ਰਾਵਣ ਜੋ ਚਾਰੇ ਵੇਦਾਂ ਅਤੇ ਹੋਰ ਗ੍ਰੰਥਾਂ ਦੀ ਭਰਪੂਰ ਜਾਣਕਾਰੀ ਰੱਖਦੇ ਸਨ, ਉਸਦੇ ਹਰ ਸਾਲ ਪੁਤਲੇ ਫੂਕਣੇ ਇੰਡੀਆ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾ ਨੂੰ ਸੱਟ ਮਾਰਨ ਦੇ ਤੁੱਲ : ਮਾਨ

ਫ਼ਤਹਿਗੜ੍ਹ ਸਾਹਿਬ, 23 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜੋ ਰਾਵਣ ਚਾਰੇ ਵੇਦਾਂ ਤੇ ਹੋਰ ਗ੍ਰੰਥਾਂ ਤੇ ਵਿਦਵਤਾ ਭਰਪੂਰ ਵੱਡੇ ਵਿਦਵਾਨ ਸਨ ਅਤੇ ਜਿਨ੍ਹਾਂ ਨੂੰ ਦੱਖਣ ਦੇ ਅਤੇ ਰੰਘਰੇਟਿਆ ਤੇ ਨਿਵਾਸੀ ਲੱਖਾਂ ਦੀ ਗਿਣਤੀ ਵਿਚ ਪੂਜਾ ਕਰਦੇ ਹਨ ਅਤੇ ਜੋ ਸਾਡੇ ਮੁਲਕ ਵਿਚ ਹੀ ਵੱਸਦੇ ਹਨ, ਉਸਦਾ ਹਰ ਸਾਲ ਇਕ ਵਰਗ ਵੱਲੋ ਪੁਤਲੇ ਬਣਾਕੇ ਅੱਗ ਲਗਾਕੇ ਫੂਕਣ ਦੀਆਂ ਕਾਰਵਾਈਆ ਉਨ੍ਹਾਂ ਹਜਾਰਾਂ, ਲੱਖਾਂ ਇੰਡੀਆ ਦੇ ਨਿਵਾਸੀਆ ਅਤੇ ਰੰਘਰੇਟੇ ਵਰਗ ਦੇ ਮਨ-ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲਾ ਅਮਲ ਹੈ । ਜਿਸ ਨੂੰ ਹਿੰਦੂਤਵ ਕੱਟੜਵਾਦੀ ਲੋਕ ਸਦੀਆ ਤੋ ਇਹ ਦੁੱਖਦਾਇਕ ਅਮਲ ਕਰਦੇ ਆ ਰਹੇ ਹਨ । ਇਸ ਲਈ ਇਹ ਇਕ ਅੱਛਾ ਅਮਲ ਹੋਵੇਗਾ ਕਿ ਉਨ੍ਹਾਂ ਨੂੰ ਮੰਨਣ ਤੇ ਪੂਜਣ ਵਾਲੇ ਲੱਖਾਂ ਨਿਵਾਸੀਆ ਦੀਆਂ ਭਾਵਨਾਵਾ ਨੂੰ ਮੁੱਖ ਰੱਖਦੇ ਹੋਏ ਇਥੋ ਦੇ ਹਿੰਦੂਤਵ ਹੁਕਮਰਾਨ ਤੇ ਕੱਟੜਵਾਦੀ ਲੋਕ ਇਸ ਚੱਲਦੀ ਆ ਰਹੀ ਨਫ਼ਰਤ ਪੈਦਾ ਕਰਨ ਵਾਲੀ ਰਵਾਇਤ ਨੂੰ ਖਤਮ ਕਰਕੇ ਮਨੁੱਖਤਾ ਪੱਖੀ ਸੰਦੇਸ਼ ਦੇਣ ਦੇ ਅਮਲ ਕਰਨ ਤਾਂ ਇਹ ਇਥੋ ਦੇ ਮਾਹੌਲ ਨੂੰ ਸਾਜਗਰ ਬਣਾਉਣ ਲਈ ਬਿਹਤਰ ਹੋਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੱਟੜਵਾਦੀ ਹਿੰਦੂਤਵ ਨਿਵਾਸੀਆ ਵੱਲੋ ਹਰ ਸਾਲ ਰਾਵਣ ਵਰਗੇ ਵਿਦਵਤਾ ਭਰਪੂਰ ਵਿਦਵਾਨ ਦੇ ਪੁਤਲੇ ਬਣਾਕੇ ਫੂਕਣ ਅਤੇ ਲੱਖਾਂ ਦੀ ਨਿਵਾਸੀਆ ਦੇ ਮਨ-ਆਤਮਾ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਤੋ ਸਹਿਜ ਢੰਗ ਨਾਲ ਤੋਬਾ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਅਤੇ ਇਥੋ ਦੇ ਮਾਹੌਲ ਨੂੰ ਮਨੁੱਖਤਾ ਪੱਖੀ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਿਕਰ ਕੀਤਾ ਕਿ ਜੋ ਕੱਟੜਵਾਦੀ ਲੋਕ ਮੰਨੂਸਮ੍ਰਿਤੀ ਦੇ ਗ੍ਰੰਥ ਦੇ ਅਮਲ ਕਰਦੇ ਹੋਏ ਉਹ ਇਥੋ ਦੇ ਲੱਖਾਂ ਨਾਗਰਿਕਾਂ ਨੂੰ ਬਿਨ੍ਹਾਂ ਵਜਹ ਭੜਕਾਉਣ ਦਾ ਸਮਾਜ ਵਿਰੋਧੀ ਅਮਲ ਕਰ ਰਹੇ ਹਨ ਜਦੋਕਿ ਸਾਡੇ ਗ੍ਰੰਥਾਂ, ਵੇਦਾਂ ਨੇ ਹਮੇਸ਼ਾਂ ਇਨਸਾਨੀਅਤ ਅਤੇ ਮਨੁੱਖਤਾ ਦੀ ਗੱਲ ਕੀਤੀ ਹੈ ਨਾ ਕਿ ਨਫਰਤ ਅਤੇ ਵੰਡੀਆ ਪਾਉਣ ਦੀ । ਉਨ੍ਹਾਂ ਕਿਹਾ ਕਿ ਇੰਡੀਆ ਦੇ ਵਜੀਰ ਏ ਆਜਮ ਨਰਿੰਦਰ ਮੋਦੀ ਅਤੇ ਰੱਖਿਆ ਵਜੀਰ ਰਾਜਨਾਥ ਸਿੰਘ ਜੋ ਸਨਾਤਨ ਧਰਮ ਨੂੰ ਮਦਦ ਕਰਦੇ ਹਨ, ਉਨ੍ਹਾਂ ਨੂੰ ਇਹ ਸਪੱਸਟ ਕਰਨਾ ਪਵੇਗਾ ਕਿ ਇਥੋ ਦੇ ਵਿਧਾਨ ਦੀ ਆਰਟੀਕਲ 14 ਜੋ ਸਭਨਾਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕਰਦੀ ਹੈ, ਉਸ ਨੂੰ ਇਹ ਹੁਕਮਰਾਨ ਕਿਸ ਰੂਪ ਵਿਚ ਲਾਗੂ ਕਰਨਗੇ ? ਉਨ੍ਹਾਂ ਕਿਹਾ ਕਿ ਸਾਡੇ ਨੌਵੀ ਪਾਤਸਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਵਿਚ “ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ” ਉਚਾਰਕੇ ਵੱਡੇ-ਛੋਟੇ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਭਰੇ ਅਮਲਾਂ ਨੂੰ ਮੁੱਢੋ ਹੀ ਰੱਦ ਕਰ ਦਿੱਤਾ ਸੀ ਅਤੇ ਇਹ ਸੰਦੇਸ਼ ਦਿੱਤਾ ਸੀ ਕਿ ਉਸ ਅਕਾਲ ਪੁਰਖ ਦੀ ਨਜਰ ਵਿਚ ਅਸੀ ਸਭ ਮਨੁੱਖ ਬਰਾਬਰ ਹਾਂ । ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਉਚਾਰਕੇ ਜੋ ਮੰਨੂਸਮ੍ਰਿਤੀ ਅਤੇ ਕੱਟੜਵਾਦੀ ਲੋਕ ਮਨੁੱਖਤਾ ਨੂੰ ਚਾਰ ਵਰਨਾ ਵਿਚ ਵੰਡਕੇ ਵੱਖਰੇਵੇ ਖੜ੍ਹੇ ਕਰਦੇ ਰਹੇ ਹਨ ਅਤੇ ਸੂਦਰਾਂ ਨੂੰ ਨੀਵਾ ਦਿਖਾਉਦੇ ਰਹੇ ਹਨ, ਉਸ ਅਮਲ ਨੂੰ ਪੂਰਨ ਰੂਪ ਵਿਚ ਰੱਦ ਕਰਕੇ ਭਾਈ ਜੈਤੇ ਨੂੰ ਆਪਣੇ ਗਲ ਨਾਲ ਲਗਾਕੇ ਸਭ ਭੇਦਭਾਵ ਖਤਮ ਕਰ ਦਿੱਤੇ ਸਨ । ਇਸ ਲਈ ਭਾਵੇ ਕੋਈ ਬਹੁਗਿਣਤੀ ਨਾਲ ਸੰਬੰਧਤ ਹੈ, ਭਾਵੇ ਘੱਟ ਗਿਣਤੀ ਨਾਲ ਕਿਸੇ ਨੂੰ ਵੀ ਇਖਲਾਕੀ ਤੌਰ ਤੇ ਇਹ ਇਜਾਜਤ ਨਹੀ ਹੋਣੀ ਚਾਹੀਦੀ ਕਿ ਉਹ ਕਿਸੇ ਕੌਮ, ਧਰਮ, ਵਰਗ ਵਿਚ ਬਣਾਉਟੀ ਵਖਰੇਵੇ ਖੜ੍ਹੇ ਕਰਕੇ ਜਾਂ ਕਿਸੇ ਦੂਜੇ ਧਰਮ ਦੇ ਨਿਵਾਸੀਆ ਦੀਆਂ ਭਾਵਨਾਵਾ ਨੂੰ ਸੱਟ ਮਾਰਕੇ ਨਫਰਤ ਪੈਦਾ ਕਰੇ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਦਾ ਘਾਣ ਕਰੇ ।

Leave a Reply

Your email address will not be published. Required fields are marked *