ਐਸ.ਜੀ.ਪੀ.ਸੀ. ਦੀ ਚੋਣ ਜਿੱਤਣ ਉਪਰੰਤ ਬਾਹਰਲੇ ਮੁਲਕਾਂ ਦੇ ਸੂਝਵਾਨ ਸਿੱਖਾਂ ਨੂੰ ਕੁਆਪਟ ਕਰਾਂਗੇ, ਵੋਟਰ ਦੀ ਉਮਰ 18 ਸਾਲ ਤਹਿ ਕੀਤੀ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ ( ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਪੂਰਨ ਕਰਨ ਸੰਬੰਧੀ ਚੋਣ ਕਮਿਸਨਰ ਗੁਰਦੁਆਰਾ ਵੱਲੋ ਸਮੁੱਚੀਆ ਹਦਾਇਤਾ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਤੇ ਚੋਣ ਕਮਿਸਨ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਵੋਟ ਫਾਰਮ ਵਿਚ ਦਰਜ ਯੋਗਤਾ ਪੂਰੀਆ ਕਰਨ ਵਾਲਿਆ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਨ੍ਹਾਂ ਪਟਵਾਰੀਆ ਦੀ ਇਸ ਕੰਮ ਲਈ ਜਿੰਮੇਵਾਰੀ ਲੱਗੀ ਹੈ, ਉਨ੍ਹਾਂ ਕੋਲ 5-5, 10-10 ਪਟਵਾਰ ਹਲਕੇ ਹਨ । ਲੇਕਿਨ ਉਹ ਵੋਟਰਾਂ ਨੂੰ ਕਹਿ ਰਹੇ ਹਨ ਕਿ ਅਸੀ ਆਪਣੇ ਹਲਕੇ ਦੀ ਹੀ ਵੋਟ ਪ੍ਰਤੀ ਜਿੰਮੇਵਾਰੀ ਨੂੰ ਪੂਰੀ ਕਰਾਂਗੇ । ਫਿਰ ਬਾਕੀ ਵਾਧੂ ਚਾਰਜ ਵਾਲੇ ਹਲਕਿਆ ਦੇ ਵੋਟਰਾਂ ਦੀਆਂ ਵੋਟਾਂ ਕਿਵੇ ਨੇਪਰੇ ਚੜ੍ਹਨਗੀਆਂ ਇਹ ਪ੍ਰਸ਼ਨ ਬਹੁਤ ਗੰਭੀਰ ਤੇ ਵੱਡਾ ਹੈ । ਜਦੋਕਿ ਵਿਧਾਨ ਸਭਾ, ਲੋਕ ਸਭਾ, ਮਿਊਸੀਪਲ ਕਾਰਪੋਰੇਸਨਾਂ, ਮਿਊਸੀਪਲ ਕੌਸਲਾਂ, ਜਿ਼ਲ੍ਹਾ ਪ੍ਰੀਸਦਾਂ, ਬਲਾਕਾਂ ਤੇ ਪੰਚਾਇਤਾਂ ਦੀਆਂ ਚੋਣਾਂ ਵਿਚ ਜਦੋ ਵੀ ਵੋਟਾਂ ਬਣਦੀਆਂ ਹਨ ਤਾਂ ਇਹ ਜਿੰਮੇਵਾਰੀ ਬੀ.ਐਲ.ਓ, ਆਂਗਣਵਾੜੀ ਵਰਕਰ ਜਾਂ ਅਧਿਆਪਕਾਂ ਦੁਆਰਾ ਘਰ-ਘਰ ਜਾ ਕੇ ਵੋਟਾਂ ਬਣਾਈਆ ਜਾਂਦੀਆ ਹਨ । ਲੇਕਿਨ ਗੁਰਦੁਆਰਾ ਚੋਣਾਂ ਵਿਚ ਪੰਜਾਬ ਸਰਕਾਰ ਤੇ ਚੋਣ ਕਮਿਸਨ ਵੱਲੋ ਇਹ ਵੱਡੀਆ ਅਣਗਹਿਲੀਆ ਹੋ ਰਹੀਆ ਹਨ ਜੋ ਅਸਹਿ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਪਟਵਾਰੀਆ ਦੇ ਸਥਾਂਨ ਤੇ ਬੀ.ਐਲ.ਓ, ਆਂਗਣਵਾੜੀ ਵਰਕਰ ਜਾਂ ਅਧਿਆਪਕਾਂ ਨੂੰ ਜਿੰਮੇਵਾਰੀ ਸੌਪੀ ਜਾਵੇ ਤਾਂ ਕਿ ਹਰ ਯੋਗ ਸਿੱਖ ਆਪਣੀ ਵੋਟ ਬਣਾ ਸਕੇ । ਜੇਕਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲਾਂ ਦੀ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਸੰਗਤਾਂ ਨੇ ਜਿੰਮੇਵਾਰੀ ਸੌਪੀ ਤਾਂ ਅਸੀ ਇਸ ਸੰਸਥਾਂ ਵਿਚ ਸਭ ਖਾਮੀਆ ਨੂੰ ਦੂਰ ਕਰਨ ਦੇ ਨਾਲ-ਨਾਲ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸੂਝਵਾਨ ਇੰਡੀਅਨ ਸਿੱਖਾਂ ਨੂੰ ਕੁਆਪਟ ਕਰਕੇ ਇਸਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਵਾਂਗੇ । ਇਨ੍ਹਾਂ ਚੋਣਾਂ ਲਈ ਦੂਸਰੀਆਂ ਸੰਸਥਾਵਾਂ ਦੀਆਂ ਚੋਣਾਂ ਦੀ ਤਰ੍ਹਾਂ ਉਮਰ ਦੀ ਸ਼ਰਤ 21 ਸਾਲ ਤੋ ਘਟਾਕੇ 18 ਸਾਲ ਕੀਤੀ ਜਾਵੇ ।”
ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ ਅਤੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਦੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਭਾਈ ਗੁਰਮੁੱਖ ਸਿੰਘ ਹਾਲ ਵਿਚ ਹੋਈ ਇਕ ਗੰਭੀਰਤਾ ਭਰੀ ਮੀਟਿੰਗ ਵਿਚ ਫੈਸਲੇ ਦੇ ਰੂਪ ਵਿਚ ਉਭਰਕੇ ਸਾਹਮਣੇ ਆਏ । ਇਸ ਮੀਟਿੰਗ ਵਿਚ ਇਹ ਵੀ ਮੰਗ ਉਭਰਕੇ ਸਾਹਮਣੇ ਆਈ ਕਿਉਂਕਿ ਝੋਨੇ ਦੀ ਵਾਢੀ ਹੋ ਰਹੀ ਹੈ ਅਤੇ ਛੇਤੀ ਹੀ ਕਣਕ ਦੀ ਬਿਜਾਈ ਸੁਰੂ ਹੋ ਜਾਵੇਗੀ ਇਸ ਲਈ ਜਿੰਮੀਦਾਰ ਵਰਗ ਤੇ ਉਨ੍ਹਾਂ ਦੇ ਪਰਿਵਾਰ ਆਪਣੀਆ ਵੋਟਾਂ ਬਣਾਉਣ ਵਿਚ ਖੁੰਝ ਜਾਣਗੇ । ਇਸ ਲਈ ਜੋ ਵੋਟਾਂ ਬਣਾਉਣ ਦੀ ਆਖਰੀ ਤਰੀਕ 15 ਨਵੰਬਰ ਦਿੱਤੀ ਗਈ ਹੈ, ਉਸ ਨੂੰ ਵਧਾਕੇ 10 ਦਸੰਬਰ ਕੀਤੀ ਜਾਵੇ ਤਾਂ ਕਿ ਕੋਈ ਵੀ ਯੋਗ ਸਿੱਖ ਐਸ.ਜੀ.ਪੀ.ਸੀ ਚੋਣਾਂ ਦਾ ਵੋਟਰ ਬਣਨ ਤੋ ਵਾਂਝਾ ਨਾ ਰਹਿ ਸਕੇ । ਅੱਜ ਦੀ ਇਸ ਮੀਟਿੰਗ ਵਿਚ ਇਸ ਗੱਲ ਦੀ ਨਿਖੇਧੀ ਕੀਤੀ ਗਈ ਕਿ ਵੋਟਰ ਫਾਰਮ ਜੋ ਅਨੁਸੂਚਿਤ ਜਾਤੀ ਦਰਸਾਉਣ ਵਾਲੀ ਲਾਇਨ ਦਰਜ ਕੀਤੀ ਗਈ ਹੈ, ਇਹ ਵੋਟਾਂ ਬਣਾਉਦੇ ਸਮੇ ਬਿਲਕੁਲ ਨਹੀ ਹੋਣੀ ਚਾਹੀਦੀ । ਇਹ ਲਾਇਨ ਵੋਟ ਫਾਰਮ ਵਿਚੋ ਕੱਢੀ ਜਾਣੀ ਚਾਹੀਦੀ ਹੈ । ਕਿਉਂਕਿ ਸਿੱਖ ਧਰਮ ਜਾਤ-ਪਾਤ ਵਿਚ ਵਿਸਵਾਸ ਨਹੀ ਰੱਖਦਾ ।
ਇਕ ਵਿਸੇਸ ਮਤੇ ਵਿਚ ਗੁਰਦੁਆਰਾ ਚੋਣ ਕਮਿਸਨ ਤੋ ਇਹ ਮੰਗ ਕੀਤੀ ਗਈ ਹੈ ਕਿ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2011 ਵਿਚ ਐਸ.ਜੀ.ਪੀ.ਸੀ ਚੋਣਾਂ ਲੜੀਆ ਸਨ, ਤਾਂ ਉਸ ਸਮੇ ਸਾਡਾ ਚੋਣ ਨਿਸਾਨ ‘ਘੋੜਾ’ ਸੀ ਅਤੇ ਸਾਡੀ ਸਿੱਖ ਸੰਗਤ ਵਿਚ ਸਾਡੀ ਪਾਰਟੀ ਦਾ ਇਹ ਚੋਣ ਨਿਸਾਨ ਉਸ ਸਮੇ ਤੋ ਹੀ ਪ੍ਰਚੱਲਿਤ ਹੈ । ਇਸ ਲਈ ਚੋਣ ਕਮਿਸਨ ਜੇਕਰ ਸਾਡਾ ਘੋੜਾ ਚੋਣ ਨਿਸਾਨ ਐਸ.ਜੀ.ਪੀ.ਸੀ ਚੋਣਾਂ ਲਈ ਰਿਜਰਬ ਕਰ ਦੇਵੇ ਤਾਂ ਪਾਰਟੀ ਚੋਣ ਕਮਿਸਨ ਦੀ ਧੰਨਵਾਦੀ ਹੋਵੇਗੀ । ਇਕ ਮਤੇ ਵਿਚ ਇਹ ਵੀ ਮੰਗ ਕੀਤੀ ਗਈ ਕਿ ਵੋਟਾਂ ਬਣਾਉਣ ਵਾਲੇ ਪਟਵਾਰੀਆ ਨੂੰ ਇਨ੍ਹਾਂ ਵੋਟਾਂ ਸੰਬੰਧੀ ਟ੍ਰੇਨਿੰਗ ਨਹੀ ਦਿੱਤੀ ਗਈ ਅਤੇ ਨਾ ਹੀ ਐਸ.ਜੀ.ਪੀ.ਸੀ ਚੋਣਾਂ ਲਈ ਵੋਟਾਂ ਬਣਾਉਣ ਵਾਲਿਆ ਨੂੰ ਇਸ ਸੰਬੰਧੀ ਬਹੁਤੀ ਜਾਣਕਾਰੀ ਹੈ । ਇਸ ਲਈ ਵੋਟਾਂ ਬਣਨ ਦੇ ਨਾਲ-ਨਾਲ ਪਿੰਡਾਂ ਵਿਚ ਟ੍ਰੇਨਿੰਗ ਕੈਪ ਵੀ ਲਗਾਏ ਜਾਣ ਜੋ ਸਹੀ ਅਗਵਾਈ ਦੇ ਸਕਣ ।
ਅੱਜ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਇਸ ਗੱਲ ਦਾ ਫੈਸਲਾ ਕੀਤਾ ਗਿਆ ਕਿ ਚੋਣਾਂ ਦਾ ਸਮੁੱਚਾ ਪ੍ਰਬੰਧ ਦੇਖਣ ਲਈ ਅਤੇ ਸਭ ਤਾਲਮੇਲ ਰੱਖਣ ਲਈ ਸ. ਬਹਾਦਰ ਸਿੰਘ ਭਸੌੜ ਅਤੇ ਸ. ਇਕਬਾਲ ਸਿੰਘ ਟਿਵਾਣਾ ਦੋਵੇ ਸੰਗਰੂਰ ਅਤੇ ਕਿਲ੍ਹਾ ਹਰਨਾਮ ਸਿੰਘ ਦਫਤਰ ਵਿਖੇ ਜਿੰਮੇਵਾਰੀ ਨਿਭਾਉਣਗੇ । ਸਭ ਸੰਬੰਧਤ ਪਾਰਟੀ ਦੇ ਜਰਨਲ ਸਕੱਤਰ, ਅਹੁਦੇਦਾਰ, ਉਮੀਦਵਾਰ ਹਰ ਤਰ੍ਹਾਂ ਦੀ ਮੁਸਕਿਲ ਅਤੇ ਦੂਸਰੀਆ ਪਾਰਟੀਆ ਨਾਲ ਤਾਲਮੇਲ ਲਈ ਇਨ੍ਹਾਂ ਦੋਵਾਂ ਨਾਲ ਸੰਪਰਕ ਰੱਖਣਗੇ ।
ਇਕ ਹੋਰ ਮਤੇ ਰਾਹੀ ਪਾਰਟੀ ਅਹੁਦੇਦਾਰਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਜੋ ਵੀ ਉਹ ਵੋਟ ਫਾਰਮਾਂ ਰਾਹੀ ਵੋਟ ਬਣਾਉਣ, ਉਸ ਫਾਰਮ ਦੇ ਪਿੱਛਲੇ ਪਾਸੇ ਆਪਣਾ ਕੋਈ ਵੀ ਰਿਹਾਇਸੀ ਸਬੂਤ ਆਧਾਰ ਕਾਰਡ, ਡਰਾਈਵਿੰਗ ਲਾਈਸੈਸ, ਪਾਸਪੋਰਟ ਆਦਿ ਜੋ ਵੀ ਹਨ, ਉਨ੍ਹਾਂ ਨੂੰ ਪਿੱਛੇ ਫੋਟੋ ਸਟੇਟ ਕਰਵਾਕੇ ਲਗਾਇਆ ਜਾਵੇ ਅਤੇ ਫਾਰਮ ਉਤੇ ਉਸ ਲਗਾਏ ਗਏ ਸਬੂਤ ਦਾ ਆਈ.ਡੀ ਨੰਬਰ ਜਰੂਰ ਲਿਖਿਆ ਜਾਵੇ । ਫੋਟੋਆਂ ਵੀ ਨਾਲ ਲਗਾਈਆ ਜਾਣ ਅਤੇ ਜਦੋ ਵੀ ਇਹ ਫਾਰਮ ਜਮ੍ਹਾ ਕਰਵਾਏ ਜਾਣ ਉਸਦੀਆਂ 2 ਸੂਚੀਆ ਤਿਆਰ ਹੋਣੀਆ ਚਾਹੀਦੀਆ ਹਨ ਇਕ ਸਰਕਾਰੀ ਤੌਰ ਤੇ ਜਮ੍ਹਾ ਹੋਵੇਗੀ, ਦੂਸਰੀ ਉਤੇ ਜਮ੍ਹਾ ਕਰਵਾਉਣ ਵਾਲੇ ਅਧਿਕਾਰੀ, ਪਟਵਾਰੀ, ਬੀ.ਐਲ.ਓ, ਤਹਿਸੀਲਦਾਰ ਆਦਿ ਦੇ ਜਮ੍ਹਾ ਕਰਵਾਉਣ ਦੇ ਸਬੂਤ ਦੇ ਦਸਤਖਤ ਪ੍ਰਾਪਤ ਕਰਕੇ ਆਪਣੇ ਕੋਲ ਰੱਖੇ ਜਾਣ ਅਤੇ ਦਫਤਰ ਨੂੰ ਪਹੁੰਚਾਈ ਜਾਵੇ ।
ਆਖਰੀ ਮਤੇ ਰਾਹੀ ਸ. ਜਸਕਰਨ ਸਿੰਘ ਪੰਜਗਰਾਈ ਨੂੰ ਜਿ਼ਲ੍ਹਾ ਫਰੀਦਕੋਟ ਦੀ ਐਸ.ਜੀ.ਪੀ.ਸੀ ਚੋਣ ਲਈ ਇਨਚਾਰਜ ਨਿਯੁਕਤ ਕੀਤਾ ਗਿਆ ਹੈ । ਫਰੀਦਕੋਟ ਵਿਖੇ ਚੋਣ ਲੜਨ ਵਾਲੇ ਸਭ ਉਮੀਦਵਾਰ, ਵਰਕਰ, ਮੈਬਰ ਉਨ੍ਹਾਂ ਨਾਲ ਇਸ ਵਿਸੇ ਤੇ ਸੰਪਰਕ ਕਰਨਗੇ । ਅੱਜ ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਇਮਾਨ ਸਿੰਘ ਮਾਨ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਚਰਨ ਸਿੰਘ ਭੁੱਲਰ, ਬਲਕਾਰ ਸਿੰਘ ਭੁੱਲਰ, ਪਰਮਿੰਦਰ ਸਿੰਘ ਬਾਲਿਆਵਾਲੀ, ਹਰਜੀਤ ਸਿੰਘ ਮੀਆਪੁਰ, ਸਿੰਗਾਰਾ ਸਿੰਘ ਬਡਲਾ, ਹਰਦੀਪ ਸਿੰਘ ਸਹਿਜਪੁਰਾ, ਜਸਕਰਨ ਸਿੰਘ ਫਰੀਦਕੋਟ, ਗੁਰਨਾਮ ਸਿੰਘ ਸਿੰਗੜੀਵਾਲਾ, ਬਲਦੇਵ ਸਿੰਘ ਵੜਿੰਗ ਮੁਕਤਸਰ, ਬਲਰਾਜ ਸਿੰਘ ਖਾਲਸਾ, ਰਣਜੀਤ ਸਿੰਘ ਸੰਤੋਖਗੜ੍ਹ, ਗੁਰਬਚਨ ਸਿੰਘ ਪਵਾਰ, ਮੁਖਤਿਆਰ ਸਿੰਘ ਡਡਵਿੰਡੀ, ਬੀਬੀ ਸੁਖਜੀਤ ਕੌਰ, ਬੀਬੀ ਸੁਰਜੀਤ ਕੌਰ, ਦਰਸ਼ਨ ਸਿੰਘ ਮੰਡੇਰ, ਬਲਵੀਰ ਸਿੰਘ ਬੱਛੋਆਣਾ ਆਦਿ ਵੱਡੀ ਗਿਣਤੀ ਵਿਚ ਜਿ਼ਲ੍ਹਾ ਪ੍ਰਧਾਨਾਂ ਨੇ ਸਮੂਲੀਅਤ ਕੀਤੀ ।