ਚੋਣ ਕਮਿਸਨ ਗੁਰਦੁਆਰਾ ਅਤੇ ਪੰਜਾਬ ਸਰਕਾਰ ਵੱਲੋ ਗੁਰਦੁਆਰਾ ਚੋਣਾਂ ਲਈ ਵੋਟਾਂ ਬਣਨ ਦੀ ਅਗਲੀ ਪ੍ਰਕਿਰਿਆ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੁਹਿਰਦ ਯਤਨਾ ਦਾ ਨਤੀਜਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 05 ਅਕਤੂਬਰ ( ) “ਇਹ ਸਮੁੱਚੀ ਦੁਨੀਆ ਤੇ ਇੰਡੀਆ ਨਿਵਾਸੀਆ ਨੂੰ ਜਾਣਕਾਰੀ ਹੈ ਕਿ ਆਪਣੇ ਆਪ ਨੂੰ ਜਮਹੂਰੀਅਤ ਪਸ਼ੰਦ ਮੁਲਕ ਕਹਾਉਣ ਵਾਲਾ ਇੰਡੀਆ ਲੰਮੇ ਸਮੇ ਤੋ ਤਕਰੀਬਨ ਬੀਤੇ 12 ਸਾਲਾਂ ਤੋ ਸਿੱਖ ਕੌਮ ਨਾਲ ਸੰਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖ ਪਾਰਲੀਮੈਟ ਵੀ ਕਿਹਾ ਜਾਂਦਾ ਹੈ, ਉਸਦੀਆਂ ਜਮਹੂਰੀਅਤ ਪੱਖੀ ਜਰਨਲ ਚੋਣਾਂ ਹੁਕਮਰਾਨ ਨਹੀ ਕਰਵਾ ਰਹੇ ਸਨ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਕੌਮੀ, ਸਮਾਜਿਕ, ਧਾਰਮਿਕ ਤੇ ਇਨਸਾਨੀਅਤ ਜਿੰਮੇਵਾਰੀ ਨੂੰ ਸਮਝਦਾ ਹੋਇਆ ਲੰਮੇ ਸਮੇ ਤੋ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਨਿਰੰਤਰ ਦ੍ਰਿੜਤਾ ਨਾਲ ਆਵਾਜ ਵੀ ਉਠਾਉਦਾ ਆ ਰਿਹਾ ਹੈ ਅਤੇ ਇਸ ਵਿਸੇ ਉਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵਿਰੁੱਧ ਰੋਸ ਧਰਨੇ ਅਤੇ ਹੋਰ ਜਮਹੂਰੀਅਤ ਪ੍ਰਕਿਰਿਆ ਵੀ ਪੂਰਨ ਕਰਦਾ ਆ ਰਿਹਾ ਸੀ । ਜਦੋਕਿ ਅਕਾਲੀ ਦਲ ਬਾਦਲ ਜਾਂ ਹੋਰ ਸੰਗਠਨਾਂ ਵੱਲੋ ਇਸ ਵਿਸੇ ਤੇ ਕਦੀ ਵੀ ਕੋਈ ਨਾ ਤਾਂ ਅਮਲ ਕੀਤਾ ਗਿਆ ਅਤੇ ਨਾ ਹੀ ਸਾਡੇ ਇਸ ਕੌਮੀ ਮਿਸਨ ਵਿਚ ਕਿਸੇ ਤਰ੍ਹਾਂ ਦਾ ਸਾਥ ਦਿੱਤਾ ਗਿਆ । ਇਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹੀ ਜਥੇਬੰਦੀ ਦੀ ਪ੍ਰਾਪਤੀ ਹੈ ਕਿ ਐਸ.ਜੀ.ਪੀ.ਸੀ ਦੀਆਂ ਚੋਣਾਂ ਕਰਵਾਉਣ ਲਈ ਅਤੇ ਸਿੱਖ ਕੌਮ ਦੀ ਜਮਹੂਰੀਅਤ ਨੂੰ ਬਹਾਲ ਕਰਵਾਉਣ ਲਈ ਕੀਤੇ ਜਾਂਦੇ ਆ ਰਹੇ ਪਾਰਟੀ ਪ੍ਰੋਗਰਾਮਾਂ ਦੀ ਬਦੌਲਤ ਸੈਟਰ, ਪੰਜਾਬ ਸਰਕਾਰ ਅਤੇ ਗੁਰਦੁਆਰਾ ਚੋਣ ਕਮਿਸਨ ਨੂੰ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸੁਰੂ ਕਰਨੀ ਪਈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਜੋ ਹਮੇਸ਼ਾਂ ਪਾਰਟੀ ਨੂੰ ਹਰ ਉਦਮ ਵਿਚ ਸਾਥ ਦਿੰਦੀ ਹੈ, ਉਨ੍ਹਾਂ ਸਭਨਾਂ ਦਾ ਅਸੀ ਜਿਥੇ ਧੰਨਵਾਦੀ ਹਾਂ, ਉਥੇ ਜਸਟਿਸ ਐਸ.ਐਸ. ਸਾਰੋ ਮੁੱਖ ਚੋਣ ਕਮਿਸਨਰ ਗੁਰਦੁਆਰਾ ਚੋਣਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀਆ ਅਣਥੱਕ ਤੇ ਦਲੀਲਪੂਰਵਕ ਕੋਸਿ਼ਸ਼ਾਂ ਤੇ ਕਾਰਵਾਈਆ ਸਦਕਾ ਇਹ ਚੋਣਾਂ ਕਰਵਾਉਣ ਦੇ ਅਮਲ ਨੂੰ ਦੋਵਾਂ ਸਰਕਾਰਾਂ ਤੇ ਜੋਰ ਪਾ ਕੇ ਚੋਣਾਂ ਕਰਵਾਉਣ ਲਈ ਮਜਬੂਰ ਕੀਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਵੱਲੋ ਲੰਮੇ ਸਮੇ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਕੀਤੀਆ ਜਾਂਦੀਆ ਆ ਰਹੀਆ ਪ੍ਰਭਾਵਸਾਲੀ ਕਾਰਵਾਈਆ ਤੇ ਦੋਵਾਂ ਸਰਕਾਰਾਂ ਉਤੇ ਦਬਾਅ ਪਾਉਣ ਦੇ ਅਮਲਾਂ ਦੀ ਗੱਲ ਕਰਦੇ ਹੋਏ ਮੁੱਖ ਚੋਣ ਕਮਿਸਨਰ ਗੁਰਦੁਆਰਾ ਜਸਟਿਸ ਐਸ.ਐਸ. ਸਾਰੋ ਦੀ ਸੰਜੀਦਗੀ ਲਈ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਹੁਣ ਜਦੋ 21 ਅਕਤੂਬਰ ਤੋ ਇਹ ਚੋਣ ਪ੍ਰਕਿਰਿਆ ਵੋਟਾਂ ਬਣਨ ਦਾ ਅਮਲ ਸੁਰੂ ਹੋ ਰਿਹਾ ਹੈ, ਤਾਂ ਹਰ ਸਿੱਖ ਦਾ ਇਹ ਕੌਮੀ ਤੇ ਧਰਮੀ ਫਰਜ ਬਣ ਜਾਂਦਾ ਹੈ ਭਾਵੇ ਉਹ ਮਰਦ ਹੋਵੇ ਜਾਂ ਔਰਤ ਉਹ ਆਪਣੀ ਜਿੰਮੇਵਾਰੀ ਸਮਝਦੇ ਹੋਏ ਸੰਬੰਧਤ ਵੋਟ ਬਣਾਉਣ ਵਾਲਾ ਫਾਰਮ ਭਰਕੇ ਆਪੋ ਆਪਣੀ ਵੋਟ ਬਣਾਉਣ ਅਤੇ ਆਪਣਾ ਵੋਟਰ ਕਾਰਡ ਰਜਿਸਟਰਡ ਕਰਵਾਉਣ ਦੇ ਕੌਮੀ ਫਰਜ ਅਦਾ ਕਰਨ ਤਾਂ ਕਿ ਪੰਥ ਦਾ ਦਰਦ ਰੱਖਣ ਵਾਲੇ ਸਭ ਸਿੱਖ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਆਈਆ ਵੱਡੀਆ ਕਮੀਆ, ਗਿਰਾਵਟਾਂ ਦੇ ਅਮਲਾਂ ਨੂੰ ਖਤਮ ਕਰਕੇ ਹੋਣ ਵਾਲੀਆ ਚੋਣਾਂ ਰਾਹੀ ਅੱਛੇ ਗੁਰਸਿੱਖਾਂ ਦੀ ਚੋਣ ਕਰਕੇ ਇਸਦੇ ਪ੍ਰਬੰਧ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਵਿਚ ਸਹਿਯੋਗ ਕਰਨ ਤਾਂ ਕਿ ਕੌਮਾਂਤਰੀ ਪੱਧਰ ਤੇ ਸਾਡੀ ਇਹ ਸਿੱਖ ਪਾਰਲੀਮੈਟ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਦੇ ਨਾਲ ਨਾਲ ਸਿੱਖ ਕੌਮ ਦੀ ਆਵਾਜ ਨੂੰ ਵੀ ਬੁਲੰਦ ਕਰਨ ਵਿਚ ਅਤੇ ਹੋ ਰਹੀਆ ਬੇਇਨਸਾਫ਼ੀਆ ਨੂੰ ਦੂਰ ਕਰਨ ਵਿਚ ਆਪਣੀ ਜਿੰਮੇਵਾਰੀ ਪੂਰਨ ਕਰ ਸਕੇ।
ਸ. ਮਾਨ ਨੇ ਜਿਥੇ ਐਸ.ਜੀ.ਪੀ.ਸੀ ਚੋਣਾਂ ਦੀ ਪ੍ਰਕਿਰਿਆ ਸੰਬੰਧੀ ਸੰਬੰਧਤ ਧਿਰਾਂ ਦਾ ਧੰਨਵਾਦ ਕੀਤਾ, ਉਥੇ ਇਸ ਗੱਲ ਦੀ ਵੀ ਜੋਰਦਾਰ ਮੰਗ ਕੀਤੀ ਕਿ ਬੇਸੱਕ ਖਾਲਸਾ ਪੰਥ ਦੇ ਜੋਰ ਪਾਉਣ ਉਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਾਡੀ ਸਿੱਖ ਪਾਰਲੀਮੈਟ ਦੀਆਂ ਚੋਣਾਂ ਕਰਵਾਉਣ ਲਈ ਆਦੇਸ ਦੇਣੇ ਪਏ । ਲੇਕਿਨ ਜੋ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਲੋਕਲ ਗੁਰਦੁਆਰਾ ਕਮੇਟੀ ਦੀਆਂ ਲੰਮੇ ਸਮੇ ਤੋ ਚੋਣਾਂ ਨਹੀ ਹੋ ਰਹੀਆ, ਉਸ ਸੰਬੰਧੀ ਪੰਜਾਬ ਸਰਕਾਰ ਜਿਸਦਾ ਇਹ ਅਧਿਕਾਰ ਖੇਤਰ ਹੈ, ਉਸ ਵੱਲੋ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਅਜੇ ਤੱਕ ਅਮਲ ਨਾ ਕਰਨਾ ਬਹੁਤ ਵੱਡੀ ਬੇਇਨਸਾਫੀ ਅਤੇ ਇਨ੍ਹਾਂ ਸਿਆਸਤਦਾਨਾਂ ਦੀਆਂ ਸਿਆਸੀ ਮੰਦਭਾਵਨਾਵਾ ਹਨ ਜਿਨ੍ਹਾਂ ਨੂੰ ਇਹ ਆਪਣੀ ਸਿਆਸੀ ਤਾਕਤ ਨੂੰ ਹਥਿਆਉਣ ਲਈ ਜਾਂ ਚੱਲਦਾ ਰੱਖਣ ਲਈ ਅਜਿਹੀਆ ਚੋਣਾਂ ਕਰਵਾਉਣ ਜਾ ਨਾ ਕਰਵਾਉਣ ਦਾ ਲਾਹਾ ਲੈਣ ਦੀ ਤਾਕ ਵਿਚ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀਅਤ ਲੀਹਾਂ ਉਤੇ ਮੰਗ ਕਰਦਾ ਹੈ ਕਿ ਧਾਰਾ 87 ਅਧੀਨ ਆਉਦੇ ਗੁਰੂਘਰਾਂ ਦੀਆਂ ਲੋਕਲ ਕਮੇਟੀਆ ਦੀ ਚੋਣਾਂ ਕਰਵਾਉਣ ਦਾ ਐਲਾਨ ਵੀ ਤੁਰੰਤ ਕੀਤਾ ਜਾਵੇ ਅਤੇ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਜਾਵੇ ।