41 ਕੈਨੇਡੀਅਨ ਡਿਪਲੋਮੈਟਸ ਨੂੰ ਇੰਡੀਆ ਛੱਡਣ ਲਈ ਕਹਿਣ ਪਿੱਛੇ ਪੰਜਾਬੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਹਕੂਮਤੀ ਮੰਦਭਾਵਨਾ : ਮਾਨ

ਫ਼ਤਹਿਗੜ੍ਹ ਸਾਹਿਬ, 06 ਅਕਤੂਬਰ ( ) “ਬੇਸੱਕ ਕੈਨੇਡਾ ਦੇ ਸਰੀ ਵਿਚ ਇੰਡੀਅਨ ਖੂਫੀਆ ਏਜੰਸੀਆ ਵੱਲੋ ਕਤਲ ਕੀਤੇ ਗਏ ਕੈਨੇਡੀਅਨ ਸਿੱਖ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ ਅਤਿ ਗੰਭੀਰ ਮਸਲੇ ਉਤੇ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਅਤੇ ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ ਕੌਮਾਂਤਰੀ ਪਲੇਟਫਾਰਮ ਤੇ ਬਿਲਕੁਲ ਆਹਮੋ-ਸਾਹਮਣੇ ਹਨ ਅਤੇ ਇਸ ਗੰਭੀਰ ਵਿਸੇ ਤੇ ਇੰਡੀਆ ਵੱਲੋ ਕੀਤੇ ਅਣਮਨੁੱਖੀ ਅਮਲ ਤੋ ਸਭ ਪਾਸੇ ਥੂ-ਥੂ ਹੋ ਰਹੀ ਹੈ । ਲੇਕਿਨ ਇਸ ਤਲਖੀ ਵਿਚ ਜੋ ਇੰਡੀਆ ਦੀ ਮੋਦੀ ਹਕੂਮਤ ਨੇ ਇੰਡੀਆ ਦੀ ਕੈਨੇਡਾ ਅੰਬੈਸੀ ਵਿਚ ਸਥਿਤ 41 ਡਿਪਲੋਮੈਟਸ ਨੂੰ ਇੰਡੀਆ ਛੱਡ ਜਾਣ ਦੀ ਨੀਤੀ ਅਪਣਾਈ ਹੈ, ਇਸ ਪਿੱਛੇ ਤਾਂ ਪੰਜਾਬੀ ਜੋ ਸਮੁੱਚੇ ਇੰਡੀਆ ਵਿਚੋ ਕੈਨੇਡਾ ਜਾਣ ਵਾਲੇ ਨਿਵਾਸੀਆ ਦੀ 80% ਸੰਖਿਆ ਹੈ, ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਨੇਡਾ ਜਾ ਕੇ ਰੁਜਗਾਰ ਪ੍ਰਾਪਤ ਕਰਨ ਜਾਂ ਨੌਜਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਵੱਲੋ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ ਹਕੂਮਤ ਵੱਲੋ ਦਿੱਤੇ ਜਾਣ ਵਾਲੇ ਵੀਜਿਆ ਵਿਚ ਰੁਕਾਵਟ ਪਾਉਣ ਦੀ ਵੱਡੀ ਮੰਦਭਾਵਨਾ ਹੈ । ਨਾ ਕਿ ਕੈਨੇਡਾ ਨਾਲ ਕੋਈ ਆਢਾ ਲੈਣ ਦੀ । ਕਿਉਂਕਿ ਇਸ ਮਨੁੱਖੀ ਅਧਿਕਾਰ ਦੇ ਕੌਮਾਂਤਰੀ ਮਸਲੇ ਉਤੇ ਜਿਸ ਵਿਚ ਅਮਰੀਕਾ, ਨਿਊਜੀਲੈਡ, ਆਸਟ੍ਰੇਲੀਆ, ਬਰਤਾਨੀਆ ਸਭ 5-ਆਈ ਮੁਲਕ ਅਤੇ ਹੋਰ ਕਈ ਜਮਹੂਰੀਅਤ ਪਸ਼ੰਦ ਮੁਲਕ ਕੈਨੇਡਾ ਨਾਲ ਹਨ । ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਹੁਕਮਰਾਨਾਂ ਤੇ ਏਜੰਸੀਆ ਵੱਲੋ ਕੀਤੇ ਗਏ ਕਤਲ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਦ੍ਰਿੜ ਹਨ, ਉਨ੍ਹਾਂ ਨਾਲ ਇੰਡੀਆ ਇਸ ਮਸਲੇ ਉਤੇ ਕੋਈ ਜਿੰਦ ਕਰੇ ਜਾਂ ਆਪਣੀ ਸਥਿਤੀ ਨੂੰ ਸਹੀ ਕਰੇ ਇੰਡੀਆ ਹੁਣ ਇਸਦੇ ਸਮਰੱਥ ਤੇ ਕਾਬਲ ਨਹੀ ਰਿਹਾ । ਕਿਉਂਕਿ ਆਉਣ ਵਾਲੇ ਸਮੇ ਵਿਚ ਕੇਵਲ ਭਾਈ ਹਰਦੀਪ ਸਿੰਘ ਨਿੱਝਰ ਦਾ ਹੀ ਨਹੀ ਬਲਕਿ ਰਿਪੁਦਮਨ ਸਿੰਘ ਮਲਿਕ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਸਾਜਸੀ ਕਤਲਾਂ ਦਾ ਸੱਚ ਵੀ ਸਾਹਮਣੇ ਆਉਣ ਤੋ ਹੁਣ ਇੰਡੀਆ ਅਤੇ ਉਸਦੀਆਂ ਖੂਫੀਆ ਏਜੰਸੀਆ ਰੋਕ ਨਹੀ ਸਕਣਗੀਆ । ਇਸ ਲਈ 41 ਡਿਪਲੋਮੈਟਸ ਨੂੰ ਕੱਢਣ ਦਾ ਹੁਕਮ ਤਾਂ ਪੰਜਾਬੀਆਂ ਨਾਲ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਦੇ ਫਤਹਿ ਹੋਣ ਨਾਲ ਇੰਡੀਆ ਨੂੰ ਪਹੁੰਚੀ ਠੇਸ ਦੇ ਬਦਲੇ ਵੱਜੋ ਕਾਰਵਾਈ ਕੀਤੀ ਜਾ ਰਹੀ ਹੈ ਜੋ ਅਤਿ ਨਿੰਦਣਯੋਗ, ਅਸਹਿ ਤੇ ਅਕਹਿ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਮੋਦੀ ਹਕੂਮਤ ਵੱਲੋ ਸਰੀ ਵਿਖੇ ਆਪਣੀਆ ਏਜੰਸੀਆ ਦੁਆਰਾ ਕੀਤੇ ਗਏ ਬਜਰ ਗੁਨਾਹ ਨੂੰ ਪ੍ਰਵਾਨ ਕਰਨ ਦੀ ਬਜਾਇ ‘ਮੈਂ ਨਾ ਮਾਨੂੰ’ ਦੀ ਰੱਟ ਲਗਾਕੇ ਕੈਨੇਡਾ ਵਰਗੇ ਜਮਹੂਰੀਅਤ ਪਸ਼ੰਦ ਮੁਲਕ ਅਤੇ ਸਿੱਖ ਕੌਮ ਵਿਰੁੱਧ ਆਪਣੇ ਆਪ ਨੂੰ ਕੌਮਾਂਤਰੀ ਪੱਧਰ ਤੇ ਸੱਚਾ ਸਾਬਤ ਕਰਨ ਲਈ 41 ਡਿਪਲੋਮੈਟਸ ਨੂੰ ਕੱਢਣ ਦੀ ਦੁਖਾਤਿਕ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਅਮਲਾਂ ਨਾਲ ਇੰਡੀਆ ਅਤੇ ਸ੍ਰੀ ਮੋਦੀ ਦਾ ਕੌਮਾਂਤਰੀ ਪੱਧਰ ਤੇ ਦਾਗੋ ਦਾਗ ਹੋਏ ਚੇਹਰੇ ਨੂੰ ਹੁਣ ਇਨ੍ਹਾਂ ਦਾ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਜਾਂ ਅਡੰਬਰ ਨਹੀ ਬਚਾਅ ਸਕਦੇ, ਪ੍ਰਗਟ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਇਸ ਹੋਏ ਅਣਮਨੁੱਖੀ ਅਮਲ ਨਾਲ ਕੇਵਲ ਇੰਡੀਆ ਜਾਂ ਕੈਨੇਡਾ ਵਿਚ ਹੀ ਮਨੁੱਖੀ ਅਧਿਕਾਰਾਂ ਦੇ ਇੰਡੀਅਨ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਉਲੰਘਣ ਦੀ ਹੀ ਗੱਲ ਜੋਰ ਨਾਲ ਨਹੀ ਉੱਠੀ ਬਲਕਿ ਬਰਤਾਨੀਆ, ਪਾਕਿਸਤਾਨ ਤੇ ਹੋਰਨਾਂ ਮੁਲਕਾਂ ਵਿਚ ਵੀ ਇੰਡੀਆ ਦੇ ਇਸ ਖੂੰਖਾਰ ਚੇਹਰੇ ਵਿਰੁੱਧ ਨਫਰਤ ਉਤਪੰਨ ਹੋ ਚੁੱਕੀ ਹੈ । ਜਿਸ ਨੂੰ ਇੰਡੀਆ ਆਪਣੇ ਗੁਨਾਹ ਨੂੰ ਪ੍ਰਵਾਨ ਕਰਕੇ ਅਤੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦਿਵਾਉਣ ਅਤੇ ਚੱਲ ਰਹੀ ਜਾਂਚ ਵਿਚ ਸਹਿਯੋਗ ਕਰਕੇ ਹੀ ਕੁਝ ਹੱਦ ਤੱਕ ਸਰੂਖਰ ਹੋ ਸਕਦਾ ਹੈ । ਵਰਨਾ ਇਹ ਚੇਹਰਾ ਪਹਿਲੇ ਨਾਲੋ ਵੀ ਡਰਾਉਣਾ ਅਤੇ ਖੂੰਖਾਰ ਬਣ ਜਾਵੇਗਾ ਜਿਸ ਨੂੰ ਜਮਹੂਰੀਅਤ ਪਸ਼ੰਦ ਮੁਲਕ, ਕੌਮਾਂ ਕਦੀ ਵੀ ਪ੍ਰਵਾਨ ਨਹੀ ਕਰਨਗੀਆਂ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇੰਡੀਆ ਦੇ ਦਾਗੋ ਦਾਗ ਹੋਏ ਚੇਹਰੇ ਤੇ ਮੋਦੀ ਹਕੂਮਤ ਨੂੰ ਇਹ ਨੇਕ ਰਾਏ ਹੈ ਕਿ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਜਿਸਦੀ ਜਾਂਚ ਕੈਨੇਡਾ ਤੇ ਕੌਮਾਂਤਰੀ ਪੱਧਰ ਤੇ ਚੱਲ ਰਹੀ ਹੈ, ਉਸਦੇ ਬਦਲੇ ਵੱਜੋ ਸਿੱਖ ਕੌਮ ਜਾਂ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਕੇ ਮੰਦਭਾਵਨਾ ਅਧੀਨ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਮਲਾਂ ਤੋ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ । ਵਰਨਾ ਇਨ੍ਹਾਂ ਨੂੰ ਕੌਮਾਂਤਰੀ ਪੱਧਰ ਤੇ ਅਜੋਕੇ ਸਮੇ ਨਾਲੋ ਵੀ ਜਿਆਦਾ ਸ਼ਰਮਸਾਰ ਤੇ ਨਮੋਸੀ ਝੱਲਣੀ ਪਵੇਗੀ । ਕਿਉਂਕਿ ਸੱਚ ਨੂੰ ਸਾਹਮਣੇ ਆਉਣ ਤੋ ਹੁਣ ਕੋਈ ਨਹੀ ਰੋਕ ਸਕੇਗਾ ।

Leave a Reply

Your email address will not be published. Required fields are marked *