ਵੀਰ ਬਾਲ ਦਿਵਸ ਅਤੇ ਮਾਤਮ ਦੇ ਨਾਮ ਸੰਦੇਸ਼ ਦੇ ਕੇ ਸਿੱਖ ਇਤਿਹਾਸ ਦੇ ਫਖ਼ਰ ਵਾਲੇ ਕਾਰਨਾਮਿਆ ਨੂੰ ਤਰੋੜਨ-ਮਰੋੜਨ ਦੀ ਕੋਸਿ਼ਸ਼ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਦਸੰਬਰ ( ) “ਸਿੱਖ ਗੁਰੂ ਸਾਹਿਬਾਨ, ਸਿੱਖਾਂ ਤੇ ਮੌਜੂਦਾ ਸਿੱਖ ਕੌਮ ਨੇ ਆਪਣੇ ਜਨਮ ਤੋ ਲੈਕੇ ਜੋ ਅੱਜ ਤੱਕ ਆਪਣੇ ਮਨੁੱਖੀ ਜਾਮੇ ਦੀਆਂ ਅਹੂਤੀਆ ਦੇ ਕੇ ਸ਼ਹਾਦਤਾਂ ਪਾਈਆ ਹਨ, ਉਹ ਕੇਵਲ ਹਰ ਤਰ੍ਹਾਂ ਦੇ ਹਕੂਮਤੀ ਜ਼ਬਰ ਦਾ ਖਾਤਮਾ ਕਰਨ, ਮਨੁੱਖੀ ਹੱਕਾਂ ਦੀ ਰਾਖੀ ਕਰਨ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਦੇ ਮਕਸਦਾਂ ਨੂੰ ਮੁੱਖ ਰੱਖਕੇ ਕੌਮ ਸ਼ਹਾਦਤਾਂ ਦੇ ਰਾਹ ਉਤੇ ਚੱਲਦੀ ਆਈ ਹੈ । ਸ਼ਹਾਦਤ ਦਾ ਮਤਲਬ ਹੈ ਕਿ ਕਿਸੇ ਮਨੁੱਖਤਾ ਪੱਖੀ, ਸਮਾਜ ਪੱਖੀ ਉੱਦਮ, ਸਰਬੱਤ ਦੇ ਭਲੇ ਦੇ ਮਿਸਨ ਨੂੰ ਮੁੱਖ ਰੱਖਕੇ ਆਪਣੀ ਕੁਰਬਾਨੀ ਦੇਣ ਨੂੰ ਸ਼ਹਾਦਤ ਕਿਹਾ ਜਾਂਦਾ ਹੈ । ਇਸ ਸ਼ਹਾਦਤ ਦਾ ਸ਼ਬਦ ਸਿੱਖ ਕੌਮ ਤੇ ਸਿੱਖ ਧਰਮ ਵਿਚ ਬਹੁਤ ਉੱਚਾ-ਸੁੱਚਾ, ਸਤਿਕਾਰਿਤ ਅਤੇ ਫਖ਼ਰ ਕਰਨ ਵਾਲਾ ਦਰਜਾ ਰੱਖਦਾ ਹੈ । ਇਸ ਲਈ ਫਿਰਕੂ ਹੁਕਮਰਾਨਾਂ ਵੱਲੋ ਬਹੁਤ ਲੰਮੇ ਸਮੇ ਤੋ ਸਿੱਖ ਕੌਮ ਦੇ ਫਖ਼ਰ ਵਾਲੇ ਕੌਮੀ ਇਤਿਹਾਸ, ਕੁਰਬਾਨੀਆਂ, ਸਤਿਕਾਰ-ਮਾਣ ਅਤੇ ਸਰਧਾ ਨੂੰ ਠੇਸ ਪਹੁੰਚਾਉਣ ਹਿੱਤ ਹੀ ਸਾਡੇ ਇਸ ਮਹਾਨ ਇਤਿਹਾਸ ਨੂੰ ਨਵੇ ਹਿੰਦੀ-ਸੰਸਕ੍ਰਿਤੀ ਵਿਚ ਰਲਗੜ ਕਰਕੇ ਨਾਮ ਦੇਣ ਅਤੇ ਸ਼ਹਾਦਤਾਂ ਭਰੇ ਇਤਿਹਾਸ ਜਿਸ ਉਤੇ ਕੇਵਲ ਸਿੱਖ ਕੌਮ ਹੀ ਨਹੀ, ਹਰ ਇਨਸਾਨ ਫਖ਼ਰ ਕਰਦਾ ਹੈ, ਉਸਨੂੰ ਠੇਸ ਪਹੁੰਚਾਉਣ ਹਿੱਤ ਹੀ ਸਾਹਿਬਜਾਦਿਆ ਦੀਆਂ ਮਹਾਨ ਸ਼ਹਾਦਤਾਂ ਨੂੰ ਮੋਦੀ ਹਕੂਮਤ ਵੱਲੋਂ ‘ਵੀਰ ਬਾਲ ਦਿਵਸ’ ਕਹਿਕੇ ਉਸਦੇ ਵੱਡੇ ਮਹੱਤਵ ਨੂੰ ਘਟਾਉਣ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਜਿਸ ਨੂੰ ਸਿੱਖ ਕੌਮ ਨੇ ਉਸੇ ਸਮੇ ਹੀ ਪੂਰਨ ਰੂਪ ਵਿਚ ਰੱਦ ਕਰ ਦਿੱਤਾ ਸੀ । ਹੁਣ ਉਸੇ ਤਰ੍ਹਾਂ ਹੀ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਅਤੇ ਸ਼ਹੀਦ ਦੀਵਾਨ ਟੋਡਰਮੱਲ ਦੀਆਂ ਸ਼ਹਾਦਤਾਂ ਦੇ ਵੱਡੇ ਮਹੱਤਵ ਦੇ ਪ੍ਰਸਾਰ ਨੂੰ ਘਟਾਉਣ ਲਈ ਬੀਜੇਪੀ-ਆਰ.ਐਸ.ਐਸ ਦੀ ਬੀ-ਟੀਮ ਬਣੀ ਸ੍ਰੀ ਕੇਜਰੀਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦਿਹਾੜੇ ਦੇ ਸੰਸਾਰ ਪੱਧਰ ਦੇ ਮਹੱਤਵ ਨੂੰ ਘਟਾਉਣ ਲਈ ਹੀ ਮਾਤਮੀ ਬਿਗੁਲ ਵਜਾਉਣ ਦੀ ਗੱਲ ਕੀਤੀ ਸੀ । ਜਿਸਦਾ ਸਿੱਖ ਕੌਮ ਦੇ ਤਿੱਖੇ ਵਿਰੋਧ ਦੀ ਬਦੌਲਤ ਸ. ਭਗਵੰਤ ਸਿੰਘ ਮਾਨ ਨੇ ਆਪਣੇ ਕੀਤੇ ਗਏ ਸਿੱਖ ਇਤਿਹਾਸ ਵਿਰੋਧੀ ਫੈਸਲੇ ਨੂੰ ਵਾਪਸ ਲੈਣਾ ਪਿਆ । ਸਿੱਖ ਕੌਮ ਦੀਆਂ ਮਹਾਨ ਰਵਾਇਤਾ, ਸੋਚ, ਫਖ਼ਰਨਾਮਾ ਕਾਰਨਾਮਿਆ ਨੂੰ ਘਟਾਉਣ ਜਾਂ ਕੌਮ ਨਾਲ ਸੰਬੰਧਤ ਇਤਿਹਾਸ ਨੂੰ ਮੰਦਭਾਵਨਾ ਅਧੀਨ ਬਦਲਣ ਅਧੀਨ ਹੀ ਹੁਕਮਰਾਨ ਸਮੇ-ਸਮੇ ਤੇ ਅਜਿਹੇ ਦੁੱਖਦਾਇਕ ਅਮਲ ਕਰਦੇ ਹਨ । ਜਿਸ ਨੂੰ ਸਿੱਖ ਕੌਮ ਕਦਾਚਿਤ ਨਾ ਪਹਿਲੇ ਬਰਦਾਸਤ ਕੀਤਾ ਹੈ ਨਾ ਆਉਣ ਵਾਲੇ ਸਮੇ ਵਿਚ ਕਰੇਗੀ । ਇਸ ਲਈ ਸਿੱਖ ਕੌਮ ਦੇ ਫਖ਼ਰਨੁਮਾ ਇਤਿਹਾਸ, ਮਹਾਨ ਰਵਾਇਤਾ, ਸੋਚ ਨਾਲ ਖਿਲਵਾੜ ਕਰਨ ਦੀ ਕੋਈ ਵੀ ਹੁਕਮਰਾਨ ਤਾਕਤ ਦੇ ਨਸੇ ਵਿਚ ਗੁਸਤਾਖੀ ਨਾ ਕਰੇ ਤਾਂ ਬਿਹਤਰ ਹੋਵੇਗਾ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਵੱਲੋ ਸਿੱਖ ਕੌਮ ਦੇ ਇਤਿਹਾਸਿਕ ਮਹਾਨ ਵਿਰਸੇ ਨਾਲ ਖਿਲਵਾੜ ਕਰਨ ਦੀਆਂ ਕਾਰਵਾਈਆ ਵਿਰੁੱਧ ਅਤੇ ਸੈਂਟਰ ਦੇ ਫਿਰਕੂ ਹੁਕਮਰਾਨਾਂ ਵੱਲੋ ਸਾਹਿਬਜਾਦਿਆ ਦੀਆਂ ਸ਼ਹੀਦੀਆਂ ਦੇ ਮਹਾਨ ਇਤਿਹਾਸ ਨੂੰ ‘ਵੀਰ ਬਾਲ ਦਿਵਸ’ ਦੇ ਐਲਾਨੇ ਜਾਣ ਵਾਲੀਆ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਕੀਤੀ ਜਾ ਰਹੀ ਇਤਿਹਾਸਿਕ ਛੇੜਛਾੜ ਵਿਰੁੱਧ ਹੁਕਮਰਾਨਾਂ ਅਤੇ ਪੰਥ ਵਿਰੋਧੀ ਸ਼ਕਤੀਆ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *