ਪੰਜਾਬ ਨਿਵਾਸੀਆਂ ਵੱਲੋਂ 2022 ਚੋਣਾਂ ਵਿਚ ਦਿੱਤੇ ਫਤਵੇਂ ਦਾ ਸਤਿਕਾਰ ਕਰਦੇ ਹਾਂ, ਪਰ ਪੰਜਾਬ ਸੂਬੇ ਅਤੇ ਕੌਮ ਦੀ ਇਨਸਾਫ਼ ਪ੍ਰਾਪਤੀ ਦੀ ਜੰਗ ਜਾਰੀ ਰਹੇਗੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 11 ਮਾਰਚ ( ) “ਪੰਜਾਬ ਸੂਬੇ ਦੇ ਨਿਵਾਸੀਆਂ ਵੱਲੋਂ ਹੁਣੇ ਹੀ 20 ਫਰਵਰੀ 2022 ਨੂੰ ਹੋਈਆਂ ਚੋਣਾਂ ਦੇ ਦਿੱਤੇ ਫਤਵੇਂ ਨੂੰ ਪ੍ਰਵਾਨ ਕਰਦੇ ਹਾਂ । ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸੂਬੇ ਦੀਆਂ ਹੱਕੀ ਮੰਗਾਂ, ਇਨਸਾਫ਼ ਪ੍ਰਾਪਤੀ ਅਤੇ ਕੌਮੀ ਅਣਖ਼-ਗੈਰਤ, ਹੋਂਦ ਲਈ ਜੰਗ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖੇਗਾ । ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਬਿਨ੍ਹਾਂ ਕਿਸੇ ਡਰ-ਭੈ ਅਤੇ ਦੁਨਿਆਵੀ ਲਾਲਸਾਵਾਂ ਤੋ ਰਹਿਤ ਰਹਿੰਦੇ ਹੋਏ ਜਿਥੇ ਮਨੁੱਖਤਾ ਦੀ ਬਿਹਤਰੀ ਕਰਦੇ ਰਹਿਣ ਦਾ ਸੰਦੇਸ਼ ਦਿੱਤਾ ਹੈ, ਉਥੇ ਹਰ ਤਰ੍ਹਾਂ ਦੇ ਦੁਨਿਆਵੀ ਅਤੇ ਹਕੂਮਤੀ ਜ਼ਬਰ ਜੁਲਮ, ਬੇਇਨਸਾਫ਼ੀ ਤੇ ਵਿਤਕਰਿਆ ਵਿਰੁੱਧ ਦ੍ਰਿੜਤਾ ਨਾਲ ਆਵਾਜ ਬੁਲੰਦ ਕਰਦੇ ਰਹਿਣ ਦੇ ਸਾਨੂੰ ਆਦੇਸ਼ ਵੀ ਦਿੱਤੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਸਮੁੱਚੇ ਪੰਜਾਬ ਦੇ ਚੋਣ ਨਤੀਜਿਆ ਉਪਰੰਤ ਪੰਜਾਬ ਨਿਵਾਸੀਆਂ ਵੱਲੋ ਆਮ ਆਦਮੀ ਪਾਰਟੀ ਦੇ ਹੱਕ ਵਿਚ ਪੰਜਾਬੀਆਂ ਵੱਲੋ ਦਿੱਤੇ ਫਤਵੇਂ ਨੂੰ ਪ੍ਰਵਾਨ ਕਰਨ, ਆਮ ਆਦਮੀ ਪਾਰਟੀ ਨੂੰ ਮਿਲੇ ਫਤਵੇਂ ਉਤੇ ਇਕ ਚੰਗੇ ਖਿਡਾਰੀ ਦੀ ਤਰ੍ਹਾਂ ਸੁਭਕਾਮਨਾਵਾਂ ਦਿੰਦੇ ਹੋਏ ਕੌਮੀ ਇਨਸਾਫ਼ ਪ੍ਰਾਪਤੀ ਦੀ ਜੰਗ ਨੂੰ ਜਾਰੀ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖੜ੍ਹੇ ਕੀਤੇ ਗਏ 83 ਉਮੀਦਵਾਰਾਂ ਨੂੰ ਜੋ 3, 86,176 ਵੋਟ ਪ੍ਰਾਪਤ ਹੋਏ ਹਨ, ਉਸ ਉਤੇ ਇਸ ਗੱਲ ਦੀ ਤਸੱਲੀ ਪ੍ਰਗਟਾਈ ਗਈ ਕਿ ਬੀਤੇ ਸਮੇਂ ਵਿਚ ਪਾਰਟੀ ਸੋਚ ਦੇ 48000 ਸਮਰੱਥਕ ਸਨ ਜੋ 9 ਗੁਣਾਂ ਵੱਧ ਚੁੱਕੇ ਹਨ । ਸਾਡੀ ਸੱਚ-ਹੱਕ ਦੀ ਆਵਾਜ਼ ਦੇ ਪੈਰੋਕਾਰਾਂ ਦੀ ਗਿਣਤੀ ਦਾ ਵੱਡੀ ਗਿਣਤੀ ਵਿਚ ਵੱਧਣਾ ਇਹ ਵੀ ਪ੍ਰਤੱਖ ਕਰਦਾ ਹੈ ਕਿ ਸਾਡੇ ਉਪਰੋਕਤ 3,86,176 ਸਿਪਾਹੀ ਆਪਣੇ ਪੰਜਾਬ ਅਤੇ ਕੌਮ ਪੱਖੀ ਇਨਸਾਫ਼ ਪਸ਼ੰਦ ਸੋਚ ਦੇ ਝੰਡੇ ਨੂੰ ਬੁਲੰਦ ਕਰਦੇ ਹੋਏ ਆਪਣੀ ਮੰਜਿ਼ਲ ਤੱਕ ਜਿਥੇ ਅਵੱਸ ਪਹੁੰਚਣਗੇ, ਉਥੇ ਇਸ ਗੁਰਾਂ ਦੀ ਪਵਿੱਤਰ ਧਰਤੀ ਉਤੇ ਹਰ ਤਰ੍ਹਾਂ ਦੀ ਸਮਾਜਿਕ, ਵਿਤਕਰੇ ਭਰੀਆਂ ਕਾਰਵਾਈਆ ਨੂੰ ਕਤਈ ਬਰਦਾਸਤ ਨਹੀਂ ਕਰਨਗੇ । ਬਲਕਿ ਇਕ ਸੰਤ-ਸਿਪਾਹੀ ਦੀਆਂ ਬਣਦੀਆ ਜਿ਼ੰਮੇਵਾਰੀਆਂ ਪੂਰਨ ਕਰਦੇ ਹੋਏ ਕੌਮੀ ਮੰਜਿਲ ਦੀ ਪ੍ਰਾਪਤੀ ਕਰਕੇ ਰਹਿਣਗੇ ।