ ਦੇ ਸਿੱਖੀ ਸਿਧਾਂਤ ਨੂੰ ਪ੍ਰਵਾਨ ਕਰਦੇ ਹੋਏ ਇਨ੍ਹਾਂ ਨੂੰ ਆਪਣੀਆ ਸਤਰੰਜੀ ਪੰਥ ਵਿਰੋਧੀ ਚਾਲਾਂ ਨੂੰ ਛੱਡਕੇ ਖੁਦ ਹੀ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਸਿੱਖ ਕੌਮ ਦੀ ਸਿਆਸਤ ਅਤੇ ਧਾਰਮਿਕ ਸਰਗਰਮੀਆਂ ਤੋ ਅਲੱਗ ਕਰ ਲੈਣ ਤਾਂ ਇਨ੍ਹਾਂ ਦੀ ਬਾਕੀ ਜਿੰਦਗੀ ਸੌਖੀ ਲੰਘ ਸਕੇਗੀ ਵਰਨਾ ਪਲ-ਪਲ ਜਲੀਲ ਅਤੇ ਨਮੋਸੀ ਦਾ ਸਾਹਮਣਾ ਕਰਨਾ ਪਵੇਗਾ ।