ਹੁਕਮਰਾਨਾਂ ਵੱਲੋਂ ਸਾਜ਼ਸੀ ਢੰਗ ਨਾਲ ਬੱਚਿਆਂ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਨੂੰ ਬਦਲਣ ਦੇ ਹੋ ਰਹੇ ਵੱਡੇ ਵਰਤਾਰੇ ਤੋਂ ਸਿੱਖ ਲੀਡਰਸਿ਼ਪ ਸਮੂਹਿਕ ਤੌਰ ਤੇ ਅਗਲੀ ਰਣਨੀਤੀ ਲਈ ਸੁੱਤੀ ਕਿਉਂ ? : ਟਿਵਾਣਾ
ਫ਼ਤਹਿਗੜ੍ਹ ਸਾਹਿਬ, 04 ਮਾਰਚ ( ) “ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਕਦੇ ਵੀ ਹੁਕਮਰਾਨਾਂ ਨੇ ਸਿੱਖ ਕੌਮ ਜਾਂ ਪੰਜਾਬੀਆਂ ਨਾਲ ਤਾਨਸ਼ਾਹੀ ਸੋਚ ਅਧੀਨ ਅਮਲ ਕੀਤੇ ਤਾਂ ਸਿੱਖ ਕੌਮ ਨੇ ਆਪਣੀਆ ਇਤਿਹਾਸਿਕ ਰਵਾਇਤਾਂ ਉਤੇ ਪਹਿਰਾ ਦਿੰਦੇ ਹੋਏ ਉਸ ਵਿਰੁੱਧ ਆਵਾਜ਼ ਵੀ ਉਠਾਈ ਅਤੇ ਮਜ਼ਬੂਤੀ ਨਾਲ ਸੰਘਰਸ਼ ਕਰਦੇ ਹੋਏ ਫ਼ਤਹਿ ਪ੍ਰਾਪਤ ਕੀਤੀ । ਪਰ ਹੁਣ ਜਦੋ ਬਹੁਤ ਹੀ ਸੂਖਮ ਅਤੇ ਸਾਜ਼ਸੀ ਢੰਗ ਨਾਲ ਸਿੱਖ ਕੌਮ ਦੇ ਸਾਨਾਮੱਤੇ ਫਖ਼ਰ ਵਾਲੇ ਇਤਿਹਾਸ ਨੂੰ ਬੱਚਿਆਂ ਦੀਆਂ ਕਿਤਾਬਾਂ ਦੇ ਸਿਲੇਬਸ ਵਿਚ ਬਦਲਿਆ ਜਾ ਰਿਹਾ ਹੈ ਅਤੇ ਜੋ ਰੋਜ਼ ਇਸ ਵਿਸ਼ੇ ਉਤੇ ਪੰਜਾਬ ਅਤੇ ਹੋਰ ਸਥਾਨਾਂ ਤੇ ਡੂੰਘੀ ਪੀੜ੍ਹਾਂ ਨਾਲ ਰੌਲਾ ਪੈ ਰਿਹਾ ਹੈ, ਤਾਂ ਹੁਣ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਅਖੌਤੀ ਲੀਡਰਸਿ਼ਪ ਇਸ ਗੰਭੀਰ ਵਿਸ਼ੇ ‘ਤੇ ਕੁੰਭਕਰਨੀ ਨੀਂਦ ਵਿਚੋਂ ਕਿਉਂ ਨਹੀਂ ਜਾਗ ਰਹੀ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਖ-ਵੱਖ ਜਮਾਤਾਂ, ਸੰਗਠਨਾਂ, ਫੈਡਰੇਸ਼ਨਾਂ, ਟਕਸਾਲਾਂ, ਸੰਪਰਦਾਵਾਂ ਅਤੇ ਕੌਮ ਵਿਚ ਵਿਚਰ ਰਹੇ ਪੰਥਦਰਦੀਆਂ ਨੂੰ ਸੰਜ਼ੀਦਗੀ ਨਾਲ ਸਵਾਲ ਕਰਦੇ ਹੋਏ ਅਤੇ ਇਨ੍ਹਾਂ ਸਭਨਾਂ ਨੂੰ ਸਮੂਹਿਕ ਤੌਰ ਤੇ ਇਸ ਵਿਸ਼ੇ ਉਤੇ ਇਕੱਤਰ ਹੋ ਕੇ ਕੋਈ ਫੈਸਲਾਕੁੰਨ ਪ੍ਰੋਗਰਾਮ ਉਲੀਕਣ ਅਤੇ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਨੂੰ ਸਾਡੇ ਕੌਮੀ ਇਤਿਹਾਸ ਨੂੰ ਬਦਲਣ ਦੀ ਜੋਰਦਾਰ ਚੁਣੋਤੀ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮਨੁੱਖਤਾ, ਇਨਸਾਨੀਅਤ ਅਤੇ ਸੱਚ-ਹੱਕ ਦੀ ਆਵਾਜ਼ ਬੁਲੰਦ ਕਰਨ ਅਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਮਾਸੂਮ ਸਾਹਿਬਜਾਦਿਆ ਅਤੇ ਸਰਬੰਸ ਵਾਰਣ ਨੂੰ ਪਹਿਲ ਦੇ ਕੇ ਇਸ ਸਮਾਜ ਤੇ ਕੌਮ ਪੱਖੀ ਮਿਸ਼ਨ ਦੀ ਪੂਰਤੀ ਕੀਤੀ ਅਤੇ ਗੁਰੂ ਤੇਗਬਹਾਦਰ ਸਾਹਿਬ ਤੇ ਦੂਸਰੇ ਗੁਰੂ ਸਾਹਿਬਾਨ ਜੀ ਦੇ ਉੱਚੇ-ਸੁੱਚੇ ਇਖਲਾਕ ਨੂੰ ਦਾਗੀ ਕਰਨ ਦੀ ਮੰਦਭਾਵਨਾ ਅਧੀਨ ਬੱਚਿਆਂ ਦੇ ਸਿਲੇਬਸ ਵਿਚ ਇਹ ਲਿਖਿਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਹੱਤਿਆ ਕੀਤੀ ਅਤੇ ਗੁਰੂ ਤੇਗਬਹਾਦਰ ਸਾਹਿਬ ਬਾਰੇ ਡਾਕੂ ਅਤੇ ਲੁਟੇਰੇ ਲਿਖਕੇ ਇਸਨੂੰ ਬੱਚਿਆਂ ਦੇ ਸਿਲੇਬਸ ਵਿਚ ਲਾਗੂ ਕੀਤਾ ਜਾ ਰਿਹਾ ਹੈ, ਤਾਂ ਹੁਣ ਵੱਖ-ਵੱਖ ਸਿੱਖ ਸੰਗਠਨਾਂ, ਜਮਾਤਾਂ ਵੱਲੋ ਇਸ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਸਾਡੇ ਫਖਰ ਵਾਲੇ ਇਤਿਹਾਸ ਦੇ ਸੱਚ ਨੂੰ ਧੁੰਦਲਾ ਕਰਨ ਵਾਲੀਆ ਦੁੱਖਦਾਇਕ ਕਾਰਵਾਈਆ ਵਿਰੁੱਧ ਸਮੁੱਚਾ ਖ਼ਾਲਸਾ ਪੰਥ ਅਤੇ ਲੀਡਰਸਿ਼ਪ ਇਕਮਤ ਕਿਉਂ ਨਹੀਂ ਹੋ ਰਹੀਆ ਅਤੇ ਇਸ ਵਿਰੁੱਧ ਫੌਰੀ ਕੋਈ ਐਕਸਨ ਪ੍ਰੋਗਰਾਮ ਕਿਉਂ ਨਹੀ ਉਲੀਕਿਆ ਜਾ ਰਿਹਾ ?
ਸ. ਟਿਵਾਣਾ ਨੇ ਇਸ ਗੱਲ ਤੇ ਹੋਰ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਜਿਸ ਸਿੱਖ ਕੌਮ ਦੀ ਸੰਸਥਾਂ ਅਤੇ ਪਾਰਲੀਮੈਂਟ ਐਸ.ਜੀ.ਪੀ.ਸੀ. ਦਾ ਇਹ ਇਖਲਾਕੀ ਤੇ ਪਹਿਲਾ ਹੱਕ ਬਣ ਜਾਂਦਾ ਹੈ ਕਿ ਉਹ ਅਜਿਹੇ ਸਮਿਆ ਤੇ ਫੌਰੀ ਐਕਸਨ ਵਿਚ ਆਵੇ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਕਲੰਕਿਤ ਕਰਨ ਵਾਲੇ ਹੁਕਮਰਾਨਾਂ ਤੇ ਸਾਜਿ਼ਸਕਾਰਾਂ ਵਿਰੁੱਧ ਸਮਾਜਿਕ ਤੌਰ ਤੇ ਅਤੇ ਕਾਨੂੰਨੀ ਤੌਰ ਤੇ ਫੌਰੀ ਅਮਲ ਕਰੇ, ਉਸ ਵੱਲੋ ਹੀ ‘ਸਿੱਖ ਇਤਿਹਾਸ’ ਦੇ ਸਿਰਲੇਖ ਹੇਠ ਹਿੰਦੀ ਵਿਚ ਪ੍ਰਕਾਸਿ਼ਤ ਅਤੇ ਬੱਚਿਆਂ ਦੇ ਸਿਲੇਬਸ ਵਿਚ ਕਿਤਾਬ ਲਾਗੂ ਕੀਤੀ ਹੋਈ ਹੈ । ਸਿੱਖ ਕੌਮ ਦੀ ਇਸ ਮਹਾਨ ਸੰਸਥਾਂ ਉਤੇ ਇਸ ਸਮੇਂ ਕੰਮ ਕਰ ਰਹੇ ਅਹੁਦੇਦਾਰਾਂ, ਮੈਬਰਾਂ ਨੂੰ ਕੋਈ ਇਖਲਾਕੀ ਹੱਕ ਨਹੀਂ ਰਹਿ ਜਾਂਦਾ ਕਿ ਉਹ ਵੱਡੀਆਂ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਐਸ.ਜੀ.ਪੀ.ਸੀ. ਦੀ ਸੰਸਥਾਂ ਦੇ ਅਹੁਦੇਦਾਰ ਤੇ ਪ੍ਰਬੰਧਕ ਕਹਾਉਣ । ਕਿਉਂਕਿ ਜੋ ਆਪਣੇ ਗੁਰੂ ਸਾਹਿਬਾਨ ਜੀ ਦੀ ਬਾਣੀ, ਸੋਚ, ਨਿਯਮ, ਅਸੂਲਾਂ ਅਤੇ ਰਵਾਇਤਾਂ ਦੀ ਹੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਸਮੁੱਚੀਆਂ ਕੌਮਾਂ, ਧਰਮਾਂ ਵਿਚ ਪ੍ਰਚਾਰਨ ਅਤੇ ਇਸ ਐਸ.ਜੀ.ਪੀ.ਸੀ. ਦੇ ਪਾਰਦਰਸ਼ੀ ਪ੍ਰਬੰਧ ਚਲਾਉਣ ਵਿਚ ਹੀ ਜਿ਼ੰਮੇਵਾਰੀਆਂ ਪੂਰਨ ਕਰਨ ਵਿਚ ਅਸਫਲ ਸਾਬਤ ਹੋ ਚੁੱਕੇ ਹਨ, ਅਜਿਹੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਤੋਂ ਖਾਲਸਾ ਪੰਥ ਕੀ ਆਸ ਰੱਖ ਸਕਦਾ ਹੈ ਕਿ ਉਹ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੱਚਾਈਆਂ ਨੂੰ ਆਪਣੀ ਕੌਮ ਅਤੇ ਦੂਸਰੇ ਮੁਲਕਾਂ ਤੇ ਧਰਮਾਂ ਵਿਚ ਪਹੁੰਚਾਉਣ ਦੀ ਜਿ਼ੰਮੇਵਾਰੀ ਪੂਰਨ ਕਰਨਗੇ । ਇਹ ਹੋਰ ਵੀ ਵੱਡੀ ਤਰਾਸਦੀ ਹੈ ਕਿ ਇਸ ਐਸ.ਜੀ.ਪੀ.ਸੀ. ਦੀ ਸੰਸਥਾਂ ਉਤੇ ਕਾਬਜ ਗੈਰ-ਸਿਧਾਤਿਕ, ਦਿਸ਼ਾਹੀਣ, ਕੰਮਜੋਰ ਲੋਕ ਜੋ ਪੰਥ ਵਿਰੋਧੀ ਤਾਕਤਾਂ ਨਾਲ ਲੰਮੇ ਸਮੇ ਤੋ ਸਾਜ਼ਸੀ ਭਾਈਵਾਲੀ ਨਿਭਾਉਦੇ ਆ ਰਹੇ ਹਨ, ਉਹ ਇਸ ਮਹਾਨ ਸੰਸਥਾਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਕੇ ਬੀਤੇ 11 ਸਾਲਾਂ ਤੋ ਇਸ ਸੰਸਥਾਂ ਦੀ ਜਰਨਲ ਚੋਣ ਹੋਣ ਅਤੇ ਸਿੱਖ ਕੌਮ ਨੂੰ ਇਸ ਸੰਸਥਾਂ ਦੇ ਸੁਚਾਰੂ ਪ੍ਰਬੰਧ ਲਈ ਆਪਣੇ ਵੋਟ ਹੱਕ ਦੀ ਵਰਤੋ ਕਰਨ ਤੋ ਹੀ ਵਾਂਝੇ ਰੱਖਿਆ ਹੋਇਆ ਹੈ । ਇਹੀ ਵਜਹ ਹੈ ਕਿ ਅੱਜ ਮੁਕਾਰਤਾ ਨਾਲ ਭਰਿਆ ਹੁਕਮਰਾਨ ਖ਼ਾਲਸਾ ਪੰਥ ਵਿਚ ਵਿਚਰ ਰਹੇ ਡੋਗਰਿਆ ਦੀ ਸਵਾਰਥੀ ਸੋਚ ਦਾ ਨਜਾਇਜ ਫਾਇਦਾ ਉਠਾਉਦੇ ਹੋਏ ਆਉਣ ਵਾਲੀਆ ਸਾਡੀਆ ਨਸ਼ਲਾਂ ਵਿਚ ਜਾਂ ਇੰਡੀਆ ਦੇ ਨਿਵਾਸੀਆ ਵਿਚ ਸਾਡੇ ਫਖ਼ਰ ਵਾਲੇ ਇਤਿਹਾਸ ਨੂੰ ਵਿਗਾੜਨ ਤੇ ਲੱਗੇ ਹੋਏ ਹਨ । ਇਸ ਸੋਚ ਅਧੀਨ ਹੁਕਮਰਾਨਾਂ ਵੱਲੋਂ ਪਹਿਲੇ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਨਸਿਆ ਦੇ ਸੇਵਨ ਦੇ ਰੁਝਾਨ ਨੂੰ ਪ੍ਰਫੁੱਲਿਤ ਕੀਤਾ ਗਿਆ ਅਤੇ ਹੁਣ ਸਾਡੇ ਕੌਮੀ ਇਤਿਹਾਸ ਨੂੰ ਮੰਦਭਾਵਨਾ ਅਧੀਨ ਗੰਧਲਾ ਅਤੇ ਸੱਕੀ ਬਣਾਉਣ ਦੀਆਂ ਸਾਜਿਸਾਂ ਤੇ ਅਮਲ ਹੋ ਰਿਹਾ ਹੈ । ਇਹ ਦੋਵੇ ਹਮਲੇ ਉਸ ਸੋਚ ਅਧੀਨ ਹੀ ਹੋ ਰਹੇ ਹਨ ਜਿਸ ਨਾਲ ਕਿਸੇ ਕੌਮ ਅਤੇ ਧਰਮ ਨੂੰ ਖਤਮ ਕਰਨਾ ਹੋਵੇ, ਪਹਿਲੇ ਉਨ੍ਹਾਂ ਦੀ ਵਸੋਂ ਵਿਚ ਨਸ਼ੀਲੀਆਂ ਵਸਤਾਂ ਪਹੁੰਚਾਕੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਬਿਮਾਰ ਕੀਤਾ ਜਾਵੇ ਅਤੇ ਫਿਰ ਉਨ੍ਹਾਂ ਦੇ ਇਤਿਹਾਸ ਨੂੰ ਖਤਮ ਕਰਕੇ ਕੌਮ ਨੂੰ ਨਿਘਾਰ ਵੱਲ ਲਿਜਾਇਆ ਜਾਵੇ । ਇਹ ਦੋਵੇ ਹਮਲੇ ਵੱਡੇ ਪੱਧਰ ਤੇ ਜਾਰੀ ਹਨ । ਜੇਕਰ ਸਾਡੀ ਸਿੱਖ ਲੀਡਰਸਿਪ ਅਤੇ ਬੁੱਧੀਜੀਵੀ ਵਰਗ ਅਤੇ ਪੰਥਦਰਦੀ ਤੇ ਸਮੂਹ ਖਾਲਸਾ ਪੰਥ ਦੀਆਂ ਜਮਾਤਾਂ, ਸੰਗਠਨ ਇਸ ਅਤਿ ਸੰਜ਼ੀਦਾ ਵਿਸ਼ੇ ਤੇ ਹੁਣ ਵੀ ਇਕੱਤਰ ਹੋ ਕੇ ਆਪਣੀ ਬਣਦੀ ਜਿ਼ੰਮੇਵਾਰੀ ਪੂਰਨ ਨਾ ਕਰ ਸਕੇ ਤਾਂ ਸਾਡੀਆ ਸਿੱਖ ਕੌਮ ਦੀਆ ਆਉਣ ਵਾਲੀਆ ਨਸ਼ਲਾਂ ਲਈ ਇਹ ਵਰਤਾਰਾ ਬਹੁਤ ਹੀ ਘਾਤਕ ਹੋਵੇਗਾ । ਇਸ ਲਈ ਇਹ ਜਰੂਰੀ ਹੈ ਕਿ ਸਿੱਖ ਕੌਮ ਨਾਲ ਸੰਬੰਧਤ ਸਮੁੱਚੀ ਲੀਡਰਸਿ਼ਪ, ਪੰਥਦਰਦੀ ਅਤੇ ਵੱਖ-ਵੱਖ ਜਮਾਤਾਂ ਹਰ ਤਰ੍ਹਾਂ ਦੇ ਛੋਟੇ-ਮੋਟੇ ਵੱਖਰੇਵਿਆ ਨੂੰ ਪਾਸੇ ਰੱਖਕੇ ਇਸ ਵਿਸੇ ਉਤੇ ਇਕੱਤਰ ਹੋਕੇ ਹੁਕਮਰਾਨਾਂ ਦੀਆ ਸਾਜਿਸਾਂ ਨੂੰ ਅਸਫਲ ਬਣਾਉਣ ਵਿਚ ਭੂਮਿਕਾ ਨਿਭਾਉਣ। ਅਜਿਹਾ ਕਰਕੇ ਹੀ ਅਸੀ ਆਪਣੇ ਆਪ ਨੂੰ ਖਾਲਸਾ ਪੰਥ ਦੇ ਵਾਰਿਸ ਅਤੇ ਸੱਚੇ ਸਿਪਾਹੀ ਕਹਿਲਾਉਣ ਦੇ ਹੱਕਦਾਰ ਹੋਵਾਂਗੇ ।