ਸ. ਮਾਨ ਵੱਲੋਂ 3 ਮਾਰਚ ਨੂੰ ਚੰਡੀਗੜ੍ਹ ਵਿਖੇ ‘ਕਿਰਪਾਨ’ ਸੰਬੰਧੀ ਪ੍ਰਗਟਾਏ ਵਿਚਾਰ ਪ੍ਰੈਸ ਵਿਚ ਸਹੀ ਰੂਪ ਵਿਚ ਪੇਸ਼ ਨਹੀਂ ਕੀਤੇ ਗਏ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 05 ਮਾਰਚ ( ) “ਬੀਤੇ ਦਿਨੀਂ 3 ਮਾਰਚ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੇ ਜਰਨਲ ਸਕੱਤਰ ਸ. ਕੁਸਲਪਾਲ ਸਿੰਘ ਮਾਨ ਵੱਲੋਂ ਪੰਥਕ ਸਖਸ਼ੀਅਤ ਅਤੇ ਉਨ੍ਹਾਂ ਦੇ ਪਿਤਾ ਸ. ਜਸਵੰਤ ਸਿੰਘ ਮਾਨ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ‘ਮਨੁੱਖੀ ਅਧਿਕਾਰ ਤੇ ਧਾਰਮਿਕ ਆਜ਼ਾਦੀ’ ਦੇ ਕੌਮਾਂਤਰੀ ਵਿਸ਼ੇ ਉਤੇ ਸੈਕਟਰ-36 ਵਿਚ ਸੈਮੀਨਰ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਵੱਲੋਂ ਆਪਣੀ ਤਕਰੀਰ ਦੌਰਾਨ ਅਤੇ ਪ੍ਰੈਸ ਨਾਲ ਗੱਲਬਾਤ ਕਰਦੇ ਸਮੇਂ ਜਦੋ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ ਕਿ ਉਹ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਜੇਕਰ ਜਿੱਤਕੇ ਵਿਧਾਨਕਾਰ ਬਣਨ ਉਪਰੰਤ ਜਦੋ ਅਸੈਬਲੀ ਵਿਚ ਜਾਣਗੇ, ਤਾਂ ਕੀ ਆਪਣੇ ਨਾਲ ‘ਕਿਰਪਾਨ’ ਲੈਕੇ ਜਾਣਗੇ ? ਦਾ ਜੁਆਬ ਦਿੰਦੇ ਹੋਏ ਉਨ੍ਹਾਂ ਵੱਲੋ ਕਿਹਾ ਗਿਆ ਸੀ ਕਿ ਕਿਰਪਾਨ ਪਹਿਨਣ ਅਤੇ ਆਪਣੇ ਕੋਲ ਰੱਖਣ ਦਾ ਅਧਿਕਾਰ ਉਨ੍ਹਾਂ ਨੂੰ ਅਤੇ ਸਿੱਖ ਕੌਮ ਨੂੰ ਇੰਡੀਅਨ ਵਿਧਾਨ ਸਪੱਸਟ ਰੂਪ ਵਿਚ ਦਿੰਦਾ ਹੈ । ਇਹ ਸਾਡਾ ਕਾਨੂੰਨੀ ਅਧਿਕਾਰ ਹੈ । ਜੇਕਰ ਅਸੈਬਲੀ ਵਿਚ ਹਿੰਦੂਤਵ ਹੁਕਮਰਾਨਾਂ ਨੇ ਉਨ੍ਹਾਂ ਨੂੰ ਬਾਇੱਜ਼ਤ ਢੰਗ ਨਾਲ ਦਖਲ ਹੋਣ ਦੀ ਪ੍ਰਵਾਨਗੀ ਦਿੱਤੀ ਤਾਂ ਉਹ ਆਪਣੇ ਕਾਨੂੰਨੀ ਅਧਿਕਾਰ ਦੀ ਸਹੀ ਦਿਸ਼ਾ ਵੱਲ ਵਰਤੋ ਕਰਦੇ ਹੋਏ ਅਸੈਬਲੀ ਵਿਚ ਜਾਣਗੇ । ਜੇਕਰ ਹੁਕਮਰਾਨਾਂ ਨੇ ਸਾਡੇ ਇਸ ਕਿਰਪਾਨ ਪਹਿਨਣ ਤੇ ਲਿਜਾਣ ਦੇ ਕਾਨੂੰਨੀ ਅਧਿਕਾਰ ਨੂੰ ਜ਼ਬਰੀ ਕੁੱਚਲਕੇ ਸਾਨੂੰ ਜਲੀਲ ਕਰਨ ਦੀ ਕਾਰਵਾਈ ਕੀਤੀ ਤਾਂ ਸਮਾਂ ਆਉਣ ਉਤੇ ਆਪਣੇ ਕਾਨੂੰਨੀ ਅਧਿਕਾਰਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਨਿਵਾਸੀਆਂ ਅਤੇ ਸਿੱਖ ਕੌਮ ਅੱਗੇ ਬਾਦਲੀਲ ਢੰਗ ਨਾਲ ਆਪਣੇ ਇਸ ਵਿਧਾਨਿਕ ਅਧਿਕਾਰ ਦੀ ਗੱਲ ਨੂੰ ਰੱਖਣਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸਿਮਰਨਜੀਤ ਸਿੰਘ ਮਾਨ ਵੱਲੋ ਮਿਤੀ 3 ਮਾਰਚ ਨੂੰ ‘ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜ਼ਾਦੀ’ ਦੇ ਵਿਸ਼ੇ ਤੇ ਚੰਡੀਗੜ੍ਹ ਵਿਖੇ ਸ. ਜਸਵੰਤ ਸਿੰਘ ਮਾਨ ਜੀ ਦੀ ਬਰਸੀ ਨੂੰ ਸਮਰਪਿਤ ਸੈਮੀਨਰ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸ. ਮਾਨ ਵੱਲੋਂ ਪ੍ਰਗਟਾਏ ਵਿਚਾਰਾਂ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਜਿਸ ਭਾਵਨਾ, ਸੋਚ ਅਤੇ ਲਹਿਜੇ ਦੇ ਨਾਲ ਸ. ਮਾਨ ਨੇ ਆਪਣੇ ਕਾਨੂੰਨੀ ਅਧਿਕਾਰ ਕਿਰਪਾਨ ਪਹਿਨਣ ਸੰਬੰਧੀ ਵਿਚਾਰ ਪ੍ਰਗਟਾਏ ਸਨ, ਉਨ੍ਹਾਂ ਵਿਚਾਰਾਂ ਨੂੰ ਪ੍ਰੈਸ ਨੇ ਇੰਝ ਪੇਸ਼ ਕਰਨ ਦੀ ਕੋਸਿ਼ਸ਼ ਕੀਤੀ ਹੈ ਜਿਸ ਨਾਲ ਸ. ਸਿਮਰਨਜੀਤ ਸਿੰਘ ਮਾਨ ਵੱਲੋ ਅਮਰਗੜ੍ਹ ਚੋਣ ਜਿੱਤਣ ਉਪਰੰਤ ਅਸੈਬਲੀ ਵਿਚ ਦਾਖਲ ਹੋਣ ‘ਤੇ ਬਿਨ੍ਹਾਂ ਵਜਹ ਵਿਵਾਦ ਖੜ੍ਹਾ ਹੋਵੇ ਅਤੇ ਸ. ਸਿਮਰਨਜੀਤ ਸਿੰਘ ਮਾਨ ਦੀ ਬੇਦਾਗ ਸਖਸ਼ੀਅਤ ਨੂੰ ਪ੍ਰਸ਼ਨ ਚਿੰਨ੍ਹ ਲੱਗੇ । ਜਦੋਕਿ ਸ. ਮਾਨ ਨੇ ਤਾਂ ਇਹ ਇੱਛਾ ਜਾਹਰ ਕੀਤੀ ਸੀ ਕਿ ਹੁਕਮਰਾਨ ਸਾਡੇ ਕਿਰਪਾਨ ਪਹਿਨਣ ਦੇ ਕਾਨੂੰਨੀ ਅਧਿਕਾਰ ਉਤੇ ਕਿਸੇ ਮੰਦਭਾਵਨਾ ਅਧੀਨ ਰੋਕ ਨਾ ਲਗਾਕੇ ਇਸ ਵਿਧਾਨਿਕ ਹੱਕ ਦੀ ਇੱਜਤ ਅਤੇ ਹਿਫਾਜਤ ਕਰਦੇ ਹੋਏ ਉਨ੍ਹਾਂ ਨੂੰ ਅਸੈਬਲੀ ਵਿਚ ਦਾਖਲ ਹੋਣ ਦਾ ਖੁਦ ਹੀ ਖੁੱਲ੍ਹਦਿਲੀ ਨਾਲ ਪ੍ਰਬੰਧ ਕਰਨ, ਨਾ ਕਿ ਸ. ਮਾਨ ਜਾਂ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਜ਼ਲੀਲ ਕਰਨ ਦੀ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਕਾਰਵਾਈ ਹੋਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਹ ਉਮੀਦ ਪ੍ਰਗਟ ਕੀਤੀ ਕਿ ਸ. ਸਿਮਰਨਜੀਤ ਸਿੰਘ ਮਾਨ ਦੀ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਜਿੱਤ ਹੋਣ ਉਪਰੰਤ, ਹਿੰਦੂਤਵ ਹੁਕਮਰਾਨ ਅਤੇ ਅਸੈਬਲੀ ਦੀ ਕਾਰਵਾਈ ਚਲਾਉਣ ਵਾਲੇ ਪ੍ਰਬੰਧਕ ਵਿਧਾਨਿਕ ਲੀਹਾਂ ਅਨੁਸਾਰ ਸ. ਮਾਨ ਵੱਲੋਂ ਆਪਣੀ ਪਹਿਨੀ ਹੋਈ ਕਿਰਪਾਨ ਜਾਂ ਲੈਕੇ ਜਾਣ ਵਾਲੀ ਕਿਰਪਾਨ ਦੇ ਵੱਡੇ ਮਨੁੱਖਤਾ ਪੱਖੀ ਮਹੱਤਵ ਅਤੇ ਸਿੱਖ ਕੌਮ ਦੇ ਇਸ ਸਤਿਕਾਰਿਤ ਚਿੰਨ੍ਹ ਉਤੇ ਕਿਸੇ ਤਰ੍ਹਾਂ ਦਾ ਬਿਨ੍ਹਾਂ ਵਜਹ ਵਿਵਾਦ ਖੜ੍ਹਾਂ ਨਹੀਂ ਕਰਨਗੇ ਬਲਕਿ ਸ. ਮਾਨ ਤੇ ਸਿੱਖ ਕੌਮ ਦੇ ਵਿਧਾਨਿਕ ਕਾਨੂੰਨੀ ਹੱਕ ਦੀ ਇੱਜਤ ਕਰਦੇ ਹੋਏ ਸ. ਮਾਨ ਨੂੰ ਸਤਿਕਾਰ ਸਹਿਤ ਪੰਜਾਬ ਦੇ ਭਵਿੱਖ ਨੂੰ ਤਹਿ ਕਰਨ ਵਾਲੀ ਪੰਜਾਬ ਅਸੈਬਲੀ ਵਿਚ ਪਹੁੰਚਣ ਦਾ ਪ੍ਰਬੰਧ ਕਰਕੇ ਉਨ੍ਹਾਂ ਦੇ ਵਿਧਾਨਿਕ ਹੱਕ ਦੀ ਸੰਜ਼ੀਦਗੀ ਨਾਲ ਰੱਖਿਆ ਕਰਨਗੇ ।