ਇਜਰਾਇਲ ਨੂੰ ਜੰਗ ਲਈ ਅਤੇ ਮਨੁੱਖਤਾ ਦੇ ਕਤਲੇਆਮ ਲਈ ਉਤਸਾਹਿਤ ਕਰਨ ਵਾਲੇ ਮੁਲਕ ਇਨਸਾਨੀਅਤ ਅਤੇ ਮਨੁੱਖਤਾ ਦੇ ਵਿਰੋਧੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 08 ਨਵੰਬਰ ( ) “ਵੱਡੇ ਤੋ ਵੱਡੇ ਕਿਸੇ ਵੀ ਮਸਲੇ ਦਾ ਸਹੀ ਹੱਲ ਜੰਗ ਜਾਂ ਝਗੜਾ ਨਹੀ ਹੁੰਦਾ, ਬਲਕਿ ਸੰਬੰਧਤ ਦੋਵਾਂ ਧਿਰਾਂ ਵੱਲੋ ਨਿਰਪੱਖ ਸੋਚ ਵਾਲੇ ਇਮਾਨਦਾਰ ਸਾਲਸਾ ਦੀ ਮਦਦ ਨਾਲ ਆਪਸੀ ਗੱਲਬਾਤ ਦੇ ਮਾਹੌਲ ਤਿਆਰ ਕਰਕੇ ਅਜਿਹੇ ਕੌਮਾਂਤਰੀ ਮਸਲਿਆ ਨੂੰ ਦੂਰ ਅੰਦੇਸ਼ੀ ਨਾਲ ਸੁਲਝਾਉਣਾ ਹੀ ਸਹੀ ਪਹੁੰਚ ਹੁੰਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ 07 ਅਕਤੂਬਰ ਨੂੰ ਫਲਸਤੀਨੀ ਹਮਾਸ ਵੱਲੋ ਇਜਰਾਇਲ ਉਤੇ ਕੀਤੇ ਹਮਲੇ ਨੂੰ ਲੈਕੇ ਜੋ ਫਲਸਤੀਨੀਆ ਦੇ ਇਲਾਕਿਆ ਉਤੇ ਨਿਰੰਤਰ ਬੰਬਾਰਮੈਟ ਕਰਕੇ 10 ਹਜਾਰ ਦੇ ਕਰੀਬ ਮਨੁੱਖੀ ਜਾਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਹੈ, ਜਿਨ੍ਹਾਂ ਵਿਚ 3 ਹਜਾਰ ਮਾਸੂਮ ਬੱਚੇ ਵੀ ਹਨ ਅਤੇ ਕੋਈ 25 ਹਜਾਰ ਦੇ ਕਰੀਬ ਫਲਸਤੀਨੀ ਨਿਰਦੋਸ ਨਿਵਾਸੀ ਜਖਮੀ ਹੋਏ ਹਨ, ਉਨ੍ਹਾਂ ਨੂੰ ਰਾਸਨ-ਪਾਣੀ ਪਹੁੰਚਾਉਣ, ਦਵਾਈਆ ਪਹੁੰਚਾਉਣ ਦੇ ਉੱਦਮਾਂ ਉਤੇ ਇਜਰਾਇਲ ਵੱਲੋ ਜਬਰੀ ਰੋਕ ਲਗਾਕੇ ਗੈਰ ਇਨਸਾਨੀਅਤ ਅਤੇ ਕੌਮਾਂਤਰੀ ਜੰਗੀ ਕਾਨੂੰਨਾਂ ਵਿਰੋਧੀ ਅਮਲ ਕੀਤੇ ਜਾ ਰਹੇ ਹਨ । ਜੋ ਨਿੰਦਣਯੋਗ ਕਾਰਵਾਈ ਹੈ । ਜੋ ਮੁਲਕ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਇਜਰਾਇਲ ਅਤੇ ਅਮਰੀਕਾ ਆਦਿ ਦੇ ਦਬਾਅ ਥੱਲੇ ਆ ਕੇ ਫਲਸਤੀਨੀਆ ਉਤੇ ਇਜਰਾਇਲ ਵੱਲੋ ਢਾਹੇ ਜਾ ਰਹੇ ਜ਼ਬਰ ਜੁਲਮ ਤੇ ਮਨੁੱਖਤਾ ਦਾ ਘਾਣ ਹੋਣ ਲਈ ਇਜਰਾਇਲ ਦੀ ਪਿੱਠ ਥਾਪੜ ਰਹੇ ਹਨ, ਉਹ ਵੀ ਓਨੇ ਹੀ ਦੋਸੀ ਹਨ ਜਿੰਨਾ ਮਨੁੱਖਤਾ ਦਾ ਕਤਲੇਆਮ ਕਰਨ ਲਈ ਇਜਰਾਇਲ ਕਰ ਰਿਹਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਜਰਾਇਲ-ਹਮਾਸ ਜੰਗ ਵਿਚ ਮਨੁੱਖਤਾ ਅਤੇ ਇਨਸਾਨੀਅਤ ਦੇ ਹੋ ਰਹੇ ਵੱਡੇ ਕਤਲ ਅਤੇ ਸਭ ਇਨਸਾਨੀ ਕਦਰਾਂ ਕੀਮਤਾਂ ਨੂੰ ਪਿੱਠ ਦੇ ਕੇ ਜਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਸਨ-ਪਾਣੀ ਪਹੁੰਚਣ ਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਉਤੇ ਲਗਾਈ ਗਈ ਮਨੁੱਖਤਾ ਵਿਰੋਧੀ ਰੋਕ ਇਨਸਾਨੀਅਤ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਭਾਵੇ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮਾਸ ਵੱਲੋ 07 ਅਕਤੂਬਰ ਨੂੰ ਇਜਰਾਇਲੀਆ ਉਤੇ ਕੀਤੇ ਗਏ ਹਮਲੇ ਦੇ ਹੱਕ ਵਿਚ ਨਹੀ ਹੈ, ਪਰ ਫਲਸਤੀਨੀ ਜੋ ਆਪਣੀ ਆਜਾਦੀ ਦੀ ਜੰਗ ਲੜ ਰਹੇ ਹਨ, ਜਿਨ੍ਹਾਂ ਦੇ ਇਲਾਕਿਆ ਉਤੇ ਇਜਰਾਇਲ ਨੇ ਜਬਰੀ ਕਬਜੇ ਕੀਤੇ ਹੋਏ ਹਨ ਅਤੇ ਹੋਰ ਕਰਨ ਜਾ ਰਹੇ ਹਨ, ਉਸਨੂੰ ਵੀ ਕੌਮਾਂਤਰੀ ਕਾਨੂੰਨਾਂ ਦੀ ਦੇਖਰੇਖ ਹੇਠ ਉਲੰਘਣਾ ਵਾਲਾ ਹੀ ਪ੍ਰਵਾਨ ਕਰਦਾ ਹੈ । ਕਿਉਂਕਿ ਜੋ ਕੌਮਾਂ ਤੇ ਵਰਗ ਗੁਲਾਮੀਅਤ ਤੋ ਆਜਾਦੀ ਚਾਹੁੰਦੇ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਗੋਲੀ ਬੰਦੂਕ ਨੀਤੀ ਨਾਲ ਨਾ ਤਾਂ ਦਬਾਇਆ ਜਾ ਸਕਦਾ ਹੈ ਅਤੇ ਨਾ ਹੀ ਕੌਮਾਂਤਰੀ ਇਨਸਾਨੀਅਤ ਤੇ ਮਨੁੱਖਤਾ ਪੱਖੀ ਕਾਨੂੰਨ ਕਿਸੇ ਤਾਕਤਵਰ ਮੁਲਕ ਨੂੰ ਕਿਸੇ ਛੋਟੇ ਮੁਲਕ ਉਤੇ ਅਜਿਹਾ ਇਨਸਾਨੀਅਤ ਵਿਰੋਧੀ ਅਮਲ ਕਰਨ ਦੀ ਇਜਾਜਤ ਦਿੰਦੇ ਹਨ । 

ਸ. ਟਿਵਾਣਾ ਨੇ ਅਮਰੀਕਾ, ਕੈਨੇਡਾ ਸਮੇਤ ਯੂ.ਐਨ, ਏਸੀਆ ਵਾਚ ਹਿਊਮਨਰਾਈਟਸ, ਅਮਨੈਸਟੀ ਇੰਟਰਨੈਸਲਨ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਅਤੇ ਦੁਨੀਆ ਵਿਚ ਅਮਨ ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਚਾਹੁੰਣ ਵਾਲੀਆ ਇਨਸਾਨੀਅਤ ਪੱਖੀ ਸਖਸੀਅਤਾਂ ਤੇ ਮੁਲਕਾਂ ਨੂੰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਇਜਰਾਇਲ-ਹਮਾਸ ਜੰਗ ਵਿਚ ਜੋ ਨਿਰਦੋਸ ਫਲਸਤੀਨੀ ਨਿਵਾਸੀਆ, ਬੱਚਿਆ, ਬੀਬੀਆ ਉਤੇ ਹਮਲੇ ਕਰਕੇ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ, ਇਥੋ ਤੱਕ ਹਸਪਤਾਲਾਂ ਜਿਥੇ ਜਖਮੀਆ ਦੇ ਇਲਾਜ ਹੋ ਰਹੇ ਹਨ ਉਨ੍ਹਾਂ ਤੇ ਇਜਰਾਇਲ ਵੱਲੋ ਹਮਲੇ ਕੀਤੇ ਜਾ ਰਹੇ ਹਨ । ਇਸ ਮਨੁੱਖਤਾ ਦੇ ਘਾਣ ਰੂਪੀ ਅਮਲ ਨੂੰ ਬੰਦ ਕਰਵਾਉਣ ਲਈ ਸਭ ਮੁਲਕ ਅਤੇ ਸਖਸੀਅਤਾਂ ਤੇ ਸੰਸਥਾਵਾਂ ਇਸ ਜੰਗ ਨੂੰ ਫੋਰੀ ਬੰਦ ਕਰਵਾਉਣ ਲਈ ਸੁਹਿਰਦਤਾ ਨਾਲ ਦੋਵਾਂ ਮੁਲਕਾਂ ਨੂੰ ਟੇਬਲਟਾਕ ਤੇ ਲਿਆਕੇ ਜੰਗ ਨੂੰ ਖਤਮ ਕਰਵਾਉਣ ਦੀ ਇਨਸਾਨੀਅਤ ਪੱਖੀ ਜਿੰਮੇਵਾਰੀ ਨਿਭਾਉਣ । ਤਾਂ ਕਿ ਇਹ ਦੋ ਮੁਲਕਾਂ ਦੀ ਜੰਗ ਆਉਣ ਵਾਲੇ ਸਮੇ ਵਿਚ ਸੰਸਾਰ ਜੰਗ ਵਿਚ ਤਬਦੀਲ ਹੋ ਕੇ ਮਨੁੱਖਤਾ ਦਾ ਹੋਰ ਵੱਡਾ ਘਾਣ ਨਾ ਕਰ ਸਕਣ ਅਤੇ ਅਸੀ ਸਭ ਸਮੁੱਚੇ ਸੰਸਾਰ ਵਿਚ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾ ਸਕੀਏ । ਖਾਲਸਾ ਪੰਥ ਦੇ ਮਿਸਨ ‘ਸਰਬੱਤ ਦੇ ਭਲੇ’ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੀ ਸੋਚ ਅਨੁਸਾਰ ਸਮੁੱਚੇ ਸੰਸਾਰ ਵਿਚ, ਈਰਖਾ, ਦਵੈਤ, ਬਦਲੇ ਦੀ ਭਾਵਨਾ ਅਤੇ ਹੋਰ ਇਨਸਾਨੀਅਤ ਵਿਰੋਧੀ ਅਮਲਾਂ ਦਾ ਅੰਤ ਕਰਕੇ ਜਿੰਦਗੀ ਜਿਊਣ ਲਈ ਸਭ ਨੂੰ ਬਰਾਬਰ ਦੇ ਮੌਕੇ ਦੇ ਸਕੀਏ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸੁਹਿਰਦ ਤੇ ਇਮਾਨਦਾਰ ਮੁਲਕ ਇਸ ਜੰਗ ਨੂੰ ਰੁਕਾਉਣ ਲਈ ਆਪਣੇ ਅਸਰ ਰਸੂਖ ਦੀ ਵਰਤੋ ਕਰਨਗੇ ਨਾ ਕਿ ਇਸ ਜੰਗ ਨੂੰ ਹੋਰ ਹਵਾ ਦੇਣ ਦੀ ਨਾਂਹਵਾਚਕ ਕਾਰਵਾਈ ਕਰਨਗੇ ।

Leave a Reply

Your email address will not be published. Required fields are marked *