ਲਦਾਖ ਅਤੇ ਕਸ਼ਮੀਰ ਸਿੱਖਾਂ ਦੇ ਇਲਾਕੇ ਚੀਨ ਅਤੇ ਪਾਕਿਸਤਾਨ ਨੂੰ ਦੇ ਦੇਣ ਦਾ ਸਾਨੂੰ ਹੁਕਮਰਾਨਾਂ ਪ੍ਰਤੀ ਵੱਡਾ ਸੰਜ਼ੀਦਾ ਰੰਜ ਹੈ ਜੋ ਵਾਪਸ ਕਰਵਾਉਣ ਤੱਕ ਰਹੇਗਾ : ਮਾਨ
ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਨੂੰ ਡਰਾਉਣ ਲਈ, ਹੈੱਡਵਰਕਸਾਂ ਦੇ ਗੇਟ ਖੋਲ੍ਹਕੇ ‘ਫ਼ੌਜੀ ਹਥਿਆਰ’ ਵੱਜੋਂ ਰੱਖਿਆ ਹੋਇਆ ਹੈ
ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਜੋ ਸਤਲੁਜ, ਬਿਆਸ, ਰਾਵੀ ਅਤੇ ਚੇਨਾਬ ਦਰਿਆਵਾਂ ਉਤੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਬਣੇ ਹੋਏ ਹਨ, ਹਿੰਦੂਤਵ ਹੁਕਮਰਾਨਾਂ ਨੇ ਜਿਵੇਂ 1988 ਵਿਚ ਭਾਖੜਾ ਡੈਮ ਦੇ ਰਾਤੋ-ਰਾਤ ਗੇਟ ਖੋਲ੍ਹਕੇ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ, ਉਸੇ ਤਰ੍ਹਾਂ ਹੁਕਮਰਾਨਾਂ ਨੇ ਇਨ੍ਹਾਂ ਹੈੱਡਵਰਕਸਾਂ ਨੂੰ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਡਰਾਉਣ ਵਾਸਤੇ ਬਤੌਰ ‘ਫੌ਼ਜੀ ਹਥਿਆਰ’ ਵੱਜੋਂ ਰੱਖੇ ਹੋਏ ਹਨ । ਜੋ ਕਿ ਗੈਰ-ਇਨਸਾਨੀਅਤ, ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਮਨੁੱਖਤਾ ਵਿਰੋਧੀ ਨਿੰਦਣਯੋਗ ਕਾਰਵਾਈਆ ਹਨ । ਇਨ੍ਹਾਂ ਡੈਮਾਂ ਦੀ ਕਾਨੂੰਨੀ ਮਲਕੀਅਤ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੀ ਹੋਣੀ ਚਾਹੀਦੀ ਹੈ । 1962 ਵਿਚ 39 ਹਜਾਰ ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਹਿੱਸਾ ਚੀਨ ਨੂੰ ਕਬਜਾ ਕਰਵਾ ਦਿੱਤਾ ਗਿਆ ਸੀ । 2020 ਵਿਚ 900 ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਹੋਰ ਇਲਾਕਾ ਚੀਨ ਦੇ ਸਪੁਰਦ ਕਰ ਦਿੱਤਾ । ਜਦੋਕਿ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਇਸ ਲਦਾਖ ਨੂੰ 1834 ਵਿਚ ਅਤੇ ਕਸ਼ਮੀਰ ਨੂੰ 1819 ਵਿਚ ਫ਼ਤਹਿ ਕਰਕੇ ਆਪਣੇ ਖ਼ਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ । 1947 ਵਿਚ ਕਸ਼ਮੀਰ ਪਾਕਿਸਤਾਨ ਨੂੰ ਦੇ ਦਿੱਤਾ ਗਿਆ, ਸਾਡੀ ਸਿੱਖ ਕੌਮ ਦੇ ਇਹ ਵੱਡੇ ਰੰਜ ਹਨ ਜਿਸਨੂੰ ਅਸੀ ਨਾ ਤਾਂ ਭੁਲਾ ਸਕਦੇ ਹਾਂ ਅਤੇ ਨਾ ਹੀ ਅਸੀਂ ਇਸ ਵਿਸ਼ੇ ਤੇ ਹਾਰ ਮੰਨਦੇ ਹਾਂ ਅਤੇ ਅਸੀਂ ਇਨ੍ਹਾਂ ਵਿਸਿਆ ਤੇ ਲੜਾਈ ਲਈ ਹਮੇਸ਼ਾਂ ਤਿਆਰ ਰਹਿੰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਅਤੇ ਸਿਆਸਤਦਾਨਾਂ ਵੱਲੋਂ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਸਰਹੱਦੀ ਸੂਬੇ ਪੰਜਾਬ ਦੇ ਸਮੁੱਚੇ ਉੱਥਲ-ਪੁੱਥਲ ਕੀਤੇ ਗਏ ਮਾਹੌਲ ਨੂੰ ਫੌਰੀ ਸਹੀ ਕਰਨ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਇਸ ਲਈ ਮੌਜੂਦਾ ਪੰਜਾਬ ਦੀ ਬਣਨ ਜਾ ਰਹੀ ਨਵੀ ਸਰਕਾਰ ਜਿਥੇ ਇਸ ਦਿਸ਼ਾ ਵੱਲ ਉਦਮ ਕਰੇ, ਉਸ ਦੇ ਨਾਲ ਹੀ ਸਭ ਤੋਂ ਪਹਿਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਬਰਗਾੜੀ ਮਾਮਲੇ ਨੂੰ ਹੱਲ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਉੱਠੇ ਵੱਡੇ ਰੋਹ ਨੂੰ ਸ਼ਾਂਤ ਕਰਨਾ ਬਣਦਾ ਹੈ । ਕਿਉਂਕਿ ਸਾਬਕਾ ਗ੍ਰਹਿ ਵਜ਼ੀਰ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਸੱਚ ਕਿਹਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ, 328 ਪਾਵਨ ਸਰੂਪਾਂ ਦੀ ਸਾਜ਼ਸੀ ਢੰਗ ਨਾਲ ਅਲੋਪਤਾ, ਬਹਿਬਲ ਕਲਾਂ ਵਿਖੇ ਅਮਨਮਈ ਰੋਸ਼ ਕਰ ਰਹੇ ਸਿੱਖਾਂ ਭਾਈ ਗੁਰਜੀਤ ਸਿੰਘ ਅਤੇ ਕਿਸ਼ਨ ਭਗਵਾਨ ਸਿੰਘ ਉਤੇ ਗੋਲੀ ਚਲਾਕੇ ਸ਼ਹੀਦ ਕੀਤੇ ਗਏ ਗੰਭੀਰ ਮਸਲਿਆ ਦਾ ਹੱਲ ਨਾ ਕਰਨ ਦੀ ਬਦੌਲਤ ਚੋਣਾਂ ਵਿਚ ਕਾਂਗਰਸ ਜਮਾਤ ਨੂੰ ਨਮੋਸ਼ੀ ਝੱਲਣੀ ਪਈ ਹੈ । ਇਸ ਲਈ ਮੌਜੂਦਾ ਬਣਨ ਜਾ ਰਹੀ ਸਰਕਾਰ ਵੱਲੋਂ ਇਹ ਸੰਜ਼ੀਦਾ ਮਸਲੇ ਵੀ ਪਹਿਲੇ ਦੇ ਆਧਾਰ ਤੇ ਹੱਲ ਕਰਕੇ ਪੰਜਾਬ ਦੇ ਸਰਹੱਦੀ ਸੂਬੇ ਦੇ ਮਾਹੌਲ ਨੂੰ ਸਾਜਗਰ ਬਣਾਉਣ ਵਿਚ ਭੂਮਿਕਾ ਨਿਭਾਵੇ । ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜੋ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਦੀ ਕੰਵਰ ਨੌਨਿਹਾਲ ਸਿੰਘ ਵੱਲੋ ਬਣਾਈ ਗਈ ਦਰਸ਼ਨੀ ਡਿਊੜ੍ਹੀ ਨੂੰ ਢਹਿ-ਢੇਰੀ ਕਰਨ, ਬੀਤੇ 11 ਸਾਲਾਂ ਤੋਂ ਐਸ.ਜੀ.ਪੀ.ਸੀ. ਦੀ ਰੁਕੀ ਜਮਹੂਰੀਅਤ ਚੋਣ ਕਰਵਾਉਣ, ਪੰਜਾਬ ਵਿਚ ਸਮੈਕ, ਹੈਰੋਇਨ, ਅਫ਼ੀਮ, ਗਾਂਜਾ ਆਦਿ ਨਸ਼ੀਲੀਆਂ ਵਸਤਾਂ ਦੇ, ਰੇਤ-ਬਜਰੀ ਦੇ ਗੈਰ-ਕਾਨੂੰਨੀ ਸਰਕਾਰੀ ਸਰਪ੍ਰਸਤੀ ਹੇਠ ਵੱਧੇ ਕਾਰੋਬਾਰ ਨੂੰ ਵੀ ਫੌਰੀ ਸਖਤੀ ਨਾਲ ਠੱਲ੍ਹ ਪਾਈ ਜਾਵੇ । ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਪਮਾਨਿਤ ਕਾਰਵਾਈਆਂ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਅਤੇ ਸਿੱਖਾਂ ਦਾ ਕਤਲੇਆਮ ਹੋਇਆ ਹੈ, ਉਸਦੀ ਡੇਰਾ ਸਿਰਸੇ ਦੇ ਜਿ਼ੰਮੇਵਾਰ ਗੁਰਮੀਤ ਰਾਮ ਰਹੀਮ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ ਵਿਰੁੱਧ ਅਮਲੀ ਰੂਪ ਵਿਚ ਕਾਨੂੰਨੀ ਕਾਰਵਾਈ ਹੋਵੇ, ਬੀ.ਐਸ.ਐਫ. ਦੇ ਵਧਾਏ ਗੈਰਕਾਨੂੰਨੀ ਅਧਿਕਾਰ ਰੱਦ ਹੋਣ ਦੇ ਨਾਲ-ਨਾਲ 1966 ਦੀ ਪੰਜਾਬ ਦੀ ਜੋ ਵੰਡ ਹੋਈ ਹੈ, ਜਿਸ ਵਿਚ ਮੰਦਭਾਵਨਾ ਅਧੀਨ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ, ਚੰਡੀਗੜ੍ਹ ਨੂੰ ਦਿੱਤੇ ਗਏ ਹਨ, ਉਹ ਵੀ ਤੁਰੰਤ ਪੰਜਾਬ ਦੇ ਸਪੁਰਦ ਕੀਤੇ ਜਾਣ । ਇਥੋਂ ਦੀ ਹਰ ਪੱਖੋ ਖੁਸ਼ਹਾਲੀ ਲਈ ਵਾਹਗਾ, ਹੁਸੈਨੀਵਾਲਾ, ਸੁਲੇਮਾਨਕੀ ਸਰਹੱਦਾਂ ਨੂੰ ਤੁਰੰਤ ਖੋਲ੍ਹਣ ਲਈ ਅਮਲ ਹੋਣ ਜਿਸ ਨਾਲ ਇਥੋ ਦਾ ਹਿੰਦੂ ਵਪਾਰੀ ਦੀ ਵੀ ਮਾਲੀ ਹਾਲਤ ਸਹੀ ਕਰਨ ਵਿਚ ਸਹਿਯੋਗ ਮਿਲੇਗਾ । ਸਾਡੇ ਪਾਕਿਸਤਾਨ ਵਿਚ ਸਥਿਤ ਧਾਰਮਿਕ ਸਥਾਂਨ ਪੰਜਾਬੀ ਬੋਲੀ, ਸੱਭਿਆਚਾਰ, ਵਿਰਸਾ-ਵਿਰਾਸਤ, ਆਰਚੀਟੈਕਟ, ਮਿਊਜਕ, ਕਲਾ ਸਭ ਸਾਂਝੇ ਹਨ । ਸ਼ਾਹ ਮੁਹੰਮਦ, ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ ਅਤੇ ਅਨੇਕਾ ਭਗਤ ਵੀ ਸਮੁੱਚੀ ਮਨੁੱਖਤਾ ਦੇ ਸਾਂਝੇ ਹਨ । ਇਹ ਸਰਹੱਦਾਂ ਖੁੱਲ੍ਹਣ ਨਾਲ ਹਰ ਪੱਖੋ ਦੋਵਾਂ ਮੁਲਕਾਂ ਦੀ ਤਰੱਕੀ ਵਿਚ ਵੀ ਵਾਧਾ ਹੋਵੇਗਾ ਅਤੇ ਸਾਂਝ-ਪਿਆਰ, ਮੁਹੱਬਤ ਵੀ ਮਜ਼ਬੂਤ ਹੋਵੇਗੀ । ਗਾਂਧੀ ਜੋ ਗੁਜਰਾਤ ਤੋਂ ਸਨ, ਨਹਿਰੂ ਜੋ ਯੂ.ਪੀ ਤੋਂ ਸਨ ਅਤੇ ਸਰ ਮਾਊਟਬੈਟਨ ਇੰਗਲੈਡ ਤੋਂ ਸਨ ਨੇ 1947 ਵਿਚ ਸਾਨੂੰ ਦੋ ਹਿੱਸਿਆ ਵਿਚ ਕਰਨ ਲਈ ਰੈਡਕਲਿਫ ਲਾਇਨ ਬਣਾਈ । ਇਸ ਸਮੇਂ ਸਿੱਖਾਂ ਦੀ ਕੋਈ ਰਾਏ ਨਹੀਂ ਲਈ ਗਈ । ਇਸ ਲਈ ਅਸੀਂ ਸ਼ਰਾਰਤਪੂਰਨ ਅਤੇ ਮੰਦਭਾਵਨਾ ਨਾਲ ਬਣਾਈ ਗਈ ਰੈਡਕਲਿਫ ਲਾਇਨ ਅਤੇ 1966 ਵਿਚ ਕੀਤੀ ਗਈ ਵੰਡ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ।
ਸ. ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਬਾਹਰਲੇ ਮੁਲਕਾਂ ਦੇ ਸਮੱਗਲਰਾਂ ਵੱਲੋਂ ਕੌਮਾਂਤਰੀ ਪੱਧਰ ਦੀਆਂ ਕਬੱਡੀ ਖੇਡਾਂ ਕਰਵਾਉਣ ਦੇ ਅਮਲ ਕੀਤੇ ਜਾਂਦੇ ਰਹੇ ਹਨ । ਇਨ੍ਹਾਂ ਖੇਡਾਂ ਦੀ ਆੜ ਵਿਚ ਅਸਲੀਅਤ ਵਿਚ ਜੋ ਯੂਰਪ, ਕੈਨੇਡਾ, ਅਮਰੀਕਾ, ਜਪਾਨ ਆਦਿ ਮੁਲਕਾਂ ਦੇ ਨਸ਼ੀਲੀਆਂ ਵਸਤਾਂ ਦੇ ਸਮੱਗਲਰਾਂ ਨੂੰ ਇਥੇ ਇਕੱਤਰ ਕਰਕੇ ਸਮੱਗਲਿੰਗ ਦੀਆਂ ਨਵੀਆਂ-ਨਵੀਆਂ ਕਾਢਾ ਉਤੇ ਵਿਚਾਰ ਹੁੰਦਾ ਸੀ ਨਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਅਮਲ ਕੀਤਾ ਜਾਂਦਾ ਸੀ । ਉਸ ਸਮੇਂ ਜੋ ਬਾਦਲ ਦਲੀਆਂ ਅਤੇ ਕਾਂਗਰਸ ਦੇ ਐਮ.ਐਲ.ਏ, ਐਮ.ਪੀ. ਇਨ੍ਹਾਂ ਸਮੱਗਲਰਾਂ ਦੀ ਸਰਪ੍ਰਸਤੀ ਕਰਦੇ ਸਨ, ਉਨ੍ਹਾਂ ਦੀ ਨਿਰਪੱਖਤਾ ਨਾਲ ਸਮਾਬੱਧ ਜਾਂਚ ਕਰਵਾਕੇ ਅਗਲੇਰੀ ਕਾਨੂੰਨੀ ਕਾਰਵਾਈ ਹੋਵੇ ।
ਸ. ਮਾਨ ਨੇ ਅਖੀਰ ਵਿਚ ਕਿਹਾ ਕਿ ਜੋ ਪੁਲਿਸ ਫੋਰਸਾਂ, ਅਰਧ ਸੈਨਿਕ ਬਲਾਂ ਅਤੇ ਨਿਜਾਮ ਵੱਲੋਂ ਲੰਮੇ ਸਮੇ ਤੋ ਵੱਡੇ ਪੱਧਰ ਉਤੇ ਅਸਲਾਂ-ਹਥਿਆਰ ਫੜ੍ਹੇ ਜਾ ਰਹੇ ਹਨ, ਉਨ੍ਹਾਂ ਦੀ ਵਰਤੋ ਤਾਂ ਅੱਜ ਤੱਕ ਕਿਸੇ ਹਾਦਸੇ ਜਾਂ ਹੋਰ ਕੰਮਾਂ ਵਿਚ ਨਹੀ ਹੋਈ, ਫਿਰ ਅਜਿਹੀਆਂ ਹਥਿਆਰਾਂ ਦੀਆਂ ਫੜੀਆ ਖੇਪਾਂ ਨੂੰ ਤਾਂ ਕੇਵਲ ਸਿੱਖ ਕੌਮ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਹੀ ਵਰਤਿਆ ਜਾਂਦਾ ਆ ਰਿਹਾ ਹੈ । ਤਾਂ ਕਿ ਕੌਮਾਂਤਰੀ ਪੱਧਰ ਤੇ ‘ਸਰਬੱਤ ਦਾ ਭਲਾ’ ਲੋੜਨ ਵਾਲੀ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਵਾਲੀ ਸਿੱਖ ਕੌਮ ਦੇ ਮਨੁੱਖਤਾ ਪੱਖੀ ਸਤਿਕਾਰਿਤ ਅਕਸ ਨੂੰ ਠੇਸ ਪਹੁੰਚਾਈ ਜਾ ਸਕੇ । ਅਜਿਹੀਆ ਸਾਜਿ਼ਸਾਂ ਅਤੇ ਸਾਜਿਸਕਾਰਾਂ ਦਾ ਹਕੂਮਤੀ ਪੱਧਰ ਤੇ ਤੁਰੰਤ ਖਾਤਮਾ ਕਰਨਾ ਬਣਦਾ ਹੈ ਤਾਂ ਕਿ ਇਸ ਸਰਹੱਦੀ ਸੂਬੇ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਸਹੀ ਮਾਇਨਿਆ ਵਿਚ ਸਥਾਈ ਤੌਰ ਤੇ ਕਾਇਮ ਰੱਖਿਆ ਜਾ ਸਕੇ ਅਤੇ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮ, ਫਿਰਕੇ, ਕਬੀਲੇ ਅਤੇ ਘੱਟ ਗਿਣਤੀਆਂ ਬਿਨ੍ਹਾਂ ਕਿਸੇ ਡਰ-ਭੈ ਅਤੇ ਬਰਾਬਰਤਾ ਦੇ ਹੱਕ ਦਾ ਆਨੰਦ ਮਾਣਦੀਆਂ ਜੀ ਸਕਣ ।