ਬੀਜੇਪੀ-ਆਰ.ਐਸ.ਐਸ. ਨਾਲ ਸਾਂਝ ਪਾ ਕੇ 20 ਦਸੰਬਰ ਵਾਲੇ ਦਿੱਲੀ ਮਾਰਚ ਨੂੰ ਰੱਦ ਕਰਵਾਕੇ, ਸੁਖਬੀਰ ਬਾਦਲ ਅਤੇ ਸ. ਢੀਂਡਸਾ ਆਪਣੇ ਜਾਂ ਖ਼ਾਲਸਾ ਪੰਥ ਲਈ ਕੋਈ ਪ੍ਰਾਪਤੀ ਨਹੀਂ ਕਰ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 18 ਦਸੰਬਰ ( ) “ਖ਼ਾਲਸਾ ਪੰਥ ਦਾ ਕੋਈ ਵੀ ਆਗੂ ਜੋ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਦਾ ਗੁਲਾਮ ਬਣਕੇ ਬੀਜੇਪੀ-ਆਰ.ਐਸ.ਐਸ. ਜਾਂ ਕਾਂਗਰਸ ਵਰਗੀਆਂ ਜਾਲਮ ਜਮਾਤਾਂ ਨਾਲ ਸਾਂਝ ਪਾ ਕੇ ਖ਼ਾਲਸਾ ਪੰਥ ਤੇ ਪੰਜਾਬ ਦਾ ਕਦੀ ਵੀ ਕੁਝ ਨਹੀ ਸਵਾਰ ਸਕਣਗੇ ਅਤੇ ਨਾ ਹੀ ਇਹ ਉਪਰੋਕਤ ਮੁਤੱਸਵੀ ਜਮਾਤਾਂ ਸਿੱਖ ਕੌਮ ਤੇ ਪੰਜਾਬ ਸੂਬੇ ਦੇ ਮਸਲਿਆ ਨੂੰ ਹੱਲ ਕਰਨ ਲਈ ਕਿਸੇ ਤਰ੍ਹਾਂ ਦੀ ਸੰਜ਼ੀਦਗੀ ਰੱਖਦੀਆਂ ਹਨ । ਫਿਰ ਇਹ ਭੁੱਲੇ-ਭਟਕੇ ਆਗੂ ਜਿਨ੍ਹਾਂ ਨੇ ਬੀਤੇ ਸਮੇ ਵਿਚ ਕਦੀ ਵੀ ਨਾਮੁਆਫ ਕਰਨ ਯੋਗ ਬਜਰ ਗੁਸਤਾਖੀਆਂ ਕੀਤੀਆ ਹਨ ਅਤੇ ਜਿਨ੍ਹਾਂ ਨੂੰ ਖ਼ਾਲਸਾ ਪੰਥ ਪਹਿਲੋ ਹੀ ਆਪਣੇ ਮਨ-ਆਤਮਾ ਵਿਚੋ ਕੱਢ ਚੁੱਕਿਆ ਹੈ ਉਹ ਫਿਰ ਬੀਜੇਪੀ-ਆਰ.ਐਸ.ਐਸ. ਨਾਲ ਸਾਂਝਾ ਪਾ ਕੇ ਆਪਣੀ ਖਤਮ ਹੋਈ ਸਿਆਸੀ ਸਾਖ ਅਤੇ ਜੋ ਸਿਆਸੀ ਸਾਹ ਲੱਭ ਰਹੇ ਹਨ, ਉਹ ਇਸ ਵਿਚ ਕਦੀ ਵੀ ਕਾਮਯਾਬ ਨਹੀਂ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ 30-30, 35-35 ਸਾਲਾਂ ਤੋਂ ਹੁਕਮਰਾਨਾਂ ਵੱਲੋ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਲਈ 20 ਦਸੰਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਪ੍ਰਭਾਵਸਾਲੀ ਉਸ ਮਾਰਚ ਜਿਸ ਵਿਚ ਅਸੀ ਵੀ ਹੁੰਮ-ਹੁੰਮਾਕੇ ਹਿੱਸਾ ਲੈਣ ਜਾ ਰਹੇ ਸੀ, ਉਸ ਨੂੰ ਰੱਦ ਕਰਕੇ, ਬੀਜੇਪੀ-ਆਰ.ਐਸ.ਐਸ ਨਾਲ ਉਪਰੋਕਤ ਆਗੂਆਂ ਵੱਲੋਂ ਫਿਰ ਤੋਂ ਸਾਂਝ ਪਾਉਣ ਦੇ ਖ਼ਾਲਸਾ ਪੰਥ ਵਿਰੋਧੀ ਕਾਰਵਾਈਆ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਅਜਿਹੇ ਅਮਲਾਂ ਰਾਹੀ ਇਨ੍ਹਾਂ ਆਗੂਆਂ ਵੱਲੋਂ ਆਪਣੇ ਲਈ ਜਾਂ ਖ਼ਾਲਸਾ ਪੰਥ ਲਈ ਕੋਈ ਵੀ ਪ੍ਰਾਪਤੀ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਮੁੱਚਾ ਖ਼ਾਲਸਾ ਪੰਥ ਅਤੇ ਪੰਜਾਬੀ ਜਾਣਦੇ ਹਨ ਕਿ ਇਨ੍ਹਾਂ ਦੇ ਬੀਤੇ ਸਮੇ ਦੇ ਰਾਜ ਭਾਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਵਾਰ ਬੇਅਦਬੀਆਂ ਹੋਈਆ, 328 ਪਾਵਨ ਸਰੂਪ ਸਾਜਸੀ ਢੰਗ ਨਾਲ ਲਾਪਤਾ ਕੀਤੇ ਗਏ, ਬਹਿਬਲ ਕਲਾਂ ਵਿਖੇ ਨਿਰਦੋਸ਼ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸ਼ਹੀਦ ਕੀਤੇ ਗਏ । ਕੋਟਕਪੂਰਾ ਵਿਖੇ ਸਿੱਖਾਂ ਉਤੇ ਜ਼ਬਰ ਢਾਹਿਆ ਗਿਆ । ਸਿਰਸੇਵਾਲੇ ਸਿੱਖ ਕੌਮ ਦੇ ਦੋਸ਼ੀ ਬਲਾਤਕਾਰੀ ਤੇ ਕਾਤਲ ਸਾਧ ਨੂੰ ਇਨ੍ਹਾਂ ਦੇ ਆਦੇਸ਼ਾਂ ਉਤੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਬਿਨ੍ਹਾਂ ਪੇਸ ਹੋਏ ਕੇਵਲ ਮੁਆਫ਼ੀ ਹੀ ਨਹੀ ਦਿੱਤੀ ਗਈ, ਬਲਕਿ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋ 90 ਲੱਖ ਰੁਪਏ ਦੀ ਵੱਡੀ ਰਕਮ ਖਰਚ ਕਰਕੇ ਇਸਤਿਹਾਰਬਾਜੀ ਕੀਤੀ ਗਈ । ਫਿਰ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦੀ ਦਰਸਨੀ ਡਿਊੜ੍ਹੀ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਰਾਹੀ ਢਹਿ-ਢੇਰੀ ਕਰਵਾਇਆ ਗਿਆ । ਸਿੱਖ ਨੌਜਵਾਨੀ ਦੇ ਵੱਡੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ । ਸਿੱਖ ਕੌਮ ਦੇ ਕਾਤਲ ਪੁਲਿਸ ਅਫਸਰਾਂ ਸੁਮੇਧ ਸੈਣੀ, ਮਰਹੂਮ ਇਜਹਾਰ ਆਲਮ, ਸੰਮਤ ਗੋਇਲ, ਦਿਨਕਰ ਗੁਪਤਾ ਆਦਿ ਨੂੰ ਤਰੱਕੀਆ ਦਿੱਤੀਆ ਗਈਆ । ਬਲਿਊ ਸਟਾਰ ਦਾ ਫ਼ੌਜੀ ਹਮਲਾ ਇਨ੍ਹਾਂ ਦੀ ਪ੍ਰਵਾਨਗੀ ਨਾਲ ਹੋਇਆ । ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਅਨੇਕਾ ਪ੍ਰਬੰਧਕ ਖਾਮੀਆ ਨੂੰ ਜਨਮ ਦੇਣ ਵਾਲੇ ਇਹ ਖੁਦ ਹਨ । ਕਿਸਾਨ-ਮਜਦੂਰ ਦਿੱਲੀ ਮੋਰਚੇ ਸਮੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਸੈਟਰ ਦੀ ਕੈਬਨਿਟ ਵਿਚ ਹੁੰਦੇ ਹੋਏ ਵਿਰੋਧਤਾ ਕਰਦੇ ਰਹੇ । ਨਾ ਤਾਂ ਐਮ.ਐਸ.ਪੀ. ਅਤੇ ਨਾ ਹੀ ਸੁਆਮੀਨਾਥਨ ਰਿਪੋਰਟ ਲਾਗੂ ਕਰਵਾ ਸਕੇ । ਪੰਜਾਬ ਦੇ ਕੀਮਤੀ ਪਾਣੀਆਂ ਅਤੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਨੂੰ ਇਨ੍ਹਾਂ ਨੇ ਖੁਦ ਆਪਣੇ ਸਵਾਰਥੀ ਹਿੱਤਾ ਲਈ ਲੁੱਟਾਇਆ । ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਰੱਖਣ ਲਈ ਇਹ ਹੀ ਜਿੰਮੇਵਾਰ ਹਨ । ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਇਨ੍ਹਾਂ ਨੇ ਕਦੀ ਵੀ ਸੈਟਰ ਤੋ ਕੋਈ ਵੱਡੀ ਇੰਡਸਟਰੀ ਨਾ ਤਾਂ ਮੰਗੀ ਅਤੇ ਨਾ ਹੀ ਪੰਜਾਬੀਆਂ ਅਤੇ ਸਿੱਖਾਂ ਦੇ ਉਤਪਾਦਾਂ ਦਾ ਸਹੀ ਮੁੱਲ ਦਿਵਾਉਣ ਲਈ ਅਤੇ ਵਪਾਰ ਲਈ ਸਰਹੱਦਾਂ ਨੂੰ ਖੋਲਣ ਦੀ ਜਿੰਮੇਵਾਰੀ ਨਿਭਾਈ । ਬਲਕਿ ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਦੀ ਬੋਲੀ ਬੋਲਕੇ ਸਰਹੱਦਾਂ ਨੂੰ ਖੋਲਣ ਦੀ ਵਿਰੋਧਤਾ ਕਰਦੇ ਰਹੇ ।

ਇਥੋ ਤੱਕ ਕਿ ਕਬੱਡੀ ਦੀਆਂ ਖੇਡਾਂ ਦੇ ਬਹਾਨੇ ਬਾਹਰਲੇ ਮੁਲਕਾਂ ਵਿਚੋ ਵੱਡੇ-ਵੱਡੇ ਸਮੱਗਲਰਾਂ ਨੂੰ ਬੁਲਾਕੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਮੀਟਿੰਗਾਂ ਕਰਕੇ ਯੋਜਨਾਵਾਂ ਬਣਾਉਦੇ ਰਹੇ ਅਤੇ ਸਮੁੱਚੇ ਪੰਜਾਬ ਨੂੰ ਨਸ਼ੀਲੀਆਂ ਵਸਤਾਂ ਦੇ ਹਵਾਲੇ ਕਰਨ ਦੇ ਭਾਗੀ ਹਨ । ਇਨ੍ਹਾਂ ਦੇ ਰਾਜ ਭਾਗ ਸਮੇ ਹੀ ਡੀਐਸਪੀ ਸਲਵਿੰਦਰ ਸਿੰਘ ਅਤੇ ਬੀਜੇਪੀ ਦੇ ਬੀਤੇ ਸਮੇ ਦੇ ਪ੍ਰਧਾਨ ਕਮਲ ਸਰਮਾ ਦਾ ਨਾਮ ਇਨ੍ਹਾਂ ਧੰਦਿਆ ਵਿਚ ਸਾਹਮਣੇ ਆਇਆ । ਪਰ ਕਿਸੇ ਨੂੰ ਵੀ ਸਜ਼ਾ ਨਹੀ ਦਿਵਾ ਸਕੇ । ਹੁਣ ਜਦੋਂ ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ ਵਿਚ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ, ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਇਥੋ ਦੀਆਂ ਏਜੰਸੀਆਂ ਵੱਲੋ ਕਤਲ ਕੀਤੇ ਗਏ, ਤਾਂ ਇਨ੍ਹਾਂ ਵੱਲੋਂ ਸਿੱਖਾਂ ਦੇ ਇਨ੍ਹਾਂ ਹੋ ਰਹੇ ਕਤਲਾਂ ਵਿਰੁੱਧ ਕਿਸੇ ਤਰ੍ਹਾਂ ਦੀ ਆਵਾਜ ਨਹੀ ਉਠਾਈ ਗਈ । ਇਥੋ ਤੱਕ ਜਦੋ ਮੈਂ ਬੀਤੇ ਸਮੇ ਦੇ ਪਾਰਲੀਮੈਟ ਹਾਊਸ ਵਿਚ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਨ੍ਹਾਂ ਗੰਭੀਰ ਮੁੱਦਿਆ ਉਤੇ ਗੱਲ ਕਰਨ ਲਈ ਪਾਰਲੀਮੈਟ ਵਿਚ ਅੱਗੇ ਜਾਣ ਲਈ ਕਿਹਾ ਤਾਂ ਇਹ ਦੋਵੇ ਉੱਠਕੇ ਅੱਗੇ ਮੇਰੇ ਨਾਲ ਬੈਠ ਗਏ । ਲੇਕਿਨ ਕੁਝ ਸਮੇ ਬਾਅਦ ਜਦੋ ਬਹਿਸ ਸੁਰੂ ਹੋਈ ਤਾਂ ਇਹ ਸਪੀਕਰ ਦੇ ਕਮਰੇ ਵਿਚ ਚੱਲੇ ਗਏ ਐਨੇ ਨੂੰ ਫਤਹਿਗੜ੍ਹ ਸਾਹਿਬ ਦੇ ਐਮ.ਪੀ ਸ. ਅਮਰ ਸਿੰਘ ਆ ਗਏ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਸਪੀਕਰ ਦੇ ਕਮਰੇ ਵਿਚ ਪਿੱਛੇ ਜਾਣ ਨੂੰ ਕੋਈ ਦਰਵਾਜਾ ਹੈ, ਤਾਂ ਉਨ੍ਹਾਂ ਨੇ ਹਾਂ ਵਿਚ ਜੁਆਬ ਦਿੱਤਾ । ਕਿਉਂਕਿ ਇਨ੍ਹਾਂ ਵੱਲੋ ਇਨ੍ਹਾਂ ਮੁੱਦਿਆ ਨੂੰ ਉਠਾਉਣ ਤੋ ਭੱਜਣ ਲਈ ਹੀ ਸਪੀਕਰ ਦੇ ਕਮਰੇ ਵਿਚ ਗਏ ਸਨ ਅਤੇ ਉਨ੍ਹਾਂ ਦੇ ਕਮਰੇ ਦੇ ਪਿੱਛਲੇ ਦਰਵਾਜੇ ਰਾਹੀ ਬਾਹਰ ਚਲੇ ਗਏ । ਫਿਰ ਅਜਿਹੀ ਲੀਡਰਸਿ਼ਪ ਉਤੇ ਪੰਜਾਬੀ ਤੇ ਸਿੱਖ ਕੌਮ ਕਿਸ ਤਰ੍ਹਾਂ ਵਿਸਵਾਸ ਰੱਖ ਸਕਦੇ ਹਨ । ਇਨ੍ਹਾਂ ਨਾਲ ਵੀ ਕੌਮ ਦਾ ਵਿਵਹਾਰ ਉਸੇ ਤਰ੍ਹਾਂ ਦਾ ਹੋਣਾ ਹੈ ਜਿਵੇ 09 ਦਸੰਬਰ 2018 ਨੂੰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਚੱਲ ਰਹੇ ਬਰਗਾੜੀ ਮੋਰਚੇ ਨੂੰ ਖਤਮ ਕਰ ਦਿੱਤਾ ਸੀ ਤੇ ਸਮੁੱਚੀ ਕੌਮ ਭਾਈ ਧਿਆਨ ਸਿੰਘ ਮੰਡ ਦੇ ਵਿਰੁੱਧ ਹੋ ਗਈ ਸੀ ਅਤੇ ਇਨ੍ਹਾਂ ਦੀਆਂ ਪੰਥ ਵਿਰੋਧੀ ਕਾਰਵਾਈਆ ਦੀ ਬਦੌਲਤ ਖਾਲਸਾ ਪੰਥ ਇਸ ਸਮੇ ਇਨ੍ਹਾਂ ਦੇ ਵੀ ਵਿਰੁੱਧ ਖੜ੍ਹਾ ਹੈ । 

ਹੁਣ ਜਦੋਂ ਸ. ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਅਤੇ ਹੋਰ ਬਾਦਲ ਦਲ ਦੇ ਵੱਖਰੇ ਹੋਏ ਆਗੂ ਆਪਣੀ ਸਿਆਸੀ ਮੌਕਾਪ੍ਰਸਤੀ ਦੀ ਸੋਚ ਅਧੀਨ ਫਿਰ ਉਸ ਖੱਡ ਵਿਚ ਡਿੱਗਣ ਜਾ ਰਹੇ ਹਨ, ਜਿਥੋਂ ਖ਼ਾਲਸਾ ਪੰਥ ਨੇ ਇਨ੍ਹਾਂ ਨੂੰ ਬਿਲਕੁਲ ਨਹੀ ਕੱਢਣਾ ਤਾਂ ਇਹ ਬੀਜੇਪੀ-ਆਰ.ਐਸ.ਐਸ. ਨਾਲ ਸਾਂਝ ਪਾ ਕੇ ਅਤੇ ਫਿਰ ਬਾਦਲ ਦਲ ਵਿਚ ਆ ਕੇ ਖ਼ਾਲਸਾ ਪੰਥ ਤੇ ਪੰਜਾਬ ਦਾ ਕੀ ਸਵਾਰ ਸਕਣਗੇ ਅਤੇ ਕਿਵੇ ਖ਼ਾਲਸਾ ਪੰਥ ਵਿਚ ਵਿਚਰ ਸਕਣਗੇ ? ਕਿਉਂਕਿ ਇਨ੍ਹਾਂ ਨੂੰ ਈ.ਡੀ, ਸੀ.ਬੀ.ਆਈ. ਐਨ.ਆਈ.ਏ. ਨੇ ਘੇਰਿਆ ਹੋਇਆ ਹੈ, ਉਨ੍ਹਾਂ ਤੋ ਬਚਣ ਲਈ ਹੀ ਬੀਜੇਪੀ-ਆਰ.ਐਸ.ਐਸ ਦੀ ਸ਼ਰਨ ਵਿਚ ਜਾ ਰਹੇ ਹਨ । ਇਨ੍ਹਾਂ ਨੇ ਪੰਜਾਬ ਸੂਬੇ ਜਾਂ ਪੰਥ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਇ ਕੇਵਲ ਆਪੋ ਆਪਣੇ ਕਾਰੋਬਾਰਾਂ, ਜਮੀਨਾਂ-ਜਾਇਦਾਦਾਂ, ਮਾਲ ਹੀ ਬਣਾਏ ਹਨ ਅਤੇ ਆਪਣੇ ਖਜਾਨਿਆ ਵਿਚ ਵਾਧਾ ਕੀਤਾ ਹੈ, ਪੰਥ ਨੂੰ ਕੀ ਦਿੱਤਾ ਹੈ ? ਇਨ੍ਹਾਂ ਨੂੰ ਇਹ ਵੱਡਾ ਭਰਮ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਇਨ੍ਹਾਂ ਨੂੰ ਵੋਟਾਂ ਪਾ ਦੇਣਗੇ, ਜਿਨ੍ਹਾਂ ਨੇ ਖ਼ਾਲਸਾ ਪੰਥ ਨੂੰ ਪਿੱਠ ਦਿੱਤੀ ਅਤੇ ਦੁਸ਼ਮਣ ਤਾਕਤਾਂ ਦੇ ਖੇਮੇ ਵਿਚ ਜਾ ਕੇ ਖਲੋ ਗਏ ਹਨ, ਉਨ੍ਹਾਂ ਨੂੰ ਸਿੱਖ ਕੌਮ ਨੇ ਕਤਈ ਮੁਆਫ਼ ਨਹੀ ਕਰਨਾ ਅਤੇ ਨਾ ਹੀ ਇਹ ਆਪਣੀ ਹੋਣ ਜਾ ਰਹੀ ਸਿਆਸੀ ਮੌਤ ਤੋ ਬਚ ਸਕਣਗੇ ।

Leave a Reply

Your email address will not be published. Required fields are marked *