ਦਰਬਾਰ ਸਾਹਿਬ ਵਿਖੇ ਪਾਖੰਡੀ ਸਾਧ ਪ੍ਰਦੀਪ ਦੇ ਨਾਲ ਵੀ.ਆਈ.ਪੀ. ਵਿਵਹਾਰ, ਗੁਰੂ ਮਰਿਯਾਦਾਵਾਂ ਦੀ ਉਲੰਘਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਹੀਨ ਕਰਨ ਦੇ ਤੁੱਲ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ ( ) “ਜਦੋ ਗੁਰੂ ਸਾਹਿਬ ਨੇ ਬਾਦਸ਼ਾਹ ਅਕਬਰ ਵਰਗੀ ਸਖਸ਼ੀਅਤ ਨੂੰ ਗੁਰੂਘਰ ਦੇ ਦਰਸ਼ਨ ਕਰਨ ਆਏ ਸਮੇ ਪਹਿਲੇ ਗੁਰੂਘਰ ਦੇ ਲੰਗਰ ਦੀ ਪੰਗਤ ਵਿਚ ਹਾਜਰੀ ਲਗਵਾਉਣ ਉਪਰੰਤ ਹੀ ਸੰਗਤ ਕਰਨ ਲਈ ਕਿਹਾ ਹੋਵੇ, ਫਿਰ ਬਾਦਲ ਪਰਿਵਾਰ ਜਾਂ ਕਿਸੇ ਹੋਰ ਸਿਆਸੀ ਪਰਿਵਾਰ ਨਾਲ ਸੰਬੰਧਤ ਕਿਸੇ ਅਖੌਤੀ ਸੰਤ ਮਹਾਤਮਾ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਉਤੇ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਚੌਬਦਾਰ ਅਤੇ ਸੇਵਾਦਾਰਾਂ ਵੱਲੋ ਅਜਿਹੇ ਅਖੌਤੀ ਸੰਤਾਂ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਛੱਡਕੇ ਉਸ ਪਾਖੰਡੀ ਸਾਧ ਦੀ ਆਓ ਭਗਤ ਲਈ ਉੱਠ ਖਲੋਣਾ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਇਕ ਦੂਸਰੇ ਦੇ ਚਰਨ ਨੂੰ ਛੂਹਣਾ, ਬ੍ਰਾਹਮਣੀ ਰੀਤੀ ਅਨੁਸਾਰ ਈਤਰ ਛਿੜਕਣਾ, ਉਸਦੀ ਆਓ ਭਗਤ ਲਈ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਦੇ ਪਿੱਛੇ ਬੈਠੀ ਅਤੇ ਸ਼ਬਦ ਵਿਚ ਲੀਨ ਹੋਈ ਗੁਰੂ ਸੰਗਤ ਨੂੰ ਜ਼ਬਰੀ ਉਠਾਕੇ ਉਸ ਪਾਖੰਡੀ ਸਾਧ ਨੂੰ ਬਿਠਾਉਣਾ ਅਤੇ ਫਿਰ ਉਸ ਪਾਖੰਡੀ ਸਾਧ ਵੱਲੋ ਉਥੇ ਰਮਾਇਣ ਆਦਿ ਦੇ ਸ਼ਬਦਾਂ ਦੀ ਵਿਆਖਿਆ ਕਰਵਾਉਣੀ ਕੀ ਗੁਰੂ ਮਰਿਯਾਦਾ ਇਸ ਗੱਲ ਦੀ ਕਿਸੇ ਸਿੱਖ ਨੂੰ ਇਜਾਜਤ ਦਿੰਦੀ ਹੈ ? ਇਸ ਹੋਈ ਭਾਰੀ ਅਵੱਗਿਆ ਉਤੇ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰਕ ਕਮੇਟੀ ਦੇ ਮੁੱਖੀ ਅਤੇ ਉਥੋ ਦੇ ਮੈਨੇਜਰ ਕੀ ਗੁਰੂ ਘਰ ਦੀਆਂ ਮਰਿਯਾਦਾਵਾਂ ਨੂੰ ਭੰਗ ਕਰਕੇ ਖੁਦ ਹੀ ਹਿੰਦੂਤਵ ਪਾਖੰਡਾਂ ਨੂੰ ਅਤੇ ਬ੍ਰਾਹਮਣਵਾਦੀ ਪ੍ਰਚਾਰ ਨੂੰ ਸੱਦਾ ਦੇਣ ਦੀ ਬਜਰ ਗੁਸਤਾਖੀ ਨਹੀ ਕਰ ਰਹੇ ? ਇਨ੍ਹਾਂ ਸਭ ਦੋਸ਼ੀਆਂ ਦੀ ਪਹਿਚਾਣ ਕਰਕੇ ਤੁਰੰਤ ਐਸ.ਜੀ.ਪੀ.ਸੀ ਸੰਸਥਾਂ ਵਿਚੋ ਪੱਕੇ ਤੌਰ ਤੇ ਘਰਾਂ ਨੂੰ ਹੀ ਭੇਜਣ ਦੇ ਅਮਲ ਨਹੀ ਹੋਣੇ ਚਾਹੀਦੇ, ਬਲਕਿ ਇਨ੍ਹਾਂ ਨੂੰ ਉਥੋ ਤੋਰਦੇ ਹੋਏ ਇਨ੍ਹਾਂ ਦੇ ਗਲਾਂ ਵਿਚ ਛਿੱਤਰਾਂ ਦੇ ਹਾਰ ਪਾ ਕੇ ਭੇਜਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਐਸ.ਜੀ.ਪੀ.ਸੀ ਦਾ ਅਧਿਕਾਰੀ, ਪ੍ਰਬੰਧਕ ਜਾਂ ਸਿੱਖ ਗੁਰੂ ਮਰਿਯਾਦਾ ਦਾ ਘਾਣ ਕਰਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਮਾਣ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਨਾ ਕਰ ਸਕੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੀ 17 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੋਗੇ ਦੇ ਇਕ ਉਸ ਪਾਖੰਡੀ ਪ੍ਰਦੀਮ ਨਾਮ ਦੇ ਸਾਧ ਜੋ ਬਾਦਲ ਪਰਿਵਾਰ ਦੇ ਨੇੜੇ ਹੈ, ਉਸਦੇ ਦਰਬਾਰ ਸਾਹਿਬ ਵਿਖੇ ਆਉਣ ਤੇ ਵੀ.ਆਈ.ਪੀ. ਵਰਤਾਰੇ ਰਾਹੀ ਗੁਰੂ ਮਰਿਯਾਦਾਵਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਹੈੱਡ ਗ੍ਰੰਥੀ, ਚੋਬਦਾਰ, ਸੇਵਾਦਾਰ ਸੰਬੰਧਤ ਸੰਸਥਾਂ ਦੇ ਪ੍ਰਧਾਨ, ਸਕੱਤਰ ਆਦਿ ਜਿੰਮੇਵਾਰਾਂ ਨੂੰ ਸੰਗਤਾਂ ਦੀ ਕਚਹਿਰੀ ਵਿਚ ਖੜ੍ਹਾਂ ਕਰਕੇ ਦੋਸ਼ੀ ਕਰਾਰ ਦੇਣ ਅਤੇ ਇਨ੍ਹਾਂ ਨੂੰ ਸਦਾ ਲਈ ਐਸ.ਜੀ.ਪੀ.ਸੀ. ਦੀ ਵੱਡੀ ਸੰਸਥਾਂ ਦੀ ਸੇਵਾ ਵਿਚੋ ਫਾਰਗ ਕਰਕੇ ਭੇਜਣ ਦੀ ਸਜ਼ਾ ਦੇਣ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ ਤਾਂ ਕਿ ਕੋਈ ਵੀ ਇਸ ਮਹਾਨ ਸੰਸਥਾਂ ਦਾ ਵੱਡੇ ਤੋ ਵੱਡਾ ਅਧਿਕਾਰੀ ਆਪਣੇ ਸਿਆਸੀ ਅਕਾਵਾ ਦੇ ਗੈਰ ਸਿਧਾਤਿਕ ਅਤੇ ਗੈਰ ਧਾਰਮਿਕ ਹੁਕਮਾਂ ਦਾ ਪਾਲਣ ਕਰਕੇ ਇਥੋ ਤੱਕ ਨਾ ਗਿਰ ਜਾਵੇ ਕਿ ਉਸਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਮਹਾਨ ਅਸਥਾਂਨ ਦੀ ਸੰਸਾਰਿਕ ਆਨ-ਸ਼ਾਨ ਅਤੇ ਰੁਤਬੇ ਨੂੰ ਨਜਰ ਅੰਦਾਜ ਕਰ ਸਕੇ । ਉਨ੍ਹਾਂ ਕਿਹਾ ਕਿ ਹਰ ਸਿੱਖ ਦੇ ਮਨ ਨੂੰ ਛਲਨੀ ਕਰਨ ਵਾਲੀ ਇਸ ਦੁੱਖਦਾਇਕ ਅਮਲ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅਤੇ ਟੀ.ਵੀ ਚੈਨਲਾਂ ਉਤੇ ਹਜਾਰਾਂ ਲੱਖਾਂ ਲੋਕਾਂ ਨੇ ਦੇਖਿਆ । ਪਰ ਅੱਜ 23 ਅਕਤੂਬਰ ਤੱਕ ਕਿਸੇ ਵੀ ਵੱਲੋ ਕੁਝ ਨਾ ਬੋਲਣਾ ਪ੍ਰਤੱਖ ਕਰਦਾ ਹੈ ਕਿ ਸਿੱਖਾਂ ਵਿਚ ਵੀ ਸਿੱਖੀ, ਅਣਖ, ਗੈਰਤ ਘੱਟਦੀ ਜਾ ਰਹੀ ਹੈ ਅਤੇ ਆਪਣੇ ਇਤਿਹਾਸਿਕ ਪੁਰਖਿਆ ਵੱਲੋ ਸਿੱਖੀ ਪ੍ਰਤੀ ਕੀਤੀਆ ਕੁਰਬਾਨੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਣ ਵਾਲੇ ਅਪਮਾਨ ਕਰਨ ਵਾਲਿਆ ਨੂੰ ਸਿੱਖੀ ਰਹੁਰੀਤੀਆ ਅਨੁਸਾਰ ਸਬਕ ਸਿਖਾਉਣ ਤੋ ਮੂੰਹ ਮੋੜਨਾ ਹੋਰ ਵੀ ਦੁੱਖਦਾਇਕ ਹੈ । ਜੇਕਰ ਸਿੱਖਾਂ ਨੇ ਹੀ ਆਪਣੀਆ ਕੌਮੀ, ਅਣਖੀ ਜਿੰਮੇਵਾਰੀਆ ਤੋ ਮੂੰਹ ਮੋੜ ਲਿਆ ਤਾਂ ਆਉਣ ਵਾਲੇ ਸਮੇ ਵਿਚ ਸਿੱਖ ਕੌਮ ਦੀ ਸੰਸਾਰ ਪੱਧਰ ਤੇ ਬਣੀ ਆਨ-ਸ਼ਾਨ ਅਤੇ ਅਣਖ ਗੈਰਤ ਦੀ ਕੌਣ ਰਾਖੀ ਕਰੇਗਾ ਅਤੇ ਕੌਣ ਮਨੁੱਖਤਾ ਪੱਖੀ ਅਮਲ ਕਰਦੇ ਹੋਏ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਾਡੇ ਖ਼ਾਲਸਾ ਪੰਥ ਦੇ ਝੰਡੇ ਨੂੰ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਏਗਾ ? ਇਸ ਲਈ ਸਮੁੱਚੇ ਖ਼ਾਲਸਾ ਪੰਥ ਨਾਲ ਜੁੜੇ ਦਾਨਸਮੰਦਾਂ, ਬੁੱਧੀਜੀਵੀਆਂ ਅਤੇ ਪੰਥਦਰਦੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਹੋਈ ਹਿਰਦੇਵੇਧਕ ਘਟਨਾ ਉਤੇ ਸਮੂਹਿਕ ਰੂਪ ਵਿਚ ਫੌਰੀ ਤੌਰ ਤੇ ਪ੍ਰਬੰਧਕਾਂ ਤੇ ਦੋਸ਼ੀਆਂ ਵਿਰੁੱਧ ਸਿੱਖੀ ਰਵਾਇਤਾ ਅਨੁਸਾਰ ਕਾਰਵਾਈ ਕਰਨ ਲਈ ਆਵਾਜ ਵੀ ਉਠਾਉਣ ਅਤੇ ਅੱਗੇ ਵੀ ਆਉਣ । ਜੋ ਹੁਣ 12 ਸਾਲਾਂ ਬਾਅਦ ਖ਼ਾਲਸਾ ਪੰਥ ਦੇ ਮੈਬਰਾਂ ਕੋਲ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਦਾ ਵੱਡਾ ਮੌਕਾ ਆ ਰਿਹਾ ਹੈ, ਉਸਦੀ ਸਹੀ ਵਰਤੋ ਕਰਦੇ ਹੋਏ ਐਸ.ਜੀ.ਪੀ.ਸੀ ਦੀ ਮਹਾਨ ਸੰਸਥਾਂ ਤੇ ਗੈਰ ਕਾਨੂੰਨੀ ਅਤੇ ਜਬਰੀ ਕਾਬਜ ਹੋਏ ਸਿੱਖੀ ਦੇ ਰੂਪ ਵਿਚ ਬੈਠੇ ਭੇੜੀਆ ਨੂੰ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਕੇ ਇਸ ਪ੍ਰਬੰਧ ਵਿਚੋ ਬਾਹਰ ਦਾ ਰਸਤਾ ਦਿਖਾਉਣ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਸਿੱਖਾਂ ਵਿਚ ‘ਮੈਂ ਮਰਾਂ ਪੰਥ ਜੀਵੈ’ ਦੀ ਮਨੁੱਖਤਾ ਪੱਖੀ ਅਤੇ ਕੌਮ ਪੱਖੀ ਭਾਵਨਾ ਪਹਿਲੇ ਨਾਲੋ ਵੀ ਵਧੇਰੇ ਉਜਾਗਰ ਤੇ ਮਜਬੂਤ ਹੋ ਸਕੇ ।