ਧੂਰੀ ਗੰਨਾਂ ਮਿੱਲ ਵਿਖੇ ਕਿਸਾਨਾਂ ਉਤੇ ਕੀਤਾ ਲਾਠੀਚਾਰਜ ਅਸਹਿ, ਕਿਸਾਨਾਂ ਦੀਆਂ ਮੰਗਾਂ ਜਾਇਜ ਉਨ੍ਹਾਂ ਦੇ ਮਸਲੇ ਤੁਰੰਤ ਹੱਲ ਹੋਣ : ਮਾਨ

ਸੰਗਰੂਰ-ਬਰਨਾਲਾ/ਫ਼ਤਹਿਗੜ੍ਹ ਸਾਹਿਬ, 19 ਦਸੰਬਰ ( ) “ਧੂਰੀ ਗੰਨਾਂ ਮਿੱਲ ਵਿਖੇ ਪੀੜ੍ਹਤ ਕਿਸਾਨਾਂ ਵੱਲੋਂ ਬੀਤੇ ਕਈ ਦਿਨਾਂ ਤੋ ਜੋ ਆਪਣੀਆ ਜਾਇਜ ਮੰਗਾਂ ਦੀ ਪੂਰਤੀ ਲਈ ਧਰਨਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੀ ਪੀੜ੍ਹਾ ਨੂੰ ਦੂਰ ਕਰਨ ਦੀ ਬਜਾਇ ਜੋ ਪੰਜਾਬ ਸਰਕਾਰ ਤੇ ਪੁਲਿਸ ਵੱਲੋ ਉਨ੍ਹਾਂ ਉਤੇ ਬੇਹੁੱਦਾ ਅਤੇ ਬੇਰਹਿੰਮੀ ਨਾਲ ਲਾਠੀਚਾਰਜ ਕਰਕੇ ਬਜੁਰਗ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਜਖਮੀ ਤੇ ਅਪਮਾਨਿਤ ਕੀਤਾ ਗਿਆ ਹੈ । ਇਹ ਕਾਰਵਾਈ ਅਤਿ ਸ਼ਰਮਨਾਕ ਅਤੇ ਅਸਹਿ ਹੈ । ਉਨ੍ਹਾਂ ਦੀ ਗੰਨੇ ਦੀ ਫਸਲ ਦਾ ਲੰਮੇ ਸਮੇ ਤੋ ਵੱਡੀ ਰਕਮ ਵਿਚ ਬਕਾਇਆ ਖੜ੍ਹਾ ਹੈ । ਜੋ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਗੰਨੇ ਦੀ ਸਹੀ ਕੀਮਤ ਗੰਨਾਂ ਮਿੱਲ ਵੱਲੋ ਦਿੱਤੀ ਜਾ ਰਹੀ ਹੈ । ਪੰਜਾਬ ਸਰਕਾਰ ਅਤੇ ਪੁਲਿਸ ਦੀ ਇਹ ਜਾਬਰ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਕਿਸਾਨਾਂ ਵੱਲੋ ਦਿੱਤੇ ਜਾ ਰਹੇ ਧਰਨੇ ਤੇ ਉਨ੍ਹਾਂ ਦੀਆਂ ਮੰਗਾਂ ਦਾ ਪੂਰਨ ਰੂਪ ਵਿਚ ਸਮਰੱਥਨ ਕਰਦਾ ਹੋਇਆ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰਦਾ ਹੈ ਕਿ ਜੇਕਰ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਸੁਹਿਰਦਤਾ ਨਾਲ ਪੂਰਨ ਕਰਨ ਦੇ ਅਮਲ ਨਾ ਕੀਤੇ ਗਏ ਤਾਂ ਇਹ ਅੰਦੋਲਨ ਜਿਸ ਨੂੰ ਸਰਕਾਰ ਜ਼ਬਰੀ ਦਬਾਉਣਾ ਚਾਹੁੰਦੀ ਹੈ, ਇਹ ਵੱਡੇ ਪੱਧਰ ਤੇ ਰੋਹ ਉੱਠਕੇ ਹੋਰ ਵੀ ਵਿਸਫੋਟਕ ਸਥਿਤੀ ਬਣ ਸਕਦੀ ਹੈ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਹੀ ਸਮੇ ਤੇ ਕਿਸਾਨ ਪੱਖੀ ਫੈਸਲਾ ਕਰਕੇ ਉਨ੍ਹਾਂ ਦੀਆਂ ਮੰਗਾਂ ਦੀ ਤੁਰੰਤ ਪੂਰਤੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਗੰਨੇ ਦੀ ਫਸਲ ਦੀ ਜੋ ਵੱਡੀ ਰਕਮ ਬਕਾਏ ਵੱਜੋ ਲੰਮੇ ਸਮੇ ਤੋ ਖੜ੍ਹੀ ਹੈ, ਉਸਦਾ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਧੂਰੀ ਵਿਖੇ ਗੰਨਾਂ ਪੈਦਾਵਾਰ ਕਰਨ ਵਾਲੇ ਜਿੰਮੀਦਾਰਾਂ ਅਤੇ ਕਾਸਤਕਾਰਾਂ ਵੱਲੋ ਆਪਣੀਆ ਜਾਇਜ ਮੰਗਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਧਰਨੇ ਦੀ ਪੂਰਨ ਹਮਾਇਤ ਕਰਦੇ ਹੋਏ ਅਤੇ ਕਿਸਾਨਾਂ ਉਤੇ ਕੀਤੇ ਗਏ ਲਾਠੀਚਾਰਜ ਰਾਹੀ ਅਪਮਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੇ ਕਿਸਾਨਾਂ ਨਾਲ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਜੋ ਬੇਇਨਸਾਫ਼ੀਆਂ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਪੈਦਾਵਾਰ ਫਸਲਾਂ ਦੀ ਐਮ.ਐਸ.ਪੀ ਨਹੀ ਦਿੱਤੀ ਜਾ ਰਹੀ ਅਤੇ ਨਾ ਹੀ ਉਨ੍ਹਾਂ ਦੀ ਫਸਲ ਨੂੰ ਕੌਮਾਂਤਰੀ ਮੰਡੀ ਵਿਚ ਵੇਚਣ ਦੀ ਸਹੂਲਤ ਦੇ ਕੇ ਉਨ੍ਹਾਂ ਦੀ ਲਾਗਤ ਨਾਲੋ ਵੱਧ ਕੀਮਤ ਪ੍ਰਦਾਨ ਕਰਵਾਉਣ ਵਿਚ ਸਹਿਯੋਗ ਨਹੀ ਕੀਤਾ ਜਾ ਰਿਹਾ । ਅਜਿਹੇ ਅਮਲ ਦੋਵਾਂ ਸਰਕਾਰਾਂ ਦੇ ਜਿੰਮੀਦਾਰ ਅਤੇ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਡੂੰਘੀ ਸੱਟ ਮਾਰਨ ਵਾਲੇ ਹਨ ਅਤੇ ਜੋ ਉਨ੍ਹਾਂ ਦੀ ਗੰਨੇ ਦੀ ਫਸਲ ਦੀ ਵੱਡੀ ਰਕਮ ਦੇ ਬਕਾਏ ਦਾ ਭੁਗਤਾਨ ਨਹੀ ਕੀਤਾ ਜਾ ਰਿਹਾ ਇਹ ਹੋਰ ਵੀ ਵੱਡੀ ਬੇਇਨਸਾਫ਼ੀ ਹੈ । ਸ. ਮਾਨ ਨੇ ਆਪਣੇ ਸੰਗਰੂਰ, ਬਰਨਾਲਾ ਜਿਲ੍ਹੇ ਦੇ ਪਾਰਟੀ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ ਦੀ ਹਮਾਇਤ ਕਰਦੇ ਹੋਏ ਵਾਰੋ-ਵਾਰੀ ਧਰਨੇ ਵਾਲੇ ਸਥਾਂਨ ਤੇ ਜਾ ਕੇ ਕਿਸਾਨਾਂ ਦੀਆਂ ਜਾਇਜ ਮੰਗਾਂ ਦੇ ਹੱਕ ਵਿਚ ਲੋਕ ਰਾਏ ਲਾਮਬੰਦ ਵੀ ਕਰਨ ਅਤੇ ਉਨ੍ਹਾਂ ਦੀ ਧਰਨੇ ਦੀ ਪਾਰਟੀ ਵੱਲੋ ਹਮਾਇਤ ਵੀ ਕਰਨ । 

Leave a Reply

Your email address will not be published. Required fields are marked *